“ਇਨ੍ਹਾਂ ਦੋਹਾਂ ਕੇਸਾਂ ਵਿੱਚ ਸਜ਼ਾ ਜ਼ਾਬਤਾ ਸਰਕਾਰੀ ਸਾਧ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੀ ਅੱਖ ਦਾ ਤਾਰਾ ...”
(27 ਨਵੰਬਰ 2023)
ਇਸ ਸਮੇਂ ਪਾਠਕ: 1408.
ਅਗਸਤ ਮਹੀਨਾ ਅਜ਼ਾਦੀ ਦਾ ਮਹੀਨਾ ਕਰਕੇ ਜਾਣਿਆ ਜਾਂਦਾ ਹੈ। ਤਕਰੀਬਨ ਸਵਾ ਛੇ ਸਾਲ ਪਹਿਲਾਂ ਉਹ ਸਾਧ, ਜਿਸ ਨੂੰ ਜਨਤਾ ਰੱਬ ਜਾਣ ਕੇ ਪੂਜਿਆ ਕਰਦੀ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਸਾਧ, ਬਾਬਾ, ਬਾਪੂ ਆਪਣੇ ਆਪ ਨੂੰ ਕਹਾ ਕੇ ਧਰਮ ਓਹਲੇ ਕੁਕਰਮ ਕਰ ਰਿਹਾ ਹੈ। ਉਸਦਾ ਦੋਸ਼ ਸਾਬਤ ਹੋਇਆ ਅਗਸਤ 2017 ਵਿੱਚ, ਉਹ ਵੀ ਇੱਕ ਅਦਾਲਤੀ ਫੈਸਲੇ ਰਾਹੀਂ। ਇਹ ਫੈਸਲਾ ਇੱਕ ਨਿਧੜਕ ਨੌਜਵਾਨ ਜੱਜ ਨੇ ਤੱਥਾਂ ਦੇ ਅਧਾਰਤ ਉੱਤੇ ਐਸਾ ਸੁਣਾਇਆ ਕਿ ਇੱਕ ਰੱਬ ਰੂਪੀ ਸਾਧ ਨੂੰ ਸਲਾਖਾਂ ਪਿੱਛੇ ਜਾਣ ਨੂੰ ਮਜਬੂਰ ਹੋਣਾ ਪਿਆ। ਫੈਸਲੇ ਮੌਕੇ ਅੰਧ-ਭਗਤਾਂ ਅਤੇ ਸ਼ਰਧਾਲੂਆਂ ਨੇ ਆਪਣੀ ਸਮਰੱਥਾ ਮੁਤਾਬਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਐਸਾ ਹੁੜਦੰਗ ਮਚਾਇਆ ਕਿ ਕਈ ਨਿਰਦੋਸ਼ਾਂ ਦੀ ਜਾਨ ਚਲੀ ਗਈ, ਮਾਲੀ ਨੁਕਸਾਨ ਦਾ ਤਾਂ ਕਹਿਣਾ ਹੀ ਕੀ ਸੀ।
ਸੱਚ ਸਾਹਮਣੇ ਆਉਣ ’ਤੇ ਸ਼ਰਧਾਲੂ ਆਪਣੇ ਮੂੰਹਾਂ ਵਿੱਚ ਉਂਗਲੀਆਂ ਪਾਉਣ ਨੂੰ ਮਜਬੂਰ ਹੋਏ। ਪਰ ਅੰਧ-ਵਿਸ਼ਵਾਸ ਦਾ ਸਦਕਾ ਸ਼ਰਧਾਲੂਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਗਈ। ਚੋਣਾਂ ਦੌਰਾਨ ਵੱਖ-ਵੱਖ ਸਮੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੂੰਹ ਵਿੱਚ ਪਾਣੀ ਆਉਣ ਲੱਗ ਪਿਆ। ਅਖੀਰ ਇਸ ਵੋਟਾਂ ਦੀ ਸੌਦੇਬਾਜ਼ੀ ਵਿੱਚ ਰਾਜ ਕਰਦੀ ਪਾਰਟੀ ਬਾਜ਼ੀ ਮਾਰ ਗਈ। ਅੱਜ-ਕੱਲ੍ਹ ਬਾਬਾ ਜੀ, ਜੋ ਸਰਕਾਰੀ ਸਾਧ ਕਰਕੇ ਜਾਣਿਆ ਜਾਂਦਾ ਹੈ, ਦਾ ਅੱਖ ਮਟੱਕਾ ਸੰਬੰਧਤ ਸੂਬੇ ਅਤੇ ਕੇਂਦਰੀ ਸਰਕਾਰ ਨਾਲ ਖੂਬ ਚੱਲ ਰਿਹਾ ਹੈ। ਹੁਣ ਤਕ ਸਰਕਾਰੀ ਬਾਬਾ ਅਣਗਿਣਤ ਵਾਰੀ 184 ਦਿਨਾਂ ਤੋਂ ਵੱਧ ਸਮੇਂ ਲਈ ਫਰਲੋ ’ਤੇ ਆਣ ਕੇ ਮੌਜਾਂ ਕਰ ਰਿਹਾ ਹੈ। ਪੰਚਾਇਤੀ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਚੋਣਾਂ ਤਕ ਸਜ਼ਾ ਜ਼ਾਬਤਾ ਹੋਣ ਤੋਂ ਬਾਅਦ ਕਿਹੜੀ ਐਸੀ ਚੋਣ ਹੈ, ਜਿਸ ’ਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨੇ ਘਬਰਾਹਟ ਵਿੱਚ ਇਸ ਸਾਧ ਦੀ ਸ਼ਰਨ ਨਾ ਲਈ ਹੋਵੇ। ਹੁਣ ਵੀ ਰਾਜਸਥਾਨ ਵਿੱਚ ਚੋਣਾਂ ਵਿੱਚ ਸਰਕਾਰ ਬਦਲਣ ਦੀ ਥਾਂ ਰਿਵਾਜ ਬਦਲਣ ਜਾ ਰਿਹਾ ਹੈ, ਦੀ ਘਬਰਾਹਟ ਨੇ ‘ਹਮ ਦੋ ਹਮਾਰੇ ਦੋ’ ਵਾਲੀ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਵਿੱਚ ਉਹ ਸਰਕਾਰੀ ਬਾਬੇ ਦੀ ਕਰਾਮਾਤ ਤੇ ਉਸ ਦੇ ਵੋਟ ਬੈਂਕ ਨੂੰ ਆਪਣੇ ਲਈ ਵਰਤ ਰਹੀ ਹੈ। ਅਜਿਹੀਆਂ ਮਜਬੂਰੀਆਂ ਵਿੱਚੋਂ ਫਰਲੋ ਨਿਕਲਦੀ ਹੈ।
ਸਰਕਾਰੀ ਸਾਧ ਨੇ ਫਰਲੋ ਲੈਣ ਲਈ ਕਈ ਤਰੀਕੇ ਅਪਣਾਏ। ਅਖੀਰ ਸੰਬੰਧਤ ਪਾਰਟੀ ਦੀ ਸੈਟਿੰਗ ਨੇ ਬੇੜਾ ਪਾਰ ਕਰਾਇਆ। ਸਭ ਤੋਂ ਪਹਿਲਾਂ ਇਸੇ ਬਲਾਤਕਾਰੀ ਸਰਕਾਰੀ ਸਾਧ ਨੇ ਫਰਲੋ ਲੈਣ ਲਈ ਜ਼ਮੀਨ ਦੀ ਫਸਲ ਸਾਂਭਣ ਲਈ ਅਪਲਾਈ ਕੀਤਾ ਸੀ। ਜਦੋਂ ਉਹ ਦਰਖਾਸਤ ਸਫ਼ਰ ਤੈਅ ਕਰਦੀ ਕਰਦੀ ਸੰਬੰਧਤ ਤਹਿਸੀਲਦਾਰ ਪਾਸ ਪਹੁੰਚੀ ਤਾਂ ਉਸ ਨੇ ਪੜਤਾਲ ਵਿੱਚ ਪਾਇਆ ਕਿ ਸਰਕਾਰੀ ਸਾਧ ਦੇ ਨਾਂ ’ਤੇ ਵਾਹੀਯੋਗ ਕੋਈ ਜ਼ਮੀਨ ਹੀ ਨਹੀਂ ਹੈ। ਜੋ ਹੈ, ਉਹ ਡੇਰੇ ਦੇ ਨਾਂ ਹੈ। ਤਹਿਸੀਲਦਾਰ ਸਾਹਿਬ ਨੇ ਰਿਪੋਰਟ ਨੈਗੇਟਿਵ ਦੇ ਦਿੱਤੀ, ਜਿਸ ’ਤੇ ਬਾਬੇ ਨੂੰ ਕੋਈ ਫਰਲੋ ਨਾ ਮਿਲੀ। ਪਰ ਅੱਜ ਦੇ ਦਿਨ ਉਹ ਇਮਾਨਦਾਰ ਤਹਿਸੀਲਦਾਰ ਕਿੱਥੇ ਹੈ, ਕੋਈ ਨਹੀਂ ਜਾਣਦਾ। ਮਾਤਾ ਬਿਮਾਰ ਹੋਣ ’ਤੇ ਇਸ ਸਾਧ ਨੂੰ ਸਿਰਫ਼ ਇੱਕ ਦਿਨ ਦੀ ਪੈਰੋਲ ਮਿਲਦੀ ਸੀ। ਪਰ ਸੈਟਿੰਗ ਹੋਣ ਤੋਂ ਬਾਅਦ ਤਾਂ ਸਭ ਹੈਰਾਨ ਹਨ ਕਿ ਇੱਕ ਦੇਸ਼ ਵਿੱਚ ਇੱਕ ਕਾਨੂੰਨ ਹੀ ਵੱਖ-ਵੱਖ ਵਿਅਕਤੀ ਲਈ ਕਿਵੇਂ ਵੱਖ-ਵੱਖ ਵਰਤ ਹੋ ਰਿਹਾ ਹੈ। ਦੇਸ਼ ਵਿੱਚ ਕਈ ਵਿਦਿਆਰਥੀ ਨੇਤਾਵਾਂ ਦੀ ਜ਼ਮਾਨਤ ਦੀ ਅਰਜ਼ੀ ’ਤੇ 3/4 ਮਹੀਨਿਆਂ ਤਕ ਗੌਰ ਨਹੀਂ ਕੀਤਾ ਜਾਂਦਾ। ਕਈ ਮਿਥੀ ਹੋਈ ਜਾਂ ਜੱਜ ਦੁਆਰਾ ਸੁਣਾਈ ਗਈ ਸਜ਼ਾ ਪੂਰੀ ਕਰਕੇ ਵੀ ਜੇਲ੍ਹ ਵਿੱਚ ਹਨ। ਕੋਈ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਦਹਾਕਿਆਂ ਤੋਂ ਅੰਦਰ ਹੈ। ਦਿੱਲੀ ਦੇ ਡਿਪਟੀ ਸੀ ਐੱਮ ’ਤੇ ਅੱਜ ਤਕ ਦੋਸ਼ ਵੀ ਆਇਦ ਨਹੀਂ ਹੋਏ। ਉਸ ਨੂੰ ਨਾ ਜ਼ਮਾਨਤ ਤੇ ਨਾ ਹੀ ਕੋਈ ਹੋਰ ਸਹੂਲਤ ਹੈ। ਘਰਵਾਲੀ ਦੀ ਬਿਮਾਰੀ ਦੀ ਹਾਲਤ ਵਿੱਚ ਸਿਰਫ਼ ਛੇ ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ। ਆਮ ਜਨਤਾ ਵਿੱਚ ਅਜਿਹਾ ਕੁਝ ਹੋਣ ’ਤੇ ਕਾਫ਼ੀ ਭੰਬਲਭੂਸਾ ਹੈ। ਕਈਆਂ ਨੂੰ ਉਮਰ ਕੈਦ ਪੂਰੀ ਹੋਣ ਤੋਂ ਪਹਿਲਾਂ ਰਿਹਾਅ ਕਰਕੇ ਅਜ਼ਾਦੀ ਘੁਲਾਟੀਆਂ ਵਾਂਗ ਸਵਾਗਤ ਕੀਤਾ ਜਾਂਦਾ ਹੈ। ਉਹ ਵੀ ਉਦੋਂ ਜਦੋਂ ਉਹ ਜਬਰ ਜਨਾਹ ਦੇ ਕੇਸਾਂ ਵਿੱਚ ਸਜ਼ਾ ਭੁਗਤ ਕੇ ਆ ਰਹੇ ਹੁੰਦੇ ਹਨ।
ਸਰਕਾਰੀ ਸਾਧ ਨੇ ਅਜੇ ਤਾਂ ਸਜ਼ਾ ਮਿਲਣ ਦਾ ਰਿਕਾਰਡ ਕਾਇਮ ਕਰਨਾ ਹੈ। ਕਿੰਨੇ ਬੰਦਿਆਂ ਜਾਂ ਆਪਣੇ ਚੇਲਿਆਂ ਨੂੰ ਨਿਪੁੰਸਕ ਬਣਾਇਆ, ਉਹ ਫੈਸਲੇ ਅਜੇ ਆਉਣ ਵਾਲੇ ਹਨ। ਫਰਲੋ ਦੇਣ ਵਾਲੇ ਪੂਰਾ ਫਾਇਦਾ ਉਠਾਉਂਦੇ ਹਨ ਕਿ ਨਹੀਂ, ਇਸਦਾ ਕੋਈ ਪ੍ਰਤੱਖ ਪਰਿਣਾਮ ਸਾਹਮਣੇ ਨਹੀਂ ਆਇਆ। ਪਰ ਇਸ ਨਾਲ ਵਿਰੋਧੀਆਂ ਨੂੰ ਆਮ ਜਨਤਾ ਦੀ ਹਮਦਰਦੀ ਝੋਲੀ ਪੈਂਦੀ ਦਿਖਾਈ ਦੇ ਰਹੀ ਹੈ।
ਹਰਿਆਣੇ ਦਾ ਬਾਰਡਰ ਰਾਜਸਥਾਨ ਦੇ ਨਾਲ ਲੱਗਣ ਕਰਕੇ ਅਤੇ ਸਰਕਾਰੀ ਬਾਬੇ ਦਾ ਜਨਮ ਰਾਜਸਥਾਨ ਦਾ ਹੋਣ ਕਰਕੇ ਫਰਲੋ ਦੇਣ ਵਾਲਿਆਂ ਨੂੰ ਲਗਦਾ ਹੈ ਕਿ ਸਾਡਾ ਬੇੜਾ ਪਾਰ ਹੋ ਜਾਵੇਗਾ। ਪਰ ਮੋਦੀ, ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਦੀ ਘਬਰਾਹਟ ਦੱਸਦੀ ਹੈ ਕਿ ਰਾਜਸਥਾਨ ਵਿੱਚ ਇਸ ਵਾਰ ਵੀ ਸਭ ਅੱਛਾ ਨਹੀਂ ਹੈ।
ਸਮਾਜ ਵਿੱਚ ਬਲਾਤਕਾਰ ਅਤੇ ਕਤਲ ਦੇ ਕੇਸਾਂ ਨੂੰ ਸਭ ਤੋਂ ਮਾੜਾ ਸਮਝਿਆ ਜਾਂਦਾ ਹੈ। ਪਰ ਇਨ੍ਹਾਂ ਦੋਹਾਂ ਕੇਸਾਂ ਵਿੱਚ ਸਜ਼ਾ ਜ਼ਾਬਤਾ ਸਰਕਾਰੀ ਸਾਧ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੀ ਅੱਖ ਦਾ ਤਾਰਾ ਬਣਿਆ ਬੈਠਾ ਹੈ, ਜਿਸਦੀ ਚਰਚਾ ਹਰ ਤਰ੍ਹਾਂ ਦੇ ਮੀਡੀਏ ਨੇ ਸਭ ਜਨਤਾ ਪਾਸ ਪਹੁੰਚ ਦਿੱਤੀ ਹੈ। ਅੱਖ ਮਟੱਕਾ ਤਾਂ ਐਸਾ ਚੱਲ ਰਿਹਾ ਹੈ ਕਿ ਜਦੋਂ ਬਲਾਤਕਾਰੀ ਬਾਹਰ ਆਉਣਾ ਚਾਹੇ, ਆ ਸਕਦਾ ਹੈ। ਜਦੋਂ ਸੰਬੰਧਤ ਸਰਕਾਰ ਚਾਹੇ ਆਪਣੀ ਵਰਤੋਂ ਲਈ ਬਾਹਰ ਲਿਆ ਸਕਦੀ ਹੈ। ਇਹ ਸਭ ਇਹ ਸਾਬਤ ਕਰਦਾ ਹੈ ਕਿ ਕੇਂਦਰ ਦੀ ਰਾਜ ਕਰਦੀ ਪਾਰਟੀ ਕਿਵੇਂ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੀ ਹੋਈ ਹੈ।
ਇਹ ਤਾਂ ਇੱਕ ਛੋਟੀ ਜਿਹੀ ਸਭ ਜਨਤਾ ਨੂੰ ਦਿਸਦੀ ਮਿਸਾਲ ਹੈ। ਵਿਰੋਧੀ ਪਾਰਟੀ ਦੇ ਕਾਰਕੁੰਨਾਂ ਉੱਤੇ ਗਲਤ ਕੇਸ ਪਾ ਕੇ ਕਿਵੇਂ ਜੇਲ੍ਹਾਂ ਵਿੱਚ ਸੜਨ ਲਈ ਸੁੱਟੇ ਹੋਏ ਹਨ, ਇਹ ਜਾਣਨ ਲਈ ਸਾਨੂੰ ਪੂਰਾ ਜ਼ੋਰ ਲਾਉਣਾ ਪਵੇਗਾ। ਇਸ ਵਾਸਤੇ ਪੂਰੇ ਵਿਰੋਧੀਆਂ ਨੂੰ ਵੀਹ ਸੌ ਚੌਵੀ ਵਿੱਚ ਇਕੱਠੇ ਹੋ ਕੇ ਪੂਰੇ ਜ਼ੋਰ ਨਾਲ ਇੱਕ ਅਜਿਹਾ ਧੱਕਾ ਦੇਣਾ ਹੋਵੇਗਾ, ਤਾਂ ਕਿ ਚਮਤਕਾਰ ਹੋ ਸਕੇ। ਉਂਜ ਵੀ ਇਤਿਹਾਸ ਗਵਾਹ ਹੈ ਕਿ ਜਵਾਹਰ ਲਾਲ ਨਹਿਰੂ ਤੋਂ ਬਾਅਦ ਕੋਈ ਵੀ ਨੇਤਾ ਸੰਸਦ ਵਿੱਚ ਸਮੇਤ ਬਹੁ-ਸੰਮਤੀ ਤੀਜੀ ਵਾਰ ਨਹੀਂ ਆਇਆ। ਧੱਕਾ ਲਾਉਣ ਲਈ ਤੁਸੀਂ ਸਿਰਫ਼ ਇੰਡੀਆ ਪਲੇਟਫਾਰਮ ’ਤੇ ਇਕੱਠੇ ਹੋਣਾ ਹੈ। ਉਹ ਕੁਝ ਕਰਨਾ ਹੈ ਜੋ ਬਾਕੀ ਕਰਦੇ ਹਨ। ਫਿਰ ਤੁਸੀਂ ਦੇਖੋਗੇ ਕਿ ਉਹ ਤਹਿਸੀਲਦਾਰ ਦਿਸਣਗੇ, ਜੋ ਸਹੀ ਰਿਪੋਰਟ ਕਰਿਆ ਕਰਨਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4506)
(ਸਰੋਕਾਰ ਨਾਲ ਸੰਪਰਕ ਲਈ: (