“ਇਸ ਸਹੁੰ-ਚੁੱਕ ਸਮਾਗਮ ਵਿੱਚ ਨੱਬੇ ਵਿਧਾਨ ਸਭਾ ਅਸੰਬਲੀ ਵਿੱਚ ਜਿੰਨੇ ਵੱਧ ਤੋਂ ਵੱਧ ਵਜ਼ੀਰ ਬਣ ...”
(21 ਅਕਤੂਬਰ 2024)
ਪਹਿਲਾ ਸੱਚ ਤਾਂ ਇਹ ਹੈ ਕਿ ਨਤੀਜੇ ਵਾਲੇ ਦਿਨ ਸਭ ਜੋਤਿਸ਼ੀ, ਵੱਡੇ-ਵੱਡੇ ਪੱਤਰਕਾਰ, ਭਵਿੱਖਬਾਣੀਆਂ ਕਰਨ ਵਾਲੇ ਸਣੇ ਅੰਧ-ਭਗਤਾਂ ਦੇ ਦੁਪਹਿਰ ਤਕ ਮੂਰਛਤ ਹੋਏ ਪਏ ਸਨ। ਸਭ ਆਪੋ-ਆਪਣੇ ਤਰੀਕੇ ਨਾਲ ਕਾਂਗਰਸ ਦੀ ਸਰਕਾਰ, ਉਸ ਦੀ ਮਿਹਨਤ ਦੀਆਂ ਆਮ ਸਿਫ਼ਤਾਂ ਕਰਦੇ ਦੇਖੇ ਗਏ ਸਨ। ਸਭ ਭਾਜਪਾ ਦੀਆਂ ਨਾਕਾਮੀਆਂ ਗਿਣਾ ਰਹੇ ਸਨ। ਜਦੋਂ ਦੁਪਹਿਰ ਬਾਅਦ ਰੁਝਾਨ ਬਦਲਣੇ ਸ਼ੁਰੂ ਹੋਏ ਤਾਂ ਸਭ ਹਵਾਈ-ਕੁੱਕੜ ਵਾਂਗ ਆਪੋ-ਆਪਣਾ ਰੁਖ ਬਦਲਦੇ ਗਏ। ਭਾਵ ਹਰਿਆਣਾ ਬਾਰੇ ਸਭ ਅੰਦਾਜ਼ੇ ਬੁਰੀ ਤਰ੍ਹਾਂ ਫੇਲ ਹੋਏ। ਹਰਿਆਣੇ ਦੀ ਭਾਜਪਾ ਆਪਣਾ ਨੱਕ ਰੱਖਣ ਜੋਗੀਆਂ ਸੀਟਾਂ ਦੀ ਆਸ ਕਰਦੀ ਸੀ। ਗੱਲ ਕੀ, ਜਦੋਂ ਰੁਝਾਨ ਬਦਲੇ, ਸਭ ਬਦਲ ਗਏ।
ਹਰਿਆਣੇ ਤੋਂ ਛੇਤੀ ਬਾਅਦ ਜੰਮੂ-ਕਸ਼ਮੀਰ ਵਿੱਚ ਵੋਟਾਂ ਵਾਲੇ ਡੱਬੇ ਵਿੱਚ ਤਾਂ ਭਾਜਪਾ ਭਾਵੇਂ ਪਹਿਲਾਂ ਨਾਲੋਂ ਵਧੀ ਪਰ ਸਰਕਾਰ ਬਣਾਉਣ ਦੇ ਸੁਪਨੇ ਤੋਂ ਪਛੜ ਗਈ। ਤਦ ਉੁਸ ਨੂੰ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਚੋਣਾਂ ਡਰਾਉਣ ਲੱਗੀਆਂ, ਜਿਸ ਡਰ ਨੂੰ ਦੂਰ ਕਰਨ ਲਈ ਹਰਿਆਣੇ ਵਿੱਚ ਇੰਨਾ ਵੱਡਾ ਸਹੁੰ-ਚੁੰਕ ਸਮਾਗਮ ਮਹਾਰਿਸ਼ੀ ਬਾਲਮੀਕ ਦੇ ਜਨਮ ਦਿਹਾੜੇ ਗਰੀਬਾਂ ਨੂੰ ਭਰਮਾਉਣ ਲਈ ਕਰਨਾ ਪਿਆ, ਜਿਸ ਵਿੱਚ ਸਮੁੱਚਾ ਐੱਨ ਡੀ ਏ ਜੁੜਿਆ। ਸਮੁੱਚਾ ਐੱਨ ਡੀ ਏ ਇਕੱਠਾ ਕੀਤਾ। ਮੀਟਿੰਗ ਦੇ ਬਹਾਨੇ ਸਮੁੱਚਾ ਕੇਂਦਰੀ ਮੰਤਰੀ ਮੰਡਲ ਹਾਜ਼ਰ ਸੀ। ਅਜਿਹਾ ਇਕੱਠ ਸ਼ਾਇਦ ਪਹਿਲਾਂ ਵੀ ਗੁਜਰਾਤ ਵਿੱਚ ਕੀਤਾ ਗਿਆ। ਸਭ ਸੰਬੰਧਤ ਸੂਬਿਆਂ ਦੇ ਸਿਰਕੱਢ ਲੀਡਰ ਪਹੁੰਚੇ। ਸਭ ਦੇ ਪਹੁੰਚਣ ’ਤੇ ਸਹੁੰ ਚੁੱਕ ਸਮਾਗਮ ਹੋ ਸਕਿਆ। ਅਜਿਹਾ ਬੇਲੋੜਾ ਡਰਾਮਾ ਆਉਣ ਵਾਲੀਆਂ ਦੋਂਹ ਸੂਬਿਆਂ ਦੀਆਂ ਚੋਣਾਂ ਦੇ ਡਰ ਨੇ ਕਰਾਇਆ ਹੈ।
ਇਸ ਸਹੁੰ-ਚੁੱਕ ਸਮਾਗਮ ਵਿੱਚ ਨੱਬੇ ਵਿਧਾਨ ਸਭਾ ਅਸੰਬਲੀ ਵਿੱਚ ਜਿੰਨੇ ਵੱਧ ਤੋਂ ਵੱਧ ਵਜ਼ੀਰ ਬਣ ਸਕਦੇ ਸੀ, ਓਨੇ ਇੱਕ ਵਾਰ ਹੀ ਬਣਾ ਦਿੱਤੇ, ਜਾਣੀ ਮੁੱਖ ਮੰਤਰੀ ਸਣੇ ਚੌਦਾਂ। ਪੰਜਾਹ ਫ਼ੀਸਦੀ ਔਰਤਾਂ ਲਈ ਰਾਖਵਾਂਕਰਨ ਦਾ ਸੰਘ ਪਾੜ ਕੇ ਰੌਲਾ ਪਾਉਣ ਵਾਲਿਆਂ ਨੇ ਆਪਣੇ ਤਾਜ਼ਾ ਮੰਤਰੀ ਮੰਡਲ ਵਿੱਚ ਸਿਰਫ਼ ਦੋ ਬੀਬੀਆਂ ਨੂੰ ਹੀ ਸ਼ਾਮਲ ਕਰਕੇ ਆਪਣੀ ਅਸਲੀ ਔਰਤਾਂ ਵਿਰਧੀ ਸੋਚ ਦਾ ਸਬੂਤ ਦੇ ਦਿੱਤਾ ਹੈ। ਇਹ ਵੱਡਾ ਇਕੱਠ ਕਰਕੇ ਜੰਮੂ-ਕਸ਼ਮੀਰ ਤੋਂ ਆਪਣਿਆਂ ਦਾ ਧਿਆਨ ਹਟਾਉਣ ਦੀ ਇੱਕ ਕੋਸ਼ਿਸ਼ ਵੀ ਕੀਤੀ। ਅਜੋਕੀ ਚੋਣ ਵਿੱਚ ਅਚਾਨਕ ਬਟੇਰਾ ਪੈਰ ਥੱਲੇ ਆਉਣ ਨਾਲ ਜਿੰਨੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਹਨ, ਓਨੀਆਂ ਹੀ ਜ਼ਿੰਮੇਵਾਰੀਆਂ ਵੀ ਵਧ ਗਈਆਂ ਹਨ, ਜਿਨ੍ਹਾਂ ਨਾਲ ਹਕੂਮਤ ਲਈ ਆਉਣ ਵਾਲਾ ਸਮਾਂ ਚੁਣੌਤੀਆਂ ਪੂਰਨ ਹੋਵੇਗਾ। ਕਾਰਨ, ਕਾਂਗਰਸ ਨੇ ਸੱਤਾ ਪ੍ਰਾਪਤ ਕਰਨ ਲਈ ਅਤੇ ਭਾਜਪਾ ਨੇ ਹੈਟਰਿਕ ਲਾਉਣ ਦੀ ਖਾਤਰ ਇੰਨੇ ਵਾਅਦੇ ਰਿਉੜੀਆਂ ਦੇ ਰੂਪ ਕੀਤੇ ਹੋਏ ਹਨ, ਜਿਨ੍ਹਾਂ ਨੂੰ ਅਸਲੀ ਜਾਮਾ ਪਹਿਨਾਉਣਾ ਕਠਿਨ ਹੀ ਨਹੀਂ ਬਲਕਿ ਨਾਮੁਮਕਿਨ ਹੈ।
ਮੌਜੂਦਾ ਭਾਜਪਾ ਸਰਕਾਰ ਦਾ ਡਬਲ ਇੰਜਣ ਸਰਕਾਰ ਦਾ ਰੌਲਾ ਫਜ਼ੂਲ ਹੈ। ਉਂਜ ਡਬਲ ਇੰਜਣ ਨੂੰ ਪੰਜਾਬ ਵਿੱਚ ਬੀਂਡੀ ਵੀ ਆਖਦੇ ਹਨ। ਅਗਰ ਭਾਰ ਖਿੱਚਣ ਵਾਲੀ ਮਸ਼ੀਨਰੀ ਜਾਂ ਬਲਦਾਂ ਆਦਿ ਦੀ ਜੋੜੀ ਕਮਜ਼ੋਰ ਹੋਵੇ ਤਾਂ ਫਿਰ ਇੱਕ ਹੋਰ ਬਲਦਾਂ ਦੀ ਜੋੜੀ ਅੱਗੇ ਜੋੜ ਦਿੱਤੀ ਜਾਂਦੀ ਹੈ। ਇਸ ਕਰਕੇ ਡਬਲ ਇੰਜਣ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ, ਜਦੋਂ ਪਹਿਲਾਂ ਲੱਗਾ ਹੋਇਆ ਇੰਜਣ ਕਮਜ਼ੋਰ ਹੋਵੇ। ਉਦਾਹਰਣ ਲਈ ਬਿਹਾਰ ਵਿੱਚ ਇਸ ਵਕਤ ਡਬਲ ਇੰਜਣ ਦੀ ਸਰਕਾਰ ਹੈ। ਪਰ ਉਸ ਦਾ ਵੀ ਉੱਥੇ ਬੁਰਾ ਹਾਲ ਹੋਇਆ ਪਿਆ ਹੈ। ਜਦੋਂ ਅਸੀਂ ਇਹ ਸਤਰਾਂ ਲਿਖ ਰਹੇ ਹਾਂ ਤਾਂ ਬਿਹਾਰ ਵਿੱਚ ਫਿਰ ਉਹੀ ਕੁਝ ਵਾਪਰ ਰਿਹਾ ਹੈ ਜੋ ਪਿਛਲੇ ਸਮੇਂ ਵਾਪਰਦਾ ਰਿਹਾ ਹੈ। ਨਜਾਇਜ਼ ਸ਼ਰਾਬ ਨਾਲ ਮੌਤਾਂ ਦੀ ਗਿਣਤੀ ਤਿੰਨ ਦਰਜਨ ਤਕ ਪਹੁੰਚ ਚੁੱਕੀ ਹੈ, ਤਕਰੀਬਨ ਇੰਨੇ ਹੀ ਲੋਕ ਤੜਫ਼ ਰਹੇ ਹਨ। ਇਸ ਬਾਰੇ ਸ੍ਰੀ ਨਿਤੀਸ਼ ਕੁਮਾਰ “ਉਰਫ਼ ਪਲਟੂਰਾਮ” ਨੇ ਪਿੱਛੇ ਜਿਹੇ ਕਿਹਾ ਸੀ “ਅਗਰ ਪੀਓਗੇ ਤਾਂ ਮਰੋਗੇ।” ਹੁਣ ‘ਡਰਾਈ ਸਟੇਟ’ ‘ਡਾਈ ਸਟੇਟ’ ਬਣ ਚੁੱਕੀ ਹੈ। ਬਿਹਾਰ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਸਰਕਾਰੀ ਅਰਥ-ਵਿਵਸਥਾ ਦੇ ਬਰਾਬਰ ਚੱਲ ਰਿਹਾ ਹੈ। ਸਿਰਫ਼ ਛੋਟੀਆਂ-ਛੋਟੀਆਂ ਮੱਛੀਆਂ ਨੂੰ ਫੜਿਆ ਜਾਵੇਗਾ, ਮਗਰਮੱਛਾਂ ਨੂੰ ਹੱਥ ਕਦੇ ਵੀ ਨਹੀਂ ਲਾਇਆ ਜਾਵੇਗਾ।
ਹਰਿਆਣੇ ਵਿੱਚ ਤੀਜੀ ਵਾਰ ਡਬਲ ਇੰਜਣ ਦੀ ਸਰਕਾਰ ਬਣੀ ਹੈ। ਇਹ ਵੀ ਪਹਿਲੀਆਂ ਸਰਕਾਰਾਂ ਵਾਂਗ ਮਾਅਰਕੇ ਦਾ ਕੋਈ ਕੰਮ ਨਹੀਂ ਕਰੇਗੀ। ਵੱਧ ਤੋਂ ਵੱਧ ਆਪਣਾ ਸਮਾਂ ਪੂਰਾ ਕਰੇਗੀ। ਜਿੱਤ ਦੀ ਖੁਸ਼ੀ ਵਿੱਚ ਅਜੋਕਾ ਸਹੁੰ-ਚੁੱਕ ਅਡੰਬਰ ਆਉਣ ਵਾਲੀਆਂ ਦੋਂਹ ਸੂਬਿਆਂ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਰਚਿਆ ਗਿਆ ਹੈ ਤਾਂ ਕਿ ਐੱਨ ਡੀ ਏ ਕੇਡਰ ਹੌਸਲੇ ਵਿੱਚ ਰਹੇ।
ਹਰਿਆਣੇ ਵਿੱਚ ਭਾਜਪਾ ਦੀ ਜਿੱਤ ਨੂੰ ਅਸੀਂ ਨਿਗੂਣੀ ਜਿੱਤ ਵੀ ਆਖ ਸਕਦੇ ਹਾਂ ਅਤੇ ਮਹਾਨ ਜਿੱਤ ਨਾਲ ਵੀ ਤੁਲਨਾ ਕਰ ਸਕਦੇ ਹਾਂ। ਨਿਗੂਣੀ ਜਿੱਤ ਇਸ ਕਰਕੇ ਕਿ ਅਗਰ ਗਹੁ ਨਾਲ ਦੇਖਿਆ ਜਾਵੇ ਤਾਂ ਕਾਂਗਰਸ ਅਤੇ ਭਾਜਪਾ ਵਿੱਚ ਕੁੱਲ ਵੋਟਾਂ ਦੀ ਗਿਣਤੀ ਲਗਭਗ ਬਰਾਬਰ ਹੈ। ਇਸ ਤੋਂ ਇਲਾਵਾ ਪ੍ਰਤੀਸ਼ਤ ਵੋਟ ਵੀ ਲਗਭਗ ਬਰਾਬਰ ਹੈ। ਪਰ ਨਤੀਜੇ ਵਿੱਚ ਭਾਜਪਾ ਅਠਤਾਲੀ ਸੀਟਾਂ ਲੈ ਗਈ ਹੈ ਅਤੇ ਕਾਂਗਰਸ ਸਿਰਫ਼ ਸੈਂਤੀਆਂ ਤਕ ਸਿਮਟ ਗਈ ਹੈ। ਇਸ ਕਰਕੇ ਨੱਬਿਆਂ ਵਿੱਚੋਂ ਅਠਤਾਲੀ ਸੀਟਾਂ ਲੈਣੀਆਂ ਇੱਕ ਮਹਾਨ ਜਿੱਤ ਵੱਲ ਇਸ਼ਾਰਾ ਹੈ।
ਅੱਜ ਦੇ ਸਮੇਂ ਅਸਲ ਮੁਕਾਬਲਾ ਐੱਨ ਡੀ ਏ ਅਤੇ ਇੰਡੀਆ ਗਠਜੋੜ ਵਿਚਕਾਰ ਹੈ। ਜਿਵੇਂ ਭਾਜਪਾ ਨੇ ਸਹੁੰ-ਚੁੱਕ ਸਮਾਗਮ ਬਹਾਨੇ ਆਪਣਾ ਸਾਰਾ ਕੋੜਮਾ ਇਕੱਠਾ ਕੀਤਾ ਹੈ ਅਤੇ ਇਕੱਠੇ ਹੋਣ ਦਾ ਹੋਕਾ ਦਿੱਤਾ ਹੈ, ਉਵੇਂ ਹੀ ਇੰਡੀਆ ਮਹਾਗੱਠਜੋੜ ਨੂੰ ਵੀ ਹੋਰ ਇਕੱਠੇ ਹੋਣ ਦੀ ਲੋੜ ਹੈ। ਇੰਡੀਆ ਗਠਜੋੜ ਨੂੰ ਸਭ ਉਨ੍ਹਾਂ ਉਮੀਦਵਾਰਾਂ ਦੀ ਮਦਦ (ਮਾਲੀ ਅਤੇ ਵੋਟਾਂ ਰਾਹੀਂ) ਕਰਨੀ ਚਾਹੀਦੀ ਹੈ, ਜਿਨ੍ਹਾਂ ਉਮੀਦਵਾਰਾਂ ਨੂੰ ਗਠਜੋੜ ਰਾਹੀਂ ਟਿਕਟਾਂ ਦੇ ਕੇ ਉਮੀਦਵਾਰ ਬਣਾਇਆ ਗਿਆ ਹੋਵੇ। ਸਾਡਾ ਆਪਸੀ ਗਠਜੋੜ ਅਗਰ ਸਾਂਝੇ ਦੁਸ਼ਮਣ ਖ਼ਿਲਾਫ਼ ਹੋਵੇਗਾ ਤਾਂ ਅਸੀਂ ਉੰਨਾ ਹੀ ਆਪਣੀ ਜਿੱਤ ਦੇ ਨੇੜੇ ਹੋਵਾਂਗੇ। ਅਗਰ ਅਸੀਂ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਲੜਾਈ ਨਹੀਂ ਦੇਵਾਂਗੇ ਤਾਂ ਅਸੀਂ ਸਰਕਾਰ ਦੀਆਂ ਪਾਲਸੀਆਂ ਕਰਕੇ ਹੋਰ ਗਰੀਬੀ ਵੱਲ ਵਧਾਂਗੇ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ 2020 ਵਿੱਚ 56 ਕਰੋੜ ਭਾਰਤੀ ਹੋਰ ਗਰੀਬ ਹੋਏ ਹਨ। ਇਸਦਾ ਸਿੱਧਾ ਮਤਲਬ ਹੈ ਕਿ ਨਵੇਂ ਹੋਏ ਗਰੀਬਾਂ ਵਿੱਚੋਂ ਸਾਡਾ ਗਰੀਬੀ ਦਾ ਹਿੱਸਾ 80 ਪ੍ਰਤੀਸ਼ਤ ਹੈ। ਬਾਕੀ ਤੁਸੀਂ ਸਮਝੋ ਕਿ ਅਸੀਂ ਕਿੱਥੇ ਤਕ ਪਹੁੰਚ ਗਏ ਹਾਂ। ਅਗਰ ਅਸੀਂ ਅੱਜ ਵੀ ਸੁਚੇਤ ਨਾ ਹੋਏ ਤਾਂ ਫਿਰ ਬਹੁਤ ਦੇਰ ਹੋ ਚੁੱਕੀ ਹੋਵੇਗੀ। ਕਾਰਨ, ਸਮੁੱਚੀ ਭਾਜਪਾ ਆਪਣੇ ਅੰਧ-ਭਗਤਾਂ ਦੇ ਸਦਕਾ ਝੂਠ-ਅਫ਼ਵਾਹਾਂ ਫੈਲਾਅ ਕੇ ਸਾਡੇ ਵਿੱਚ ਵਿਚਰ ਰਹੀ ਹੈ। ਬਚ ਸਕਦੇ ਹੋ ਤਾਂ ਬਚੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5383)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: