“ਪਹਿਲੀ ਭਗਦੜ ਵਿੱਚ ਅਤੇ ਹੁਣ ਤਕ ਅਜਿਹੀਆਂ ਘਟਨਾਵਾਂ ਵਿੱਚ ਕੁੱਲ ਕਿੰਨੇ ...”
(3 ਮਾਰਚ 2025)
ਸਾਡਾ ਮਹਾਨ ਭਾਰਤ ਦੇਸ਼ ਕਈ ਕਾਰਨਾਂ ਕਰਕੇ ਮਹਾਨ ਮੰਨਿਆ ਜਾਂਦਾ ਹੈ। ਖੇਤਰਫਲ ਵਿੱਚ ਜ਼ਿਆਦਾ ਹੋਣ ਕਰਕੇ, ਅਬਾਦੀ ਪੱਖੋਂ, ਵੱਖ-ਵੱਖ ਵਸਦੀਆਂ ਕੌਮਾਂ ਕਰਕੇ, ਵੱਖ-ਵੱਖ ਭਾਸ਼ਾਵਾਂ ਕਰਕੇ, ਨਦੀਆਂ-ਨਾਲਿਆਂ ਕਰਕੇ ਅਤੇ ਉੱਚੇ-ਉੱਚੇ ਪਹਾੜਾਂ ਅਤੇ ਗੁਫਾਵਾਂ ਕਰਕੇ, ਊਚ-ਨੀਚ ਕਰਕੇ, ਅਮੀਰੀ-ਗਰੀਬੀ ਦਾ ਪਾੜਾ ਕਰਕੇ, ਚੌਤੀ ਸੌ ਕਰੋੜ ਦੇਵਤੇ ਅਤੇ ਦੇਵੀਆਂ ਕਰਕੇ, ਵਹਿਮਾਂ-ਭਰਮਾਂ ਕਰਕੇ, ਰਾਜਸ਼ਾਹੀ ਤੋਂ ਛੁਟਕਾਰਾ ਪਾ ਕੇ, ਸਮੁੱਚੇ ਦੇਸ਼ ਨੂੰ ਲੋਕਰਾਜੀ ਨੀਹਾਂ ’ਤੇ ਚਲਾ ਕੇ, ਪਚਾਸੀ ਕਰੋੜ ਤੋਂ ਉੱਪਰ ਗਰੀਬ ਲਾਣੇ ਨੂੰ ਮੁਫ਼ਤ ਅਨਾਜ ਦੇ ਕੇ, ਵੱਖ-ਵੱਖ ਸਮੇਂ ਵੱਖ-ਵੱਖ ਪ੍ਰਦੇਸ਼ਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਕਰਾ ਕੇ ਅਤੇ ਸਮੁੱਚੇ ਭਾਰਤ ਵਿੱਚ ਕੁੰਭ ਜਾਂ ਮਹਾ-ਕੁੰਭ ਤਿਉਹਾਰ ਦਾ ਆਯੋਜਨ ਕਰਾਕੇ, ਅਜਿਹਾ ਬਹੁਤ ਕੁਝ ਹੋਰ ਵੀ ਮੌਜੂਦ ਹੋਣ ਕਰਕੇ ਭਾਰਤ ਮਹਾਨ ਦੇਸ਼ ਵਰਗਾ ਸ਼ਬਦ ਆਮ ਜਨਤਾ ਦੀ ਜ਼ੁਬਾਨ ’ਤੇ ਆ ਹੀ ਜਾਂਦਾ ਹੈ।
ਜਦੋਂ ਤਕ ਸਾਡਾ ਇਹ ਤੁੱਛ ਜਿਹਾ ਲੇਖ ਪਾਠਕਾਂ ਸਾਹਮਣੇ ਪ੍ਰੋਸਿਆ ਜਾਵੇਗਾ, ਤਦ ਤਕ ਮਹਾਕੁੰਭ ਸਮਾਪਤ ਹੋ ਚੁੱਕਾ ਹੋਵੇਗਾ। ਇਸ ਲੰਬੇ ਚੱਲੇ ਮਹਾਕੁੰਭ ਵਿੱਚ ਵੱਖ-ਵੱਖ ਦੇਸਾਂ-ਪ੍ਰਦੇਸ਼ਾਂ ਵਿੱਚੋਂ ਸ਼ਰਧਾਲੂਆਂ ਨੇ ਭਾਗ ਲੈ ਕੇ ਜਿੱਥੇ ਆਪਣੇ ਪਾਪਾਂ ਦਾ ਨਿਵਾਰਨ ਕੀਤਾ ਹੋਵੇਗਾ, ਉੱਥੇ ਕਈਆਂ ਨੇ ਜਲ ਵਿੱਚ ਡੁਬਕੀ ਮਾਰ ਕੇ ਉਨ੍ਹਾਂ ਨੇਤਾਵਾਂ ਦਾ ਮੁੱਖ ਬੰਦ ਕੀਤਾ ਹੋਵੇਗਾ, ਜੋ ਸਹਿਜੇ ਹੀ ਡੁਬਕੀ ਨਾ ਮਾਰਨ ਵਾਲਿਆਂ ਨੂੰ ਸਨਾਤਨ ਵਿਰੋਧੀ ਗਰਦਾਨ ਦਿੰਦੇ ਹਨ। ਮੇਲੇ ਸ਼ਬਦ ਦਾ ਇੱਕ ਅਰਥ ਇਹ ਵੀ ਹੁੰਦਾ ਹੈ ਕਿ ਆਪਸ ਵਿੱਚ ਇੱਕ-ਦੂਜੇ ਨਾਲ ਮਿਲਾਪ ਪੈਦਾ ਕਰਨਾ। ਇਸ ਕਰਕੇ ਮੇਲੇ ਵਿੱਚ ਵਿਚਰਦਿਆਂ ਕਈ ਵਾਰ ਛੋਟੀਆਂ-ਮੋਟੀਆਂ, ਚੰਗੀਆਂ-ਮਾੜੀਆਂ ਜਾਣੇ-ਅਣਜਾਣੇ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਜੋ ਸਮੇਂ-ਸਮੇਂ ਜਨਤਾ ਨੂੰ ਸੋਚਣ ਲਈ ਮਜਬੂਰ ਕਰਦੀਆਂ ਰਹਿੰਦੀਆਂ ਹਨ। ਇਸ ਸੋਚ ਵਿੱਚੋਂ ਸਮੇਂ-ਸਮੇਂ ਚੰਗੀਆਂ-ਮਾੜੀਆਂ ਟਿੱਪਣੀਆਂ ਜਨਮ ਲੈਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਸੰਬੰਧਤ ਲੋਕ ਹੋਰ ਸਿੱਖ ਕੇ ਚੰਗੇ ਪ੍ਰਬੰਧਾਂ ਬਾਰੇ ਉਲਾਂਘ ਪੱਟਣ ਦੀ ਸੋਚਦੇ ਹਨ। ਕਈ ਵਾਰ ਨਿਰਾਸ਼ਾ ਦੇ ਆਲਮ ਵਿੱਚ ਜਾ ਕੇ ਟਿੱਪਣੀਕਾਰਾਂ ਨਾਲ ਮਿਹਣੋ-ਮਿਹਣੀ ਹੋਣ ਤਕ ਚਲੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਸਦਕਾ ਕੀਤੇ-ਕਰਾਏ ਦਾ ਮਜ਼ਾ ਵੀ ਕਿਰਕਰਾ ਹੋ ਜਾਂਦਾ ਹੈ।
ਇਸ ਸੰਬੰਧਤ ਮਹਾ-ਕੁੰਭ ਵਿੱਚ ਜਿੱਥੇ ਚੰਗਾ ਬਹੁਤ ਕੁਝ ਹੋਇਆ ਬੀਤਿਆ ਹੈ, ਉੱਥੇ ਇਸ ਮਹਾਕੁੰਭ ਮੇਲੇ ਵਿੱਚ ਨਾਂਹ-ਪੱਖੀ ਵੀ ਵਾਪਰਿਆ ਹੈ, ਜਿਸ ਕਰਕੇ ਪ੍ਰਬੰਧਕਾਂ ਦੀ ਆਲੋਚਨਾ ਹੋਣੀ ਜ਼ਰੂਰੀ ਹੈ। ਆਲੋਚਨਾ ਹੋਈ ਵੀ ਹੈ, ਹੋ ਵੀ ਰਹੀ ਹੈ, ਹੁੰਦੀ ਰਹਿਣੀ ਵੀ ਹੈ। ਅਜਿਹਾ ਸਭ ਕੁਝ ਮਨੁੱਖ ਦੇ ਸੁਭਾਅ ਦੇ ਹਿੱਸੇ ਆਉਣ ਕਰਕੇ ਜ਼ਰੂਰੀ ਵੀ ਹੈ। ਇਹ ਵੀ ਇੱਕ ਸੰਯੋਗ ਹੀ ਹੈ ਕਿ ਦੇਸ਼ ਵਿੱਚ ਰਾਜ ਕਰਦੀ ਪਾਰਟੀ ਅਤੇ ਉਸ ਸੂਬੇ ਦੀ ਸਰਕਾਰ ਜਿਸ ਵਿੱਚ ਮਹਾ-ਕੁੰਭ ਚੱਲ ਰਿਹਾ ਹੈ, ਦੀ ਸਰਕਾਰ ਵੀ ਕੇਂਦਰੀ ਸਰਕਾਰ ਦੀ ਬਰਾਂਚ ਹੈ। ਇਸ ਕਰਕੇ ਕੁੰਭ ਵਿੱਚ ਅਸੀਸਾਂ ਵੀ ਯੋਗੀ ਸਾਹਿਬ ਦੀ ਝੋਲੀ ਪੈਣੀਆਂ ਹਨ ਅਤੇ ਬਦਅਸੀਸਾਂ ਵੀ ਉਨ੍ਹਾਂ ਦੀ ਝੋਲੀ ਵਿੱਚ ਹੀ ਡਿਗਣਗੀਆਂ ਅਤੇ ਡਿਗ ਰਹੀਆਂ ਹਨ। ਐਨ ਮਹਾ-ਕੰਭ ਦੇ ਮੇਲੇ ਦੇ ਅਖੀਰ ਵਿੱਚ ਜੋ ਰੌਲ਼ਾ ਪੈ ਰਿਹਾ, ਉਹ ਹੈ ਨਹਾਉਣ ਵਾਲੇ ਪਾਣੀ ਦਾ ਦੂਸ਼ਿਤ ਹੋਣਾ। ਦੂਸ਼ਿਤ ਵੀ ਐਨਾ ਹੋਣਾ ਕਿ ਜਿਸ ਬਾਰੇ ਸੋਚਣਾ ਵੀ ਔਖਾ ਸੀ। ਅਸੀਂ ਇਸ ਰੌਲੇ ਵਿੱਚ ਆਪਣੀ ਅਵਾਜ਼ ਇਸ ਕਰਕੇ ਉਠਾ ਰਹੇ ਹਾਂ, ਕਿਉਂਕਿ ਪਾਠਕ ਵੀਰੋ ਸੰਬੰਧਤ ਨਹਾਉਣ ਵਾਲਾ ਪਾਣੀ ਸੂਬਾ ਸਰਕਾਰ ਦੀ ਲੈਬਾਰਟਰੀ ਅਤੇ ਸੈਂਟਰ ਸਰਕਾਰ ਦੀ ਲੈਬਾਰਟਰੀ ਦੁਆਰਾ ਟੈੱਸਟ ਕੀਤਾ ਗਿਆ। ਇਹ ਗੰਦੇ ਪਾਣੀ ਸੰਬੰਧੀ ਜੋ ਰਿਪੋਰਟਾਂ ਆਈਆਂ ਹਨ, ਉਹ ਸਭ ਦੋਹਾਂ ਸਰਕਾਰਾਂ ਦੀਆਂ ਲੈਬਾਟਰੀਆਂ ਨੇ ਹੀ ਨਸ਼ਰ ਕੀਤੀਆਂ ਹਨ। ਜੋ ਕੁੰਭ ਮੇਲੇ ਦੇ ਅਖੀਰ ਵਿੱਚ ਰਿਪੋਰਟ ਆਈ ਹੈ, ਅਜਿਹੀ ਰਿਪੋਰਟ ਬਹੁਤ ਚਿਰ ਪਹਿਲਾਂ ਭਾਵ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਣੀ ਟੈੱਸਟ ਹੋ ਕੇ ਆ ਜਾਣੀ ਚਾਹੀਦੀ ਸੀ ਕਿ ਅੱਜ ਦੇ ਦਿਨ ਸੰਬੰਧਤ ਪਾਣੀ ਐਨੇ ਪ੍ਰਸੈਂਟ ਪ੍ਰਦੂਸ਼ਿਤ ਹੈ, ਜਿਸ ਨੇ ਇਸ਼ਨਾਨ ਕਰਨਾ ਹੈ, ਕਰ ਸਕਦਾ ਹੈ, ਜਿਸ ਨੇ ਨਹੀਂ ਕਰਨਾ, ਉਹ ਉਸ ਦੀ ਮਰਜ਼ੀ ਹੈ। ਸੰਬੰਧਤ ਸਰਕਾਰ ਨੇ ਆਪਣਾ ਬਣਦਾ ਫਰਜ਼ ਪੂਰਾ ਨਹੀਂ ਕੀਤਾ। ਹੁਣ ਉਸ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਕੁੰਭ ਵਿਰੋਧੀ, ਮੇਲਾ ਵਿਰੋਧੀ, ਦੇਸ਼ ਵਿਰੋਧੀ, ਸਨਾਤਨ ਵਿਰੋਧੀ ਇੱਥੋਂ ਤਕ ਕਿ ਨਾਸਤਿਕ ਗਰਦਾਨਿਆ ਜਾ ਰਿਹਾ ਹੈ। ਜੋ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰ ਰਿਹਾ ਹੈ।
ਨਾਂਅ ਦੇ ਯੋਗੀ ਜੀ, ਜਨਤਾ ਸਭ ਜਾਣ ਚੁੱਕੀ ਹੈ ਕਿ ਤੁਸੀਂ ਬੋਲਬਾਣੀ, ਕਰਮ ਤੋਂ ਅਤੇ ਸੁਭਾਅ ਤੋਂ ਹਿਟਲਰ ਦੇ ਨਜ਼ਦੀਕੀ ਲਗਦੇ ਹੋ। ਤੁਸੀਂ ਅਸੰਬਲੀ ਵਿੱਚ ਵੀ ਕਰੋਧਿਤ ਹੋ ਜਾਂਦੇ ਹੋ। ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰ ਜਾਂਦੇ ਹੋ, ਜੋ ਯੋਗੀ ਸਰੀਰ ਵਿੱਚ ਫਿੱਟ ਨਹੀਂ ਬੈਠਦੇ। ਕਰੋਧਤ ਹੋਣ ਦੀ ਬਜਾਏ ਉੱਠਦੇ ਸਵਾਲਾਂ ਦਾ ਧੀਰਜ ਨਾਲ ਜਵਾਬ ਦਿਓ, ਜਿਸ ’ਤੇ ਜਨਤਾ ਵਿਰੋਧੀਆਂ ਤੋਂ ਗੁਮਰਾਹ ਨਾ ਹੋਵੇ। ਤੁਸੀਂ ਸਿਰਫ਼ ਧੀਰਜ ਨਾਲ ਇਹ ਹੀ ਦੱਸਣਾ ਹੈ ਕਿ ਅਸਲ ਵਿੱਚ ਪੂਰੇ ਮੇਲੇ ਦੌਰਾਨ ਕਿੰਨੀਆਂ ਭਗਦੜਾਂ ਵਾਪਰੀਆਂ? ਪਹਿਲੀ ਭਗਦੜ ਵਿੱਚ ਅਤੇ ਹੁਣ ਤਕ ਅਜਿਹੀਆਂ ਘਟਨਾਵਾਂ ਵਿੱਚ ਕੁੱਲ ਕਿੰਨੇ ਸ਼ਰਧਾਲੂਆਂ ਨੇ ਮੋਕਸ਼ ਪ੍ਰਾਪਤ ਕੀਤਾ? ਕੁੱਲ ਕਿੰਨੇ ਫੱਟੜ ਹੋਏ? ਕੁੱਲ ਕਿੰਨੇ ਸ਼ਰਧਾਲੂ ਗੁਆਚੇ? ਕੁੱਲ ਕਿੰਨੇ ਲੋਕਾਂ ਨੂੰ ਵੀ ਆਈ ਪੀ ਇਸ਼ਨਾਨ ਕਰਾਇਆ? ਕੁੱਲ ਕਿੰਨੇ ਟੈਂਟ-ਘਰ ਸੜ ਕੇ ਸਵਾਹ ਹੋਏ? ਕਿੰਨੇ ਸ਼ਰਧਾਲੂ ਸੜਕ ਦੁਰਘਟਨਾਵਾਂ ਵਿੱਚ ਮਾਰੇ ਗਏ? ਕਿੰਨੇ ਸ਼ਰਧਾਲੂ ਰੇਲ ਡਿਪਾਰਟਮੈਂਟ ਦੀ ਅਣਗਹਿਲੀ ਕਰਕੇ ਮਾਰੇ ਗਏ? ਕੀ ਸਭ ਸ਼ਰਧਾਲੂਆਂ ਦਾ ਗੁਆਚਾ ਸਾਮਾਨ ਉਨ੍ਹਾਂ ਨੂੰ ਵਾਪਸ ਮਿਲ ਚੁੱਕਾ? ਸਭ ਮਰਨ ਵਾਲਿਆਂ ਦਾ ਪੋਸਟ ਮਾਰਟਮ ਕਿਉਂ ਨਹੀਂ ਕਰਾਇਆ ਗਿਆ? ਕੀ ਸਭ ਜਾਨ ਗਵਾਉਣ ਵਾਲਿਆਂ ਨੂੰ ਸਰਕਾਰੀ ਸਹਾਇਤਾ ਮਿਲੇਗੀ? ਅਤੇ ਕਿੰਨੀ ਕਿੰਨੀ? ਸਾਹਿਬ ਜੀ, ਲਿਖਦਿਆਂ-ਲਿਖਦਿਆਂ ਮੈਨੂੰ ਵੀ ਇੱਕ ਵਿਚਾਰ ਨੇ ਘੇਰ ਲਿਆ ਕਿ ਮੰਨ ਲਵੋ ਛਿਆਹਠ ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਨਹੀਂ ਕੀਤਾ ਹੋਵੇਗਾ, ਪਰ ਘੱਟੋ ਘੱਟ ਪੰਜਾਹ ਕਰੋੜ ਨੇ ਜ਼ਰੂਰ ਕੀਤਾ ਹੋਵੇਗਾ। ਸਾਹਿਬ ਜੀ, ਇਹ ਵੀ ਦੱਸਣ ਦੀ ਖੇਚਣ ਕਰਨੀ ਕਿ ਪੰਜਾਹ ਕਰੋੜ ਸ਼ਰਧਾਲੂਆਂ ਦੇ ਮਲ-ਮੂਤਰ ਵਾਸਤੇ ਕੀ-ਕੀ ਤੇ ਕਿੰਨੀ ਗਿਣਤੀ ਵਿੱਚ ਸਾਫ਼-ਸੁਥਰੇ ਸ਼ੌਚਾਲਿਆ ਬਣਾਏ ਹੋਏ ਸਨ? ਇੰਜ ਕਰਨ ਨਾਲ ਸੰਬੰਧਤ ਜਨਤਾ ਵੀ ਜਾਣ ਜਾਵੇਗੀ ਕਿ ਅਸਲ ਸੱਚ ਕੀ ਹੈ, ਤੇ ਝੂਠ ਕੀ ਹੈ।
ਕੀ ਕੁੰਭ ਮੇਲੇ ਦੌਰਾਨ ਹਵਾਈ ਸਫ਼ਰ ਮਹਿੰਗਾ ਨਹੀਂ ਕੀਤਾ ਗਿਆ? ਕੀ ਆਮ ਗੰਦਗੀ ਤੋਂ ਤੀਹ ਗੁਣਾ ਵੱਧ ਗੰਦਗੀ ਦੀਆਂ ਰਿਪੋਰਟਾਂ ਨਹੀਂ ਆਈਆਂ? ਇਹ ਸਰਟੀਫਿਕੇਟ ਕੌਣ ਵੰਡ ਰਿਹਾ ਕਿ ਜੋ ਡੁਬਕੀ ਨਹੀਂ ਲਾਵੇਗਾ, ਭਾਵ ਇਸ਼ਨਾਨ ਨਹੀਂ ਕਰੇਗਾ, ਉਹ ਅਸਲੀ ਹਿੰਦੂ ਨਹੀਂ ਹੋਵੇਗਾ? ਕੀ ਤੁਹਾਡੀ ਜਾਣਕਾਰੀ ਵਿੱਚ ਹੈ ਕਿ ਨਹੀਂ ਕਿ ਡੁਬਕੀ ਤਾਂ ਤੁਹਾਡੇ ਲਾਡਲੇ ਮੁੱਖ ਮੰਤਰੀ ਸਮੇਤ ਕਰੀਬਨ ਇੱਕ ਦਰਜਨ ਤੁਹਾਡੇ ਐੱਨ ਡੀ ਏ ਭਾਈਵਾਲਾਂ ਨੇ ਵੀ ਨਹੀਂ ਲਾਈ, ਜਦਕਿ ਇਸ ਮਹਾਕੁੰਭ ਤੋਂ ਪਹਿਲਾਂ 2013 ਤੇ 2001 ਵਿੱਚ ਵੀ ਕੁੰਭ ਆਇਆ ਸੀ ਤਾਂ ਸ੍ਰੀਮਤੀ ਸੋਨੀਆ ਗਾਂਧੀ ਜੀ ਤਾਂ 2001 ਵਿੱਚ ਹੀ ਡੁਬਕੀ ਮਾਰ ਚੁੱਕੀ ਹੈ। ਮਰਹੂਮ ਸ੍ਰੀ ਚਰਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਬਿਨਾਂ ਡੁਬਕੀ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਹੋਰ ਤਾਂ ਹੋਰ, ਜਿਨ੍ਹਾਂ ਦਾ ਤੁਸੀਂ ਹੁਕਮ ਵਜਾਉਂਦੇ ਹੋ, ਭਾਵ ਸ੍ਰੀ ਭਾਗਵਤ ਵਰਗਿਆਂ ਵੀ ਅਜਿਹੇ ਦੂਸ਼ਿਤ ਜਲ ਵਿੱਚ ਡੁਬਕੀ ਲਾਉਣੀ ਮੁਨਾਸਬ ਨਹੀਂ ਸਮਝੀ। ਕੀ ਤੁਸੀਂ 2001 ਤੇ 2013 ਦੀਆਂ ਆਪਣੀਆਂ ਡੁਬਕੀਆਂ ਜਨਤਕ ਕਰ ਸਕਦੇ ਹੋ? ਮੇਲੇ ’ਤੇ ਸਰਕਾਰ ਵੱਲੋਂ ਪੈਸਾ ਕਿੰਨਾ ਖਰਚਿਆ ਗਿਆ? ਕੀ ਦਿੱਤੀਆਂ ਸੂਬੇ ਅਤੇ ਸੈਂਟਰ ਸਰਕਾਰ ਵੱਲੋਂ ਪਾਣੀ ਸੰਬੰਧੀ ਰਿਪੋਰਟਾਂ ਠੀਕ ਜਾਂ ਗਲਤ ਹਨ? ਜੇਕਰ ਇਨ੍ਹਾਂ ਬਣਦੇ ਸਵਾਲਾਂ ਦਾ ਜਵਾਬ ਦੇ ਸਕੋਂ ਤਾਂ ਘੱਟੋ-ਘੱਟ ਯੂ ਪੀ ਦੀ ਜਨਤਾ ਸਮਝੇਗੀ ਕਿ ਅਸੀਂ ਸੁਰੱਖਿਅਤ ਸਰਕਾਰ ਦੀ ਨਿਗਰਾਨੀ ਹੇਠ ਹਾਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































