“ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਭਾਰਤ ਦਾ ਵਿਕਾਊ ਗੋਦੀ ਮੀਡੀਆ ਰਾਣੇ ਦੋਸ਼ੀ ਦੀ ...”
(15 ਅਗਸਤ 2025)
ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਰਾਜ ਕਰਦੀ ਭਾਜਪਾ ਦੀ ਕੇਂਦਰ ਸਰਕਾਰ ਆਪਣੀ ਝੂਠੀ ਮੈਂਬਰਸ਼ਿੱਪ ਦੇ ਸਹਾਰੇ ਦੇਸ਼ ਵਿੱਚ ਵੱਖ-ਵੱਖ ਸਮੇਂ ਵੱਖ-ਵੱਖ ਘਟਨਾਵਾਂ ਸੰਬੰਧੀ ਕੁਫ਼ਰ ਤੋਲਦੀ ਰਹਿੰਦੀ ਹੈ। ਅਗਰ ਝੂਠ ਬਾਬਤ ਕੋਈ ਗਵਾਹੀ ਜਿਊਂਦੀ-ਜਾਗਦੀ ਨਾ ਹੋਵੇ ਤਾਂ ਇਹ ਝੂਠ ਦਾ ਅਜਿਹਾ ਬਤੰਗੜ ਬਣਾ ਦੇਵੇ, ਜਿਸ ਨੂੰ ਅੰਧ ਭਗਤ ਰਾਤ ਨੂੰ ਦਿਨ ਅਤੇ ਦਿਨ ਨੂੰ ਰਾਤ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਰਨਗੇ। ਸ਼ੁਕਰ ਕਰੋ, ਅਜੇ ਤਕ ਅਜ਼ਾਦੀ ਦੇ ਘੁਲਾਟੀਏ ਟਾਵੇਂ-ਟਾਵੇਂ ਜਿਊਂਦੇ-ਜਾਗਦੇ ਹਨ। ਅਜ਼ਾਦੀ ਬਾਬਤ ਪੂਰਾ-ਪੂਰਾ ਸੱਚ ਕਿਤਾਬਾਂ ਵਿੱਚ ਅਜੇ ਪਿਆ। ਅਜਿਹੇ ਇਤਿਹਾਸ ਨੂੰ ਬਦਲਣ ਲਈ ਭਾਜਪਾ ਪੱਬਾਂ-ਭਾਰ ਹੋਈ ਪਈ ਹੈ।
ਪਾਠਕ ਜ਼ਰਾ ਧਿਆਨ ਦੇਣ, ਜੋ ਸਾਡੀ ਗਲਤੀ ਨੂੰ ਦਰੁਸਤ ਕਰਨ ਦਾ ਅਧਿਕਾਰ ਰੱਖਦੇ ਹਨ। ਪਹਿਲੀ ਗੱਲ ਜੋ ਤਹੱਵੁਰ ਰਾਣਾ ਨੂੰ ਭਾਰਤ ਲਿਆਉਣ ਬਾਰੇ ਸੱਚ ਇਹ ਹੈ ਕਿ ਉਸ ਦੀ ਹਵਾਲਗੀ ਦੀ ਮੰਗ ਪੁਰਾਣੀ ਅਤੇ ਕਾਂਗਰਸ ਸਰਕਾਰ ਵੇਲੇ ਦੀ ਹੈ। ਮਨਮੋਹਣ ਸਰਕਾਰ ਵੀ ਅਮਰੀਕਾ ਸਰਕਾਰ ਨਾਲ ਚੰਗੇ ਸੰਬੰਧਾਂ ਦੀ ਮਾਲਕ ਸੀ। ਇਹ ਅਲੱਗ ਗੱਲ ਹੈ ਕਿ ਉਸ ਹਵਾਲਗੀ ਮੰਗ ਨੂੰ ਜਦੋਂ ਬੂਰ ਪਿਆ, ਉਸ ਵਕਤ ਮੋਦੀ ਸਰਕਾਰ ਦਾ ਰਾਜ ਹੈ। ਠੀਕ ਇਸੇ ਤਰ੍ਹਾਂ ਮੁੱਖ ਤੌਰ ’ਤੇ ਕਾਂਗਰਸੀਆਂ ਨੇ ਅੱਗੇ ਹੋ ਕੇ ਬਾਕੀਆਂ ਨੂੰ ਨਾਲ ਲੈ ਕੇ ਗਾਂਧੀ, ਪਟੇਲ, ਨਹਿਰੂ ਅਤੇ ਫਾਂਸੀ ਦਾ ਰੱਸਾ ਚੁੰਮਣ ਵਾਲਿਆਂ ਕਰਕੇ ਭਾਰਤ ਆਪਣੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਿੱਚ ਕਾਮਯਾਬ ਹੋਇਆ, ਜਿਸ ਕਰਕੇ ਰਾਜ ਕਰਦੀ ਭਾਜਪਾ ਨੂੰ ਸਮੁੱਚੀ ਤਰੱਕੀ ਅਤੇ ਅਜ਼ਾਦੀ ਵਿਰਸੇ ਵਿੱਚ ਹੀ ਮਿਲੀ। ਅਜ਼ਾਦੀ ਤੋਂ ਬਾਅਦ ਜਨਮ ਲੈਣ ਵਾਲੀ ਪਾਰਟੀ ਅਜ਼ਾਦੀ ਦਾ ਠੀਕ-ਠੀਕ ਮੁੱਲ ਕਿਵੇਂ ਪਾ ਸਕਦੀ ਹੈ? ਇਸ ਘਾਟ ਕਰਕੇ ਹੀ ਭਾਜਪਾ ਹਰ ਸਮੇਂ ਹਰ ਗੱਲ ’ਤੇ ਕਾਂਗਰਸ ਨੂੰ ਮਿਹਣਾ ਦੇਣ ਵਿੱਚ ਪਹਿਲ ਕਰਦੀ ਹੈ। ਇਸੇ ਕਰਕੇ ਸ੍ਰੀ ਪਿਊਸ਼ ਗੋਇਲ ਨੇ ਤਹੱਵੁਰ ਰਾਣਾ ਦੀ ਹਵਾਲਗੀ ਨੂੰ ਝੱਟ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਮੋਦੀ ਜੀ ਦੀ ਪ੍ਰਾਪਤੀ ਦੱਸਿਆ। ਹੁਣ ਅਗਲਾ ਸਵਾਲ ਆਪਣੇ ਆਪ ਤੁਹਾਡੇ ਸਾਹਮਣੇ ਆ ਖੜ੍ਹਾ ਹੁੰਦਾ ਹੈ ਕਿ ਅਗਰ ਮੋਦੀ ਜੀ ਦੀ ਇੰਨੀ ਚੱਲਦੀ ਹੈ, ਮੋਦੀ ਜੀ ਵਾਕਿਆ ਹੀ ਇੰਨੇ ਕਾਬਲ ਹਨ ਤਾਂ ਫਿਰ ਮੋਦੀ ਦੇ ਬੈਂਕ ਚੋਰ ਬਾਹਰਲੇ ਦੇਸ਼ਾਂ ਵਿੱਚ ਕਿਉਂ ਘੁੰਮ-ਫਿਰ ਰਹੇ ਹਨ?
ਕੀ ਕਿਸੇ ਤਰ੍ਹਾਂ ਜਿਸ ਇੰਦਰਾ ਗਾਂਧੀ ਨੇ 1971 ਵਿੱਚ ਪਾਕਿਸਤਾਨ ਦੇ ਦੋ ਟੋਟੇ ਕਰਕੇ ਇੱਕ ਨੂੰ ਬੰਗਲਾਦੇਸ਼ ਬਣਾ ਕੇ ਤਾਕਤ ਸ਼ੇਖ ਮੁਜੀਬੁਰ ਰਹਿਮਾਨ ਨੂੰ ਸੌਂਪੀ ਸੀ, ਉਸੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਪਿੱਛੇ ਜਿਹੇ ਰਾਜ ਗੱਦੀ ਤੋਂ ਲਾਂਭੇ ਕਰਕੇ ਮੁੜ ਪਾਕਿਸਤਾਨੀ ਸੋਚ ਕਿਵੇਂ ਕਾਬਜ਼ ਹੋ ਗਈ, ਭਾਵ ਮੋਦੀ ਵਰਗਾ ਬਹਾਦਰ ਬੰਦਾ ਭਾਜਪਾ ਕੋਲ ਹੋਵੇ, ਅਜਿਹੀ ਗੱਲ ਦਾ ਕੋਈ ਐਕਸ਼ਨ ਜਾਂ ਰਿਐਕਸ਼ਨ ਨਾ ਹੋਵੇ, ਜਿਸ ਤੋਂ ਭਾਰਤ ਦੀਆਂ ਲੱਤਾਂ ਵਿੱਚ ਕਿੰਨੀ ਤਾਕਤ ਹੈ, ਇਹ ਸਮੁੱਚੀ ਦੁਨੀਆ ਵਿੱਚ ਸੁਨੇਹਾ ਪਹੁੰਚ ਗਿਆ।
ਅਗਲੀ ਗੱਲ ਵੀ ਗੌਰ ਕਰਨ ਵਾਲੀ ਹੈ, ਜਿਸ ਆਜ਼ਾਦ ਕਸ਼ਮੀਰ ਦੀ ਧਰਤੀ ਨੂੰ ਭਾਰਤ ਆਪਣਾ ਹਿੱਸਾ ਦਰਸਾ ਰਿਹਾ ਹੈ, ਉਸ ਨੂੰ ਵਾਪਸ ਲੈਣ ਲਈ ਭਾਜਪਾ ਨੇ ਇੱਕ ਦਹਾਕੇ ਤੋਂ ਕੀ-ਕੀ ਕੋਸ਼ਿਸ਼ ਕੀਤੀ ਹੈ? ਇਸ ਭੇਦ ਤੋਂ ਸਮੁੱਚੀ ਜਨਤਾ ਬਿਲਕੁਲ ਅਣਜਾਣ ਬੈਠੀ ਹੈ। ‘ਗੱਲਾਂ ਕਰਨੀਆਂ ਸੁਖਾਲੀਆਂ ਔਖੇ ਪਾਲਣੇ ਬੋਲ’ ਦੀ ਕਹਾਵਤ ਅਨੁਸਾਰ ਜਿਸ ਭਾਰਤੀ ਦੇ ਕਰੋੜਾਂ ਏਕੜ ਭਾਗ ’ਤੇ ਚੀਨ ਨੇ ਕਬਜ਼ਾ ਕੀਤਾ ਹੋਇਆ ਹੈ, ਉਸ ਨੂੰ ਵਾਪਸ ਲੈਣ ਦੀ ਗੱਲ ਤਾਂ ਇੱਕ ਪਾਸੇ, ਸਗੋਂ ਇਸਦੇ ਉਲਟ ਜਨਤਾ ਅੱਗੇ ਕੋਰਾ ਝੂਠ ਪਰੋਸਿਆ ਜਾ ਰਿਹਾ ਹੈ ਕਿ ਭਾਰਤ ਦੀ ਧਰਤੀ ’ਤੇ ਚੀਨ ਦਾ ਇੱਕ ਇੰਚ ’ਤੇ ਵੀ ਨਜਾਇਜ਼ ਕਬਜ਼ਾ ਨਹੀਂ, ਪਰ ਅੱਜ ਦੇ ਯੁਗ ਵਿੱਚ ਜਨਤਾ ਸੱਚ ਕੀ ਹੈ, ਝੂਠ ਕੀ ਹੈ ਸਭ ਜਾਣਦੀ ਹੈ। ਇਹ ਵੀ ਗੱਲ ਚੇਤੇ ਰੱਖਣ ਵਾਲੀ ਹੈ ਕਿ ਅਮਰੀਕਾ ਦੇਸ਼ ਦਾ ਪ੍ਰਧਾਨ ਉਹੀ ਟਰੰਪ ਹੈ, ਜਿਸ ਨੇ ਨਿਰਦੋਸ਼ ਭਾਰਤੀਆਂ ਨੂੰ, ਜਿਨ੍ਹਾਂ ਵਿੱਚ ਪੰਜਾਬੀ ਵੀ ਸਨ, ਮਾਲ ਢੋਣ ਵਾਲੇ ਜਹਾਜ਼ਾਂ ਵਿੱਚ ਭੇਜਿਆ ਸੀ, ਜਿਨ੍ਹਾਂ ਜਹਾਜ਼ਾਂ ਵਿੱਚ ਕੁਰਸੀਨੁਮਾ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਭਾਰਤ ਦਾ ਵਿਕਾਊ ਗੋਦੀ ਮੀਡੀਆ ਰਾਣੇ ਦੋਸ਼ੀ ਦੀ ਸਪੁਰਦਗੀ ਸਮੇਂ ਐਨਾ ਜ਼ੋਰ ਕਿਉਂ ਲਾਇਆ ਅਤੇ ਕਿੱਲ੍ਹ-ਕਿੱਲ੍ਹ ਕੇ ਆਖਿਆ, ਰਾਣਾ ਆ ਰਿਹਾ ਹੈ, ਫਲਾਣਾ ਜਹਾਜ਼ ਹੋਵੇਗਾ, ਫਲਾਣੀ-ਫਲਾਣੀ ਸ਼ਖਸੀਅਤ ਲਿਆ ਰਹੀ ਹੈ, ਫਲਾਣੇ ਸਮੇਂ ਭਾਰਤ ਪਹੁੰਚ ਜਾਵੇਗਾ, ਉਸਦੇ ਆਉਣ ’ਤੇ ਟਰੈਫਿਕ ਜਾਮ ਕਰ ਦਿੱਤੀ ਜਾਵੇਗੀ, ਫਲਾਣੇ-ਫਲਾਣੇ ਐੱਨ ਆਈ ਏ ਦੇ ਬੰਦੇ ਪ੍ਰਾਪਤ ਕਰਨਗੇ, ਫਲਾਣੇ ਸਮੇਂ ਪੇਸ਼ ਕੀਤਾ ਜਾਵੇਗਾ, ਰਿਮਾਂਡ ਲਿਆ ਜਾਵੇਗਾ, ਕਿਸ ਜੇਲ੍ਹ ਵਿੱਚ ਕਿੰਨੇ ਬਾਈ ਕਿੰਨੇ ਕਮਰੇ ਵਿੱਚ ਰੱਖਿਆ ਜਾਵੇਗਾ, ਆਦਿ ਜ਼ੋਰ ਲਾ ਕੇ ਇੰਝ ਦੱਸਿਆ ਜਾ ਗਿਆ ਜਿਵੇਂ ਇਹ ਭਾਜਪਾ ਦੀ ਬਹੁਤ ਵੱਡੀ ਪ੍ਰਾਪਤੀ ਹੋਵੇ ਜਦੋਂ ਕਿ ਕਾਂਗਰਸ ਸਮੇਂ ਦੀ ਸ਼ੁਰੂ ਕੀਤੀ ਕਾਰਵਾਈ ਦੀ ਇੱਹ ਸਿਖਰ ਹੈ।
ਅਖੀਰ ਰਾਣਾ ਅੱਧੀ ਰਾਤ ਨੂੰ ਇੱਕ ਬਰਾਊਨ ਰੰਗ ਦੀ ਵਰਦੀ, ਅਮਰੀਕੀਆਂ ਦੇ ਕੈਦੀਆਂ ਦੇ ਕੱਪੜਿਆਂ ਵਿੱਚ ਪੇਸ਼ ਹੋਇਆ, ਜਿਸਦੀ ਦਾੜ੍ਹੀ ਅਤੇ ਸਿਰ ’ਤੇ ਵਾਲ ਬਿਲਕੁਲ ਚਿੱਟੇ ਹੋ ਚੁੱਕੇ ਹਨ, ਉਹ ਰਾਣਾ ਜੋ ਆਪਣੇ ਆਪ ਨੂੰ ਪਾਰਕਿਨਸਨ ਦਾ ਮਰੀਜ਼ ਦੱਸਦਾ ਹੈ। ਉਸਦਾ ਤੜਕੇ 11 ਤਰੀਕ ਨੂੰ 2 ਵਜੇ 18 ਦਿਨ ਦਾ ਰਿਮਾਂਡ ਸੰਬੰਧਤ ਪੁਲਿਸ ਨੂੰ ਮਿਲਿਆ। ਅਜਿਹੇ ਕੇਸਾਂ ਵਿੱਚ ਆਮ ਤੌਰ ’ਤੇ ਸੌ ਫੀਸਦ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਇਸ ਸੰਬੰਧੀ ਭਾਰਤ ਆਪਣੇ ਵੱਲੋਂ ਮੁਲਜ਼ਮ ਨੂੰ ਪੂਰੀ-ਪੂਰੀ ਕਾਨੂੰਨੀ ਸਹਾਇਤਾ ਦੇਵੇਗਾ। ਜਦੋਂ ਤਕ ਮੁਕੱਦਮਾ ਚੱਲੇਗਾ ਉਸਦੀ ਸਿਹਤ ਦਾ ਪੂਰਾ-ਪੂਰਾ ਖਿਆਲ ਰੱਖਿਆ ਜਾਵੇਗਾ। ਅਖੀਰ ਉਸ ਨੂੰ ਉਹਦੇ ਕੀਤੇ ਦੀ ਸਜ਼ਾ ਮਿਲੇਗੀ। ਇਸ ਸੰਬੰਧੀ ਅਜੇ ਬਹੁਤ ਸਾਰੀ ਜਾਣਕਾਰੀ ਭਾਰਤ ਨੇ ਰਾਣੇ ਪਾਸੋਂ ਪ੍ਰਾਪਤ ਕਰਨੀ ਹੈ। ਇਸਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ ਉਹ ਜਾਣਕਾਰੀ ਹਾਸਲ ਕਰ ਸਕੇਗਾ। ਭਾਜਪਾ ਦਾ ਕਾਂਗਰਸ ’ਤੇ ਇਹ ਦੋਸ਼ ਵੀ ਨਿਰਮੂਲ ਹੈ ਕਿ ਕਾਂਗਰਸ ਨੇ 26/11 ਦੀ ਘਟਨਾ ਬਾਰੇ ਅੱਤਵਾਦੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ, ਜਿੱਥੋਂ ਤਕ ਸਾਡੀ ਜਾਣਕਾਰੀ ਹੈ, ਉਸ ਕਾਂਡ ਦੇ ਇੱਕੋ-ਇੱਕ ਬਚੇ ਦੋਸ਼ੀ ਕਸਾਬ ’ਤੇ ਮੁਕੱਦਮਾ ਚਲਾ ਕੇ ਫ਼ਾਂਸੀ ਦਿੱਤੀ ਗਈ ਸੀ। ਅਖੀਰ ਅਸੀਂ ਭਾਜਪਾ ਨੂੰ ਅਪੀਲ ਕਰਾਂਗੇ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਆਪ ਅਤੇ ਆਪਣੇ ਕੇਡਰ ਨੂੰ ਝੂਠ ਬੋਲਣ ਤੋਂ ਤੌਬਾ ਕਰਵਾਓ। ਅਜਿਹਾ ਕਰਨ ਨਾਲ ਹੀ ਜਨਤਾ ਤੁਹਾਡੇ ’ਤੇ ਭਰੋਸਾ ਕਰਨਾ ਸ਼ੁਰੂ ਕਰੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)







































































































