“ਪੰਜਾਬੀਆਂ ਬਾਰੇ ਅਪ-ਸ਼ਬਦਾਂ ਦੀ ਵਰਤੋਂ ਉਸ ਵੱਲੋਂ ਪਹਿਲੀ ਵਾਰ ਕਿਸਾਨ ਅੰਦੋਲਨ ਤੋਂ ਬੌਖਲਾ ਕੇ ਇੱਕ ਬਜ਼ੁਰਗ ਔਰਤ ...”
(7 ਅਕਤੂਬਰ 2024)
ਅਸੀਂ ਉਨ੍ਹਾਂ ਵਿੱਚੋਂ ਹਾਂ, ਜਿਨ੍ਹਾਂ ਨੇ ਉੰਨੀ ਸੌ ਸੰਤਾਲੀ ਨੂੰ ਆਜ਼ਾਦੀ ਤੋਂ ਬਾਅਦ ਆਪਣੇ ਆਜ਼ਾਦ ਦੇਸ਼ ਦੇ ਦਰਸ਼ਨ ਕੀਤੇ। ਅਸੀਂ ਤਕਰੀਬਨ ਸਤੱਤਰਾਂ ਨੂੰ ਪਹੁੰਚ ਚੁੱਕੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣਾ ਬਚਪਨ ਪਸ਼ੂਆਂ ਦੇ ਇਰਦ-ਗਿਰਦ ਬਿਤਾਇਆ। ਕਾਰਨ, ਸਭ ਤਰ੍ਹਾਂ ਦੇ ਕੰਮ, ਖਾਸ ਕਰਕੇ ਖੇਤੀ ਨਾਲ ਸੰਬੰਧਤ ਕੰਮ ਪਸ਼ੂਆਂ ਦੀ ਮਦਦ ਨਾਲ ਹੀ ਕਰਿਆ ਕਰਦੇ ਸਨ। ਇਸੇ ਕਾਰਨ ਕਰਕੇ ਸਭ ਤਰ੍ਹਾਂ ਦੇ ਪਸ਼ੂਆਂ ਦੀ ਮਹੱਤਤਾ ਬਹੁਤ ਹੁੰਦੀ ਸੀ। ਸਾਡਾ ਸੂਬਾ ਵਿਸ਼ੇਸ਼ ਕਰਕੇ ਖੇਤੀ ਪ੍ਰਧਾਨ ਹੋਣ ਕਰਕੇ ਪਸ਼ੂਆਂ ਦੀ ਲੋੜ ਬਹੁਤ ਹੁੰਦੀ ਸੀ। ਮਿਸਾਲ ਵਜੋਂ ਜਿਹੜੀ ਗਾਂ ਵੱਛਾ ਦੇ ਦਿੰਦੀ ਸੀ, ਉਸ ਦੀ ਮਹੱਤਤਾ ਵਧ ਜਾਂਦੀ ਸੀ। ਖੇਤੀ ਕਰਨ ਵਾਲਾ ਮਾਲਕ ਇੱਕਦਮ ਸੋਚਣ ਲੱਗ ਪੈਂਦਾ ਸੀ ਕਿ ਇਹ ਜਾਨਵਰ ਵਡੇਰਾ ਹੋ ਕੇ ਮੇਰੀ ਖੇਤੀ ਆਦਿ ਵਿੱਚ ਮਦਦ ਕਰੇਗਾ। ਅਸੀਂ ਤਾਂ ਉਹ ਸਮਾਂ ਦੇਖਿਆ, ਜਦੋਂ ਸਾਡੇ ਦੇਖਦੇ-ਦੇਖਦੇ ਮਸ਼ੀਨਰੀ ਆਉਣ ਕਰਕੇ ਇਨ੍ਹਾਂ ਵੱਛਿਆਂ ਦੀ, ਜਿਹੜੇ ਵੱਡੇ ਹੋ ਕੇ ਬਲਦ ਦਾ ਕੰਮ ਦਿੰਦੇ ਸਨ, ਕਦਰ ਘਟ ਗਈ। ਕਾਰਨ, ਸਾਰੀ ਤਰ੍ਹਾਂ ਦੇ ਜ਼ਿਮੀਦਾਰਾਂ ਦੇ ਕੰਮ ਮਸ਼ੀਨਰੀ ਨਾਲ ਹੋਣ ਲੱਗ ਪਏ। ਦੇਖਦੇ ਦੇਖਦੇ ਵੱਛੀਆਂ ਦੀ ਕਦਰ ਹੋਣ ਲੱਗ ਪਓ। ਹੌਲੀ-ਹੌਲੀ ਦੇਸੀ ਗਊਆਂ ਦੀ ਜਗਾਹ ਤਰ੍ਹਾਂ-ਤਰ੍ਹਾਂ ਦੀਆਂ ਵਲੈਤੀ ਗਊਆਂ ਨੇ ਲੈ ਲਈ, ਜਿਹੜੀਆਂ ਟੀਕਿਆਂ ਰਾਹੀਂ ਗੱਭਣ ਹੁੰਦੀਆਂ ਸਨ ਤੇ ਹਨ। ਅਜਿਹੇ ਵਿੱਚ ਵੱਛੀਆਂ ਦੇ ਜਨਮ ਸਮੇਂ ਉਨ੍ਹਾਂ ਦੀਆਂ ਪੁੱਤਰਾਂ ਵਾਂਗ ਖੁਸ਼ੀਆਂ ਹੁੰਦੀਆਂ ਸਨ ਤੇ ਅੱਜ ਤਕ ਵੀ ਅਜਿਹਾ ਵਰਤਾਰਾ ਚਾਲੂ ਹੈ। ਅਸੀਂ ਜਾਂ ਸਾਡੇ ਪੇਂਡੂ ਹਾਣੀਆ ਨੇ ਪੜ੍ਹਾਈ ਦੇ ਨਾਲ ਪਸ਼ੂ ਵੀ ਚਾਰੇ ਹਨ। ਅਜਿਹੇ ਹਾਲਾਤ ਵਿੱਚੋਂ ਗੁਜ਼ਰਦਿਆਂ ਅਸੀਂ ਦੇਖਿਆ ਕਿ ਜਿਹੜੇ ਪਸ਼ੂ ਅੱਥਰੇ ਹੁੰਦੇ ਸਨ, ਭਾਵ ਕੰਟਰੋਲ ਵਿੱਚ ਘੱਟ ਹੁੰਦੇ ਸਨ, ਉਨ੍ਹਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਨੱਥ, ਨੱਥਣੀ ਜਾਂ ਗੱਲ ਵਿੱਚ ਇੱਕ ਸੰਦ ਪਾ ਦਿੱਤਾ ਜਾਂਦਾ ਸੀ, ਜਿਹੜਾ ਦੋ-ਢਾਈ ਫੁੱਟ ਲੰਮਾ ਲੱਕੜ ਦਾ ਟੁਕੜਾ ਹੁੰਦਾ ਸੀ। ਅਜਿਹਾ ਕਰਨ ’ਤੇ ਉਹ ਕੰਟਰੋਲ ਵਿੱਚ ਆ ਜਾਂਦਾ ਸੀ। ਜਾਂ ਫਿਰ ਉਸ ਦੀਆਂ ਨਾਸਾਂ ਵਿੱਚੋਂ ਸੂਆ ਲੰਘਾ ਕੇ ਉਸ ਦੇ ਸਿੰਗਾਂ ਪਿੱਛੋਂ ਦੀ ਬੰਨ੍ਹ ਦਿੱਤਾ ਜਾਂਦਾ ਸੀ, ਜਿਸ ਨੂੰ ਅਗਾਂਹ ਰੱਸੇ ਜਾਂ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ ਸੀ, ਭਾਵ ਉਹ ਪੂਰਨ ਕੰਟਰੋਲ ਵਿੱਚ ਆ ਜਾਂਦਾ ਸੀ।
ਉਪਰੋਕਤ ਗੱਲਾਂ ਦਾ ਵਿਸਥਾਰਪੂਰਵਕ ਜ਼ਿਕਰ ਇਸ ਕਰਕੇ ਕੀਤਾ ਗਿਆ ਹੈ ਤਾਂ ਕਿ ਇਹ ਦੱਸਿਆ ਜਾਵੇ ਕਿ ਉਸ ਸਮੇਂ ਵਿਗੜੇ-ਤਿਗੜੇ ਨੂੰ ਕਾਬੂ ਵਿੱਚ ਰੱਖਣ ਲਈ ਕੀ ਕੁਝ ਕੀਤਾ ਜਾਂਦਾ ਸੀ। ਕਈ ਗਊਆਂ ਸੂਣ ’ਤੇ ਦੁੱਧ ਦੇਣ ਤੋਂ ਇਨਕਾਰੀ ਹੋਣ ’ਤੇ ਪਿਛਲੀਆਂ ਲੱਤਾਂ ਨਾਲ ਛੜਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਸਨ। ਉਨ੍ਹਾਂ ਨੂੰ ਕਾਬੂ ਕਰਨ ਲਈ ਸਿਆਣੇ ਲੋਕ ਉਹਨਾਂ ਦੀਆਂ ਪਿਛਲੀਆਂ ਲੱਤਾਂ ਨੂੰ ਰੱਸੀ ਪਾ ਕੇ ਆਪਸ ਵਿੱਚ ਬੰਨ੍ਹ ਦਿੰਦੇ ਸਨ, ਜਿਸ ਨੂੰ ‘ਨਿਆਣਾ ਪਾਉਣਾ’ ਕਹਿੰਦੇ ਸਨ। ਉਪਰੋਕਤ ਜੋ ਜਾਣਕਾਰੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕੀਤੀ ਹੈ, ਉਸ ਦਾ ਅਸਲ ਮਕਸਦ ਇਹ ਸੋਚਣਾ ਹੈ ਕਿ ਵਿਗੜੀ-ਤਿਗੜੀ ਕੰਗਣਾ ਰਣੌਤ, ਜੋ ਭਾਜਪਾ ਵੱਲੋਂ ਨਵੇਂ ਬਰਾਂਡ ਵਿੱਚ ਤਿਆਰ ਕੀਤੀ ਗਈ ਹੈ, ਉਸ ਨਾਲ ਅੱਜ ਦੇ ਹਾਲਾਤ ਵਿੱਚ ਕਿਵੇਂ ਨਜਿੱਠਿਆ ਜਾਵੇ? ਨੱਥ, ਨੱਥਣੀ, ਡੈਹੇ ਤੋਂ ਲੈ ਕੇ ਨਿਆਣਾ ਪਾਉਣ ਤਕ ਕਿਸ ਵਿਧੀ ਦਾ ਇਸਤੇਮਾਲ ਕੀਤਾ ਜਾਵੇ ਜਾਂ ਫਿਰ ਪਹਿਲਾਂ ਛਿਕਲੀ ਪਾ ਕੇ ਦੇਖੀ ਜਾਵੇ?
ਪੰਜਾਬੀਆਂ ਬਾਰੇ ਅਪ-ਸ਼ਬਦਾਂ ਦੀ ਵਰਤੋਂ ਉਸ ਵੱਲੋਂ ਪਹਿਲੀ ਵਾਰ ਕਿਸਾਨ ਅੰਦੋਲਨ ਤੋਂ ਬੌਖਲਾ ਕੇ ਇੱਕ ਬਜ਼ੁਰਗ ਔਰਤ, ਜੋ ਉਸ ਦੀ ਮਾਂ ਸਮਾਨ ਸੀ, ਬਾਰੇ ਆਖੇ ਸਨ, ਜੋ ਅੰਦੋਲਨ ਵਿੱਚ ਹਿੱਸਾ ਲੈ ਕੇ ਆਪਣਾ ਹਿੱਸਾ ਪਾ ਰਹੀ ਸੀ। ਉਸ ਬਾਰੇ ਹਿੱਲੀ ਹੋਈ ਕੰਗਨਾ ਨੇ ਕਿਹਾ ਸੀ ਕਿ ਇਹ ਔਰਤਾਂ ਅੰਦੋਲਨਕਾਰੀ ਨਹੀਂ, ਸਗੋਂ ਸੌ-ਸੌ ਰੁਪਏ ’ਤੇ ਦਿਹਾੜੀਦਾਰ ਹਨ। ਉਦੋਂ ਵੀ ਅੰਦੋਲਨਕਾਰੀਆਂ ਨੇ ਕੰਗਨਾ ਨੂੰ ਘੇਰਿਆ ਸੀ, ਜਿਸ ’ਤੇ ਕੰਗਨਾ ਨੂੰ ਆਖਰ ਕੁਝ ਚੱਟਣਾ ਪਿਆ।
ਆਪਣੀ ਸੁੰਦਰਤਾ ਕਰਕੇ ਫਿਲਮ ਇੰਡਸਟਰੀ ਵਿੱਚ ਜ਼ੋਰ-ਅਜ਼ਮਾਈ ਕਰਕੇ ਅਤੇ ਵਿਵਾਦਤ ਪਿਕਚਰਾਂ ਬਣਾ ਕੇ ਫਿਰ ਆਪਣੀ ਕਿਸੇ ਕਾਬਲੀਅਤ ਕਰਕੇ ਨਹੀਂ ਬਲਿਕ ਆਪਣੀ ਸੁੰਦਰਤਾ ਦੇ ਸਹਾਰੇ ਕਿਸੇ ਦੀ ਚਹੇਤੀ ਬਣ ਕੇ ਅਜੋਕੀ ਜਗਾ ਪਹੁੰਚੀ ਹੈ, ਜਿਸਦੇ ਵੱਖ-ਵੱਖ ਬਿਆਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜਿਸ ਅਹੁਦੇ ’ਤੇ ਉਹ ਚੁਣੀ ਗਈ ਹੈ, ਉਹ ਇਸਦੇ ਯੋਗ ਬਿਲਕੁਲ ਨਹੀਂ। ਕਦੀ ਉਹ ਹਵਾਈ ਅੱਡਿਆਂ ’ਤੇ ਸਕਿਉਰਿਟੀ ਵਾਲਿਆਂ ਨਾਲ ਪੰਗਾ ਲੈ ਕੇ ਥੱਪੜ ਖਾ ਬੈਠਦੀ ਹੈ, ਕਦੇ ਸਿੱਖ ਭਾਈਚਾਏ ਨੂੰ ਅੱਤਵਾਦੀਆਂ ਨਾਲ ਜੋੜਨ ਦੀ ਗੱਲ ਕਰਦੀ ਹੈ। ਕਦੇ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਭੰਡਦੀ ਹੈ ਅਤੇ ਹਿਮਾਚਲ ਜਾ ਕੇ ਗੰਦ ਪਾਉਣ ਵਾਲੇ ਆਖਦੀ ਹੈ। ਕਦੇ ਦੋ ਮਹਾਨ ਹਸਤੀਆਂ ਦੇ ਜਨਮ ਦਿਨ ’ਤੇ ਇੱਕ ਹਸਤੀ ਦੀ ਫੋਟੇ ਦਿਖਾ ਕੇ ਕਹਿੰਦੀ ਹੈ ਕਿ ਕਿਸੇ ਰਾਸ਼ਟਰ ਦੇ ਪਿਤਾ ਨਹੀਂ ਹੁੰਦੇ, ਸਗੋਂ ਲਾਲ ਹੁੰਦੇ ਹਨ। ਭਾਵ ਜੋ ਜਦੋਂ ਮੂੰਹ ਆਵੇ, ਬੋਲ ਜਾਂਦੀ ਹੈ। ਕਿਸਾਨ ਆਗੂਆਂ ਨੇ ਫਿਰ ਇਸੇ ਹਫ਼ਤੇ ਇਹਦੇ ਅਪ-ਸ਼ਬਦ ਸੁਣ ਕੇ ਆਖਿਆ ਹੈ ਕਿ ਅਜਿਹੇ ਬੋਲ ਬੋਲਣ ਵਾਲੀ ਦਾ ਡੋਪ ਟੈੱਸਟ ਹੋਣਾ ਚਾਹੀਦਾ ਹੈ, ਪਰ ਕਿਸਾਨ ਆਗੂ ਭੁੱਲ ਜਾਂਦੇ ਹਨ ਕਿ ਡੋਪ ਟੈੱਸਟ ਉਨ੍ਹਾਂ ਦਾ ਹੁੰਦਾ ਹੈ, ਜੋ ਨਸ਼ਾ ਵਰਤੋਂ ਕਰਨ ਤੋਂ ਇਨਕਾਰੀ ਹੁੰਦੇ ਹੋਣ। ਸੰਬੰਧਤ ਬੀਬਾ ਨੇ ਤਾਂ ਸਿਗਰਟ ਪੀਣ ਤੋਂ ਲੈ ਕੇ ਮਾਸਾਹਾਰੀ ਹੋਣ ਤਕ ਕਦੇ ਵੀ ਇਨਕਾਰ ਨਹੀਂ ਕੀਤਾ। ਸਪਸ਼ਟੀਕਰਨ ਨਾ ਦੇਣ ਦਾ ਮਤਲਬ ਅਡਮਿਸ਼ਨ ਹੁੰਦਾ ਹੈ।
ਅਸੀਂ ਬੀਬੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਆਪਣੇ ਉੱਚ ਲੀਡਰਾਂ ਨੂੰ ਪੰਜਾਬ, ਪੰਜਾਬੀਆਂ ਨੂੰ ਨੀਵਾਂ ਦਿਖਾ ਕੇ ਖੁਸ਼ ਕਰਨਾ ਚਾਹੁੰਦੇ ਹੋ, ਇਹ ਤਮੰਨਾ ਤੁਹਾਡੀ ਥੋੜ੍ਹਚਿਰੀ ਹੈ। ਬੀਬੀ ਜੀ ਨੂੰ ਅਸੀਂ ਪੰਜਾਬ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਜਿੰਨੀਆਂ ਵੋਟਾਂ ਤੁਸੀਂ ਨਿਰੋਲ ਭਾਜਪਾ ਮੈਂਬਰਾਂ ਦੀਆਂ ਲੈ ਕੇ ਜਿੱਤੇ ਹੋ, ਉਸ ਤੋਂ ਵੱਧ ਪੰਜਾਬ ਵਾਸੀ ਸਮੁੱਚੇ ਦੇਸ਼ ਲਈ ਕੁਰਬਾਨ ਹੋ ਚੁੱਕੇ ਹਨ। ਪੰਜਾਬ ਹੈ ਤਾਂ ਹਿਮਾਚਲ ਹੈ, ਜਿਸ ਵਾਸਤੇ ਤੁਹਾਡੀ ਚੋਣ ਹੋਈ ਹੈ, ਉਹ ਕੰਮ ਕਰੋ, ਵਰਨਾ ਪੰਜਾਬੀ ਸੋਚਣ ਲਈ ਮਜਬੂਰ ਹੋਣਗੇ ਕਿ ਤੁਹਾਨੂੰ ਚੁੱਪ ਕਰਾਉਣ ਲਈ ਤੁਹਾਡੇ ਲਈ ਛਿਕਲੀ ਤਿਆਰ ਕੀਤੀ ਜਾਵੇ ਜਾਂ ਆਪਣੀ ਕਿਸਮ ਦੀ ਨੱਥ ਪਾ ਕੇ ਨੱਥਿਆ ਜਾਵੇ ਜਾਂ ਡੈਹੇ ਦਾ ਇੰਤਜ਼ਾਮ ਕੀਤਾ ਜਾਵੇ। ਅਸੀਂ ਭਾਜਪਾ ਵਾਲਿਆਂ ਨੂੰ ਵੀ ਆਖਾਂਗੇ ਕਿ ਅਜਿਹੀ ਬੇਲਗਾਮ ਘੋੜੀ ਨੂੰ ਲਗਾਮ ਪਾਓ, ਨਹੀਂ ਤਾਂ ਕਿਸੇ ਦਿਨ ਤੁਹਾਡੇ ਲਈ ਵੀ ਮੁਸੀਬਤ ਖੜ੍ਹੀ ਕਰੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5344)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.