“ਇਸ ਉਪਲਬਧੀ ਨੂੰ ਸੰਸਾਰ ਦਾ ਪੱਤਰਕਾਰੀ ਭਾਈਚਾਰਾ ਮਸ਼ੀਨਰੀ ਅਤੇ ਕਿਰਤ ਦੀ ਜਿੱਤ ਦੇ ਨਾਂਅ ਨਾਲ ...”
(4 ਦਸੰਬਰ 2023)
ਇਸ ਸਮੇਂ ਪਾਠਕ: 596.
ਜਿਵੇਂ ਖੁਰਾਕ ਦੀ ਭਾਲ ਵਿੱਚ ਆਏ ਪ੍ਰਵਾਸੀ ਪੰਛੀ ਅਚਾਨਕ ਕੁਦਰਤੀ ਆਫ਼ਤ ਵਿੱਚ ਫਸ ਜਾਂਦੇ ਹਨ ਤੇ ਫਿਰ ਅਕਸਰ ਉਹ ਲੰਬੀ ਕੋਸ਼ਿਸ਼ ਤੋਂ ਬਾਅਦ ਅਜ਼ਾਦ ਹੁੰਦੇ ਹਨ, ਉਵੇਂ ਹੀ ਭਾਰਤ ਦੇ ਦੂਜੇ ਸੂਬਿਆਂ ਤੋਂ ਪੇਟ ਦੀ ਖਾਤਰ ਉੱਤਰਕਾਸ਼ੀ ਦੇ ਇਲਾਕੇ ਵਿੱਚ ਸਿਲਕਿਆਰਾ ਸੁਰੰਗ ਵਿੱਚ ਦੀਵਾਲੀ ਵਾਲੇ ਦਿਨ ਦੇ ਪਹਿਲੇ ਪਹਿਰ ਤੋਂ ਫਸੇ ਇਕਤਾਲੀ ਮਜ਼ਦੂਰ ਤਕਰੀਬਨ 442 ਘੰਟਿਆਂ ਬਾਅਦ ਸਾਰੀ ਤਰ੍ਹਾਂ ਦੀ ਮਸ਼ੀਨੀਰੀ ਦੇਸੀ ਤੇ ਵਿਦੇਸ਼ੀ ਦੁਆਰਾ ਹੱਥ ਖੜ੍ਹੇ ਕਰਨ ਤੋਂ ਬਾਅਦ ਅਖੀਰ ਮੁੱਠੀ ਭਰ ਮਜ਼ਦੂਰਾਂ ਨੇ ਰੈਟ ਮਾਈਨਰਜ਼ ਦੀ ਤਕਨੀਕ ਨਾਲ ਆਪਣੇ ਮਜ਼ਦੂਰ ਭਰਾਵਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਦਿੱਤਾ। ਇਸ ਉਪਲਬਧੀ ਨੂੰ ਸੰਸਾਰ ਦਾ ਪੱਤਰਕਾਰੀ ਭਾਈਚਾਰਾ ਮਸ਼ੀਨਰੀ ਅਤੇ ਕਿਰਤ ਦੀ ਜਿੱਤ ਦੇ ਨਾਂਅ ਨਾਲ ਪੁਕਾਰ ਰਿਹਾ ਹੈ।
ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਰੈਟ ਮਾਈਨਰਜ਼ ਤਕਨੀਕ ’ਤੇ ਪਹਿਲਾਂ 2014 ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਮੇਘਾਲਿਆ ਵਿੱਚ ਪਾਬੰਦੀ ਲਾ ਦਿੱਤੀ ਸੀ ਪਰ ਮਾਡਰਨ ਤਕਨੀਕਾਂ ਫੇਲ ਹੋਣ ’ਤੇ ਅਖੀਰ ਸੰਬੰਧਤ ਪ੍ਰਬੰਧਕਾਂ ਨੂੰ ਇਸਦਾ ਸਹਾਰਾ ਲੈਣਾ ਪਿਆ। ਇਸ ਨਾਲ ਵਾਕਿਆ ਹੀ ਨਾ ਭੁੱਲਣ ਵਾਲਾ ਚਮਤਕਾਰ ਹੋਇਆ, ਜਿਸ ਨੂੰ ਸਭ ਦੁਨੀਆ ਨੇ ਦੇਖਿਆ। ਸਭ ਨੇ ਵਧਾਈਆਂ ਦਿੱਤੀਆਂ। ਇਸ ਚਮਤਕਾਰ ਕਰਕੇ ਜੋ ਮਾਣ ਸਤਿਕਾਰ ਜਾਂ ਸ਼ਾਬਾਸ਼ ਸੰਬੰਧਤ ਯੋਧਿਆਂ ਨੂੰ ਮਿਲ ਰਹੀ ਹੈ, ਉਸ ਨੂੰ ਖੁੰਢਾ ਕਰਨ ਲਈ ਅੰਧ-ਭਗਤ ਮੰਦਰ ਦਾ ਰੌਲਾ ਪਾ ਰਹੇ ਹਨ ਜਦਕਿ ਉਹ ਮੁਸੀਬਤ ਆਉਣ ਤੋਂ ਪਹਿਲਾਂ ਮੌਜੂਦ ਸੀ। ਮਜ਼ਦੂਰਾਂ ਦਾ ਅਚਾਨਕ ਸੰਪਰਕ ਟੁੱਟ ਜਾਣ ’ਤੇ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੀੜਾ ਹੋਈ ਹੋਵੇਗੀ, ਉਹ ਸੰਬੰਧਤ ਧਿਰਾਂ ਹੀ ਜਾਣਦੀਆਂ ਹਨ, ਕੋਈ ਹੋਰ ਨਹੀਂ।
ਬਾਕੀ ਅਸੀਂ ਵੀ ਉਨ੍ਹਾਂ ਵਿੱਚੋਂ ਹਾਂ, ਜਿਨ੍ਹਾਂ ਨੇ ਜਣਨ ਲਈ ਸਭ ਤਰ੍ਹਾਂ ਦੇ ਮੀਡੀਏ ਦਾ ਸਹਾਰਾ ਲਿਆ। ਅਸੀਂ ਉਹ ਵੀ ਆਪਣੀ ਅੱਖੀਂ ਦੇਖਿਆ ਅਤੇ ਕੰਨੀਂ ਸੁਣਿਆ ਜੋ ਕੈਟ ਮਾਈਨਰ ਦੇ ਇੱਕ ਮੈਂਬਰ ਨੇ ਸਵਾਲਾਂ ਦੇ ਜਵਾਬ ਵਿੱਚ ਆਪਣੀ ਅਤੇ ਆਪਣੇ ਕੰਮ ਦੀ ਦ੍ਰਿੜ੍ਹਤਾ ਦਿਖਾਈ ਸੀ। ਬਾਅਦ ਵਿੱਚ ਜੋ ਰਿਜ਼ਲਟ ਆਇਆ, ਉਹ ਵੀ ਉਸ ਮੁਤਾਬਕ ਸੀ। ਅਸੀਂ ਕੋਈ ਆਧੁਨਿਕ ਮਸ਼ੀਨਰੀ ਵਿਰੋਧੀ ਨਹੀਂ ਹਾਂ, ਅਸੀਂ ਜਾਣਦੇ ਹਾਂ ਕਿ ਬਹੁਤਾ ਕੰਮ ਆਧੁਨਿਕ ਆਪਣੀ ਜਾਂ ਮੰਗਵੀਂ ਮਸ਼ੀਨਰੀ ਨਾਲ ਹੀ ਹੋਇਆ ਸੀ। ਪਰ ਸਭ ਜਾਣਦੇ ਹਨ ਕਿ ਸਭ ਕੋਸ਼ਿਸ਼ਾਂ ਤੋਂ ਬਾਅਦ ਚੂਹਾ ਤਕਨੀਕ ਹੀ ਕਾਮਯਾਬ ਹੋਈ। ਇਹ ਟੀਮ ਮੈਂਬਰ ਆਪਣੇ ਦਿਮਾਗ਼, ਸੰਦਾਂ ਅਤੇ ਹੱਥਾਂ ਨਾਲ ਚੂਹੇ ਦੀ ਤਰ੍ਹਾਂ ਹੌਲੀ ਹੌਲੀ ਸ਼ੈਣੀਆਂ ਅਤੇ ਹਥੌੜੀਆਂ ਨਾਲ ਰੁਕਾਵਟ ਨੂੰ ਪਾਸੇ ਕਰਕੇ ਸਮਾਜ ਦੇ ਹੀਰੋ ਬਣੇ ਅਤੇ ਸੰਸਾਰ ਦੀ ਪ੍ਰਸ਼ੰਸਾ ਝੋਲੀ ਪੁਆਈ।
ਲੰਬੀ ਸੁਰੰਗ ਜੋ ਸਿਲਕਿਆਰਾ ਸੁਰੰਗ ਕਰਕੇ ਜਾਣੀ ਜਾਂਦੀ ਹੈ, ਜਦੋਂ ਇਸ ਸੁਰੰਗ ਵਿੱਚ ਸੰਬੰਧਤ ਇਕਤਾਲੀ ਮਜ਼ਦੂਰ ਬਾਕੀ ਮਜ਼ਦੂਰ ਪਰਿਵਾਰ ਨਾਲੋਂ ਅਚਾਨਕ ਢਿਗਾਂ ਡਿਗਣ ਕਰਕੇ ਅਲੱਗ ਹੋ ਗਏ ਸਨ, ਕੁਦਰਤੀ ਉਹ ਘਬਰਾਹਟ ਵਿੱਚ ਆ ਗਏ ਸਨ। ਫਿਰ ਸਭ ਸੰਭਲੇ। ਐਸਾ ਇਕੱਠ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਵਿੱਚ ਕੋਈ ਦੂਜ ਨਹੀਂ ਰਹੀ। ਉਨ੍ਹਾਂ ਨੇ ਆਪਣੇ ਵਿੱਚੋਂ ਸੀਨੀਅਰ ਕਾਰੀਗਰ ਨੂੰ ਨੇਤਾ ਮੰਨਿਆ। ਹਰੇਕ ਔਕੜ ਦਾ ਇਕੱਠੇ ਹੋ ਕੇ ਮੁਕਾਬਲਾ ਕੀਤਾ। ਸਭ ਇੱਕ ਦੂਜੇ ਨੂੰ ਹੌਸਲਾ ਦਿੰਦੇ ਰਹੇ। ਸੁਰੰਗ ਵਿੱਚ ਕਾਫ਼ੀ ਜਗਾ ਹੋਣ ਕਰਕੇ ਸਭ ਉਸ ਵਿੱਚ ਘੁੰਮਦੇ ਫਿਰਦੇ ਰਹੇ, ਸੈਰ ਅਤੇ ਯੋਗਾ ਕਰਦੇ ਰਹੇ। ਉਨ੍ਹਾਂ ਆਪਣਾ ਹੌਸਲਾ ਬਰਕਰਾਰ ਰੱਖਿਆ।
ਘਿਰੇ ਮਜ਼ਦੂਰਾਂ ਦਾ ਜਦੋਂ ਬਾਹਰ ਨਾਲ ਸੰਪਰਕ ਪੈਦਾ ਹੋਇਆ, ਉਹ ਹੋਰ ਤਾਕਤਵਰ ਹੋਏ। ਖਾਣ-ਪੀਣ ਦਾ ਸਮਾਨ ਪ੍ਰਾਪਤ ਹੋਣ ਲੱਗ ਪਿਆ। ਬੈਠ ਕੇ ਖੇਡਣ ਦਾ ਸਮਾਨ ਮੁਹਈਆ ਹੋਣ, ਤੇ ਫਿਰ ਅਖੀਰ ਘਰਦਿਆਂ ਨਾਲ ਸੰਪਰਕ ਕਾਇਮ ਹੋਣ ’ਤੇ ਉਨ੍ਹਾਂ ਦਾ ਮਨੋਬਲ ਸਿਖਰ ਤਕ ਪਹੁੰਚ ਗਿਆ। ਨਹਾਉਣ ਅਤੇ ਜੰਗਲ ਪਾਣੀ ਦਾ ਪ੍ਰਬੰਧ ਉਨ੍ਹਾਂ ਪਹਿਲੇ ਦਿਨਾਂ ਵਿੱਚ ਹੀ ਕਰ ਲਿਆ ਸੀ। ਪਰ ਫਿਰ ਵੀ 422 ਘੰਟਿਆਂ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੀ ਬੀਤਿਆ, ਉਹ ਹੀ ਜਾਣਦੇ ਹਨ। ਬਾਕੀ ਸਭ ਅੰਦਾਜ਼ੀਏ ਹੀ ਹਨ। ਸੰਬੰਧਤ ਸਰਕਾਰ ਵੱਲੋਂ ਜੋ ਇਸ ਆਫ਼ਤ ਵੇਲੇ ਪ੍ਰਬੰਧ ਕੀਤੇ ਗਏ ਸਨ, ਉਹ ਮਿਆਰੀ ਅਤੇ ਸਲਾਹੁਣਯੋਗ ਸਨ।
ਅਗਾਂਹ ਅਜਿਹੀਆਂ ਆਫ਼ਤਾਂ ਘੱਟ ਹੋਣ, ਉਸ ਵੱਲ ਸਭ ਸਰਕਾਰਾਂ ਨੂੰ ਆਪਣਾ ਪੂਰਨ ਧਿਆਨ ਦੇਣਾ ਚਾਹੀਦਾ ਹੈ। ਹਰ ਆਫ਼ਤ ਜਾਂ ਘਟਨਾ ਰੱਬੀ ਵਰਤਾਰਾ ਨਹੀਂ ਹੁੰਦੀ। ਹਰੇਕ ਪਿੱਛੇ ਤਕਰੀਬਨ ਮਨੁੱਖੀ ਗਲਤੀ ਛੁਪੀ ਹੋਈ ਹੁੰਦੀ ਹੈ। ਉਹ ਗ਼ਲਤੀਆਂ ਨਾ ਹੋਣ, ਇਸਦੇ ਨਾਲ ਨਾਲ ਮਾਹਰਾਂ ਨੇ ਜੋ ਇਸ ਸੰਬੰਧਤ ਵਰਤਾਰੇ ਬਾਰੇ ਜੋ ਇਸ਼ਾਰੇ ਕੀਤੇ ਹਨ, ਉਨ੍ਹਾਂ ਵੱਲ ਸਭ ਨੂੰ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਇਸ ਸੁਰੰਗ ਨੂੰ ਬਣਾਉਣ ਵਾਲੀ ਕੰਪਨੀ ਨੇ ‘ਸੇਫਟੀ ਐਗਜ਼ਿਟ ਰੂਟ’ ਬਣਾਇਆ ਹੀ ਨਹੀਂ ਸੀ। ਦੂਜਾ, ਅਜਿਹੀਆਂ ਸੁਰੰਗਾਂ ਬਾਰੇ ਕਾਨੂੰਨ ਹੈ ਕਿ ਜਿਸ ਸੁਰੰਗ ਦੀ ਲੰਬਾਈ ਤਿੰਨ ਕਿਲੋਮੀਟਰ ਤੋਂ ਵੱਧ ਹੋਵੇ, ਉੱਥੇ ਇੱਕ ਸੇਫਟੀ ਐਗਜ਼ਿਟ ਰੂਟ ਜ਼ਰੂਰੀ ਹੈ ਪਰ ਇੱਥੇ ਨਕਸ਼ੇ ਵਿੱਚ ਤਾਂ ਸੀ ਪਰ ਬਣਾਇਆ ਨਹੀਂ ਗਿਆ। ਅਗਲੀ ਅਣਗਹਿਲੀ ਇਹ ਸੀ ਕਿ ਇਸ ਵਿੱਚ ਟ੍ਰੈਂਚ ਪਿੰਜਰੇ ਵਰਗੀ ਕੋਈ ਚੀਜ਼ ਨਹੀਂ ਸੀ, ਜਿਸਦੀ ਮਜ਼ਦੂਰ ਦੁਰਘਟਨਾ ਸਮੇਂ ਵਰਤੋਂ ਵਿੱਚ ਲਿਆ ਸਕਦੇ। ਇੱਥੋਂ ਤਕ ਕਿ ਸੰਬੰਧਤ ਸੁਰੰਗ ਡਿਜ਼ਾਈਨ ਵਿੱਚ ਇਸਦਾ ਜ਼ਿਕਰ ਤਕ ਨਹੀਂ, ਬਣਾਉਣ ਦੀ ਗੱਲ ਤਾਂ ਬਾਅਦ ਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸੁਰੰਗ ਦੀ ਇੰਨੀ ਲੰਬਾਈ ਮੁਤਾਬਕ ਹਿਊਮ ਪਾਈਪਾਂ ਪਾਉਣੀਆਂ ਜ਼ਰੂਰੀ ਹੁੰਦੀਆਂ ਹਨ, ਜੋ ਕੰਕਰੀਟ ਦੀਆਂ ਬਣੀਆਂ ਹੁੰਦੀਆਂ ਹਨ। ਜੋ ਨਾਲ ਨਾਲ ਵਿਛਾਈਆਂ ਜਾਂਦੀਆਂ ਹਨ ਤਾਂ ਕਿ ਮੁਸੀਬਤ ਸਮੇਂ ਇਨ੍ਹਾਂ ਦੀ ਵਰਤੋਂ ਕਰਕੇ ਬਾਹਰ ਨਿਕਲਿਆ ਜਾ ਸਕੇ।
ਸੰਬੰਧਤ ਸੂਬਾ ਜਾਂ ਕੇਂਦਰ ਸਰਕਾਰ ਨੂੰ ਅਜਿਹੀਆਂ ਲਾਪ੍ਰਵਾਹੀ ਕਰਨ ਵਾਲੀਆਂ ਕੰਪਨੀਆਂ ’ਤੇ ਪੂਰਾ ਸ਼ਿਕੰਜਾ ਕੱਸਣਾ ਚਾਹੀਦਾ ਹੈ। ਜੁਰਮਾਨਿਆਂ ਸਮੇਤ ਕੰਪਨੀਆਂ ਦਾ ਲਾਈਸੈਂਸ ਕੈਂਸਲ ਕਰਨ ਤੋਂ ਇਲਾਵਾ ਸਜ਼ਾਵਾਂ ਵੀ ਮਿਸਾਲੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਅੱਗੋਂ ਕੁਤਾਹੀ ਕਰਨੀ ਤਾਂ ਕੀ, ਕੁਤਾਹੀ ਕਰਨ ਬਾਰੇ ਖਿਆਲ ਵੀ ਨਾ ਆਵੇ। ਅਜਿਹੇ ਵਿੱਚ ਹੀ ਮੁਨਾਫ਼ੇ ਬਦਲੇ ਕੁਤਾਹੀ ਘਟੇਗੀ। ਵਰਨਾ ਪੈਸੇ ਦੀ ਦੌੜ ਵਿੱਚ ਸਭ ਤਰ੍ਹਾਂ ਦੀਆਂ ਕੰਪਨੀਆਂ ਇੱਕ ਦੂਜੇ ਦੇ ਪੈਰ ਮਿੱਧ ਰਹੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4521)
(ਸਰੋਕਾਰ ਨਾਲ ਸੰਪਰਕ ਲਈ: (