“ਦੇਸ਼ ਵਾਸੀਆਂ ਨੇ ਉਦੋਂ ਸ਼ੁਕਰ ਕੀਤਾ, ਜਦੋਂ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ...”
(16 ਦਸੰਬਰ 2024)
ਦੇਸ਼ ਵਾਸੀਆਂ ਨੇ ਉਦੋਂ ਸ਼ੁਕਰ ਕੀਤਾ, ਜਦੋਂ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਮੁੜ ਜਿੱਤ ਪ੍ਰਾਪਤ ਕਰਕੇ ਉੱਥੋਂ ਦੇ ਹਿੰਦੂ ਸੁਰੱਖਿਅਤ ਕਰ ਦਿੱਤੇ। ਅਗਰ ਇਹ ਛੋਟਾ ਅਤੇ ਵੱਡਾ ਸੂਬਾ ਇਨ੍ਹਾਂ ਹੱਥੋਂ ਨਿਕਲ ਜਾਂਦੇ ਤਾਂ ਦੋਹਾਂ ਸੂਬਿਆਂ ਦੇ ਹਿੰਦੂਆਂ ਦਾ ਕੀ ਬਣਦਾ? ਹਾਰਨ ਤੋਂ ਬਾਅਦ ਉਹ ਅੱਜ ਵਾਂਗ ਹੀ ਹੁੰਦੇ ਜਾਂ ਭਾਜਪਾ ਦੇ ਜਾਤੀ ਨਾਅਰਿਆਂ ਕਰਕੇ ਕੱਟੇ-ਵੱਢੇ ਜਾਂਦੇ? ਦੋਹਾਂ ਸੂਬਿਆਂ ਵਿੱਚ ਮੁੜ ਸੱਤਾ ਹਾਸਲ ਕਰਕੇ ਸਰਕਾਰਾਂ ਬਣਾਉਣ ਲੱਗਿਆਂ ਉਹ ਡਰਾਮਾ ਕੀਤਾ, ਜਿਵੇਂ ਇਨ੍ਹਾਂ ਦੋਹਾਂ ਸੂਬਿਆਂ ਨੂੰ ਕਿਸੇ ਦੂਜੇ ਦੇਸ਼ ਪਾਸੋਂ ਅਜ਼ਾਦ ਕਰਾਇਆ ਹੋਵੇ। ਅਗਰ ਸਰਸਰੀ ਨਜ਼ਰ ਮਾਰਨੀ ਹੋਵੇ ਤਾਂ ਹਰਿਆਣੇ ਦੀਆਂ ਵੋਟਾਂ ਅਤੇ ਵੋਟ ਪ੍ਰਤੀਸ਼ਤ ਵਿੱਚ ਮਾਮੂਲੀ ਜਿਹਾ ਫ਼ਰਕ ਸੀ। ਭਾਜਪਾ ਦੇ ਪੈਰ ਥੱਲੇ ਬਟੇਰਾ ਆਉਣ ਵਾਲੀ ਗੱਲ ਸੀ। ਇਵੇਂ ਹੀ ਮਹਾਸ਼ਟਰ ਵੀ ਉਸ ਪਾਸ ਪਹਿਲਾਂ ਹੀ ਸੀ, ਮੁੜ ਜਿੱਤ ਸਿਖਰਲੇ ਫਿਰਕੂ ਨਾਅਰੇ ਲਗਾਉਣ ਤੇ ਪ੍ਰਚਾਰ ਕੇ ਡਰਾਉਣ ਖਾਤਰ ਹੋਈ। ਝਾਰਖੰਡ ਪਹਿਲਾਂ ਵੀ ‘ਇੰਡੀਆ’ ਗਠਜੋੜ ਪਾਸ ਹੀ ਸੀ, ਹੁਣ ਵੀ ਉਸ ਪਾਸ ਹੀ ਰਿਹਾ। ਉੱਥੇ ਦਾ ਹਿੰਦੂ ਨਾ ਪਹਿਲਾਂ ਖ਼ਤਰੇ ਵਿੱਚ ਸੀ, ਨਾ ਮੁੜ ਜਿੱਤ ਹਾਸਲ ’ਤੇ ਕਰਨ ਖਤਰੇ ਵਿੱਚ ਹੈ।
ਹੁਣ ਤੁਸੀਂ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਦੇਖੋਗੇ ਕਿ ਦਿੱਲੀ ਦਾ ਸਮੁੱਚਾ ਹਿੰਦੂ ਕਿਵੇਂ ਖਤਰੇ ਵਿੱਚ ਪੈਂਦਾ ਹੈ। ਅਸਲ ਵਿੱਚ ਜਦੋਂ ਦੇਸ਼ ਮੁਖੀ ਇਹ ਨਾਅਰਾ ਲਾਉਂਦਾ ਹੈ ਕਿ ‘ਏਕ ਹੈਂ ਤੋਂ ਸੇਫ ਹੈ’ ਉਦੋਂ ਉਹ ਸੈਕੂਲਰ ਦੇਸ਼ ਵਿੱਚ ਸਿਰਫ਼ ਹਿੰਦੂ ਜਾਤੀ ਨੂੰ ਸੰਬੋਧਤ ਹੋ ਰਿਹਾ ਹੁੰਦਾ ਹੈ। ਸਹੁੰ ਚੁੱਕਣ ਵੇਲੇ ਭਾਵੇਂ ਉਹ ਭਾਰਤੀ ਸੰਵਿਧਾਨ ਦੀ ਸਹੁੰ ਖਾ ਰਿਹਾ ਹੁੰਦਾ ਹੈ, ਜੋ ਸੰਵਿਧਾਨ ਸਭ ਜਾਤਾਂ-ਪਾਤਾਂ ਲਈ ਹੁੰਦਾ ਹੈ, ਪਰ ਦੇਸ਼ ਮੁਖੀ ਅਤੇ ਉਸ ਦੇ ਲਾਣੇ ਨੂੰ ਵੱਧ ਤੋਂ ਵੱਧ ਹਿੰਦੂ ਦਿਖਾਈ ਦੇਣ ਲੱਗ ਪੈਂਦੇ ਹਨ। ਅਗਰ ਅਜਿਹਾ ਨਾ ਹੁੰਦਾ ਤਾਂ ਦੇਸ਼ ਪ੍ਰਮੁੱਖ ‘ਸਭ ਕਾ ਸਾਥ, ਸਭ ਕਾ ਵਿਕਾਸ’ ਵਾਲਾ ਨਾਅਰਾ ਕਦੇ ਵੀ ਨਾ ਤਿਆਗਦਾ। ਜਦੋਂ ਦਿੱਲੀ ਦਾ ਹਿੰਦੂ ਖਤਰੇ ਵਿੱਚ ਹੋਵੇਗਾ, ਫਿਰ ਉਸ ਲਈ ‘ਹਿੰਦੂ ਪਰਬਤ’ ਤੋਂ ਸੰਜੀਵਣੀ ਲਿਆ ਕੇ ਦਿੱਤੀ ਜਾਵੇਗੀ। ਫਿਰ ‘ਜੈ ਸ੍ਰੀ ਰਾਮ, ਜੈ ਸ੍ਰੀ ਰਾਮ’ ਦੇ ਨਾਅਰੇ ਅਕਾਸ਼ੀਂ ਗੂੰਜਣਗੇ। ਫਿਰ ਅੰਧ-ਭਗਤਾਂ ਦੇ ਸਭ ਦੁੱਖ ਕੱਟੇ ਜਾਣਗੇ, ਫਿਰ ਉਨ੍ਹਾਂ ਨੂੰ ਲੱਗੇਗਾ ਕਿ ਮਹਿੰਗਾਈ ਹਟ ਜਾਂ ਘਟ ਗਈ ਹੈ। ਕਈ ਵਾਰ ਤਾਂ ਧਰਮ ਦਾ ਨਸ਼ਾ ਅਫੀਮ ਨਾਲੋਂ ਜ਼ਿਆਦਾ ਹੁੰਦਾ ਹੈ।
ਦੂਜੀ ਸਿਰਦਰਦੀ ਸਰਕਾਰ ਅੱਗੇ ‘ਇੰਡੀਆ’ ਗਠਜੋੜ ਦੀ ਹੈ। ਉਸ ਨਾਲੋਂ ਵੀ ਵੱਧ ਆਪੋਜ਼ੀਸ਼ਨ ਲੀਡਰ ਰਾਹੁਲ ਗਾਂਧੀ ਦੀ ਹੈ, ਜੋ ਅਡਾਨੀ ਦਾ ਪਿੱਛਾ ਨਹੀਂ ਛੱਡ ਰਿਹਾ। ਉਸ ਦੀ ਚੱਲੇ ਕਾਰਤੂਸ ਨਾਲ ਵੀ ਤੁਲਨਾ ਕਰਦੇ ਹਨ, ਪਰ ਉਸ ਤੋਂ ਬੰਬ ਵਾਂਗ ਡਰਦੇ ਵੀ ਹਨ। ਉਸ ਦੀ ਕੱਦ-ਘਟਾਈ ਖਾਤਰ ਇੰਡੀਆ ਗਠਜੋੜ ਵਿਰੁੱਧ ਤਰ੍ਹਾਂ-ਤਰ੍ਹਾਂ ਦੀਆਂ ਗਲਤ ਅਫ਼ਵਾਹਾਂ ਉਡਾ ਕੇ ਉਸ ਨੂੰ ਟੁੱਟਣ ਦੇ ਕਗਾਰ ’ਤੇ ਆਖਿਆ ਜਾਂਦਾ ਹੈ। ਭਲਾ ਬੰਦਾ ਪੁੱਛੇ, ਤੁਸੀਂ ਮਜ਼ਬੂਤ ਬੰਗਾਲੀ ਦੀਦੀ ਤੋਂ ਕੀ ਲੈਣਾ, ਜੋ ਤੁਹਾਨੂੰ ਆਪਣੇ ਸੂਬੇ ਵਿੱਚ ਖੰਘਣ ਵੀ ਨਹੀਂ ਦਿੰਦੀ। ਤੁਹਾਡੇ ਲਈ ਤਾਂ ਸਗੋਂ ਰਾਹੁਲ ਸੋਨੇ ਦੀ ਮੁਰਗੀ ਹੈ। ਦਰਅਸਲ ‘ਇੰਡੀਆ’ ਗਠਜੋੜ ਜਿਸ ਕਰਕੇ ਹੋਂਦ ਵਿੱਚ ਆਇਆ ਸੀ, ਉਸ ਵਿੱਚ ਉਸ ਨੇ 2024 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਆਪਣੇ ਆਪ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਕਾਂਗਰਸ ਨੇ ਤਾਂ ਇੱਕ ਤਰ੍ਹਾਂ ਦੁੱਗਣੀ ਛਾਲ ਮਾਰ ਕੇ ਪੰਜਾਹ ਤੋਂ ਨੜ੍ਹਿਨਵੇਂ ਯਾਨੀ ਇੱਕ ਘੱਟ ਸੈਂਕੜਾ ਪੂਰਾ ਕਰ ਲਿਆ ਹੈ। ਸੂਬਿਆਂ ਬਾਰੇ ਪਹਿਲਾਂ ਹੀ ਜਨਮ ਸਮੇਂ ਲਗਾਮ ਢਿੱਲੀ ਛੱਡ ਦਿੱਤੀ ਗਈ ਸੀ, ਜਿਸ ਕਰਕੇ ਹਰਿਆਣੇ ਦੀਆਂ ਚੋਣਾਂ ਸਮੇਂ ਤੇ ਵੱਖ-ਵੱਖ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਸਮੇਂ ਸਮਝੌਤਾ ਹੋਂਦ ਵਿੱਚ ਨਹੀਂ ਆਇਆ। ਸਿਰਫ਼ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਹੀ ਹੋਇਆ ਸੀ, ਜਿਨ੍ਹਾਂ ਦਾ ਨਤੀਜਾ ‘ਜੈਸੇ ਥੇ’ ਰਿਹਾ। ਉਂਜ ਅਸੀਂ ਇਸ ਖਿਆਲ ਦੇ ਪ੍ਰਪੱਕ ਹਾਮੀ ਹਾਂ ਕਿ ਅਗਰ ਦਿਲੋਂ ਗਠਜੋੜ ਬਣਾ ਕੇ ਇਮਾਨਦਾਰੀ ਨਾਲ ਲੜਿਆ ਜਾਵੇ ਤਾਂ ਉਦੋਂ ਅਸੀਂ ਆਪਣੀ ਮੰਜ਼ਲ ਦੇ ਜ਼ਿਆਦਾ ਨੇੜੇ ਹੁੰਦੇ ਹਾਂ। ਪਰ ਗਠਜੋੜ ਵਿੱਚ ਇਹ ਜ਼ਰੂਰੀ ਹੁੰਦਾ ਹੈ ਕਿ ਵੱਡੇ ਭਰਾ ਨੂੰ ਵੱਡਾ ਦਿਲ ਕਰਨਾ ਤੇ ਦਿਖਾਉਣਾ ਪੈਂਦਾ ਹੈ, ਜਿਸ ਕਰਕੇ ਗਠਜੋੜ ਦੀ ਸਿਆਸਤ ਵਿੱਚ ਚੰਗੇ ਨਤੀਜੇ ਨਿਕਲਦੇ ਹਨ।
ਅਗਰ ਤੁਹਾਨੂੰ ਯਾਦ ਹੋਵੇ ਹਰਿਆਣੇ ਦੀਆਂ ਚੋਣਾਂ ਸਮੇਂ ਵੀ ਕਾਂਗਰਸ ਵੱਲੋਂ ਯਾਨੀ ਕਿ ਰਾਹੁਲ ਗਾਂਧੀ ਰਾਹੀਂ ਗੱਲ ਤੋਰੀ ਗਈ ਸੀ, ਜੋ ਸੀਟਾਂ ਦਾ ਵੱਧ-ਘੱਟ ਲੈਣ-ਦੇਣ ਕਰਕੇ ਪਣਪ ਨਾ ਸਕੀ, ਜਿਸ ਕਰਕੇ ਕਾਂਗਰਸ ਹਾਰੀ ਅਤੇ ‘ਆਪ’ ਨੂੰ ਜ਼ਮਾਨਤਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ। ਹੁਣ ਵੀ ਦਿੱਲੀ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਗੱਲ ਤੋਰੀ ਗਈ, ਪਰ ਆਪਣਾ ਮੰਨ ਬਣਾ ਚੁੱਕੇ ਅਰਵਿੰਦ ਕੇਜਰੀਵਾਲ ਨੇ ਸਿਰਫ਼ ‘ਅਕੇਲੇ’ ਲੜਨ ਦੀ ਗੱਲ ਆਖ ਕੇ ਚਰਚਾ ਨੂੰ ਵਿਸ਼ਰਾਮ ਦੇ ਦਿੱਤਾ। ਹੁਣ ਲਗਭਗ ਤਿਕੋਣੀ ਲੜਾਈ ਦਿੱਲੀ ਵਿੱਚ ਹੋਵੇਗੀ, ਜਿਹੜੀ ਖਾਸ ਕਰ ਆਪ ਅਤੇ ਕਾਂਗਰਸ ਦੇ ਹੱਕ ਵਿੱਚ ਨਹੀਂ ਹੋਵੇਗੀ। ਇਸ ਵਾਰ ਭਾਜਪਾ ‘ਹੁਣ ਨਹੀਂ ਤਾਂ ਕਦੇ ਵੀ ਨਹੀਂ’, ‘ਅਬ ਕੀ ਬਾਰ ਹਮਾਰੀ/ਭਾਜਪਾ ਸਰਕਾਰ’, ‘ਏਕ ਰਹੋਗੇ ਤੋ ਸੇਫ ਰਹੋਗੇ’, ‘ਮਰੋ ਜਾਂ ਕਰੋ’ ਦੇ ਅਕਾਸ਼ ਗੂੰਜਾਊ ਨਾਅਰਿਆਂ ਹੇਠ ਆਪਣੇ ਅੰਧ-ਭਗਤਾਂ ਅਤੇ ਸਹਿਯੋਗੀਆਂ ਵਿੱਚ ਜੋਸ਼ ਭਰੇਗੀ। ਇੱਕ ਗੱਲ ਹੋਰ ਨੋਟ ਕਰਨ ਵਾਲੀ ਇਹ ਹੈ ਕਿ ਦਿੱਲੀ ਵਿੱਚ ਜਦੋਂ ਵੀ ਭਾਜਪਾ ਦਾ ਦਾਅ ਲੱਗੇਗਾ, ਉਹ ਤਿਕੋਣੀ ਲੜਾਈ ਜਿੱਤੇਗੀ। ਸਿੱਧੀ ਲੜਾਈ ਵਿੱਚ ਬਹੁਤ ਹੀ ਘੱਟ ਜਿੱਤ ਵੱਲ ਵਧੇਗੀ। ‘ਆਪ’ ਵਿੱਚ ਜਮਹੂਰੀਅਤ ਦੀ ਘਾਟ ਕਰਕੇ ਗਠਜੋੜ ਦੇ ਬੂਟੇ ਨੂੰ ਬੂਰ ਘੱਟ ਪਵੇਗਾ, ਜਿਸ ਕਰਕੇ ਸਿਤਾਰੇ ਮੱਧਮ ਵੀ ਪੈ ਸਕਦੇ ਹਨ। ਰਹਿੰਦੇ ਸਮੇਂ ਵਿੱਚ ਸੋਚਿਆ ਵੀ ਜਾ ਸਕਦਾ ਹੈ, ਗਠਜੋੜ ਕੀਤਾ ਵੀ ਜਾ ਸਕਦਾ ਹੈ। ਨਾਲ-ਨਾਲ ਇਹ ਵੀ ਯਾਦ ਰੱਖਣਾ ਪਵੇਗਾ ਕਿ ਇਹ ਉਹੀ ਕਾਂਗਰਸ ਹੈ ਜਿਸ ਤੋਂ ਤੁਸੀਂ ਆਪਣੀ ਸਹੁੰ ਤੋੜ ਕੇ ਔਖੇ ਵੇਲੇ ਸਰਕਾਰ ਬਚਾ ਕੇ ਸਰਕਾਰ ਚਲਾਈ ਸੀ। ਗਠਜੋੜ ਹੋਣ ਦੀ ਸ਼ਕਲ ਵਿੱਚ ‘ਇੰਡੀਆ’ ਗਠਜੋੜ ਨੂੰ ਮਜ਼ਬੂਤੀ ਮਿਲੇਗੀ।
ਜਿਹੜੀਆਂ ਅਫ਼ਵਾਹਾਂ ‘ਇੰਡੀਆ’ ਗਠਜੋੜ ਨੂੰ ਕਮਜ਼ੋਰ ਕਰਨ ਲਈ ਕਾਂਗਰਸ ਦੀ ਲੀਡਰਸ਼ਿੱਪ ਨੂੰ ਨਕਾਰ ਰਹੇ ਹਨ, ਜਿਹੜੇ ਅਡਾਨੀ ਖ਼ਿਲਾਫ਼ ਸਟੈਂਡ ਕਰਕੇ ਦੂਰੀਆਂ ਬਣਾ ਰਹੇ ਹਨ, ਜ਼ਰੂਰੀ ਉਨ੍ਹਾਂ ਦੇ ਹਿਤ ਜਾਂ ਉਨ੍ਹਾਂ ਦੇ ਸੂਬੇ ਦੇ ਹਿਤ ਅਡਾਨੀ ਨਾਲ ਟਕਰਾਉਂਦੇ ਨਹੀਂ, ਬਲਕਿ ਮੇਲ ਕਰਦੇ ਹੋਣਗੇ। ਸਭ ਭਾਈਵਾਲਾਂ ਨੂੰ ਕੋਈ ਵੀ ਫੈਸਲਾ ਲੈਣ ਲੱਗਿਆਂ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅੱਜ ਦੇ ਦਿਨ ਕਾਂਗਰਸ ਹੀ ਸਭ ਸਾਂਝੀਵਾਲਾਂ ਨਾਲੋਂ ਵੱਡੀ ਹੈ। ਕਾਂਗਰਸ ਸਭ ਥਾਂ ਭਾਵ ਹਰ ਸੂਬੇ ਵਿੱਚ ਬਤੌਰ ਯੂਨਿਟ ਕੰਮ ਕਰ ਰਹੀ ਹੈ। ਕਾਂਗਰਸ ਹੀ ਉਹ ਪਾਰਟੀ ਹੈ, ਜਿਸਦਾ ਬਹੁਤ ਵੱਡਾ ਹਿੱਸਾ ਜੰਗੇ ਅਜ਼ਾਦੀ ਦੌਰਾਨ ਰਿਹਾ। ਅੱਜ ਵੀ ਰਾਹੁਲ ਗਾਂਧੀ ਬਾਰੇ ਖ਼ਬਰਾਂ ਵਿੱਚ ਜ਼ਿਕਰ ਹੋ ਰਿਹਾ ਹੈ ਕਿ ਉਹ ਦੁਖੀ ਪਰਿਵਾਰ ਦੀ ਚਿੱਠੀ ਮਿਲਣ ’ਤੇ ਹਾਥਰਸ ਵਿੱਚ ਪਰਿਵਾਰ ਨਾਲ ਦੁੱਖ ਵੰਡਾਉਣ ਜਾ ਰਿਹਾ ਹੈ, ਜਿਸ ਪਰਿਵਾਰ ਦੀ ਲੜਕੀ ਨੂੰ ਭਾਜਪਾ ਦੇ ਗੁੰਡੇ ਨੇਤਾ ਨੇ ਰੇਪ ਤੋਂ ਬਾਅਦ ਸਦਾ ਦੀ ਨੀਂਦ ਸੁਲਾ ਦਿੱਤਾ ਸੀ, ਜਿਸਦਾ ਮੁੱਖ ਦੋਸ਼ੀ ਅੱਜ ਵੀ ਸਲਾਖਾਂ ਪਿੱਛੇ ਹੈ। ਪਰਿਵਾਰ ਸੂਬੇ ਦੇ ਮੁੱਖ ਮੰਤਰੀ, ਸੂਬੇ ਦੇ ਸਾਬਕਾ ਮੁੱਖ ਮੰਤਰੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ, ਸਮੇਤ ਗ੍ਰਹਿ ਮੰਤਰੀ ਤਕ ਵੀ ਫਰਿਆਦ ਕਰ ਸਕਦੇ ਸਨ, ਉਨ੍ਹਾਂ ਕਿਉਂ ਸਿਰਫ਼ ਤੇ ਸਿਰਫ਼ ਰਾਹੁਲ ਗਾਂਧੀ ਨੂੰ ਆਪਣਾ ਦੁੱਖ ਸੁਣਾਉਣ ਲਈ ਚੁਣਿਆ? ਇਸਦਾ ਉੱਤਰ ਸਾਫ਼ ਹੈ ਕਿ ਸਰਕਾਰ ਤੋਂ ਇਲਾਵਾ ਅਗਰ ਕੋਈ ਕਿਸੇ ਦਾ ਦੁੱਖ ਸੁਣ ਸਕਦਾ ਹੈ ਜਾਂ ਉਸ ਬਾਬਤ ਅਵਾਜ਼ ਚੁੱਕ ਸਕਦਾ ਹੈ ਤਾਂ ਉਹ ਅੱਜ ਦੇ ਦਿਨ ਸਿਰਫ਼ ਤੇ ਸਿਰਫ਼ ਰਾਹੁਲ ਗਾਂਧੀ ਹੀ ਹੈ, ਜੋ ਰੋਜ਼ਾਨਾ ਸਮਾਂ ਕੱਢ ਕੇ ਆਮ ਗਰੀਬ ਜਨਤਾ ਨੂੰ ਮਿਲ ਰਿਹਾ ਹੈ। ਅੱਜ ਦੇ ਦਿਨ ਉਹੀ ਵਿਰੋਧੀ ਨੇਤਾ ਹੈ, ਉਹੀ ਰਹੇਗਾ। ਯਾਦ ਰੱਖੋ ਜਿੰਨਾ ‘ਇੰਡੀਆ’ ਗਠਜੋੜ ਕਮਜ਼ੋਰ ਹੋਵੇਗਾ, ਓਨਾ ਹੀ ਫਾਇਦਾ ਭਾਜਪਾ (ਐੱਨ ਡੀ ਏ) ਨੂੰ ਹੋਵੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5534)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)