“ਇੰਡੀਆ ਗਠਜੋੜ ਲਾਣੇ ਨੂੰ ਇਹ ਯਾਦ ਰੱਖਣਾ ਹੋਵੇਗਾ, ਜੇਕਰ ਤੁਸੀਂ ਇਕੱਠੇ ਹੋ ਕੇ ਲੋਕਾਂ ਦਾ ਦਿਲ ਜਿੱਤੋਗੇ ਤਾਂ ਹੀ ਤੁਸੀਂ ...”
(26 ਫਰਵਰੀ 2024)
ਇਸ ਸਮੇਂ ਪਾਠਕ: 230.
ਪਹਿਲੀ ਗੱਲ, ਪ੍ਰਧਾਨ ਮੰਤਰੀ ਦੁਆਰਾ ਪਹਿਲੇ ਕਿਸਾਨ ਸੰਘਰਸ਼ ਸਮੇਂ ਮੰਨੀਆਂ ਮੰਗਾਂ ਦਰਜਨਾਂ ਮਹੀਨੇ ਬਾਅਦ ਵੀ ਲਾਗੂ ਨਾ ਕਰਨ ਕਰਕੇ ਮੌਜੂਦਾ ਕਿਸਾਨ ਸੰਘਰਸ਼, ਜਿਸ ਨੂੰ ਕਿਸਾਨ ਸੰਘਰਸ਼-2 ਵੀ ਆਖਿਆ ਜਾ ਰਿਹਾ ਹੈ, ਹੋਂਦ ਵਿੱਚ ਆਇਆ। ਇਸ ਨੂੰ ਹੁਣ ਤਕ ਉਹਨਾਂ ਬਾਕੀਆਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਵੀ ਹਾਸਲ ਹੋ ਗਿਆ ਹੈ, ਜਿਨ੍ਹਾਂ ਸ਼ੁਰੂ ਵਿੱਚ ਦੂਰੀਆਂ ਦਿਖਾਈਆਂ ਸਨ। ਕਾਰਨ, ਸਭ ਅੰਨਦਾਤਿਆਂ ਦਾ ਨਿਸ਼ਾਨਾ ਸਾਂਝਾ ਹੈ। ਹੁਣ ਜ਼ਰਾ ਅਜ਼ਾਦ ਭਾਰਤ ’ਤੇ ਰਾਜ ਕਰਦੀ ਉਸ ਪਾਰਟੀ ਵੱਲ ਧਿਆਨ ਦਿਓ, ਜੋ ਭਾਰਤ ਅਜ਼ਾਦ ਹੋਣ ਸਮੇਂ ਅਜੇ ਗਰਭ ਵਿੱਚ ਸੀ। ਅਜ਼ਾਦੀ ਪੰਜਾਬੀਆਂ ਵੱਲੋਂ ਸਭ ਤੋਂ ਵੱਧ ਸ਼ਹਾਦਤਾਂ ਦੇਣ ਤੋਂ ਬਾਅਦ ਜਨਮੀ ਸੀ। ਉਹ ਪਾਰਟੀ, ਜਿਸ ਦਾ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਕੋਈ ਯੋਗਦਾਨ ਹੀ ਨਹੀਂ, ਉਹ ਅੱਜ ਦੇ ਦਿਨ ਸਭ ਕਦਰਾਂ-ਕੀਮਤਾਂ ਛਿੱਕੇ ’ਤੇ ਟੰਗ ਕੇ ਅੰਨਦਾਤਿਆਂ ’ਤੇ ਜ਼ੁਲਮ ਢਾਹੁੰਦੀ-ਢਾਹੁੰਦੀ ਸ਼ੁਭਕਰਨ ਸਿੰਘ ਵਰਗੇ ਗਰੀਬ ਨੌਜਵਾਨਾਂ ਨੂੰ ਆਪਣੀ ਗੋਲੀ ਨਾਲ ਮੌਤ ਦੇ ਘਾਟ ਉਤਾਰ ਰਹੀ ਹੈ।
ਭਾਰਤ ਵਰਗੇ ਜਮਹੂਰੀਅਤ ਪਸੰਦ ਦੇਸ਼ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵੱਲੋਂ ਜਨਤਾ ਦੇ ਪੈਸੇ ਰਾਹੀਂ ਬਣਾਈਆਂ ਗਈਆਂ ਜਰਨੈਲੀ ਸੜਕਾਂ ਆਪ ਪੁੱਟੀਆਂ ਗਈਆਂ ਹਨ। ਜ਼ਾਲਮ ਸਰਕਾਰ ਦੁਆਰਾ ਹੀ ਉਸ ਵਿੱਚ ਕਿਸਾਨਾਂ ਨੂੰ ਰੋਕਣ ਲਈ ਦੀਵਾਰਾਂ ਬਣਾਈਆਂ ਗਈਆਂ ਹਨ। ਅੰਨ ਅਤੇ ਫੁੱਲ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਵਿੱਚ ਲੋਹੇ ਦੇ ਕਿੱਲ ਅਤੇ ਸਰੀਏ ਬੀਜੇ ਗਏ ਹਨ। ਇਹ ਸਭ ਉਸ ਸਰਕਾਰ ਵੱਲੋਂ ਕੀਤਾ ਗਿਆ ਹੈ, ਜੋ ਸੱਤਾ ਤਕ ਜਾਤ-ਪਾਤ ਅਤੇ ਧਾਰਮਿਕ ਨਫਰਤਾਂ ਅਤੇ ਪੈਸੇ ਦੇ ਜ਼ੋਰ ’ਤੇ ਹੋਂਦ ਵਿੱਚ ਆਈ ਹੈ। ਇਹ ਸਾਰੀਆਂ ਰੁਕਾਵਟਾਂ ਉਹਨਾਂ ਅੰਨਦਾਤਿਆਂ ਨੂੰ ਉਸ ਦਿੱਲੀ ਜਾਣ ਤੋਂ ਰੋਕਣ ਲਈ ਲਾਈਆਂ ਗਈਆਂ ਹਨ, ਜਿਹਨਾਂ ਦੇ ਵਡੇਰੇ ਦਿੱਲੀ ਕਈ ਵਾਰ ਜਿੱਤ ਕੇ ਛੱਡ ਚੁੱਕੇ ਹਨ। ਹੁਣ ਸਰਕਾਰੀਏ ਇੰਨੇ ਜ਼ਾਲਮ ਬਣੀ ਬੈਠੇ ਹਨ ਕਿ ਉਹ ਕਿਸਾਨਾਂ ਦੀ ਭਿੰਨ-ਭਿੰਨ ਮਸ਼ੀਨਰੀ ਦੀ ਤੋੜ-ਫੋੜ ਕਰ ਰਹੇ ਹਨ। ਅਜੇ ਵੀ ਸਮਾਂ ਹੈ, ਸਰਕਾਰੀ ਧਿਰ ਇਨ੍ਹਾਂ ਕੀਤੇ ਜਾ ਘਿਨਾਉਣੇ ਕੰਮਾਂ ’ਤੇ ਵਿਚਾਰ ਕਰੇ। ਅਕਸਰ ਸਰਕਾਰ ਹੀ ਜਨਤਾ ਦੀ ਮਾਈ-ਬਾਪ ਹੁੰਦੀ ਹੈ। ਕਿਸਾਨੀ ਦੇ ਮੁੱਖ ਮੁੱਦੇ ਐੱਮ.ਐੱਸ.ਪੀ. ਨੂੰ ਅਮਲ ਵਿੱਚ ਲਿਆ ਕੇ ਸਰਕਾਰ ਵੱਲੋਂ ਅੱਗੇ ਵਧਿਆ ਜਾ ਸਕਦਾ ਹੈ।
ਅਗਲੀ ਸੰਬੰਧਤ ਧਿਰ ਪੰਜਾਬ ਦਾ ਛੋਟਾ ਭਰਾ ਹਰਿਆਣਾ ਹੈ, ਜੋ ਅੱਜ ਦੇ ਦਿਨ ਤਕ ਅੱਡੀਆਂ ਚੱਕ ਕੇ ਆਪਣੇ ਵੱਡੇ ਭਰਾ ਪੰਜਾਬ ਖਿਲਾਫ ਕੇਂਦਰੀ ਸਰਕਾਰ ਨੂੰ ਖੁਸ਼ ਕਰਨ ਲਈ ਅੱਤਿਆਚਾਰ ਕਰ ਰਿਹਾ ਹੈ, ਜਿਸਦੀਆਂ ਫੋਰਸਾਂ ਹੰਝੂ ਗੈਸ ਅਤੇ ਪਲਾਸਟਿਕ ਦੀਆਂ ਉਹਨਾਂ ਗੋਲੀਆਂ ਦਾ ਕਿਸਾਨੀ ਉੱਪਰ ਮੀਂਹ ਵਰ੍ਹਾ ਰਹੀਆਂ ਹਨ, ਜੋ ਬਾਕੀ ਸੂਬਿਆਂ ਵਿੱਚ ਬੈਨ ਕੀਤੀਆਂ ਗਈਆਂ ਹਨ। ਹੰਝੂ ਗੈਸ ਦੇ ਗੋਲੇ, ਗੋਲੀਆਂ ਅਤੇ ਡਰੋਨ ਪੰਜਾਬ ਦੀ ਧਰਤੀ ਅੰਦਰ ਦਾਖਲ ਹੋ ਕੇ ਹਾਲਾਤ ਵਿਗਾੜਨ ਵਿੱਚ ਹਿੱਸਾ ਪਾ ਰਹੇ ਹਨ, ਜਿਸ ’ਤੇ ਸੰਬੰਧਤ ਧਿਰ ਨੂੰ ਧਿਆਨ ਦੇਣ ਦੀ ਅੱਜ ਸਖਤ ਲੋੜ ਹੈ।
ਪੂਰੇ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਇੰਨੀਆਂ ਨੇੜੇ ਹਨ ਕਿ ਜਦੋਂ ਵੀ ਰਾਜ ਕਰਦੀ ਤਾਨਾਸ਼ਾਹ ਸਰਕਾਰ ਨੂੰ ਮਹਿਸੂਸ ਹੋਵੇਗਾ, ਉਹ ਐਲਾਨ ਕਰ ਦੇਵੇਗੀ, ਇਸ ਲਈ ਉਸ ਤਾਨਾਸ਼ਾਹੀਨੁਮਾ ਪ੍ਰਧਾਨ ਮੰਤਰੀ ਨੂੰ ਰਾਜਗੱਦੀ ਤੋਂ ਦੂਰ ਕਰਨਾ ਅਤਿ ਜ਼ਰੂਰੀ ਹੈ, ਜੋ ਈ.ਵੀ.ਐੱਮ. ਦੀ ਸ਼ਹਿ ’ਤੇ ਭਵਿੱਖਬਾਣੀ ਨਹੀਂ, ਬਲਕਿ ਤੀਜੀ ਵਾਰ ਰਾਜ ਗੱਦੀ ’ਤੇ ਬੈਠਣ ਦਾ ਦਾਅਵਾ ਕਰ ਰਿਹਾ ਹੈ। ਜਿਸ ਚੋਣ ਲਈ ਈ.ਵੀ.ਐੱਮ. ਦੀ ਵਰਤੋਂ ਨਹੀਂ ਸੀ ਹੋਈ, ਉੱਥੇ ਵੀ ਕਿਵੇਂ ਧਾਂਜਲੀ ਕੀਤੀ ਗਈ, ਜ਼ਾਹਰ ਹੋ ਗਈ ਹੈ। ਸਭ ਚੰਡੀਗੜ੍ਹ ਦੀ ਸਭ ਤੋਂ ਛੋਟੀ ਚੋਣ ਨੇ ਪਿਛਲੇ ਦਿਨੀਂ ਦਰਸਾ ਦਿੱਤਾ ਹੈ, ਇਸ ਕਰਕੇ ਸਭ ਸੰਬੰਧਤ ਧਿਰਾਂ ਨੂੰ ਆਪਣੇ ਸਭ ਮੱਤ-ਭੇਦ ਭੁਲਾ ਕੇ ਈ.ਵੀ.ਐੱਮ. ਰਾਹੀਂ ਚੋਣ ਨਾ ਕਰਵਾਉਣ ਲਈ ਬੁਲੰਦ ਅਵਾਜ਼ ਉਠਾ ਕੇ ਲਾਮਬੰਦੀ ਕਰਨੀ ਪਵੇਗੀ। ਨਹਿਰੂ ਤੋਂ ਬਾਅਦ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀਆਂ ਜੋ ਫੋਕੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ, ਉਹ ਸਿਰਫ ਤੇ ਸਿਰਫ ਈ.ਵੀ.ਐੱਮ. ਸਦਕਾ ਹੀ ਹਨ। ਉਂਜ ਜੇਕਰ ਸੋਚਿਆ ਜਾਵੇ ਤਾਂ ਅੱਸੀ-ਪਚਾਸੀ ਕਰੋੜ ਗਰੀਬਾਂ ਨੂੰ ਰਾਸ਼ਨ ਦੇਣ ਵਾਲਾ ਦੇਸ਼ ਖੁਸ਼ਹਾਲ ਕਿਵੇਂ ਹੋ ਸਕਦਾ ਹੈ?
ਅਗਲੀ ਅਤੇ ਅੱਜ ਦੀ ਆਖਰੀ ਗੱਲ, ਜੋ ਬਹੁਤ ਹੀ ਜ਼ਰੂਰੀ ਹੈ, ਉਹ ਹੈ ਕਿ ਜਿਹੜੀਆਂ ਧਿਰਾਂ ਇੰਡੀਆ ਗਠਜੋੜ ਦਾ ਹਿੱਸਾ ਬਣਨ ਲਈ ਪ੍ਰਣ ਲੈ ਚੁੱਕੀਆਂ ਹਨ, ਉਹਨਾਂ ਧਿਰਾਂ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ। ਆਪਣੇ ਸੂਬੇ ਵਿੱਚ ਉਹ ਤਕਰੀਬਨ ਦੋ ਧਿਰਾਂ ਹਨ, ਜਿਨ੍ਹਾਂ ਵਿੱਚੋਂ ਇੱਕ ਧਿਰ ਹੈ, ਜੋ ਗਿਣਤੀ ਪੱਖੋਂ ਵੱਧ ਅਤੇ ਰਾਜ ਕਰ ਰਹੀ ਹੈ - ਆਮ ਆਦਮੀ ਪਾਰਟੀ ਹੈ। ਦੂਜੀ ਧਿਰ, ਜੋ ਇਸ ਵਕਤ ਸੂਬੇ ਵਿੱਚ ਵਿਰੋਧੀ ਧਿਰ ਵਜੋਂ ਜਾਣੀ ਜਾਂਦੀ ਹੈ। ਦੋਹਾਂ ਧਿਰਾਂ ਦੀ ਅੱਜ ਦੇ ਦਿਨ ਇਹ ਬਦਕਿਸਮਤੀ ਹੈ ਕਿ ਉਹ ਸਿਆਸੀ ਗਠਜੋੜ ਦੇ ਧਰਮ ਨੂੰ ਨਹੀਂ ਸਮਝ ਰਹੀਆਂ। ਦੋਵੇਂ ਧਿਰਾਂ ਅੱਜ ਦੇ ਦਿਨ ਹਊਮੈ ਦੀਆਂ ਸ਼ਿਕਾਰ ਹਨ, ਜਿਸ ਕਰਕੇ ਮੁੱਖ ਮੰਤਰੀ ਸਾਹਿਬ ਪੰਜਾਬ ਵਿੱਚ ਤੇਰਾਂ ਜ਼ੀਰੋ ਦੀਆਂ ਫੋਕੀਆਂ ਗੱਲਾਂ ਕਰ ਰਿਹਾ ਹੈ। ਇਹ ਅਸਲੀਅਤ ਤੋਂ ਕੋਹਾਂ ਦੂਰ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਦਾ ਉਹ ਕਾਂਗਰਸੀ ਲਾਣਾ ਹੈ, ਉਹ ਵੀ ਆਪਣੀ ਗਲਤ-ਫਹਿਮੀ ਵਿੱਚ ਗਠਜੋੜ ਦੇ ਧਰਮ ਨੂੰ ਨਿਭਾਉਣ ਨੂੰ ਤਿਲਾਂਜਲੀ ਦੇ ਰਿਹਾ ਹੈ। ਖੁਸ਼ੀ ਦੀ ਗੱਲ ਹੈ ਕਿ ਇਹ ਸਤਰਾਂ ਲਿਖਣ ਤਕ ਦਿੱਲੀ, ਗੋਆ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਗਠਜੋੜ ਹੋ ਗਿਆ ਹੈ, ਜਿਸ ਤੋਂ ਪੰਜਾਬ ਨੂੰ ਸਿੱਖਣਾ ਚਾਹੀਦਾ ਹੈ। ਗਠਜੋੜ ਕਰਕੇ ਹੀ ਦੋਵੇਂ ਪਾਰਟੀਆਂ ਅੱਜ ਦੇ ਦਿਨ ਸਾਰੀਆਂ ਸੀਟਾਂ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੀਆਂ ਹਨ। ਵਰਨਾ ਸਿੱਖ ਰੂਪੀ ਭਾਜਪਾਈਏ ਪੈਸੇ ਦੇ ਜ਼ੋਰ ਨਾਲ ਜਾਂ ਬਾਕੀ ਲਾਲਚਾਂ ਸਦਕਾ ਆਪਣਾ ਵੀ ਖਾਤਾ ਖੋਲ੍ਹ ਸਕਦੇ ਹਨ। ਦੋਹਾਂ ਪਾਰਟੀਆਂ ਨੂੰ ਸਮਝਣਾ ਹੋਵੇਗਾ ਕਿ ਜੇਕਰ ਤੁਸੀਂ ਆਪਣਾ ਗਠਜੋੜ ਵਾਲਾ ਧਰਮ ਪੂਰੀ ਇਮਾਨਦਾਰੀ ਨਾਲ ਨਾ ਨਿਭਾਇਆ ਤਾਂ ਅੱਜ ਦੇ ਦਿਨ ਖੂੰਜੇ ਲੱਗੀ ਅਕਾਲੀ ਪਾਰਟੀ ਵੀ ਛਾਲ ਲਗਾ ਕੇ ਮੈਦਾਨ ਵਿੱਚ ਆ ਸਕਦੀ ਹੈ। ਜੇ ਦੋਵੇਂ ਪਾਰਟੀਆਂ ਬਾਕੀ ਸੂਬਿਆਂ ਵਿੱਚ ਸਭ ਕੁਝ ਭੁਲਾ ਕੇ ਗਠਜੋੜ ਦਾ ਆਪਣਾ ਧਰਮ ਨਿਭਾਅ ਸਕਦੀਆਂ ਹਨ ਤਾਂ ਫਿਰ ਕੀ ਪੰਜਾਬ ਦੇ ਲਾਣੇ ਨੂੰ ਕੁਝ ਸਿੱਖਣਾ ਨਹੀਂ ਚਾਹੀਦਾ?
ਇੰਡੀਆ ਗਠਜੋੜ ਲਾਣੇ ਨੂੰ ਇਹ ਯਾਦ ਰੱਖਣਾ ਹੋਵੇਗਾ, ਜੇਕਰ ਤੁਸੀਂ ਇਕੱਠੇ ਹੋ ਕੇ ਲੋਕਾਂ ਦਾ ਦਿਲ ਜਿੱਤੋਗੇ ਤਾਂ ਹੀ ਤੁਸੀਂ ਇਹ ਆਖਣ ਦੇ ਯੋਗ ਹੋ ਸਕੋਗੇ ਕਿ ਕਿਸਾਨਾਂ ਅਤੇ ਸਮੂਹ ਕਿਰਤੀਆਂ ਦੀਆਂ ਮੰਗਾਂ ਸਰਕਾਰ ਫੌਰਨ ਮੰਨੇ, ਦਿੱਲੀ ਵੱਲੋਂ ਖੜ੍ਹੀਆਂ ਕੀਤੀਆਂ ਰੁਕਾਵਟਾਂ ਫੌਰਨ ਦੂਰ ਕੀਤੀਆਂ ਜਾਣ, ਦਿੱਲੀ ਸਾਡੀ ਹੈ, ਦਿੱਲੀ ਜਨਤਾ ਦੀ ਹੈ, ਦਿੱਲੀ ਕਿਸੇ ਦੀ ਨਾ ਜਾਗੀਰ ਹੈ, ਨਾ ਹੀ ਕਿਸੇ ਦੇ ਪਿਓ ਦੀ ਹੈ। ਇਸ ਕਰਕੇ ਅੱਜ ਦੇ ਦਿਨ ਸਿਰਫ ਗਠਜੋੜ ਦਾ ਧਰਮ ਨਿਭਾਅ ਕੇ ਹੀ ਪਾਰ ਲੱਗਿਆ ਜਾ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4754)
(ਸਰੋਕਾਰ ਨਾਲ ਸੰਪਰਕ ਲਈ: (