“ਸ਼ੁਕਰ ਕਰੋ ਅਜਿਹਾ ਜਲਦੀ ਹੋ ਗਿਆ, ਅਗਰ ਨਾ ਹੁੰਦਾ ਬਾਬੇ ਨੇ ਦਵਾਈ ...”
(8 ਜੁਲਾਈ 2020)
ਜਿਸ ਸਾਧ, ਸੰਤ ਜਾਂ ਬਾਬੇ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਉਹ ਕੇਂਦਰ ਦੀ ਸਰਕਾਰ ਨੂੰ ਕਾਮਯਾਬ ਕਰਨ ਲਈ ਸਮੇਂ-ਸਮੇਂ ਸਿਰ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ। ਇਸੇ ਕਰਕੇ ਉਹ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਤਕ ਆਪਣੀ ਪਹੁੰਚ ਰੱਖਦਾ ਹੈ। ਇਸ ਪਹੁੰਚ ਸਦਕਾ ਹੀ ਉਹ ਅੱਜ ਆਪਣਾ ਕਈ ਤਰ੍ਹਾਂ ਦਾ ਸਾਮਰਾਜ ਖੜ੍ਹਾ ਕਰ ਚੁੱਕਾ ਹੈ, ਜਿਸਦੇ ਸਦਕਾ ਕਈ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਉਸ ਦੀ ਪਿੱਠ ਪਿੱਛੇ ਖਲੋਤੀਆਂ ਹਨ।
ਇਹ ਸਰਕਾਰੀ ਸਾਧ ਭਗਵੇਂ ਲਿਬਾਸ ਵਿੱਚ ਹਰ ਵਕਤ ਰਹਿੰਦਾ ਹੈ, ਜਿਸ ਕਰਕੇ ਬਹੁਤੇ ਪਿਛਲੱਗ ਲੋਕ ਉਸ ਨੂੰ ਗੁਰੂ ਤਕ ਦਾ ਰੁਤਬਾ ਪ੍ਰਦਾਨ ਕਰਦੇ ਹਨ। ਅਜਿਹੀ ਗੁਮਰਾਹ ਸੰਗਤਾਂ ਦੀ ਭੀੜ ਸਦਕਾ ਉਹ ਇਸ ਭੀੜ ਨੂੰ ਆਪਣੇ ਬਿਜ਼ਨੈੱਸ ਵਿੱਚ ਸਮੇਂ-ਸਮੇਂ ਸਿਰ ਕੈਸ਼ ਕਰਦਾ ਰਹਿੰਦਾ ਹੈ। ਉਹ ਆਪਣੇ ਸਿਆਸੀ ਮਿੱਤਰ ਵਾਂਗ ਅਜਿਹੇ ਤਰੀਕੇ ਨਾਲ ਝੂਠ ਬੋਲਦਾ ਹੈ, ਜਿਸ ਨਾਲ ਸੁਣਨ ਵਾਲੀ ਜਨਤਾ ਸਭ ਸੱਚ ਮੰਨ ਕੇ ਮਨ-ਮੁਗਧ ਹੋ ਜਾਂਦੀ ਹੈ।
ਸਿਆਸਤ ਦੀਆਂ ਗੋਟੀਆਂ ਖੇਡਣ ਤੋਂ ਪਹਿਲਾਂ ਉਸ ਨੇ ਭਾਰਤ ਵਿੱਚ ਚਿਰੋਕੇ ਸਮੇਂ ਤੋਂ ਪ੍ਰਚੱਲਤ ਯੋਗਾ ਕਰਨ ਨੂੰ ਹੱਥ ਪਾਇਆ। ਯੋਗਾ ਕਰਨਾ ਸ਼ੁਰੂ ਕੀਤਾ। ਯੋਗਾ ਸਿਖਾਉਣਾ ਸ਼ੁਰੂ ਕੀਤਾ। ਯੋਗੇ ਦੇ ਵੱਖ-ਵੱਖ ਥਾਵਾਂ ’ਤੇ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ। ਯੋਗਾ ਕੋਈ ਮਾੜੀ ਗੱਲ ਨਹੀਂ, ਇਸ ਕਰਕੇ ਇਸ ਨੇ ਸਭ ਦਾ ਧਿਆਨ ਖਿੱਚਿਆ। ਹੌਲੀ-ਹੌਲੀ ਜਨਤਾ ਦਾ ਇੱਕ ਹਿੱਸਾ ਇਸ ਨਾਲ ਜੁੜਦਾ ਰਿਹਾ। ਅੱਜ ਹੋਰ ਅਤੇ ਕੱਲ੍ਹ ਹੋਰ। ਵੱਡੇ-ਵੱਡੇ ਇਕੱਠ ਹੋਣੇ ਸ਼ੁਰੂ ਹੋ ਗਏ। “ਕਰੋ ਯੋਗ ਭਜਾਓ ਰੋਗ” ਦੇ ਨਾਅਰੇ ਹੇਠ ਜਨਤਾ ਵਿੱਚ ਨਵਾਂ ਜੋਸ਼ ਭਰ ਗਿਆ। ਅਖੀਰ ਆਪਣੇ ਸਿਆਸੀ ਮਿੱਤਰ ਸਦਕਾ ਇਸ ਨੂੰ ਵਿਸ਼ਵ ਯੋਗ ਦਿਨ ਨਾਲ 21 ਜੂਨ ਨੂੰ ਜੋੜ ਕੇ ਯੋਗ ਵਿੱਚ ਪ੍ਰਸਿੱਧੀ ਦੀ ਸਭ ਤੋਂ ਸਿਖਰਲੀ ਪੌੜੀ ’ਤੇ ਪਹੁੰਚਿਆ।
ਜਿਵੇਂ ਅਸੀਂ ਪਹਿਲਾਂ ਉੱਪਰ ਜ਼ਿਕਰ ਕੀਤਾ ਹੈ “ਕਰੋ ਯੋਗ ਭਜਾਓ ਰੋਗ” ਨਾਅਰੇ ਹੇਠ ਬੀਮਾਰ ਮਾਨਸਿਕਤਾ ਵਾਲੇ ਲੋਕ ਕਾਫ਼ੀ ਜੁੜਨ ਲੱਗੇ। ਕੈਂਪਾਂ ਦੀਆਂ ਰੌਣਕਾਂ ਵਧਣ ਲੱਗੀਆਂ। ਉਨ੍ਹਾਂ ਕੈਪਾਂ ਵਿੱਚ ਇਸ ਨੇ ਆਪਣੀਆਂ ਪਤੰਜਲੀ ਦੇ ਨਾਂਅ ਹੇਠ ਦਵਾਈਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਹਰ ਬੀਮਾਰੀ ਦੀਆਂ ਅਖੌਤੀ ਦਵਾਈਆਂ ਤਿਆਰ ਕੀਤੀਆਂ। ਦਵਾਈਆਂ ਦੇ ਖੇਤਰ, ਖਾਸ ਕਰ ਕੇ ਆਯੁਰਵੈਦਿਕ ਖੇਤਰ ਵਿੱਚ ਆਪਣਾ ਸਾਮਰਾਜ ਖੜ੍ਹਾ ਕਰ ਲਿਆ। ਸਿਆਸੀ ਦੋਸਤਾਂ ਦਾ ਲਾਹਾ ਲੈ ਕੇ ਸਸਤੇ ਭਾਵਾਂ ’ਤੇ ਜ਼ਮੀਨਾਂ ਅਲਾਟ ਕਰਾਈਆਂ ਅਤੇ ਆਪਣਾ ਕਾਰੋਬਾਰ ਵਧਾਇਆ। ਸਰਕਾਰਾਂ ਤੋਂ ਸਮੇਂ-ਸਮੇਂ ਸਿਰ ਟੈਕਸ ਮੁਆਫ਼ ਕਰਾਏ।
ਅਜਿਹਾ ਹੁੰਦੇ-ਹੁੰਦੇ ਫਿਰ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਅਗਰ ਯੋਗਾ ਕੀਤਿਆਂ ਰੋਗ ਮਿੱਟ ਜਾਂਦੇ ਹਨ, ਤਾਂ ਫਿਰ ਦਵਾਈ ਕਿਉਂ ਵੇਚੀ ਜਾਂਦੀ ਹੈ? ਦਵਾਈ ਵਿੱਚ ਵੀ ਦੇਸੀ-ਵਿਦੇਸ਼ੀ ਦਾ ਵੇਰਵਾ ਪਾ ਕੇ ਵੇਚੀ ਜਾਂਦੀ ਰਹੀ। ਕੋਈ ਐਸੀ ਬਿਮਾਰੀ ਦਾ ਨਾਂਅ ਨਹੀਂ ਰਿਹਾ, ਜਿਸ ਦੀ ਬਾਬੇ ਨੇ ਦਵਾਈ ਨਾ ਬਣਾਈ ਹੋਵੇ। ਹਿੱਕ ਠੋਕ ਕੇ ਉਸ ਦੀ ਗਰੰਟੀ ਦਿੰਦਾ ਰਿਹਾ। ਬਿੱਲੀ ਤਾਂ ਉਦੋਂ ਥੈਲਿਓ ਬਾਹਰ ਆਈ, ਜਦ ਬਾਲ ਕ੍ਰਿਸ਼ਨ ਨੂੰ ਦਿਲ ਦੀ ਬਿਮਾਰੀ ਖਾਤਰ ਐਲੋਪੈਥੀ ਦੀ ਦਵਾਈ ਦੀ ਵਰਤੋਂ ਕਰਨੀ ਪਈ ਅਤੇ ਪਤੰਜਲੀ ਤੋਂ ਬਾਹਰ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ। ਇਸ ਸੰਬੰਧ ਵਿੱਚ ਸੋਸ਼ਲ ਮੀਡੀਆ ’ਤੇ ਕਾਫ਼ੀ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉੱਤਰ ਤਸੱਲੀਬਖ਼ਸ਼ ਨਾ ਮਿਲੇ।
ਕਈ ਦਵਾਈਆਂ ਦੇ ਸੈਂਪਲ ਭਰੇ ਜਾਂਦੇ ਰਹੇ। ਬਹੁਤੇ ਸੈਂਪਲ ਮਿਆਰੀ ਨਾ ਨਿਕਲੇ। ਜੋ ਬਾਹਰ ਲਿਖਿਆ ਹੁੰਦਾ ਸੀ, ਉਹ ਦਵਾਈ ਵਿੱਚ ਨਹੀਂ ਸੀ ਹੁੰਦਾ। ਬਹੁਤ ਚਿਰ ਪਹਿਲਾਂ ਰੌਲਾ ਪੈ ਗਿਆ ਸੀ ਕਿ ਰਾਮਦੇਵ ਦੀਆਂ ਦਵਾਈਆਂ ਵਿੱਚ ਹੱਡੀਆਂ ਦਾ ਪਾਊਡਰ ਮਿਲਾਇਆ ਜਾਂਦਾ ਹੈ। ਦੇਸੀ ਗਾਂ ਦੇ ਘਿਓ ਬਾਰੇ ਵੀ ਇਹੀ ਚਰਚੇ ਹਨ ਕਿ ਜਿੰਨਾ ਗਊ ਦਾ ਘਿਓ ਇਹ ਤਿਆਰ ਕਰ ਰਿਹਾ ਹੈ, ਉੰਨੀਆਂ ਗਊਆਂ ਭਾਰਤ ਵਰਸ਼ ਵਿੱਚ ਹੈ ਹੀ ਨਹੀਂ। ਖਾਸ ਕਰਕੇ ਦੇਸੀ ਗਊਆ ਤਾਂ ਨਾ-ਮਾਤਰ ਹੀ ਹਨ। ਹੁਣ ਪਿੱਛੇ ਜਿਹੇ ਇੱਕ ਭਲੇਪੁਰਸ਼ ਨੇ ਇਸਦਾ ਪਰਦਾ ਫਾਸ਼ ਕਰਦਿਆਂ ਦੱਸਿਆ ਕਿ ਬਾਹਰਲੇ ਦੇਸ਼ਾਂ, ਖਾਸ ਕਰਕੇ ਡੈਨਮਾਰਕ ਆਦਿ ਤੋਂ ਜੋ ਮੱਖਣ ਆ ਰਿਹਾ ਹੈ, ਉਸ ਨੂੰ ਗਰਮ ਕਰਕੇ ਜਾਂ ਉਸ ਤੋਂ ਵਿਧੀ ਅਨੁਸਾਰ ਘਿਓ ਪ੍ਰਾਪਤ ਕਰਕੇ ਉਸ ਨੂੰ ਦੇਸੀ ਗਊ ਦਾ ਘਿਓ ਆਖ ਕੇ ਵੇਚਿਆ ਜਾਂਦਾ ਹੈ ਅਤੇ ਆਮ ਭੋਲੀ-ਭਾਲੀ ਜਨਤਾ ਨੂੰ ਲੁੱਟਿਆ ਜਾਂਦਾ ਹੈ। ਪਰ ਸਾਡੀ ਭਾਰਤੀ ਸਭਿਅਤਾ ਅਜਿਹੀ ਹੈ ਕਿ ਭਾਰਤੀ ਲੋਕ ਕਿਸੇ ਸਾਧ-ਸੰਤ ਜਾਂ ਬਾਬੇ ਖ਼ਿਲਾਫ਼ ਸਹੀ ਬੋਲਣ ਲੱਗਿਆਂ ਵੀ ਹਜ਼ਾਰ ਵਾਰ ਸੋਚਦੇ ਹਨ, ਜਿਸਦਾ ਫਾਇਦਾ ਅਜਿਹੇ ਸਾਧ ਉਠਾਉਂਦੇ ਰਹਿੰਦੇ ਹਨ।
ਲੋਕਾਂ ਨੂੰ ਹੱਥਾਂ ਦੇ ਆਪਸੀ ਨਹੁੰ ਰਗੜਣ ਲਾ ਦਿੱਤਾ ਕਿ ਅਜਿਹਾ ਕੀਤਿਆਂ ਤੁਹਾਡੇ ਸਰੀਰ ’ਤੇ ਉੱਗੇ ਵਾਲ ਸਦਾ ਕਾਲੇ ਰਹਿਣਗੇ, ਚਿੱਟੇ ਨਹੀਂ ਹੋਣਗੇ। ਸਮਾਂ ਬੜਾ ਬਲਵਾਨ ਹੁੰਦਾ ਹੈ, ਦੇਖਦਿਆਂ-ਦੇਖਦਿਆਂ ਬਾਬਾ ਆਪ ਚਿੱਟਾ ਹੋਣਾ ਸ਼ੁਰੂ ਹੋ ਗਿਆ ਅਤੇ ਹੌਲੀ-ਹੌਲੀ ਆਪ ਵਸਮਾ ਲਾਉਣਾ ਸ਼ੁਰੂ ਕਰ ਦਿੱਤਾ। ਮੂੰਹ ’ਤੇ ਭਾਵੇਂ ਕਿਸੇ ਨਹੀਂ ਕਿਹਾ ਹੋਣਾ, ਪਰ ਸੱਚ ਸਭ ਦੇ ਸਾਹਮਣੇ ਪ੍ਰਗਟ ਹੋ ਗਿਆ ਹੈ ਕਿ ਬਾਬਾ ਜੀ ਕਿੰਨੇ ਕੁ ਸੱਚੇ ਹਨ।
ਬਹੁਤਾ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆਂ ਅਜੇ ਦੋ-ਚਾਰ ਸਾਲ ਪਹਿਲਾ ਜਿੰਨਾ ਬਾਬੇ ਨੇ ਆਪਣੇ ਸਿਆਸੀ ਮਿੱਤਰ ਨਾਲ ਰਲ ਕੇ ਥੋਕ ਵਿੱਚ ਝੂਠ ਬੋਲ ਕੇ ਜਨਤਾ ਨੂੰ ਗੁਮਰਾਹ ਕੀਤਾ, ਜਿਸ ਝੂਠ ਮਗਰ ਲੱਗ ਕੇ ਲੋਕਾਂ ਨੇ ਇਸ ਕਰਕੇ ਵੋਟਾਂ ਨਾਲ ਉਸ ਸਿਆਸੀ ਮਿੱਤਰ ਲਈ ਵੋਟਾਂ ਦੇ ਡੱਬੇ ਭਰ ਦਿੱਤੇ, ਜਿਸ ਕਰਕੇ ਬਾਬੇ ਨੇ ਪੈਟਰੋਲ ਪੈਂਤੀ ਰੁਪਏ, ਗੈਸ ਸਲੰਡਰ ਚਾਰ ਸੌ ਰੁਪਏ ਕਰਨ, ਕਾਲਾ ਧਨ ਬਾਹਰੋਂ ਮੰਗਵਾ ਕੇ ਹਰ ਇੱਕ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਜਮ੍ਹਾਂ ਕਰਾਉਣਾ, ਆਪ ਜਾਮਨ ਬਣਿਆ ਸੀ, ਜਿਹੜਾ ਅੱਜ ਲੱਭਿਆਂ ਲੱਭਦਾ ਨਹੀਂ। ਜਿਹੜਾ ਅੱਜ ਉਪਰੋਕਤ ਵਿਸ਼ਿਆਂ ਬਾਰੇ ਪੁੱਛਿਆਂ ਲਾਜਵਾਬ ਹੋ ਚੁੱਕਾ ਹੈ। ਉਦੋਂ ਸ਼ਾਇਦ ਲੋਕਾਂ ਵਿੱਚ ਇਹ ਵਹਿਮ ਸੀ ਕਿ ਇੱਕ ਸਿਆਸੀ ਬੰਦਾ ਤਾਂ ਝੂਠ ਬੋਲ ਸਕਦਾ ਹੈ, ਪਰ ਇੱਕ ਭਗਵਾਂ ਸਾਧ ਅਜਿਹਾ ਨਹੀਂ ਕਰ ਸਕਦਾ।
ਸਿਆਣੇ ਕਹਿੰਦੇ ਹਨ ਕਿ ਚੋਰ ਚੋਰੀ ਤੋਂ ਤਾਂ ਜਾਏ, ਪਰ ਹੇਰਾਫੇਰੀ ਤੋਂ ਨਾ ਜਾਏ। ਇਹ ਅਖਾਣ, ਇਹ ਕਹਾਵਤ ਸਾਡੇ ਸਿਆਸੀ ਬਾਬੇ ’ਤੇ ਪੂਰੀ ਉੱਤਰਦੀ ਹੈ। ਅਚਾਨਕ ਆਪਣੇ ਲਾਮ-ਲਸ਼ਕਰ ਨਾਲ ਜਿਸ ਵਿੱਚ ਆਪਣੇ ਸਭ ਤਰ੍ਹਾਂ ਦੇ ਹਮਾਇਤੀ ਜੋੜ ਕੇ ਇੱਕ ਲੰਮੀ ਲਾਈਨ ਬਣਾ ਕੇ 23 ਜੂਨ ਨੂੰ ਇੱਕ ਵੱਡੀ ਪ੍ਰੈੱਸ ਕਾਨਫਰੰਸ ਲਾ ਕੇ ਬੜੇ ਉਤਸ਼ਾਹ ਨਾਲ ਇਹ ਐਲਾਨ ਕਰ ਦਿੱਤਾ ਕਿ ਪਤੰਜਲੀ ਨੇ ਇੱਕ ‘ਦਿਵਿਯ ਕਰੋਨਾ ਕਿੱਟ’ ਬਣਾ ਲਈ ਹੈ, ਜਿਹੜੀ ਕੋਰੋਨਾ ਦੇ ਮਰੀਜ਼ਾਂ ਨੂੰ ਠੀਕ ਕਰੇਗੀ, ਕਿਉਂਕਿ ਇਸ ਦਿਵਿਯ ਕੋਰੋਨਾ ਕਿੱਟ ਨੇ ਸਾਰੇ ਟੈਸਟ ਪਾਸ ਕਰ ਲਏ ਹਨ। ਹੁਣ ਘਬਰਾਉਣ ਦੀ ਲੋੜ ਨਹੀਂ। ‘ਮੈਂ ਹੂੰ ਨਾ’ ਇਹ ਕਹਿੰਦਿਆਂ ਸਿਆਸੀ ਬਾਬੇ ਨੇ ਕੋਰੋਨਾ ਸੰਬੰਧੀ ਆਪਣੀ ਦਵਾਈ ਲਾਂਚ ਕਰ ਦਿੱਤੀ।
ਉਪਰੋਕਤ ਬਿਆਨ ਦੀ ਅਜੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਭਾਰਤੀ ਵਿਗਿਆਨੀਆਂ, ਡਾਕਟਰਾਂ ਨਾਲ ਸੰਬੰਧਤ ਮਹਿਕਮਿਆਂ ਨੇ ਸਣੇ ਸਿਆਣੇ ਲੋਕਾਂ ਨੇ ਗੋਦੀ ਮੀਡੀਆਂ ਨੂੰ ਛੱਡ ਬਾਕੀ ਨਿਰਪੱਖ ਮੀਡੀਏ ਨੇ ਇਸਦਾ ਗੰਭੀਰ ਨੋਟਿਸ ਲੈਂਦਿਆਂ ਉਪਰੋਕਤ ਐਲਾਨ ਨੂੰ ਅਣਉਚਿਤ ਐਲਾਨਿਆ। ਉਹ ਸਭ ਸੰਬੰਧਤ ਸੰਸਥਾਵਾਂ ਵੀ ਮੁੱਕਰ ਗਈਆਂ ਜਿਨ੍ਹਾਂ ਤੋਂ ਪਾਸ ਕਰਾਉਣ ਲਈ ਸਿਆਸੀ ਬਾਬੇ ਨੇ ਉਨ੍ਹਾਂ ਦਾ ਸਪੈਸ਼ਲ ਨਾਂਅ ਲਿਆ ਸੀ। ਸ਼ੁਕਰ ਕਰੋ ਅਜਿਹਾ ਜਲਦੀ ਹੋ ਗਿਆ, ਅਗਰ ਨਾ ਹੁੰਦਾ ਬਾਬੇ ਨੇ ਦਵਾਈ ਧੜਾ-ਧੜ ਵੇਚ ਦੇਣੀ ਸੀ।
ਹੁਣ ਫਿਰ ਸਿਆਸੀ ਬਾਬੇ ਨੇ ਇੱਕ ਜੁਲਾਈ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਅਤੇ ਪਹਿਲੇ ਕੀਤੇ ਦਾਅਵੇ ਤੋਂ ਮੁਕਰਦਿਆਂ, ਯਾਨਿ ਯੂ ਟਰਨ ਲੈਂਦਿਆਂ ਕਿਹਾ ਕਿ ਮੇਰੀ ਬਣਾਈ ਗਈ ਦਵਾਈ ਨੂੰ ਮਨੁੱਖ ਦੇ ਸਰੀਰ ਦੀ ਇਮਿਊਨਿਟੀ ਵਧਾਉਣ ਲਈ ਬੂਸਟਰ ਦੇ ਰੂਪ ਵਿੱਚ ਇਸਦਾ ਇਸਤੇਮਾਲ ਕੀਤਾ ਜਾ ਸਕੇਗਾ। ਸਿਆਸੀ ਬਾਬੇ ਨੇ ਅੱਗੇ ਕਿਹਾ ਕਿ ਜਿਉਂ ਹੀ ਅਸੀਂ ਆਪਣੀ ਦਵਾਈ ਲਾਂਚ ਕੀਤੀ, ਸਾਡੀ ਇਸ ਰਿਸਰਚ ਨਾਲ ਐੱਮ ਐੱਨ ਸੀ ਅਤੇ ਡਰੱਗ ਮਾਫ਼ੀਆ ਦੀਆਂ ਚੂਲਾਂ ਢਿੱਲੀਆਂ ਹੋ ਗਈਆਂ। ਸਿਆਸੀ ਬਾਬੇ ਨੇ ਇਸ ਦਵਾਈ ਨੂੰ ਚੈਲਿੰਜ ਕਰਨ ਵਾਲੇ ਬੁੱਧੀਜੀਵੀਆਂ, ਸਾਇੰਸਦਾਨਾਂ ਅਤੇ ਡਾਕਟਰਾਂ ਨੂੰ ਸਮੇਤ ਨਿਰਪੱਖ ਮੀਡੀਆ ਦੇ ਡਰੱਗ ਮਾਫੀਆ ਤਕ ਆਖ ਦਿੱਤਾ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਆਯੁਰਵੈਦ ਨਾਲ ਗਲਤ ਦਵਾਈ ਬਣਾਉਣ ਵਾਲੇ ਇਸ ਪ੍ਰਣਾਲੀ ਨੂੰ ਬਦਨਾਮ ਕਰ ਰਹੇ ਹਨ ਜਾਂ ਇਸ ਗਲਤ ਦਵਾਈ ਨੂੰ ਚੈਲਿੰਜ ਕਰਨ ਵਾਲੇ? ਬਾਬੇ ਦੀ ਸਿਆਸੀ ਪਿੱਠ ਭੂਮੀ ਵਾਲੇ ਅਜੇ ਤਕ ਮੂਰਛਤ ਹਨ। ਬਾਬੇ ਨੇ ਇਹ ਜਾਣਦਿਆਂ ਹੋਇਆਂ ਆਪਣੀ ਦਵਾਈ ਲਾਂਚ ਕੀਤੀ ਸੀ ਕਿ ਸੰਸਾਰ ਵਿੱਚ ਕੋਰੋਨਾ ਦੀ ਹਾਹਾਕਾਰ ਕਰਕੇ ਆਮ ਜਨਤਾ ਇਸ ਬਿਮਾਰੀ ਤੋਂ ਅਤੀ ਭੈ-ਭੀਤ ਹੋ ਚੁੱਕੀ ਹੈ, ਇਸ ਕਰਕੇ ਉਹ ਡਰਦੀ ਮਾਰੀ ਅੱਕ ਚੱਬ ਲਵੇਗੀ। ਖੈਰ, ਅਜੇ ਤਕ ਖੈਰ ਨਹੀਂ ਪਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2242)
(ਸਰੋਕਾਰ ਨਾਲ ਸੰਪਰਕ ਲਈ: