“ਵਿਨੇਸ਼ ਫੋਗਾਟ ਨੇ ਹਾਰ ਕਦੇ ਨਾ ਮੰਨੀ ਸੀ ਨਾ ਹੀ ਕਦੇ ਦੇਖੀ ਸੀ। ਹੁਣ ਵੀ ਪੈਰਿਸ ਉਲੰਪਿਕ ਖੇਡਾਂ ਵਿੱਚ ...”
(12 ਅਗਸਤ 2024)
ਵੀਹ ਸੌ ਚੌਵੀ ਦੀਆਂ ਉਲੰਪਿਕ ਖੇਡਾਂ ਅੱਜਕੱਲ੍ਹ ਪੈਰਿਸ ਵਿਖੇ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਬਾਕੀ ਸੰਸਾਰ ਤੋਂ ਇਲਾਵਾ ਭਾਰਤੀ ਖਿਡਾਰੀ ਵੀ ਆਪਣਾ ਜਲਵਾ ਦਿਖਾਉਣ ਲਈ ਪਹੁੰਚੇ ਹੋਏ ਹਨ। ਇਨ੍ਹਾਂ ਵਿੱਚ ਪੰਜਾਬ ਵਿੱਚੋਂ ਨਿਕਲੇ ਸੂਬੇ, ਸਮੇਤ ਪੰਜਾਬ ਦੇ ਹੋਣਹਾਰ ਖਿਡਾਰੀ ਵੀ ਸ਼ਾਮਲ ਹਨ। ਜਿਵੇਂ ਸਭ ਭਾਰਤੀ ਜਾਣਦੇ ਹਨ ਕਿ ਪੰਜਾਬ ਦਾ ਛੋਟਾ ਭਰਾ ਹਰਿਆਣਾ ਸੂਬਾ ਪਹਿਲਵਾਨੀ ਵਿੱਚ ਬਾਕੀ ਸੂਬਿਆਂ ਤੋਂ ਅੱਗੇ ਹੈ। ਇਹ ਅਲੱਗ ਗੱਲ ਹੈ ਕਿ ਬਾਕੀ ਖੇਡਾਂ ਵਿੱਚ ਪੰਜਾਬ ਵੀ ਬੜੀਆਂ ਜਿੱਤਾਂ ਵੱਲ ਵਧ ਰਿਹਾ ਹੈ। ਕੁੱਲ ਮਿਲਾ ਕੇ ਭਾਰਤ ਅਜਿਹੀਆਂ ਗੇਮਾਂ ਵਿੱਚ ਦਿਨੋ-ਦਿਨ ਆਪਣਾ ਹਿੱਸਾ ਵਧਾ ਰਿਹਾ ਹੈ।
ਅਜੋਕੀਆਂ ਸਮੁੱਚੀਆਂ ਖੇਡਾਂ (ਪੈਰਿਸ ਉਲੰਪਿਕ) ਵਿੱਚ ਜਿਹੜਾ ਧਿਆਨ ਪਹਿਲਵਾਨੀ ਵਿੱਚ ਭਾਰਤੀ ਬੇਟੀ ਨੇ ਖਿੱਚਿਆ ਹੈ, ਉਸ ’ਤੇ ਤਰ੍ਹਾਂ-ਤਰ੍ਹਾਂ ਦੀਆਂ ਸਭ ਪਾਸਿਉਂ ਚਿੰਤਾਵਾਂ ਅਤੇ ਟਿੱਪਣੀਆਂ ਦੀ ਹਨੇਰੀ ਆਈ ਹੋਈ ਹੈ। ਉਹ ਘਟਨਾ ਹਰਿਆਣਵੀ ਬੇਟੀ ਵਿਨੇਸ਼ ਫੋਗਾਟ ਨਾਲ ਪੈਰਿਸ ਉਲੰਪਿਕ ਖੇਡਾਂ ਦੌਰਾਨ ਵਾਪਰੀ ਹੈ, ਜਿਸ ਘਟਨਾ ਨੇ ਸਭ ਭਾਰਤੀਆਂ ਨੂੰ ਇਕਦਮ ਹੈਰਾਨ ਪ੍ਰੇਸ਼ਾਨ ਕਰ ਰੱਖਿਆ ਹੈ। ਇਸ ’ਤੇ ਅੱਜਕੱਲ੍ਹ ਹਮਦਰਦੀ ਦੇ ਰੂਪ ਵਿੱਚ ਵੱਖ-ਵੱਖ ਟਿੱਪਣੀਆਂ ਹੋ ਰਹੀਆਂ ਹਨ।
ਬੇਟੀ ਵਿਨੇਸ਼ ਫੋਗਾਟ, ਜਿਸ ਨੂੰ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚਾਚਾ ਜੀ ਨੇ ਇਸ ਬਾਬਤ ਧਰਮ ਨਿਭਾਇਆ। ਬੇਟੀ ਖੇਡਦੀ-ਖੇਡਦੀ ਅੱਜ ਉਨੱਤੀ ਸਾਲ ਦੀ ਹੋ ਚੁੱਕੀ ਹੈ, ਜਿਸ ਨੇ ਆਪਣੇ ਭਾਰ ਦੇ ਬਰਾਬਰ ਵੱਖ-ਵੱਖ ਸਮੇਂ ਵੱਖ-ਵੱਖ ਦੇਸ਼ਾਂ ਵੱਲੋਂ ਗੇਮਾਂ ਵਿੱਚ ਹਿੱਸਾ ਲੈ ਕੇ ਅਣਗਿਣਤ ਤਮਗੇ ਜਿੱਤੇ ਹਨ। ਇਨ੍ਹਾਂ ਵਿੱਚ ਚਾਂਦੀ, ਕਾਂਸੀ ਅਤੇ ਸੋਨੇ ਦੇ ਹਨ। ਵਿਨੇਸ਼ ਫੋਗਾਟ ਨੇ ਹਾਰ ਕਦੇ ਨਾ ਮੰਨੀ ਸੀ ਨਾ ਹੀ ਕਦੇ ਦੇਖੀ ਸੀ। ਹੁਣ ਵੀ ਪੈਰਿਸ ਉਲੰਪਿਕ ਖੇਡਾਂ ਵਿੱਚ ਭਲਵਾਨੀ ਵਿੱਚ ਉਹ ਸੋਨੇ ਦੇ ਤਮਗੇ ਦੇ ਬਿਲਕੁਲ ਨੇੜੇ ਸੀ। ਕਾਰਨ, ਜਿਸ ਤਰ੍ਹਾਂ ਵਿਨੇਸ਼ ਫੋਗਾਟ ਨੇ ਸੈਮੀਫਾਈਨਲ ਵਿੱਚ ਆਪਣੀ ਵਿਰੋਧੀ ਨੂੰ ਪਿਛਲੇ ਮਿੰਟਾਂ ਵਿੱਚ ਹਰਾ ਕੇ ਉਸ ਪਹਿਲਵਾਨ ਲੇਡੀ ਤੋਂ ਜਿੱਤੀ, ਜਿਸ ਨੇ ਵੀ ਕਦੇ ਹਾਰ ਨਹੀਂ ਸੀ ਦੇਖੀ। ਉਹ ਤਕਰੀਬਨ ਬਿਆਸੀ (82) ਵਾਰ ਜਿੱਤਦੀ ਆਈ ਸੀ। ਪਰ ਇਸ ਨੂੰ ਤੁਸੀਂ ਕੀ ਕਹਿ ਸਕਦੇ ਹੋ ਚੌਰੰਜਾ ਕਿਲੋ ਭਾਰ ਵਿੱਚ ਖੇਡਦੀ-ਖੇਡਦੀ ਆਪਣਾ ਭਾਰ ਘਟਾ ਕੇ ਪੰਜਾਹ ਕਿਲੋ ਵਿੱਚ ਸੈਮੀਫਾਈਨਲ ਜਿੱਤ ਗਈ। ਪਰ ਜਦੋਂ ਫਾਈਨਲ ਵਿੱਚ ਖੇਡਣ ਵਾਸਤੇ ਭਾਰ ਜੋਖਿਆ ਗਿਆ ਤਾਂ ਉਹ ਪੰਜਾਹ ਕਿਲੋ ਸੌ ਗ੍ਰਾਮ ਨਿਕਲਿਆ। ਇਹ ਸਭ ਵਿਨੇਸ਼ ਫੋਗਾਟ ਖਿਡਾਰਨ ਤੋਂ ਇਲਾਵਾ ਬਾਕੀ ਨਾਲ ਗਏ ਸਟਾਫ ਮੈਂਬਰਾਂ ਦੇ ਧਿਆਨ ਵਿੱਚ ਸੀ, ਜਿਸ ਕਰਕੇ ਹਰਿਆਣਵੀ ਬੇਟੀ ਫਾਈਨਲ ਖੇਡਣ ਤੋਂ ਪਹਿਲੀ ਰਾਤ, ਹਰ ਤਰੀਕੇ ਨਾਲ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰਦੀ ਰਹੀ, ਭਾਰੀ ਕਸਰਤ ਤੋਂ ਇਲਾਵਾ ਇੱਥੋਂ ਤਕ ਉਸ ਨੇ ਆਪਣੇ ਨੌਹਾਂ ਸਮੇਤ ਕੁਝ ਵਾਲ ਵੀ ਕਟਾ ਦਿੱਤੇ, ਆਪਣਾ ਖ਼ੂਨ ਵੀ ਕਢਾਇਆ। ਜਾਣਕਾਰ ਸੂਤਰ ਦੱਸਦੇ ਹਨ ਕਿ ਬਹੁਤ ਵਾਰ ਭਾਰ ਘਟਦਾ-ਘਟਦਾ ਇੱਕ ਸਟੇਜ ’ਤੇ ਆਣ ਕੇ ਰੁਕ ਜਾਂਦਾ ਹੈ। ਹਰਿਆਣਵੀ ਬੇਟੀ ਨਾਲ ਵੀ ਅਜਿਹਾ ਹੀ ਹੋਇਆ। ਵਿਨੇਸ਼ ਫੋਗਾਟ ਤੇ ਉਸ ਦੀ ਟੀਮ ਸਮੁੱਚੇ ਸਿਰ ਦੇ ਵਾਲ ਕੱਟਣ ਲਈ ਉਸਤਰਾ ਫੇਰਨ ਲਈ ਵੀ ਤਿਆਰ ਸਨ, ਪਰ ਵਾਲਾਂ ਦਾ ਭਾਰ ਬਹੁਤ ਘੱਟ ਹੋਣ ਕਰਕੇ ਅਜਿਹਾ ਨਹੀਂ ਹੋ ਸਕਿਆ।
ਸੌ ਗ੍ਰਾਮ ਕਰਕੇ ਉਸ ਨੂੰ ਉਲੰਪਿਕ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ। ਬਾਅਦ ਵਿੱਚ ਵੱਖ-ਵੱਖ ਪਾਰਟੀਆਂ ਅਤੇ ਸਰਕਾਰ ਵੱਲੋਂ ਅਤੇ ਦੇਸ਼ ਦੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਵੱਖ-ਵੱਖ ਬਿਆਨ ਦੇ ਕੇ ਆਪੋ-ਆਪਣੀ ਹਮਦਰਦੀ ਪ੍ਰਗਟਾਈ ਗਈ। ਕਈਆਂ ਨੇ ਇਸ ਪਿੱਛੇ ਕੋਈ ਸਾਜ਼ਿਸ਼ ਦੱਸੀ, ਪਰ ਅਸੀਂ ਕਿਸੇ ਸਾਜ਼ਿਸ਼ ਨੂੰ ਨਹੀਂ ਮੰਨਦੇ। ਇੱਡੀ ਵੱਡੀ ਸੰਸਥਾ ਅਜਿਹਾ ਕੰਮ ਕਿਵੇਂ ਕਰ ਸਕਦੀ ਹੈ। ਵੱਡੇ-ਵੱਡੇ ਖਿਡਾਰੀਆਂ, ਇੱਥੋਂ ਤਕ ਵਿਨੇਸ਼ ਫੋਗਾਟ ਦੀ ਭੈਣ ਤੇ ਚਾਚੇ ਨੇ ਇੱਕ ਇੰਟਰਵਿਊ ਵਿੱਚ ਕਿਸੇ ਅਜਿਹੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਉਂਝ ਮੌਜੂਦਾ ਕੇਂਦਰੀ ਸਰਕਾਰ ਨੇ ਵੀ ਆਪਣਾ ਬਣਦਾ ਫਰਜ਼ ਪੂਰਾ ਨਹੀਂ ਕੀਤਾ। ਉਲਟ ਪਾਰਲੀਮੈਂਟ ਵਿੱਚ ਖੇਡ ਮੰਤਰੀ ਨੇ ਇੱਕ ਛੋਟੀ ਜਿਹੀ ਗੱਲ ਕਰਕੇ ਆਪਣੀ ਪੁਜ਼ੀਸ਼ਨ ਹਾਸੋਹੀਣੀ ਬਣਾਈ ਕਿ ਅਸੀਂ ਵਿਨੇਸ਼ ਫੋਗਾਟ ’ਤੇ ਅੱਜ ਤਕ ਸੱਤਰ ਲੱਖ ਤੋਂ ਵੱਧ ਖ਼ਰਚ ਚੁੱਕੇ ਹਾਂ। ਇੰਨਾ ਖਰਚਾ ਤਾਂ ਵਜ਼ੀਰ ਛੋਟੇ-ਛੋਟੇ ਹਵਾਈ ਯਾਤਰਾ ਕਰਕੇ ਆਮ ਫਜ਼ੂਲ-ਖਰਚੀ ਕਰਦੇ ਰਹਿੰਦੇ ਹਨ। ਉਲੰਪਿਕ ਖੇਡਾਂ ਦੌਰਾਨ ਅਸੂਲਾਂ ਮੁਤਾਬਕ ਹਰ ਖਿਡਾਰੀ ਨੂੰ ਆਪਣਾ ਭਾਰ ਜੋਖਣ ਵਾਸਤੇ ਪੰਦਰਾਂ ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਖਿਡਾਰੀ ਜਦੋਂ ਚਾਹੇ ਜਿੰਨੀ ਵਾਰੀ ਮਰਜ਼ੀ ਚਾਹੇ ਮਿਥੇ ਸਮੇਂ ਵਿੱਚ ਆਪਣਾ ਭਾਰ ਜੋਖ ਸਕਦਾ ਹੈ, ਕੋਈ ਮਨਾਹੀ ਨਹੀਂ। ਬਾਕੀ ਗੱਲ ਰਹੀ ਸਾਜ਼ਿਸ਼ ਦੀ, ਕੋਈ ਸਾਥੀ, ਹਮਦਰਦ ਜਿਹੜੇ ਨਾਲ ਹੁੰਦੇ ਹਨ, ਕਿਸੇ ਨੂੰ ਕੁਝ ਖੁਆ ਨਹੀਂ ਸਕਦੇ, ਨਾ ਹੀ ਮਜਬੂਰ ਕਰ ਸਕਦੇ ਹਨ। ਹਮਦਰਦ, ਹਮਦਰਦੀ ਦਿਖਾਉਣ ਵਾਸਤੇ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ। ਚੋਟੀ ਦੇ ਕੋਚ ਅਤੇ ਖਿਡਾਰੀ ਦੱਸਦੇ ਹਨ ਕਿ ਅਜਿਹੇ ਸਮੇਂ ਤਾਂ ਖਿਡਾਰੀ ਦੰਦਾਂ ਨੂੰ ਬਰੱਸ਼ ਕਰਨ ਵੇਲੇ ਵੀ ਅਜਿਹਾ ਖਿਆਲ ਰੱਖਦੇ ਹਨ ਕਿ ਕਿਤੇ ਕਰੂਲੀ ਕਰਦੇ ਸਮੇਂ ਪਾਣੀ ਦਾ ਘੁੱਟ ਪੇਟ ਅੰਦਰ ਪ੍ਰਵੇਸ਼ ਨਾ ਹੋ ਜਾਵੇ।
ਉਂਜ ਅਜਿਹੇ ਵਕਤ ਸਭ ਨੂੰ ਖਿਡਾਰੀ ਨਾਲ ਹਮਦਰਦੀ ਹੋਣੀ ਸੁਭਾਵਿਕ ਹੁੰਦੀ ਹੈ। ਕਾਰਨ, ਹਰ ਖਿਡਾਰੀ ਸਮੁੱਚੇ ਦੇਸ਼ ਲਈ ਖੇਡ ਰਿਹਾ ਹੁੰਦਾ ਹੈ। ਤਮਗਾ ਜਿੱਤਣ ਤੋਂ ਬਾਅਦ ਉਹ ਖਿਡਾਰੀ ਜਿੱਥੇ ਆਪਣੇ ਲਈ ਖੁਸ਼ੀ ਪ੍ਰਾਪਤ ਕਰਦਾ ਹੈ, ਉੱਥੇ ਸਮੁੱਚੇ ਦੇਸ਼ ਦਾ ਨਾਂਅ ਉੱਚਾ ਕਰਦਾ ਹੈ। ਆਪਣੇ ਸੂਬੇ, ਆਪਣੇ ਪਿੰਡ ਅਤੇ ਆਪਣੇ ਮਾਂ-ਬਾਪ ਸਮੇਤ ਆਪਣੇ ਕੋਚ ਦਾ ਨਾਂਅ ਉੱਚਾ ਕਰਦਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਵੱਖ-ਵੱਖ ਨੇਤਾਵਾਂ ਨੇ ਵਿਨੇਸ਼ ਫੋਗਾਟ ਨਾਲ ਹਮਦਰਦੀ ਪ੍ਰਗਟਾ ਕੇ ਬੇਟੀ ਨੂੰ ਹੌਸਲਾ ਦਿੱਤਾ ਹੈ। ਪਰ ਸੌ ਗ੍ਰਾਮ ਭਾਰ ਦੀ ਖੇਡ ਨੇ ਬੇਟੀ ਨੂੰ ਅੰਦਰੋਂ ਤੋੜ ਦਿੱਤਾ ਹੈ, ਜਿਸ ਨੇ ਸੈਮੀਫਾਈਨਲ ਜਿੱਤਣ ਕਰਕੇ ਚਾਂਦੀ ਤਮਗੇ ਦੀ ਮੰਗ ਕੀਤੀ ਸੀ, ਜੋ ਉਲੰਪਿਕ ਅਸੂਲਾਂ ਮੁਤਾਬਕ ਨਹੀਂ ਮੰਨੀ ਗਈ। ਉਸ ਨੇ ਮਾਂ ਨੂੰ ਸੰਬੋਧਨ ਹੁੰਦਿਆਂ ਆਪਣਾ ਦੁੱਖ ਰੋਇਆ ਹੈ ਕਿ ਮਾਂ ਕੁਸ਼ਤੀ ਜਿੱਤ ਗਈ ਹੈ, ਮੈਂ ਹਾਰ ਗਈ ਹਾਂ। ਬੇਟੀ ਨੇ ਭਾਵੁਕ ਹੋ ਕੇ ਇਸ ਗੇਮ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ ਹੈ। ਉਸ ਨੇ ਕਿਹਾ ਕਿ ਮੈਂ ਆਪਣੀ ਉਮਰ ਮੁਤਾਬਕ ਆਪਣੀ ਸਾਰੀ ਦੀ ਸਾਰੀ ਸ਼ਕਤੀ ਝੋਕ ਦਿੱਤੀ ਹੈ। ਮੈਂ ਕਦੇ ਵੀ ਇਸ ਤੋਂ ਵੱਧ ਨਹੀਂ ਕਰ ਸਕਦੀ। ਇਸ ਕਰਕੇ ਹਮਦਰਦੀ ਵੀ ਨਿਰਾਸ਼ ਹੋਏ ਹਨ। ਪਰਿਵਾਰ, ਪਿੰਡ ਸਮੇਤ ਸਭ ਅਜਿਹੇ ਐਲਾਨ ਤੋਂ ਨਿਰਾਸ਼ਾ ਦੇ ਆਲਮ ਵਿੱਚ ਹਨ। ਇਹ ਅਲੱਗ ਗੱਲ ਹੈ ਕਿ ਉਨ੍ਹਾਂ ਦੇ ਚਾਚਾ ਜੀ ਅਤੇ ਹਮਦਰਦ ਨੇੜੂਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਜ਼ਿੰਮਾ ਲਿਆ ਹੈ। ਸਭ ਨੇ ਦੇਖਿਆ ਪਿਛਲੇ ਸਮੇਂ ਖਿਡਾਰੀਆਂ ਨਾਲ ਦਿੱਲੀ ਧਰਨੇ ਦੌਰਾਨ ਭਾਜਪਾ ਆਗੂਆਂ ਸਮੇਤ ਭਲਵਾਨਾਂ ਨਾਲ ਕੀ ਕੁਝ ਨਹੀਂ ਹੋਇਆ। ਤਰ੍ਹਾਂ-ਤਰ੍ਹਾਂ ਦੀਆਂ ਪਹਿਲਵਾਨ ਧੀਆਂ ਨੂੰ ਗੱਲਾਂ ਸੁਣਨੀਆਂ ਪਈਆਂ। ਲੰਮਾ ਧਰਨਾ ਦੇਣ ਦੇ ਬਾਵਜੂਦ ਉਨ੍ਹਾਂ ਦੀ ਸ਼ਿਕਾਇਤ ਦੇ ਅਧਾਰ ’ਤੇ ਕੋਈ ਐੱਫ ਆਈ ਆਰ ਸੰਬੰਧਤ ਭਾਜਪਾ ਆਗੂ ਖਿਲਾਫ਼ ਦਰਜ ਨਹੀਂ ਹੋਈ। ਅਗਰ ਹੋਈ ਤਾਂ ਉਹ ਉੱਪਰਲੀ ਅਦਾਲਤ ਦੇ ਕਹਿਣ ’ਤੇ ਹੋਈ ਹੈ। ਅੱਜ ਤਕ ਸੰਬੰਧਤ ਮੁਦਈਆਂ ਅਤੇ ਗਵਾਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ਵਾਤਾਵਰਣ ਵਿੱਚੋਂ ਨਿਕਲ ਕੇ ਬੇਟੀ ਵਿਨੇਸ਼ ਫੋਗਾਟ ਵਰਗੀਆਂ ਧੀਆਂ ਸੋਨੇ ਦੇ ਤਮਗਿਆਂ ਨੂੰ ਉਲੰਪਿਕ ਖੇਡਾਂ ਵਿੱਚ ਹੱਥ ਪਾਉਣ ਲਈ ਜੇ ਪਹੁੰਚੀਆਂ ਹਨ, ਇਹ ਉਨ੍ਹਾਂ ਦਾ ਹੌਸਲਾ ਹੀ ਹੈ ਕਿ ਉਹ ਸਭ ਕੁਝ ਮਾੜਾ ਬੀਤਣ ਦੇ ਬਾਅਦ ਸਿਖਰ ਤਕ ਪਹੁੰਚੀਆਂ ਅਤੇ ਪਹੁੰਚੇ ਹਨ, ਜਿਸ ਕਰਕੇ ਸਭ ਖਿਡਾਰੀ ਵਧਾਈ ਦੇ ਹੱਕਦਾਰ ਹਨ।
ਅੱਜ ਦੇ ਦਿਨ ਸਭ ਤੋਂ ਚੰਗੀ ਕੋਸ਼ਿਸ਼ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੀ ਹੈ। ਉਨ੍ਹਾਂ ਹੌਸਲਾ ਦਿੰਦਿਆਂ ਆਖਿਆ ਹੈ ਕਿ ਸੌ ਗ੍ਰਾਮ ਵੱਧ ਭਾਰ, ਜਿਸ ਕਰਕੇ ਉਹ ਜਿੱਤ ਕੇ ਹਾਰੀ ਹੈ, ਅਸੀਂ ਉਸ ਦਾ ਸਵਾਗਤ ਜੇਤੂਆਂ ਵਾਂਗ ਕਰਾਂਗੇ ਅਤੇ ਬਣਦੀਆਂ ਸਹੂਲਤਾਂ ਉਸ ਦੀ ਝੋਲੀ ਪਾਵਾਂਗੇ। ਭਾਵੇਂ ਇਹ ਸਭ ਚੋਣਾਂ ਕਰਕੇ ਹੋਇਆ ਹੈ, ਬਾਵਜੂਦ ਇਸਦੇ ਅਜਿਹੇ ਐਲਾਨ ਦਾ ਸਵਾਗਤ ਕਰਨਾ ਬਣਦਾ ਹੈ। ਨਾਲ ਹੀ ਅਸੀਂ ਪ੍ਰਿੰਸੀਪਲ ਸਰਵਣ ਸਿੰਘ, ਜੋ ਖੇਡਾਂ ਵਿੱਚ ਸਮੇਂ-ਸਮੇਂ ਆਪਣਾ ਯੋਗਦਾਨ ਪਾਉਂਦੇ ਰਹੇ, ਉਨ੍ਹਾਂ ਵੀ ਭਾਰਤੀ ਧੀ ਦੀ ਹੌਸਲਾ-ਅਫਜ਼ਾਈ ਲਈ ਆਪਣਾ ਗੋਲਡ ਮੈਡਲ ਦੇਣ ਦਾ ਐਲਾਨ ਕਰਕੇ ਚੰਗੀ ਪਿਰਤ ਪਾਈ ਹੈ।
ਆਖਰ, ਜੋ ਇਸ ਧੀ ਨੇ ਆਪਣੇ ਬਣਦੇ ਹੱਕ ਲਈ ਓਲੰਪਿਕ ਖੇਡਾਂ ਦੀ ਸਿਖਰਲੀ ਕਮੇਟੀ ਅੱਗੇ ਅਪੀਲ ਕੀਤੀ ਹੈ, ਇਸ ਵਿੱਚ ਵਿਦਵਾਨ ਵਕੀਲ ਸ੍ਰੀ ਹਰੀਸ਼ ਸਾਲਵੇ ਨੇ ਤਰਕ ਦਿੱਤਾ ਹੈ ਅਤੇ-ਪੱਖੀ ਨਤੀਜੇ ਦੀ ਉਮੀਦ ਜਤਾਈ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5208)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: