“ਬੀਤੇ ਦਿਨੀਂ ਗਠਜੋੜ ਦੀ ਅਚਾਨਕ ਗੱਲ ਤੋਰ ਕੇ ਰਾਹੁਲ ਗਾਂਧੀ ਨੇ ਹਰਿਆਣੇ ਲਈ ਜੋ ਗੱਲ ਆਮ ਆਦਮੀ ਪਾਰਟੀ ਵਾਸਤੇ ...”
(10 ਸਤੰਬਰ 2024)
ਹਿਸਟਰੀ ਦੇ ਵਿਦਿਆਰਥੀਆਂ ਤੋਂ ਇਲਾਵਾ ਸੰਸਾਰ ਦੀਆਂ ਘਟਨਾਵਾਂ ਦੇਸ਼-ਵਿਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਨੇੜੇ ਤੋਂ ਜਾਣਨ ਵਾਲੇ ਸਮਝ ਸਕਦੇ ਹਨ ਕਿ ਹਰ ਉਹ ਸਿਆਸੀ ਅਤੇ ਗੈਰ-ਸਿਆਸੀ ਪਾਰਟੀ ਅੰਤ ਨੂੰ ਸਫ਼ਲ ਹੁੰਦੀ ਹੈ, ਜਿਹੜੀ ਹਰ ਸਮੇਂ ਇੱਕੋ ਵਿਰੋਧੀ ਦੇਸ ਅਤੇ ਸਿਆਸੀ ਪਾਰਟੀ ਵਿਰੁੱਧ ਲੜਦੀ ਅਤੇ ਕਾਮਯਾਬੀ ਵੱਲ ਵਧਦੀ ਹੈ, ਜੋ ਇੱਕੋ ਸਮੇਂ ਇੱਕੋ ਮੁੱਖ ਵਿਰੋਧੀ ਖਿਲਾਫ਼ ਹਮਖਿਆਲ ਪਾਰਟੀਆਂ ਜਾਂ ਗਰੁੱਪਾਂ ਨੂੰ ਲੈ ਕੇ ਲੜਦੀ ਹੈ। ਅਜਿਹੇ ਲੋਕ ਉਦੋਂ ਤਕ ਆਪਣਾ ਗਠਜੋੜ ਕਾਇਮ ਰੱਖਦੇ ਹਨ, ਜਦੋਂ ਤਕ ਵਿਰੋਧੀ ਕਮਜ਼ੋਰ ਜਾਂ ਖ਼ਤਮ ਨਹੀਂ ਹੋ ਸਕਦਾ, ਪਰ ਅਜਿਹੇ ਗੱਠਜੋੜਾਂ ਵਿੱਚ ਵੱਡੀਆਂ ਪਾਰਟੀਆਂ ਜਾਂ ਗਰੁੱਪਾਂ ਨੂੰ ਬਾਕੀਆਂ ਨਾਲੋਂ ਜ਼ਿਆਦਾ ਕੁਰਬਾਨੀ ਕਰਨੀ ਪੈਂਦੀ ਹੈ ਜਾਂ ਕੁਰਬਾਨੀ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦੇ ਹੋਏ ਦੇਸ਼ ਵਿੱਚ ਬੀਤੇ ਸਮੇਂ ਵਿੱਚ ਅਜਿਹੇ ਪ੍ਰਮੁੱਖ ਦੋ ਗਰੁੱਪ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਇੱਕ ਐੱਨ ਡੀ ਏ ਹੈ, ਜਿਸ ਵਿੱਚ ਪ੍ਰਮੁੱਖ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਅਜਿਹੇ ਦੂਜੇ ਗਰੁੱਪ ਨੂੰ ਅਸੀਂ ਆਈ ਐੱਨ ਡੀ ਆਈ ਏ (ਇੰਡੀਆ) ਗਰੁੱਪ ਆਖਦੇ ਹਾਂ, ਜਿਸ ਵਿੱਚ ਕਾਂਗਰਸ ਪਾਰਟੀ ਭਾਰੂ ਲਗਦੀ ਹੈ। ਮੋਦੀ ਸਾਹਿਬ ਤੀਜੀ ਵਾਰ ਐੱਨ ਡੀ ਏ ਦੇ ਸਹਾਰੇ ਕੁਰਸੀ ’ਤੇ ਬਿਰਾਜਮਾਨ ਹੋਏ ਹਨ। ‘ਅਬ ਕੀ ਬਾਰ, ਚਾਰ ਸੌ ਪਾਰ’ ਆਖਣ ਵਾਲਿਆਂ ਨੂੰ ਅਖੀਰ ਆਪਣੇ ਭਾਈਵਾਲਾਂ ਦੀ ਉਂਗਲੀ ਫੜ ਕੇ ਕੁਰਸੀ ਤਕ ਜਾਣਾ ਪਿਆ, ਪਰ ਅਜਿਹੇ ਗੱਠਜੋੜਾਂ ਦੀ ਮਹੱਤਤਾ ਨੂੰ ਨਾ-ਤਜਰਬੇਕਾਰ ਅਸਾਨੀ ਨਾਲ ਨਾ ਸਮਝ ਸਕਦੇ ਹਨ ਨਾ ਹੀ ਅਜਿਹਾ ਧਰਮ ਨਿਭਾਉਣ ਲਈ ਸਹਿਜੇ ਤਿਆਰ ਹੁੰਦੇ ਹਨ। ਅਜਿਹੇ ਗਠਜੋੜ ਦੀਆਂ ਧੱਜੀਆਂ ਉਡਦੀਆਂ ਤੁਸੀਂ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਪਿਛਲੀਆਂ ਚੋਣਾਂ ਵਿੱਚ ਆਮ ਦੇਖੀਆਂ ਹੋਣਗੀਆਂ। ਅਜਿਹੇ ਗੱਠਜੋੜਾਂ ਲਈ ਲੰਮਾ ਤਜਰਬਾ ਅਤੇ ਜ਼ਿਆਦਾ ਸਿਆਣਪ ਦੀ ਲੋੜ ਹੁੰਦੀ ਹੈ। ਪਿਛਲੀਆਂ ਪਾਰਲੀਮੈਂਟ ਚੋਣਾਂ ਨੇ ਸਭ ਨੂੰ ਗਠਜੋੜ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਦਰਸਾ ਦਿੱਤਾ, ਜਿੱਤਣ ਅਤੇ ਹਾਰਨ ਵਾਲਿਆਂ ਦੋਹਾਂ ਨੂੰ।
ਬੀਤੇ ਦਿਨੀਂ ਗਠਜੋੜ ਦੀ ਅਚਾਨਕ ਗੱਲ ਤੋਰ ਕੇ ਰਾਹੁਲ ਗਾਂਧੀ ਨੇ ਹਰਿਆਣੇ ਲਈ ਜੋ ਗੱਲ ਆਮ ਆਦਮੀ ਪਾਰਟੀ ਵਾਸਤੇ ਕੀਤੀ ਹੈ, ਉਸ ਨੇ ਸਭ ਧਿਰਾਂ ਨੂੰ ਇਕਦਮ ਹੈਰਾਨ ਕਰ ਦਿੱਤਾ। ਇਹ ਗਠਜੋੜ ਦਾ ਹੋਕਾ ਉਸ ਪਾਰਟੀ ਦੇ ਨੇਤਾ ਵੱਲੋਂ ਦਿੱਤਾ ਗਿਆ, ਜਿਹੜੀ ਪਾਰਟੀ ਪਾਰਲੀਮੈਂਟ ਚੋਣਾਂ ਵਿੱਚ ਹਰਿਆਣਾ ਸੂਬੇ ਵਿੱਚੋਂ ਦਸ ਸੀਟਾਂ ਵਿੱਚੋਂ ਅੱਧੀਆਂ, ਯਾਨਿ ਪੰਜ ਸੀਟਾਂ ਜਿੱਤ ਚੁੱਕੀ ਹੈ। ਇਹ ਆਫ਼ਰ ਰਾਹੁਲ ਵੱਲੋਂ ਉਸ ਪਾਰਟੀ ਨੂੰ ਦਿੱਤੀ ਗਈ, ਜੋ ਪਾਰਲੀਮੈਂਟ ਦੀ ਇੱਕ ਸੀਟ ਲੜ ਕੇ ਵੀ ਹਾਰ ਗਈ, ਜਦੋਂ ਕਿ ਹਰਿਆਣਾ ਦੇ ਸਭ ਅੱਜ ਦੇ ਸਰਵੇ ਕਾਂਗਰਸ ਨੂੰ ਅੱਗੇ ਦੱਸ ਰਹੇ ਹਨ। ਅਜਿਹੇ ਗਠਜੋੜ ਦਾ ਐਲਾਨ ਕਰਕੇ ਰਾਹੁਲ ਗਾਂਧੀ ਨੇ ਆਪਣੀ ਸੂਝ-ਬੂਝ ਦਾ ਜਿੱਥੇ ਸਬੂਤ ਦਿੱਤਾ ਹੈ, ਉੱਥੇ ਸਿਆਸੀ ਜੀਵਨ ਵਿੱਚ ਆਪਣਾ ਕੱਦ ਵੀ ਉੱਚਾ ਕਰ ਲਿਆ ਹੈ। ਇਸ ਐਲਾਨ ਦੇ ਨਾਲ ਉਸੇ ਦਿਨ ਹਰਿਆਣੇ ਦੇ ਇੱਕ ਪਹਿਲਵਾਨ ਪੁੱਤਰ ਅਤੇ ਇੱਕ ਪਹਿਲਵਾਨ ਧੀ ਨੂੰ ਮਿਲ ਕੇ ਜੋ ਉਨ੍ਹਾਂ ਨੂੰ ਅਸੰਬਲੀ ਚੋਣਾਂ ਲੜਨ ਲਈ ਉਤਸ਼ਾਹਿਤ ਕੀਤਾ, ਉਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਅਜਿਹੇ ਦੋ ਛੋਟੇ-ਛੋਟੇ ਐਲਾਨ ਕਰਕੇ ਰਾਹੁਲ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਦਿੱਤੇ ਹਨ। ਰਾਹੁਲ, ਜੋ ਕਹਿੰਦੇ ਹਨ ਉਹ ਕਰਨ ਵਿੱਚ ਵੀ ਯਕੀਨ ਰੱਖਦੇ ਹਨ। ਉਸ ਕੰਮ ਲਈ ਦੌੜ-ਭੱਜ ਵੀ ਕਰਦੇ ਹਨ। ਜਿਵੇਂ ਤੁਸੀਂ ਨੋਟ ਕੀਤਾ ਹੋਵੇਗਾ ਕਿ ਜਾਤੀ ਜਨਗਨਣਾ ਬਾਰੇ ਜੋ ਕਹਿੰਦੇ ਹਨ, ਉਹ ਹਿੱਕ ਠੋਕ ਕੇ ਕਹਿੰਦੇ ਹਨ। ਜਿਸ ਰਫ਼ਤਾਰ ਨਾਲ ਰਾਹੁਲ ਗਾਂਧੀ ਭਾਰਤੀ ਰਾਜਨੀਤੀ ਵਿੱਚ ਦਿਨੋਂ-ਦਿਨੀਂ ਆਪਣੀ ਸਥਿਤੀ ਮਜ਼ਬੂਤ ਕਰਦੇ ਜਾ ਰਹੇ ਹਨ, ਉਸ ਹਿਸਾਬ ਨਾਲ ਤੁਸੀਂ ਇੱਕ ਦਿਨ ਦੇਖੋਗੇ ਕਿ ਜੋ ਉਸ ਨੂੰ ਪੱਪੂ ਕਹਿਣਾ ਲੋਚਦੇ ਸਨ, ਉਹ ਤੁਹਾਡੇ ਦੇਖਦੇ-ਦੇਖਦੇ ਹੀ ਪੱਪੂ ਦੀ ਥਾਂ ਬਾਪੂ ਆਖਣ ਲਈ ਮਜਬੂਰ ਹੋ ਜਾਣਗੇ।
ਅੱਜ ਦੇ ਦਿਨ ਜੇਕਰ ਰਾਹੁਲ ਦੀ ਉਨ੍ਹਾਂ ਦੇ ਮਰਹੂਮ ਪਿਤਾ ਜੀ ਨਾਲ ਤੁਲਨਾ ਕਰੀਏ ਤਾਂ ਤੁਹਾਨੂੰ ਜਾਪੇਗਾ ਕਿ ਰਾਹੁਲ ਫੈਸਲਾ ਲੈਣ, ਫੈਸਲੇ ’ਤੇ ਅਮਲ ਕਰਨ ਵਿੱਚ ਕਾਫ਼ੀ ਅੱਗੇ ਨਿਕਲ ਗਿਆ ਹੈ। ਬਤੌਰ ਵਿਰੋਧੀ ਨੇਤਾ ਉਸ ਦਾ ਕੰਮਕਾਰ ਦੇਖ ਕੇ ਅੱਜ ਦੇ ਦਿਨ ‘ਇੰਡੀਆ’ ਗਰੁੱਪ ਦਾ ਉਸ ਵਿੱਚ ਵਿਸ਼ਵਾਸ ਵਧਿਆ ਹੈ। ਰਾਹੁਲ ਨੇ ਮਾਰਕਸੀ ਪਾਰਟੀ ਅਤੇ ਸੋਸ਼ਲਿਸਟ ਪਾਰਟੀ ਲਈ ਵੀ ਬਿਨਾਂ ਮੰਗੇ ਇੱਕ-ਇੱਕ ਸੀਟ ਛੱਡ ਕੇ ਆਪਣੇ ਵੱਡੇ ਦਿਲ ਦਾ ਵਿਖਾਵਾ ਕੀਤਾ ਹੈ। ਜੇਕਰ ਅਜਿਹਾ ਗਠਜੋੜ ਸਿਰੇ ਚੜ੍ਹ ਗਿਆ ਤਾਂ ਫਿਰ ਇਹ ਗਠਜੋੜ ਦਿੱਲੀ ਅਤੇ ਪੰਜਾਬ ਵਿੱਚ ਆਪਣਾ ਰੰਗ ਵਿਖਾਵੇਗਾ।
ਇਹ ਸੱਚ ਹੈ ਕਿ ਆਮ ਆਦਮੀ ਪਾਰਟੀ ਨੂੰ ਅੱਜ ਦੇ ਦਿਨ ਅਜਿਹੇ ਗੱਠਜੋੜਾਂ ਦਾ ਕੋਈ ਬਹੁਤ ਤਜਰਬਾ ਨਹੀਂ ਹੈ। ਇਹ ਅਹਿਸਾਸ ਉਨ੍ਹਾਂ ਨੂੰ ਹਰਿਆਣਾ ਅਸੰਬਲੀ ਵਿੱਚ ਪਹੁੰਚ ਕੇ ਹੋਵੇਗਾ। ਅੱਜ ਦੇ ਦਿਨ ‘ਇੰਡੀਆ’ ਗਠਜੋੜ ਦੇ ਭਾਈਵਾਲਾਂ ਦਾ ਜੇ ਕੋਈ ਸਾਂਝਾ ਸਿਆਸੀ ਦੁਸ਼ਮਣ ਹੈ ਅਤੇ ਜਿਸ ਨੂੰ ਹਰਾਉਣਾ ਜ਼ਰੂਰੀ ਅਤੇ ਸਾਡਾ ਧਰਮ ਹੈ, ਉਹ ਹੈ ਭਾਜਪਾ, ਜਿਸ ਪਾਰਟੀ ਦਾ ਜਨਮ ਹੀ ਭਾਰਤ ਦੀ ਅਜ਼ਾਦੀ ਤੋਂ ਬਾਅਦ ਹੋਇਆ। ਸਮੁੱਚੀ ਪਾਰਟੀ ਦਾ ਭਾਰਤ ਦੀ ਅਜ਼ਾਦੀ ਲਹਿਰ ਵਿੱਚ ਦੂਰ ਦਾ ਵਾਸਤਾ ਨਹੀਂ। ਉਂਜ ਅਗਰ ਉਸ ਨੂੰ ਹੋਰ ਨੇੜੇ ਹੋ ਕੇ ਉਸ ਦੀ ਅਸਲੀਅਤ ਜਾਣਨੀ ਹੋਵੇ ਤਾਂ ਤੁਹਾਨੂੰ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਆਪਣੇ ਆਪ ਨੂੰ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਆਖਣ ਵਾਲੀ ਪਾਰਟੀ ਲਗਭਗ ਅੱਧੀਆਂ ਸੀਟਾਂ ਉਨ੍ਹਾਂ ਉਮੀਦਵਾਰ ਨੂੰ ਦਿੰਦੀ ਹੈ, ਜੋ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਏ ਹਨ ਜਾਂ ਦੂਜੀਆਂ ਪਾਰਟੀਆਂ ਵਿੱਚੋਂ ਕੱਢੇ ਹਨ। ਅੱਜ ਦੇ ਦਿਨ ਜਿਹੜੀ ਭਾਜਪਾ ਦੀ ਦਿੱਖ ਤੁਹਾਨੂੰ ਦਿਸਦੀ ਹੈ, ਉਹ ਸਿਰਫ਼ ਤੁਹਾਡੇ ਇਕੱਠੇ ਨਾ ਹੋਣ ਕਰਕੇ ਦਿਖਾਈ ਦਿੰਦੀ ਹੈ। ਉਸ ਦਿਨ ਹੀ ਉਸ ਦਾ ਕਮਲ ਮੁਰਝਾ ਜਾਵੇਗਾ, ਜਿਸ ਦਿਨ ਤੁਸੀਂ ਆਪਣੇ ਭੇਦਭਾਵ ਭੁਲਾ ਕੇ ਇਕੱਠੇ ਹੋ ਜਾਓਗੇ। ਕੀ ਅਜਿਹਾ ਹੋ ਸਕੇਗਾ, ਇਹ ਸਭ ਭਵਿੱਖ ਦੀ ਕੁੱਖ ਵਿੱਚ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5285)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.