“ਹੁਣ ਦਾ ਸਮਾਂ ਸਾਨੂੰ ਉੱਠਣ, ਜਾਗਣ ਅਤੇ ਵੀਹ ਸੌ ਚੌਵੀ ਵਿੱਚ ਪਰਿਵਰਤਨ ਲਿਆਉਣ ਲਈ ਪੁਕਾਰ ਰਿਹਾ ਹੈ ...”
(30 ਜਨਵਰੀ 2024)
ਇਸ ਸਮੇਂ ਪਾਠਕ: 155.
ਚਰਚਾ ਤਾਂ ਡਰਾਮੇ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਕਿ ਕੀ ਕੋਈ ਬ੍ਰਾਹਮਣ, ਪੰਡਿਤ, ਸ਼ੰਕਰ ਅਚਾਰੀਆ ਜਾਂ ਕੋਈ ਹੋਰ ਮਹਾਨ ਹਸਤੀ ਇੱਕ ਪੱਥਰ ਦੇ ਬਣੇ ਹੋਏ ਅਤੇ ਪੱਥਰ ਦੇ ਕਲਾਕਾਰ ਹੱਥੋਂ ਬਣੇ ਹੋਏ ਰਾਮ ਜੀ ਦੇ ਬੁੱਤ ਜਾਂ ਮੂਰਤੀ ਵਿੱਚ ਕੋਈ ਜਾਨ ਫੂਕ ਸਕਦਾ ਹੈ? ਜਦੋਂ ਪ੍ਰਾਣ ਪ੍ਰਤਿਸ਼ਠਾ ਦੀ ਗੱਲ ਨੂੰ ਅੰਧ-ਭਗਤਾਂ ਨੇ ਜ਼ੋਰ-ਸ਼ੋਰ ਨਾਲ ਪ੍ਰਚਾਰਨਾ ਸ਼ੁਰੂ ਕੀਤਾ ਤਾਂ ਵੱਖ-ਵੱਖ ਵਿਗਿਆਨੀਆਂ ਵੱਲੋਂ ਅਜਿਹੇ ਨੂੰ ਡਰਾਮਾ ਆਖਿਆ। ਪਰ ਅੰਧ-ਭਗਤ ਆਪਣੀ ਅਗਿਆਨਤਾ ਦੀ ਧੁਨ ਵਿੱਚ ਮਗਨ ਰਹੇ। ਜਦੋਂ ਲੋਕਾਂ ਨੂੰ ਇਹ ਗਿਆਨ ਹੋਣ ਲੱਗਾ ਕਿ ਅਜਿਹਾ ਕੁਝ ਵਾਪਰ ਨਹੀਂ ਸਕਦਾ, ਤਦ ਅੰਧ-ਭਗਤਾਂ ਨੇ ਇਸ ਡਰਾਮੇ ਨੂੰ ਸਿਰੇ ਚਾੜ੍ਹਨ ਲਈ ਸ਼ੰਕਰਾਚਾਰੀਆਂ, ਬ੍ਰਾਹਮਣਾਂ, ਪੰਡਿਤਾਂ ਨੂੰ ਪਿੱਛੇ ਛੱਡਦੇ ਹੋਏ ਸੰਸਾਰ ਪ੍ਰਸਿੱਧ ਡਰਾਮੇਬਾਜ਼ ਨੂੰ ਅੱਗੇ ਲਿਆਂਦਾ, ਜਿਸ ਨੇ ਪ੍ਰਾਣ-ਪ੍ਰਤਿਸ਼ਠਾ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਕੇ ਅਗਵਾਈ ਕੀਤੀ। ਵਰਤ ਰੱਖਣ ਤੋਂ ਲੈ ਕੇ ਵੱਖ-ਵੱਖ ਮੰਦਰਾਂ ਵਿੱਚ ਹਵਾਈ ਜਹਾਜ਼ਾਂ ਰਾਹੀਂ ਪਹੁੰਚ ਕੇ ਵੱਖ-ਵੱਖ ਧਰਮ ਗੁਰੂਆਂ ਅਤੇ ਮੰਦਰ ਦੇ ਪੁਜਾਰੀਆਂ ਤੋਂ ਅਸ਼ੀਰਵਾਦ ਲਿਆ।
ਅੰਧ-ਭਗਤਾਂ ਮੁਤਾਬਕ ਰਾਮ ਜੀ ਨੂੰ ਅਜੋਕਾ ਘਰ ਪੰਜ ਸੌ ਸਾਲ ਬਾਅਦ ਪ੍ਰਾਪਤ ਹੋਇਆ। ਇਹਨਾਂ ਮੁਤਾਬਿਕ ਪੰਜ ਸੌ ਸਾਲਾਂ ਦੌਰਾਨ ਰਾਮ ਜੀ ਵੱਖ-ਵੱਖ ਹਜ਼ਾਰਾਂ ਮੰਦਰਾਂ ਵਿੱਚ ਬਿਨਾਂ ਪ੍ਰਾਣ ਪ੍ਰਤਿਸ਼ਠਾ ਦੇ, ਭਾਵ ਬਿਨਾਂ ਜੀਵਤ ਬਿਰਾਜਮਾਨ ਰਹੇ, ਜਿਸ ਕਰਕੇ ਇਹ ਸਵਾਲ ਉੱਠਣਾ ਸੁਭਾਵਕ ਹੀ ਹੈ ਕਿ ਜੇਕਰ ਸੰਸਾਰ ਵਿੱਚ ਵੱਖ-ਵੱਖ ਮੰਦਰਾਂ ਵਿੱਚ ਰਾਮ ਭਗਵਾਨ ਬਿਨਾਂ ਪ੍ਰਾਣ-ਪ੍ਰਤਿਸ਼ਠਾ ਦੇ ਰਹਿ ਸਕਦੇ ਹਨ, ਭਗਤ ਉਹਨਾਂ ਤੋਂ ਆਸ਼ੀਰਵਾਦ ਲੈ ਸਕਦੇ ਸਨ, ਮਨੁੱਖ ਦੇ ਮਨ ਵਿੱਚ ਵਸ ਸਕਦੇ ਸਨ ਤੇ ਫਿਰ ਇਸ ਮੌਜੂਦਾ ਡਰਾਮੇ ਦੀ ਕੀ ਲੋੜ ਸੀ? ਅਜਿਹੇ ਡਰਾਮੇ ਨਾਲ ਅੰਧ-ਭਗਤ ਤਾਂ ਅਨੰਦਤ ਹੋ ਸਕਦੇ ਹਨ ਪਰ ਆਮ ਪੜ੍ਹੀ-ਲਿਖੀ ਅਤੇ ਵਿਗਿਆਨਕ ਸੋਚ ਤੇ ਤਰਕਸ਼ੀਲ ਜਨਤਾ ਬਿਲਕੁਲ ਪ੍ਰਭਾਵਤ ਨਹੀਂ ਹੋ ਸਕਦੀ ਅਤੇ ਨਾ ਹੀ ਹੋਈ ਹੈ। ਕਿਉਂਕਿ ਪ੍ਰਾਣ-ਪ੍ਰਤਿਸ਼ਠਾ ਤੋਂ ਬਾਅਦ ਵੀ ਭਗਵਾਨ ਰਾਮ ਦੀ ਮੂਰਤੀ ਵਿੱਚ ਕੋਈ ਵੀ ਹਿਲਜੁਲ ਨਹੀਂ ਹੋਈ ਅਤੇ ਨਾ ਹੀ ਹੋਵੇਗੀ।
ਅੱਜ ਤਕ ਵਿਗਿਆਨੀਆਂ ਨੇ ਤਾਂ ਅਣਗਿਣਤ ਚਮਤਕਾਰ ਦਿਖਾਏ ਹਨ, ਨਵੀਂ ਪੀੜ੍ਹੀ ਨੂੰ ਸਮਝਾਏ ਹਨ। ਤੁਸੀਂ ਬੋਲ ਕੇ ਹੀ ਟੀ ਵੀ ਚਲਾ ਸਕਦੇ ਹੋ, ਬੰਦ ਕਰ ਸਕਦੇ ਹੋ, ਬਿਜਲੀ ਬੰਦ ਕਰ ਸਕਦੇ ਹੋ, ਉਸ ਨੂੰ ਚਲਾ ਸਕਦੇ ਹੋ, ਪਰ ਅਜਿਹੇ ਕੰਮ ਕੋਈ ਧਾਰਮਿਕ ਪਖੰਡੀ ਨਾ ਕਰ ਸਕਿਆ ਹੈ, ਨਾ ਹੀ ਕਰ ਸਕਦਾ ਹੈ। ਅੱਜ ਤਕ ਤਾਂ ਧਾਰਮਿਕ ਪਖੰਡੀ ਵਿਗਿਆਨੀਆਂ ਦੀ ਕਰਾਮਾਤ ਨੂੰ ਮਾਣ ਰਹੇ ਹਨ ਅਤੇ ਸਹੂਲਤਾਂ ਪ੍ਰਾਪਤ ਕਰ ਰਹੇ ਹਨ। ਦੇਸ਼ ਦੇ ਮੁਖੀ ਨੇ ਇਹ ਦੱਸ ਕੇ ਸਭ ਸਾਫ ਕਰ ਦਿੱਤਾ ਹੈ ਕਿ ਹੁਣ ਰਾਮ ਜੀ ਕੁੱਲੀਆਂ ਜਾਂ ਤੰਬੂਆਂ ਵਿੱਚ ਨਹੀਂ ਰਹਿਣਗੇ, ਕਿਉਂਕਿ ਹੁਣ ਅਸੀਂ ਉਹਨਾਂ ਨੂੰ ਪੱਕਾ ਘਰ (ਰਾਮ ਮੰਦਰ) ਬਣਾ ਕੇ ਦਿੱਤਾ ਹੈ। ਅਜਿਹੇ ਭਾਸ਼ਣਾਂ ਅਤੇ ਹਰਕਤਾਂ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਇੱਕ ਮਨੁੱਖ ਹੀ ਹੈ, ਜੋ ਭਗਵਾਨ ਦੀ ਮੂਰਤੀ ਬਣਾਉਣ ਤੋਂ ਪਹਿਲਾਂ ਉਸ ਨੂੰ ਆਪਣੇ ਦਿਮਾਗ ਵਿੱਚ ਉਸ ਦੀ ਮੂਰਤੀ ਬਣਾਉਂਦਾ ਹੈ। ਫਿਰ ਮਨੁੱਖ ਹੀ ਉਸ ਮੂਰਤੀ ਨੂੰ ਸਥਾਪਤ ਕਰਦਾ ਹੈ। ਘਰ ਬਣਾ ਕੇ ਦਿੰਦਾ ਹੈ, ਉਸ ਵਿੱਚ ਜਾਨ ਪਾਉਣ ਲਈ ਪ੍ਰਾਣ-ਪ੍ਰਤਿਸ਼ਠਾ ਵਰਗਾ ਡਰਾਮਾ ਕਰਦਾ ਹੈ। ਪ੍ਰਾਣ-ਪ੍ਰਤਿਸ਼ਠਾ ਕਾਰਵਾਈ ਦੌਰਾਨ ਕਲਾਕਾਰ ਰਾਮ ਨੂੰ ਸਮਰਪਤ ਹੋਣ ਲਈ ਪੂਰੇ ਦਾ ਪੂਰਾ ਬਾਬੇ ਨਾਨਕ ਦੀ ਸਤਰ ਨੂੰ ਭੁੱਲ ਕੇ ਲੰਮਾ ਪੈ ਜਾਂਦਾ ਹੈ ਅਤੇ ਇਹਨਾਂ ਸਤਰਾਂ ਨੂੰ ਭੁੱਲ ਜਾਂਦਾ ਹੈ ਕਿ “ਅਪਰਾਧੀ ਦੂਣਾ ਨਿਵੈ” ਖੈਰ ਇਸ ਦ੍ਰਿਸ਼ ਨੂੰ ਚਿਤਰਨ ਲਈ ਇਸ ਗੱਲ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਗਿਆ ਕਿ ਨਾਗਪੁਰੀ ਚੇਲਿਆਂ ਤੋਂ ਬਗੈਰ ਹੋਰ ਕੋਈ ਮੌਜੂਦ ਨਾ ਹੋਵੇ। ਇਸ ਕਰਕੇ ਦੇਸ਼ ਮੁਖੀ, ਭਾਗਵਤ ਅਤੇ ਯੋਗੀ ਤਿਕੜੀ ਹਾਜ਼ਰ ਦਿਖਾਈ ਦਿੱਤੀ।
ਵਿਗਿਆਨਕ ਗਿਆਨ ਦੇਣ ਤੋਂ ਸਰਕਾਰ ਤਾਹੀਓਂ ਸੰਕੋਚ ਕਰ ਰਹੀ ਹੈ ਕਿ ਅੰਧ-ਭਗਤਾਂ ਦੀ ਜਿੱਡੀ ਵੱਡੀ ਫੌਜ ਤਿਆਰ ਹੋ ਜਾਵੇਗੀ, ਓਨੀਂ ਵੱਡੀ ਜਿੱਤ ਅਸੀਂ ਇਸ ਸਾਲ ਚੋਣਾਂ ਵਿੱਚ ਕਰਾਂਗੇ। ਮੰਦਰ ਅਜੇ ਭਾਵੇਂ ਅਧੂਰਾ ਹੈ, ਪਰ ਆਮਦਨੀ ਹੋਣੀ ਸ਼ੁਰੂ ਹੋ ਗਈ ਹੈ। ਸਾਡੀ ਜਾਣਕਾਰੀ ਮੁਤਾਬਕ ਇਸ ਅਧੂਰੇ ਰਾਮ ਮੰਦਰ ਤੋਂ ਪਹਿਲੇ ਦਿਨ ਹੀ ਤਕਰੀਬਨ 3.17 ਕਰੋੜ ਤੋਂ ਵੱਧ ਚੜ੍ਹਾਵਾ ਚੜ੍ਹਿਆ। ਜਿਵੇਂ ਸਭ ਜਾਣਦੇ ਹਨ ਕਿ ਆਮ ਮੰਦਰਾਂ, ਗੁਰਦਵਾਰਿਆਂ ਵਿੱਚ ਚੜ੍ਹਾਵਾ ਸਾਂਭ ਲਿਆ ਜਾਂਦਾ ਹੈ, ਪਰ ਚੜ੍ਹਿਆ ਹੋਇਆ ਪ੍ਰਸ਼ਾਦ ਵੰਡ ਦਿੱਤਾ ਜਾਂਦਾ ਹੈ। ਕਿੰਨਾ ਚੰਗਾ ਹੁੰਦਾ ਜੋ ਅੱਜ ਦੇ ਦਿਨ ਸੈਂਕੜਿਆਂ ਵਿੱਚ ਰੇਲਵੇ ਨੇ ਰੇਲ ਗੱਡੀਆਂ ਦੇ ਮੂੰਹ ਅਯੁੱਧਿਆ ਦੇ ਰਾਮ ਮੰਦਰ ਵੱਲ ਕਰ ਦਿੱਤੇ ਹਨ, ਜੇਕਰ ਅਜਿਹਾ ਕੋਰੋਨਾ ਬਿਮਾਰੀ ਦੌਰਾਨ ਕੀਤਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। ਉਹਨਾਂ ਦਿਨਾਂ ਵਿੱਚ ਗਰੀਬ ਜਨਤਾ ਪੈਦਲ ਹੀ ਆਪੋ-ਆਪਣਿਆਂ ਨੂੰ ਮਿਲਣ ਖਾਤਰ ਆਪਣੇ ਪਿੰਡ ਦੇਖਣ ਦੀ ਖਾਤਿਰ, ਮਾਪਿਆਂ ਅਤੇ ਬੱਚਿਆਂ ਨੂੰ ਮਿਲਣ ਦੀ ਖਾਤਰ ਪੈਦਲ ਆਏ। ਉਹਨਾਂ ਵਿੱਚੋਂ ਕਈ ਰਸਤੇ ਵਿੱਚ ਹੀ ਮੁਰਝਾ ਗਏ। ਇਸੇ ਕਰਕੇ ਸਿਆਣਿਆਂ ਦਾ ਅਖਾਣ ਹੈ ਕਿ ਬੇਈਮਾਨ ਰਾਜਾ ਅਤੇ ਸੁੱਤੇ ਹੋਏ ਲੋਕ ਦੇਸ਼ ਲਈ ਦੋਵੇਂ ਖਤਰਨਾਕ ਹੁੰਦੇ ਹਨ।
ਉਂਜ ਗੱਲਾਂ ਵਿੱਚੋਂ ਗੱਲ ਹੀ ਹੈ ਕਿ ਜੋ ਰਾਮ ਨੂੰ ਅਯੁੱਧਿਆ ਲਿਆ ਸਕਦਾ ਹੈ, ਜੇਕਰ ਉਹ ਚਾਹੇ ਤਾਂ ਵਿਜੈ ਮਾਲਿਆ ਅਤੇ ਨੀਰਵ ਮੋਦੀ ਸਮੇਤ ਦਰਜਨਾਂ ਬੈਂਕ ਲੁਟੇਰਿਆਂ ਨੂੰ ਕਿਉਂ ਨਹੀਂ ਲਿਆ ਸਕਦਾ? ਪਰ ਇੱਥੇ ਇਸ ਮੁਹਾਂਵਰੇ ਨੂੰ ਯਾਦ ਕਰਕੇ ਹੀ ਸਾਰਿਆ ਜਾ ਸਕਦਾ ਹੈ ਕਿ ,ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ’ ਉਪਰੋਕਤ ਸਾਰੇ ਗੁਜਰਾਤੀ ਠੱਗ ਹਨ। ਇਹਨਾਂ ਠੱਗਾਂ ਵਿੱਚ ਨਾ ਕੋਈ ਸਿੱਖ ਹੈ, ਨਾ ਹੀ ਕੋਈ ਮੁਸਲਮਾਨ ਹੈ ਤੇ ਨਾ ਹੀ ਕੋਈ ਈਸਾਈ ਹੈ। ਸਭ ਠੱਗ ਗੁਜਰਾਤੀ ਹਿੰਦੂ ਹੀ ਹਨ।
ਅਜੋਕਾ ਰਾਮ ਮੰਦਰ ਉਸਾਰਨ ਲਈ ਅਜੋਕੇ ਮੁਗਲਾਂ ਨੇ ਤਕਰੀਬਨ 2200 ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਅੱਠ ਸੌ (800) ਘਰ, ਤੀਹ (30) ਦੇ ਕਰੀਬ ਮੰਦਰ ਨੌਂ (9) ਮਸਜਿਦਾਂ ਅਤੇ ਛੇ (6) ਮਜ਼ਾਰਾਂ ਰਜ਼ਾਮੰਦੀ ਸਮੇਤ ਧੱਕੇ ਨਾਲ ਤੋੜੀਆਂ ਹਨ। ਫਿਰ ਕਿਤੇ ਜਾ ਕੇ ਇਹ ਅਧੂਰਾ ਮੰਦਰ ਹੋਂਦ ਵਿੱਚ ਆਇਆ ਹੈ। ਮੰਦਰ ਦੇਖ ਕੇ ਹੀ ਅੰਧ ਭਗਤਾਂ ਦੀ ਭੁੱਖ ਅਤੇ ਮਹਿੰਗਾਈ ਅਲੋਪ ਹੋ ਜਾਂਦੀ ਹੈ। ਇਹੀ ਕੁਝ ਸਮੇਂ ਦੀਆਂ ਸਰਕਾਰਾਂ ਚਾਹੁੰਦੀਆਂ ਹਨ।
ਸਾਡੇ ਸੰਵਿਧਾਨ ਨੇ ਸਾਨੂੰ ਇਹ ਅਜ਼ਾਦੀ ਦਿੱਤੀ ਹੋਈ ਹੈ ਕਿ ਹਰੇਕ ਭਾਰਤੀ, ਜਿਸ ਧਰਮ ਨੂੰ ਚਾਹੇ, ਅਪਣਾ ਸਕਦਾ ਹੈ, ਮੰਨ ਸਕਦਾ ਹੈ, ਬਦਲ ਸਕਦਾ ਹੈ, ਪਰ ਇੱਕ ਧਰਮ ਦੂਜੇ ਧਰਮ ਵਿੱਚ ਦਖਲ-ਅੰਦਾਜ਼ੀ ਨਹੀਂ ਕਰ ਸਕਦਾ। ਸਰਕਾਰਾਂ ਲਈ ਵੀ ਦਿਸ਼ਾ-ਨਿਰਦੇਸ਼ ਨਿਰਧਾਰਤ ਕੀਤੇ ਹੋਏ ਹਨ ਕਿ ਕੋਈ ਵੀ ਸਰਕਾਰ ਕਿਸੇ ਖਾਸ ਧਰਮ ਲਈ ਪੱਬਾਂ ਭਾਰ ਨਹੀਂ ਹੋ ਸਕਦੀ, ਜਿਵੇਂ ਅਯੁੱਧਿਆ ਵਿੱਚ ਭਾਜਪਾ ਸਰਕਾਰ ਨੇ ਸਭ ਸੰਵਿਧਾਨਕ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਹੈ ਅਤੇ ਕਰ ਰਹੀ ਹੈ। ਬਾਕੀ ਧਰਮਾਂ ਵਾਂਗ ਵੀ ਮੰਦਰਾਂ ਦੀ ਸਰਕਾਰ ਸਦੀਵੀ ਨਹੀਂ ਹੈ, ਪਰ ਉਦੋਂ ਤਕ ਜ਼ਰੂਰ ਦਿਖਾਈ ਦਿੰਦੀ ਰਹੇਗੀ, ਜਦੋਂ ਤਕ ਤੁਸੀਂ, ਅਸੀਂ ਸਭ ਤਮਾਸ਼ਬੀਨਾਂ ਵਿੱਚ ਸ਼ਾਮਲ ਰਹਾਂਗੇ। ਉਂਜ ਤਾਂ ਸਮਾਂ ਹਰ ਵਕਤ ਹੀ ਚੰਗਾ ਕਰਨ ਲਈ ਸਾਨੂੰ ਵੰਗਾਰਦਾ ਰਹਿੰਦਾ ਹੈ, ਪਰ ਜੋ ਹੁਣ ਦਾ ਸਮਾਂ ਸਾਨੂੰ ਉੱਠਣ, ਜਾਗਣ ਅਤੇ ਵੀਹ ਸੌ ਚੌਵੀ ਵਿੱਚ ਪਰਿਵਰਤਨ ਲਿਆਉਣ ਲਈ ਪੁਕਾਰ ਰਿਹਾ ਹੈ, ਸਾਨੂੰ ਅਜਿਹੀ ਪੁਕਾਰ ਸੁਣ ਕੇ ਉਸ ਉੱਤੇ ਅਮਲ ਕਰਨ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈ। ਮੌਜੂਦਾ ਸਮੇਂ ਵਿੱਚ ਦੁਸ਼ਮਣ ਜਾਣਿਆ-ਪਛਾਣਿਆ ਚਿਹਰਾ ਸਭ ਦੇ ਸਾਹਮਣੇ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4682)
(ਸਰੋਕਾਰ ਨਾਲ ਸੰਪਰਕ ਲਈ: (