“ਜਿਹੜੀ ਪਾਰਟੀ ਜਾਂ ਜਿਹੜਾ ਪਾਰਟੀ ਕਾਰਕੁਨ ਜਾਤ-ਪਾਤ ਦੀ ਗੱਲ ਕਰੇ, ਭੜਕਾਵੇ ਜਾਂ ਤੇਲ ਪਾਵੇ, ਉਸ ਦੀ ...)
(29 ਅਕਤੂਬਰ 2025)
ਸਿਆਣਿਆਂ ਮੁਤਾਬਕ ਸਮਾਂ ਆਪਣੀ ਤੋਰ ਮੁਤਾਬਕ ਚਲਦਾ ਰਹਿੰਦਾ ਹੈ। ਕਿਸੇ ਲਈ ਚੰਗਾ ਹੁੰਦਾ ਹੈ, ਕਿਸੇ ਲਈ ਬੁਰਾ, ਪਰ ਇੱਕ ਵਰਗ ਅਜਿਹਾ ਵੀ ਹੁੰਦਾ ਹੈ, ਜਿਹੜਾ ਸਮਾਜ ਵਿੱਚ ਆਪਣੀ ਚਾਲੇ ਚਲਦੇ ਰਹਿੰਦਾ ਹੈ। ਉਂਜ ਵੀ ਅਸੀਂ ਦੁਸਹਿਰੇ ਦਾ ਤਿਉਹਾਰ ਪਾਰ ਕਰ ਚੁੱਕੇ ਹਾਂ ਅਤੇ ਹੁਣ ਦੀਵਾਲੀ ਆਉਣ ਵਾਲੀ ਹੈ। ਇਸ ਦਿਨ ਲੋਕ ਦੇਸੀ ਘਿਓ ਦੇ ਦੀਵੇ ਤਕ ਜਗਾਉਣ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਹਨ। ਪਰ ਆਉਣ ਵਾਲੇ ਸਮੇਂ ਵਿੱਚ ਸਿਆਸੀ ਲੋਕਾਂ ਦਾ ਦੁਸਹਿਰਾ, ਦੀਵਾਲੀ ਵੀ ਆਉਣ ਵਾਲਾ ਹੈ, ਜਿਸ ਦਿਨ ਇਨ੍ਹਾਂ ਸਿਆਸੀ ਬੰਦਿਆਂ ਵਿੱਚੋਂ ਇੱਕ ਹਿੱਸਾ ਪਟਾਕਿਆਂ ਅਤੇ ਆਤਿਸ਼ਬਾਜ਼ੀ ਚਲਾ ਕੇ ਆਪਣਾ ਮਨੋਰੰਜਨ ਕਰਨਗੇ। ਇਹ ਦੁਸਹਿਰੇ-ਦੀਵਾਲੀਆਂ ਯੂ ਪੀ ਵਿੱਚ, ਝਾਰਖੰਡ ਅਤੇ ਮਹਾਰਾਸ਼ਟਰ ਨਾਲ ਪੰਜਾਬ ਵਿੱਚ ਦਿਸਣਗੇ। ਆਪਣੇ-ਆਪ ਨੂੰ ਸ੍ਰੀ ਰਾਮ ਅਤੇ ਦੂਸਰਿਆਂ ਨੂੰ ਰਾਵਣ ਆਖਣ ਵਾਲੇ ਆਪਸ ਵਿੱਚ ਭਿੜਨਗੇ। ਨਤੀਜਾ ਹੀ ਦੱਸੇਗਾ ਕਿ ਅਸਲ ਸ੍ਰੀ ਰਾਮ ਕੌਣ ਨਿਕਲਿਆ ਅਤੇ ਸ੍ਰੀ ਰਾਮ ਦੇ ਭੇਸ ਵਿੱਚ ਕਿਹੜਾ ਭੇੜੀਆ ਰਾਵਣ ਨਿਕਲਿਆ। ਜਿਵੇਂ ਦਸਹਿਰਾ ਵੀ ਆਪੋ-ਆਪਣੇ ਇਲਾਕੇ ਵਿੱਚ ਆਪਣੀ ਸਮਰੱਥਾ ਮੁਤਾਬਕ ਛੋਟਾ ਵੱਡਾ ਮਨਾਇਆ ਜਾਂਦਾ ਹੈ, ਉਵੇਂ ਹੀ ਇਹ ਦੁਸਹਿਰਾ, ਦੀਵਾਲੀ ਚੋਣਾਂ ਬਾਅਦ ਆਪੋ-ਆਪਣੇ ਅਧਾਰ ਮੁਤਾਬਕ ਮਨਾਇਆ ਜਾਵੇਗਾ, ਜਿਵੇਂ ਐਤਕੀਂ ਇਹਨਾਂ ਚੋਣਾਂ ਵਿੱਚ ਮਹਾਰਾਸ਼ਟਰ ਦਾ ਦਸਹਿਰਾ ਅਤੇ ਦੀਵਾਲੀ ਵੱਡੇ ਰੂਪ ਵਿੱਚ ਮਨਾਏ ਜਾਣਗੇ।
ਇਨਾਂ ਚੋਣਾਂ ਵਿੱਚ ਸਭ ਆਪਣੇ-ਆਪ ਨੂੰ ਸ੍ਰੀ ਰਾਮ ਸਮਝਣਗੇ ਅਤੇ ਆਪਣੇ ਵਿਰੋਧੀ ਦੀ ਤੁਲਣਾ ਰਾਵਣ ਨਾਲ ਕਰਨਗੇ, ਪਰ ਵੋਟਰ ਇਨ੍ਹਾਂ ਦੇ ਇਸ ਭਰਮ ਨੂੰ ਤੋੜ ਕੇ ਦੱਸਣਗੇ ਕਿ ਅਸਲ ਵਿੱਚ ਰਾਮ ਕੌਣ ਹੈ ਅਤੇ ਰਾਵਣ ਕੌਣ ਨਿਕਲਿਆ। ਸਭ ਸਿਆਸੀ ਸੋਚ ਰੱਖਣ ਵਾਲਿਆਂ ਲਈ ਅਗਲਾ ਤਿਉਹਾਰਾਂ ਦਾ ਮਹੀਨਾ ਕਿਸੇ ਮਹਾ-ਉਤਸਵ ਤੋਂ ਘੱਟ ਨਹੀਂ ਹੋਵੇਗਾ। ਰਾਵਣ ਨੂੰ ਹਰਾਉਣ ਲਈ ਜੋ ਉਨ੍ਹਾਂ ਨੂੰ ਪੁਲ ਪਾਰ ਕਰਨਾ ਪਵੇਗਾ, ਉਸ ਨੂੰ ਬੜੇ ਗਹੁ ਨਾਲ ਦੇਖਣਾ ਪਵੇਗਾ ਕਿ ਕਿਤੇ ਇਹ ਜੇਤੂ ਪੁਲ ਗੁਜਰਾਤੀ ਠੇਕੇਦਾਰ ਦਾ ਬਣਾਇਆ ਹੋਇਆ ਤਾਂ ਨਹੀਂ? ਕਾਰਨ, ਅੱਜ ਦੇ ਦਿਨ ਜਿੰਨਾ ਰਾਮ ਅਤੇ ਰਾਵਣ ਦਾ ਰੋਲ ਅਦਾ ਕਰਨਾ ਹੈ, ਉਹ ਨਾ ਅਸਲੀ ਰਾਮ ਹੋਣਗੇ ਅਤੇ ਨਾ ਹੀ ਅਸਲੀ ਰਾਵਣ। ਅਸਲ ਵਿੱਚ ਇਨ੍ਹਾਂ ਚੋਣ ਅਖਾੜਿਆਂ ਵਿੱਚ ਪ੍ਰਮੁੱਖ ਦੋ ਧਿਰਾਂ ਲੜ ਰਹੀਆਂ ਹੋਣਗੀਆਂ। ਇੱਕ ਧਿਰ ਦੀ ਅਗਵਾਈ ਐੱਨ ਡੀ ਏ ਦੇ ਹੱਥ, ਭਾਵ ਭਾਜਪਾ ਦੀ ਹੋਵੇਗੀ, ਦੂਜੀ ਧਿਰ ਦੀ ਅਗਵਾਈ ਜੋ ‘ਇੰਡੀਆ’ ਗਠਜੋੜ ਵਜੋਂ ਸਾਹਮਣੇ ਹੋਵੇਗੀ, ਵੱਡੇ ਭਰਾ ਕਰ ਰਹੇ ਹੋਣਗੇ। ਇੰਡੀਆ ਮਹਾ-ਗਠਜੋੜ, ਜੋ ਹਰਿਆਣੇ ਪ੍ਰਦੇਸ਼ ਦੀਆਂ ਚੋਣਾਂ ਸਮੇਂ ਢਿੱਲਾ ਪਿਆ ਰਿਹਾ, ਲਗਦਾ ਹੈ ਹੁਣ ਸਭ ਨੇ ਰਲ ਕੇ ਉਸ ਦੀ ਦੌਣ ਕੱਸ ਕਰ ਦਿੱਤੀ ਹੈ। ਅਗਰ ਇਹ ਦੌਣ ਸੱਚੀ-ਮੁੱਚੀ ਕੱਸੀ ਗਈ ਤਾਂ ਫਿਰ ਇਹ ਆਪਣਾ ਰੰਗ ਜ਼ਰੂਰ ਦਿਖਾਏਗੀ। ਊਠ ਦਾ ਬੁੱਲ੍ਹ ਡਿਗਦਾ ਦੇਖਣ ਲਈ ਆਪਣੇ ਵੱਲੋਂ ਐੱਨ ਡੀ ਏ ਨੇ ਕਾਫ਼ੀ ਨਾਂਹ-ਪੱਖੀ ਅਤੇ ਗੋਦੀ ਮੀਡੀਆ ਰਾਹੀਂ ਗੁਮਰਾਹਕੁੰਨ ਪ੍ਰਚਾਰ ਕਰਾਇਆ, ਜਿਸ ਵਿੱਚ ਉਸ ਨੂੰ ਆਖਰ ਮੂੰਹ ਦੀ ਖਾਣੀ ਪਈ। ਆਪਣੇ ਚਹੇਤੇ ਪ੍ਰਚਾਰਕਾਂ ਰਾਹੀਂ ‘ਵੱਡੇ ਭਰਾ ਦੀ ਭੂਮਿਕਾ ਵਿੱਚ ਕੌਣ ਹੋਵੇਗੀ?’ ਸੰਘ ਪਾੜ ਬੇਲੋੜਾ ਰੌਲਾ ਪੁਆਇਆ ਗਿਆ। ਜੋ ਜੀਤੇਗਾ ਵੋਹੀ ਸਿਕੰਦਰ ਦੇ ਅਸੂਲ ਮੁਤਾਬਕ ਸਭ ਬਰਾਬਰ ਧਿਰਾਂ ਜ਼ਿੰਮੇਵਾਰੀ ਸੰਭਾਲਣਗੀਆਂ। ਜਿਹੜਾ ਚੋਣਾਂ ਬਾਅਦ ਜਿੱਤ ਕੇ ਆਪਣਾ ਕੱਦ ਉੱਚਾ ਕਰੇਗਾ, ਉਹੀ ਵੱਡਾ ਭਰਾ ਅਖਵਾਏਗਾ, ਜਿਸ ਤੋਂ ਬਾਅਦ ਸਭ ਨੂੰ ਇਹੀ ਸੁਨੇਹਾ ਜਾਂਦਾ ਦਿਸਿਆ ਕਿ ‘ਇੰਡੀਆ’ ਗਠਜੋੜ ਆਪਣੀਆਂ ਨਿੱਜੀ ਸੀਟਾਂ ਤੋਂ ਜ਼ਿਆਦਾ ਆਪਣੇ ਮਿਸ਼ਨ ‘ਜਿੱਤ’ ਵੱਲ ਵੱਧ ਧਿਆਨ ਕੇਂਦਰਤ ਕਰ ਰਿਹਾ ਹੈ।
‘ਇੰਡੀਆ’ ਗਠਜੋੜ ਵੱਲੋਂ ਆਪਣੀ ਦੌਣ ਕੱਸਣ ਤੋਂ ਬਾਅਦ ਐੱਨ ਡੀ ਏ ਦੇ ਸਹਿਯੋਗੀ ਡਰ ਦੇ ਮਾਹੌਲ ਵਿੱਚ ਹਨ। ਉਹ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਦਾ ਸਹਾਰਾ ਲੈ ਰਹੇ ਹਨ। ਮੋਦੀ ਦੇ ਬਦੇਸ਼ੀ ਦੌਰੇ ਨੂੰ ਵੱਧ ਤੋਂ ਵੱਧ ਪ੍ਰਚਾਰ ਰਹੇ ਹਨ। ਜਾਣਕਾਰ ਸਭ ਜਾਣਦੇ ਹਨ ਕਿ ਅਜਿਹੇ ਵਿਦੇਸ਼ੀ ਦੌਰੇ ਅਤੇ ਬਦਲਦੇ ਸੂਟ ਸੂਝਵਾਨ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਦੇ। ਸਿਰਫ਼ ਪੰਜ ਸਾਲ ਦੇ ਵਕਫ਼ੇ ਬਾਅਦ ਚੀਨ ਨੇ ਹੁੰਗਾਰਾ ਭਰਿਆ ਹੈ। ਜਿਸ ਹਿੱਸੇ ’ਤੇ ਉਹ ਪਹਿਲਾਂ ਕਾਬਜ਼ ਸੀ, ਉਹ ਅੱਜ ਵੀ ਹੈ। ਸੱਚ-ਮੁੱਚ ਅੱਜ ਦੇ ਦਿਨ ਭਾਰਤ ਕਈ ਗੱਲਾਂ ਵਿੱਚ ਚੀਨ ਤੋਂ ਪਿੱਛੇ ਹੈ। ਅੱਜ ਦੇ ਦਿਨ ਦੇਖਣ, ਸੁਣਨ ਅਤੇ ਪੜ੍ਹਨ ਤੋਂ ਬਾਅਦ ਜੋ ਦਿਸ ਰਿਹਾ ਹੈ, ਉਹ ਹੈ ਕਿ ਅੱਜ ਦੇ ਦਿਨ ਭਾਰਤ ਦਾ ਪ੍ਰਧਾਨ ਮੰਤਰੀ ਕਈ ਦੇਸ਼ਾਂ ਵਿਚਕਾਰ ਚੌਧਰੀ ਦੀ ਭੂਮਿਕਾ ਵਿੱਚ ਦਿਖਾਈ ਦੇ ਰਿਹਾ ਹੈ, ਜੋ ਭਾਰਤ ਲਈ ਮਾਣ ਵਾਲੀ ਗੱਲ ਵੀ ਹੈ, ਪਰ ਆਖਿਰ ਨਿਬੇੜਾ ਇਸ ਗੱਲ ’ਤੇ ਹੋਣਾ ਹੈ ਕਿ ਕੌਣ ਮੰਨ ਗਿਆ, ਕੌਣ ਉੱਥੇ ਹੀ ਖੜ੍ਹਾ ਰਿਹਾ? ਸਾਨੂੰ ਆਪਣੀ ਵਿਦੇਸ਼ੀ ਪਾਲਿਸੀ ਦੀ ਸਮੇਂ-ਸਮੇਂ ਸਿਰ ਨਜ਼ਰਸਾਨੀ ਕਰਨੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਸਾਡੀ ਕਹਿਣੀ ਅਤੇ ਕਥਨੀ ਵਿੱਚ ਫ਼ਰਕ ਤਾਂ ਨਹੀਂ?
ਸਰਕਾਰੀ ਤੌਰ ’ਤੇ ਅਸੀਂ ਫਲਸਤੀਨੀਆਂ ਅਤੇ ਉਸ ਦੇ ਸਹਿਯੋਗੀਆਂ ਨਾਲ ਖੜ੍ਹੇ ਹਾਂ, ਪਰ ਗੋਦੀ ਮੀਡੀਆ ਦਿਨ-ਰਾਤ ਇਜ਼ਰਾਈਲੀਆਂ ਦੀਆਂ ਕਾਮਯਾਬੀਆਂ ’ਤੇ ਤਾੜੀ ਵਜਾ ਰਿਹਾ ਹੈ। ਬਾਹਰਮੁਖੀ ਵੀ ਇਹੀ ਮਹਿਸੂਸ ਹੁੰਦਾ ਹੈ। ਕੀ ਭਾਰਤ ਇਸ ਲੜਾਈ ਨੂੰ ਰੁਕਵਾਉਣ ਦੀ ਹੈਸੀਅਤ ਨਹੀਂ ਰੱਖਦਾ, ਜਿਸ ਲੜਾਈ ਵਿੱਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਨਿਰਦੋਸ਼ ਸਦਾ ਲਈ ਮੌਤ ਦੇ ਮੂੰਹ ਵਿੱਚ ਜਾ ਪਏ ਹਨ? ਭਾਵੇਂ ਅਜਿਹੇ ਵਿਦੇਸ਼ੀ ਫੈਸਲਿਆਂ ਦਾ ਸਿੱਧਾ ਅਸਰ ਸਾਡੀਆਂ ਸੂਬਾਈ ਚੋਣਾਂ ’ਤੇ ਨਹੀਂ ਪੈਂਦਾ, ਫਿਰ ਵੀ ਇਨਸਾਨੀਅਤ ਦਾ ਜਜ਼ਬਾ ਰੱਖਣ ਵਾਲਾ ਇੱਕ ਵਰਗ ਹਮੇਸ਼ਾ ਫਿਕਰਮੰਦ ਰਹਿੰਦਾ ਹੈ। ਭਾਜਪਾ ਦੇ ਅੰਦਰੂਨੀ ਡਰ ਵਿੱਚੋਂ ਹੀ ਯੋਗੀ ਜੀ ਦੇ ਮੂੰਹੋਂ ਨਿਕਲਿਆ ਹੈ: ਵਟੋਗੇ ਤਾਂ ਕਟੋਗੇ, ਭਾਵ ਹਿੰਦੂਆਂ ਨੂੰ ਡਰਾ ਕੇ ਇਕੱਠਾ ਕਰਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ। ਇਹੀ ਕੁਝ ਇੱਕ ਕੇਂਦਰੀ ਮੰਤਰੀ ਬਿਹਾਰ ਵਿੱਚ ਹਿੰਦੂਆਂ ਨੂੰ ਡਰਾ ਕੇ ਇਕੱਠਾ ਕਰ ਰਿਹਾ ਹੈ। ਇਹ ਸਮੁੱਚੇ ਸੰਵਿਧਾਨ ਦੀ ਸਹੁੰ ਖਾ ਕੇ ਫਿਰਕੂ ਏਜੰਡੇ ਚਲਾ ਰਹੇ ਹਨ। ‘ਇੰਡੀਆ’ ਗਠਜੋੜ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਸੰਵਿਧਾਨ ਸੰਬੰਧੀ ਜਾਗਰੂਕ ਕਰਕੇ ਅਜਿਹੇ ਫਿਰਕੂ ਨਾਅਰੇ ਦੇਣ ਵਾਲਿਆਂ ਨੂੰ ਨੰਗਾ ਕੀਤਾ ਜਾਵੇ। ਸਭ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਕੌਮ ਚੰਗੀ-ਮਾੜੀ ਨਹੀਂ ਹੁੰਦੀ, ਕੌਮ ਦੇ ਗੱਦਾਰ ਕੁਝ ਲੋਕ ਹੋ ਸਕਦੇ ਹਨ। ਸਭ ਧਿਰਾਂ ਨੂੰ ਹਿੰਦੂ-ਮੁਸਲਮਾਨ ਕਹਿਣ ’ਤੇ ਮੂੰਹ ਅੱਗੇ ਛਿਕਲੀ ਲਾਉਣੀ ਚਾਹੀਦੀ ਹੈ। ਭਾਰਤ ਨੂੰ ਅਜ਼ਾਦ ਕਰਾਉਣ ਲਈ ਜੋ ਕੁਰਬਾਨੀ ਹਿੰਦੂ-ਮੁਸਲਮਾਨ-ਸਿੱਖ-ਈਸਾਈ ਆਦਿ ਨੇ ਰਲ ਕੇ ਦਿੱਤੀ ਹੈ, ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਮੌਜੂਦਾ ਚੋਣਾਂ ਅਤੇ ਜ਼ਿਮਨੀ ਚੋਣਾਂ ਵਿੱਚ ਸਿਰਫ਼ ਲੋਕ ਮੁੱਦਿਆਂ ’ਤੇ ਪ੍ਰਚਾਰ ਕਰਨਾ ਅਤੇ ਹੋਣਾ ਚਾਹੀਦਾ ਹੈ। ਜਿਹੜੀ ਪਾਰਟੀ ਜਾਂ ਜਿਹੜਾ ਪਾਰਟੀ ਕਾਰਕੁਨ ਜਾਤ-ਪਾਤ ਦੀ ਗੱਲ ਕਰੇ, ਭੜਕਾਵੇ ਜਾਂ ਤੇਲ ਪਾਵੇ, ਉਸ ਦੀ ਉਸ ਵੇਲੇ ਹੀ ਮੰਜੀ ਠੋਕ ਦੇਣੀ ਚਾਹੀਦੀ ਹੈ। ਇਨ੍ਹਾਂ ਆਉਣ ਵਾਲੀਆਂ ਚੋਣਾਂ ਵਿੱਚ ਖਾਸ ਕਰਕੇ ‘ਇੰਡੀਆ ਫਰੰਟ’ ਦੇ ਸਹਿਯੋਗੀਆਂ ਨੂੰ ਪੂਰੇ ਡਿਸਿਪਲਿਨ ਵਿੱਚ ਰਹਿ ਕੇ ਪ੍ਰਚਾਰ ਰਾਹੀਂ ਜਨਤਾ ਤਕ ਆਪਣੀ ਗੱਲ ਪਹੁੰਚਾਉਣੀ ਚਾਹੀਦੀ ਹੈ। ਗੱਲ ਕੀ, ਆਪੋ ਵਿਚਲੇ ਛੋਟੇ-ਮੋਟੇ ਮਤਭੇਦ ਭੁਲਾ ਕੇ ਇੱਕ ਸਾਂਝੇ ਦੁਸ਼ਮਣ ਖ਼ਿਲਾਫ਼ ਇੱਕ ਹੋ ਕੇ ਲੜੋ, ਭਾਵ ਆਪਣੀਆਂ ਵੋਟਾਂ ਦਾ ਇਸਤੇਮਾਲ ਕਰੋ। ਫਿਰ ਜਿਹੜਾ ਕਮਾਲ ਹੋਵੇਗਾ, ਉਹ ਤੁਹਾਡੇ ਕਰਕੇ ਹੀ ਹੋਵੇਗਾ। ਜੋ ਤੁਹਾਨੂੰ ਅਤੇ ਤੁਹਾਡੀ ਰੂਹ ਨੂੰ ਸਕੂਨ ਦੇਵੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5399)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.