“ਇਹ ਅਜਿਹੀ ਬਿਮਾਰੀ ਹੈ, ਜੋ ਪੂਰੇ ਭਾਰਤ ਵਿੱਚ ਬਾਵਜੂਦ ਵਿਸ਼ਵ ਗੁਰੂ ਬਣਨ ਦੇ, ਬਾਵਜੂਦ ਸੰਸਾਰ ਦੀ ਪੰਜਵੀਂ ਅਰਥ ...”
(27 ਅਗਸਤ 2024)
ਸਮੁੱਚੇ ਭਾਰਤ ਦੀ ਇਸ ਗੱਲ ਵਿੱਚ ਮਹਾਨਤਾ ਹੈ ਕਿ ਇਸ ਦੇਸ਼ ਵਿੱਚ ਵੱਖ-ਵੱਖ ਕੌਮਾਂ ਰਹਿੰਦੀਆਂ ਹਨ। ਉਨ੍ਹਾਂ ਦੇ ਵੱਖ-ਵੱਖ ਧਰਮ ਹਨ। ਉਨ੍ਹਾਂ ਦੀਆਂ ਵੱਖ-ਵੱਖ ਬੋਲੀਆਂ ਹਨ। ਵੱਖ-ਵੱਖ ਨੈਣ-ਨਕਸ਼ ਹੋਣ ਦੇ ਬਾਵਜੂਦ ਉਹ ਸਭ ਭਾਰਤੀ ਹਨ। ਇਸੇ ਤਰ੍ਹਾਂ ਇਸ ਦੇਸ਼ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵਜੂਦ ਵਿੱਚ ਆਈਆਂ ਹੋਈਆਂ ਹਨ। ਕੋਈ ਸੂਬਾ ਪੱਧਰੀ ਹੈ, ਕੋਈ ਦੇਸ਼ ਪੱਧਰੀ ਹੈ। ਰੰਗ, ਕੱਦ-ਕਾਠ ਵੀ ਵੱਖਰਾ ਹੋਣ ਦੇ ਬਾਵਜੂਦ ਫਿਰ ਵੀ ਸਾਰੇ ਭਾਰਤੀ ਹਨ। ਵਿਦੇਸ਼ੀ ਹਕੂਮਤ ਨੂੰ ਦੇਸ਼ ਵਿੱਚੋਂ ਕੱਢਣ ਲਈ ਸਭ ਨੇ ਰਲ ਕੇ ਅਜਿਹਾ ਹੰਭਲਾ ਮਾਰਿਆ ਕਿ ਜਿਨ੍ਹਾਂ ਦੀ ਹਕੂਮਤ ਦਾ ਕਦੇ ਸੂਰਜ ਨਹੀਂ ਸੀ ਡੁੱਬਦਾ, ਉਨ੍ਹਾਂ ਦਾ ਸੂਰਜ ਵੀ ਸੁਤੰਤਰ ਸੰਗਰਾਮੀਆਂ ਦੇ ਏਕੇ ਸਾਹਮਣੇ ਅਟਕ ਨਾ ਸਕਿਆ। ਇਹ ਅਲੱਗ ਗੱਲ ਹੈ, ਜੋ ਸੁਪਨੇ ਸੁਤੰਤਰਤਾ ਸੰਗਰਾਮੀਆਂ ਨੇ ਸੋਚੇ ਅਤੇ ਦੇਖੇ ਸਨ, ਉਹ ਅੱਜ ਤਕ ਅਧੂਰੇ ਹਨ। ਇਸਦਾ ਮੁੱਖ ਕਾਰਨ ਵਿੱਦਿਆ ਦੀ ਘਾਟ ਹੈ। ਅੱਜ ਵੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵਿੱਦਿਆ ਵਾਸਤੇ ਬਣਦਾ ਬੱਜਟ ਮੁਹਈਆ ਨਹੀਂ ਕਰਵਾ ਰਹੀਆਂ, ਜਿਸ ਕਰਕੇ ਬਹੁਤੀ ਜਨਤਾ ਸਾਧੂ ਸੰਤਾਂ, ਮਹੰਤਾਂ ਦੇ ਪੈਰ ਛੂਹਣ ਲਈ ਇੰਨੀ ਮਜਬੂਰ ਹੈ ਕਿ ਉਸ ਨੂੰ ਕਤਾਰਾਂ ਵਿੱਚ ਲੱਗ ਕੇ ਮੱਥੇ ਰਗੜਨ ਲਈ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਸਮੁੱਚੀਆਂ ਸਰਕਾਰਾਂ ਦੀ ਪੜ੍ਹਾਈ ਵੱਲ ਬੇਰੁਖੀ ਕਰਕੇ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ। ਜਿਹੜੇ ਗੰਭੀਰ ਅਪਰਾਧ ਅਜ਼ਾਦੀ ਦੇ ਸ਼ੁਰੂ ਦੇ ਸਾਲਾਂ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਦਰਜ ਹੁੰਦੇ ਸਨ, ਉਹ ਅਜ਼ਾਦੀ ਦੇ ਸਤੱਤਰ ਸਾਲ ਬਾਅਦ ਸੈਂਕਿੜਆਂ ਦੀ ਗਿਣਤੀ ਵਿੱਚ ਦਰਜ ਹੋ ਰਹੇ ਹਨ। ਇਨ੍ਹਾਂ ਦਰਜ ਕੇਸਾਂ ਤੋਂ ਇਲਾਵਾ ਉਹ ਕੇਸ ਅਲੱਗ ਹਨ, ਜਿਨ੍ਹਾਂ ਨੂੰ ਸੰਬੰਧਤ ਅਧਿਕਾਰੀਆਂ ਦੁਆਰਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਉਹ ਕੋਟਾ ਵੀ ਅਲੱਗ ਹੈ, ਜੋ ਬਦਨਾਮੀ ਤੋਂ ਡਰਦੇ ਦਰਜ ਹੀ ਨਹੀਂ ਕਰਾਉਂਦੇ। ਵੱਖ-ਵੱਖ ਘਿਨਾਉਣੇ ਕੇਸਾਂ ਵਿੱਚ ਸਮੁੱਚੀਆਂ ਰਾਜ ਕਰਦੀਆਂ ਪਾਰਟੀਆਂ ਲਿਪਤ ਹਨ।
ਸਮੁੱਚੇ ਭਾਰਤ ਵਿੱਚ (ਕਿਸੇ ਸੂਬੇ ਵਿੱਚ ਘੱਟ, ਕਿਸੇ ਵਿੱਚ ਵਧ) ਜੋ ਵੱਖ-ਵੱਖ ਅਪਰਾਧਾਂ ਦੇ ਹੜ੍ਹ ਦਾ ਰੌਲਾ ਪੈ ਰਿਹਾ ਹੈ, ਅਨਪੜ੍ਹਤਾ ਤੋਂ ਇਲਾਵਾ ਵਹਿਮਾਂ-ਭਰਮਾਂ ਦਾ ਆਪਣਾ ਇੱਕ ਆਪਣਾ ਵੱਖ ਰੌਲਾ ਹੈ। ਵਹਿਮ-ਭਰਮ ਜਿੱਥੇ ਅਨਪੜ੍ਹ ਇਨਸਾਨ ਨੂੰ ਆਮ ਹੀ ਘੇਰ ਲੈਂਦੇ ਹਨ, ਇਨ੍ਹਾਂ ਨੂੰ ਰੋਕਣ ਲਈ ਅਖੌਤੀ ਧਰਮ ਗੁਰੂਆਂ ਤੋਂ ਲੈ ਕੇ ਅਖੌਤੀ ਸਾਧੂ-ਸੰਤਾਂ ਦੇ ਡੇਰਿਆਂ ’ਤੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੈ। ਨਜ਼ਰ ਇਸ ਕਰਕੇ ਨਹੀਂ ਰੱਖ ਹੋ ਰਹੀ, ਕਿਉਂਕਿ ਜਮਹੂਰੀਅਤ ਵਿੱਚ ਇਨ੍ਹਾਂ ਡੇਰਿਆਂ ਦਾ ਵੱਡਾ ਰੋਲ ਹੁੰਦਾ ਹੈ। ਕੋਈ ਬੰਦਾ ਅਖੌਤੀ ਗੁਰੂਆਂ ਤੋਂ ਲੈ ਕੇ ਸਾਧੂ-ਸੰਤਾਂ ਦੇ ਚੇਲਿਆ ਤਕ ਇਹ ਗਰੰਟੀ ਨਹੀਂ ਕਰ ਸਕਦਾ ਕਿ ਸਾਡੇ ਸਭ ਅੱਛਾ ਹੋ ਰਿਹਾ ਹੈ। ਇੱਥੋਂ ਤਕ ਬਿਮਾਰੀ ਫੈਲ ਚੁੱਕੀ ਹੈ ਕਿ ਜਿਨ੍ਹਾਂ ਡੇਰਿਆਂ, ਸਾਧੂ-ਸੰਤਾਂ ਅਤੇ ਧਰਮ ਗੁਰੂਆਂ ਤਕ ਸੂਬੇ ਦੇ ਮੁੱਖ ਮੰਤਰੀਆਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤਕ ਨਤਮਸਤਕ ਹੁੰਦੇ ਹਨ, ਉਨ੍ਹਾਂ ਵਿੱਚੋਂ ਦਰਜਨਾਂ ਪਾਖੰਡੀ ਅਖੌਤੀ ਸਾਧ ਅੱਜ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਉਮਰ ਕੈਦਾਂ ਕੱਟ ਕੇ ਸਾਡੀਆਂ ਮਾਡਰਨ ਜੇਲ੍ਹਾਂ ਦਾ ਮਾਣ ਤਾਣ ਵਧਾ ਰਹੇ ਹਨ। ਜ਼ਰਾ ਸੋਚੋ, ਅਗਰ ਗੁਰੂ ਆਪਣੇ ਡੇਰਿਆਂ ਵਿੱਚ ਅਜਿਹੇ ਕੁਕਰਮ ਕਰਨੋ ਨਹੀਂ ਹਟਦੇ ਤਾਂ ਉਨ੍ਹਾਂ ਦੇ ਚੇਲੇ-ਬਾਲਕੇ ਕਿਵੇਂ ਪਿੱਛੇ ਰਹਿਣਗੇ। ਅਪਰਾਧਾਂ ਨੂੰ ਰੋਕਣ ਲਈ ਸਮੁੱਚੇ ਡੇਰਿਆਂ ’ਤੇ ਤਿੱਖੀ ਨਜ਼ਰ ਅਤੇ ਮੌਕੇ-ਮੌਕੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹਰ ਸਰਕਾਰੀ ਅਤੇ ਅਰਧ-ਸਰਕਾਰੀ ਸੰਸਥਾਵਾਂ ਦੀ ਨਿਰੰਤਰ ਚੈਕਿੰਗ ਹੁੰਦੀ ਰਹਿਣੀ ਚਾਹੀਦੀ ਹੈ।
ਅਜੋਕਾ ਕੋਲਕਾਤਾ ਰੇਪ ਕਾਂਡ ਨਾ ਇਹ ਦੇਸ਼ ਦਾ ਪਹਿਲਾ ਅਤੇ ਨਾ ਹੀ ਆਖਰੀ ਕਾਂਡ ਹੈ। ਦੇਸ਼ ਦਾ ਕੋਈ ਅਜਿਹਾ ਸੂਬਾ ਨਹੀਂ ਬਚਿਆ ਹੋਵੇਗਾ, ਜਿੱਥੇ ਰੇਪ ਕੇਸ ਨਾ ਹੋਏ ਹੋਣ। ਕੋਈ ਰਾਜ ਕਰਦੀ ਜਾਂ ਰਾਜ ਕਰ ਚੁੱਕੀ ਪਾਰਟੀ ਅੱਜ ਦੇ ਦਿਨ ਬਾਂਹ ਉੱਚੀ ਕਰਕੇ ਨਹੀਂ ਕਹਿ ਸਕਦੀ ਕਿ ਉਹ ਅਜਿਹੇ ਵਰਤਾਰੇ ਤੋਂ ਬਚੀ ਹੋਈ ਹੈ। ਅਗਰ ਪਾਠਕ ਧਿਆਨ ਨਾਲ ਸੋਚਣ ਅਤੇ ਯਾਦ ਕਰਨ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਅਜਿਹੇ ਭੱਦੇ ਦੋਸ਼ਾਂ ਤੋਂ ਕੋਈ ਵੀ ਵਿਭਾਗ ਅੱਜ ਤਕ ਬਚਿਆ ਨਹੀਂ। ਅਜਿਹੇ ਭੱਦੇ ਦੋਸ਼ ਫੌਜ, ਪੁਲਿਸ, ਕਾਨੂੰਨੀ ਮਹਿਕਮੇ ਵਿੱਚ ਲੱਗ ਚੁੱਕੇ ਹਨ। ਇਹ ਅਲੱਗ ਗੱਲ ਹੈ ਕਿ ਉਨ੍ਹਾਂ ਦੀ ਗਿਣਤੀ ਉਂਗਲਾਂ ’ਤੇ ਗਿਣੀ ਜਾਣ ਵਾਲੀ ਹੈ। ਅਜਿਹੇ ਦੋਸ਼ ਸਿਆਸਤ ਵਿੱਚ ਵੀ ਆਮ ਲਗਦੇ ਰਹਿੰਦੇ ਹਨ। ਵਿੱਦਿਆ ਖੇਤਰ (ਸਕੂਲ-ਕਾਲਜ) ਵਿੱਚ ਵੀ ਲਗਦੇ ਰਹਿੰਦੇ ਹਨ ਅਤੇ ਸਾਬਤ ਹੁੰਦੇ ਰਹਿੰਦੇ ਹਨ। ਹੋਰ ਤਾਂ ਹੋਰ, ਦੇਸ਼ ਦੀਆਂ ਭਲਵਾਨ ਧੀਆਂ ਵੀ ਰਾਜ ਕਰਦੀ ਕੇਂਦਰੀ ਸਰਕਾਰ ਦੇ ਪਾਰਲੀਮੈਂਟ ਮੈਂਬਰਾਂ ’ਤੇ ਅਜਿਹੇ ਦੋਸ਼ ਲਾ ਚੁੱਕੀਆਂ ਹਨ, ਜਿਨ੍ਹਾਂ ’ਤੇ ਸਾਰੇ ਤਰ੍ਹਾਂ ਦਾ ਸੰਘਰਸ਼ ਕਰਨ ਤੋਂ ਬਾਅਦ ਵੀ ਐੱਫ ਆਈ ਆਰ ਦਰਜ ਨਹੀਂ ਕਰਵਾ ਸਕੀਆਂ। ਐੱਫ ਆਈ ਆਰ ਵੀ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਹੋਈ। ਅਜਿਹੇ ਸਮੇਂ ਵਿੱਚ ਆਮ ਗਰੀਬ ਜਨਤਾ ਆਪਣੇ ਦੁਖੜੇ ਕਿਵੇਂ ਅਤੇ ਕਿਸ ਪਾਸ ਸੁਣਾ ਸਕਦੀ ਹੈ?
ਆਓ, ਆਪਾਂ ਚਲੰਤ ਬੰਗਾਲ ਵਿੱਚ ਹੋਏ ਰੇਪ ਅਤੇ ਰੇਪ ਕਰਨ ਤੋਂ ਬਾਅਦ ਗਲ਼ ਘੁੱਟ ਕੇ ਮਾਰਨ ਦੇ ਘਿਨਾਉਣੇ ਕਾਂਡ ਬਾਰੇ ਗੱਲ ਕਰੀਏ। ਬੇਹੱਦ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਟਰੇਨੀ ਡਾਕਟਰ ਧੀ ਨਾਲ ਅਜਿਹਾ ਕਾਂਡ ਵਾਪਰਿਆ। ਉਸ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਜੋ ਉਸ ਹੱਤਿਆ ਕਾਂਡ ਬਾਰੇ ਹੌਲੀ ਹੌਲੀ ਬਾਹਰ ਆ ਰਹੀ ਹੈ। ਸੀ ਬੀ ਆਈ ਮੁਤਾਬਕ ਡਾਕਟਰ ਸੰਦੀਪ, ਕਈ ਸਾਲਾਂ ਤੋਂ ਇਸ ਕਾਲਜ ਦਾ ਪ੍ਰਿੰਸੀਪਲ ਚੱਲਿਆ ਆ ਰਿਹਾ ਹੈ। ਸੂਤਰਾਂ ਮੁਤਾਬਕ ਜਿਹੜਾ ਪ੍ਰਿੰਸੀਪਲ ਚੋਣ ਸਮੇਂ ਮੈਰਿਟ ਵਿੱਚ ਸੋਲ੍ਹਵੇਂ ਨੰਬਰ ’ਤੇ ਸੀ, ਉਹ ਰਾਤੋ-ਰਾਤ ਪਹਿਲੇ ਨੰਬਰ ’ਤੇ ਆ ਗਿਆ। ਉਸਦੀ ਦੋ-ਤਿੰਨ ਵਾਰ ਬਦਲੀ ਹੋਈ। ਬਦਲੀ ਦੇ ਆਰਡਰਾਂ ਦੀ ਸਿਆਹੀ ਅਜੇ ਸੁੱਕਦੀ ਨਹੀਂ ਸੀ ਕਿ ਬਦਲੀ ਰੁਕ ਜਾਂਦੀ ਸੀ। ਸੁਭਾਵਿਕ ਹੀ ਹੈ, ਇਹ ਮਹਿਕਮਾ ਸੂਬੇ ਦੀ ਮੁੱਖ ਮੰਤਰੀ ਕੋਲ ਹੋਣ ਕਰਕੇ ਬਦਲੀ ਉਹ ਹੀ ਕਰਦੀ ਹੋਵੇਗੀ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਬਦਲੀ ਕਿਸ ਦੇ ਇਸ਼ਾਰੇ ’ਤੇ ਰੁਕਦੀ ਸੀ? ਹੋ ਸਕਦਾ ਹੈ ਸੀ ਬੀ ਆਈ ਦੀ ਧੀਮੀ ਰਫ਼ਤਾਰ ਇਹ ਸਭ ਕੁਝ ਜਾਣ ਪਾਵੇ।
ਅਗਲੀ ਗੱਲ ਹੈ ਪ੍ਰਿੰਸੀਪਲ ਦੇ ਪਲ-ਪਲ ਬਦਲਦੇ ਬਿਆਨ। ਪਹਿਲਾ ਟੈਲੀਫੋਨ ਵਾਰਦਾਤ ਦੀ ਰਾਤ ਨੂੰ ਮਹਿਰੂਮ ਟਰੇਨੀ ਡਾਕਟਰ ਦੇ ਘਰਦਿਆਂ ਨੂੰ ਜਾਂਦਾ ਹੈ ਕਿ ਤੁਹਾਡੀ ਲੜਕੀ ਬਿਮਾਰ ਹੈ। ਫਿਰ ਟੈਲੀਫੋਨ ਜਾਂਦਾ ਹੈ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ। ਫਿਰ ਘਰਦਿਆਂ ’ਤੇ ਇਸ ਗੱਲ ਦਾ ਦਬਾਅ ਬਣਾਇਆ ਜਾਂਦਾ ਹੈ ਕਿ ਤੁਸੀਂ ਜਲਦੀ ਇਸਦਾ ਪੋਸਟ ਮਾਰਟਮ ਕਰਵਾ ਕੇ ਸਸਕਾਰ ਕਰੋ। ਮੌਜੂਦਾ ਪ੍ਰਿੰਸੀਪਲ ਨੂੰ ਅਜਿਹਾ ਕਰਨ ਦੀ ਲੋੜ ਅਤੇ ਕਾਹਲ ਕਿਸ ਵਾਸਤੇ ਸੀ? ਕੀ ਉਹ ਦੋਸ਼ੀਆਂ ਨੂੰ ਬਚਾਉਣਾ ਚਾਹੁੰਦਾ ਸੀ? ਜਾਂ ਆਪਣਾ ਕੋਈ ਪਾਪ ਛਪਾਉਣਾ ਚਾਹੁੰਦਾ ਸੀ? ਕੀ ਇਸ ਦਾਲ ਵਿੱਚ ਹੋਰ ਵੀ ਕੁਝ ਕਾਲਾ-ਕਾਲਾ ਹੈ?
ਇਸ ਘਿਨਾਉਣੇ ਕਾਂਡ ਬਦਲੇ ਬੇਟੀ ਦੇ ਹੱਕ ਵਿੱਚ ਡਸਿਪਲਨ ਵਿੱਚ ਰਹਿ ਕੇ ਮੁਜ਼ਾਹਰੇ ਹੋਣੇ ਚਾਹੀਦੇ ਹਨ। ਪਰ ਇਸ ਵਿਸ਼ੇ ’ਤੇ ਸੀ ਬੀ ਆਈ ਦੇ ਪੜਤਾਲ ਕਰਨ ਤੋਂ ਬਾਅਦ ਵੀ ਬੀ ਜੇ ਪੀ ਦਾ ਬੇਲੋੜਾ ਸੰਘ-ਪਾੜਵਾਂ ਰੌਲਾ ਸਮਝ ਨਹੀਂ ਆਉਂਦਾ ਕਿ ਉਹ ਮੁੱਖ ਮੰਤਰੀ ਦਾ ਅਸਤੀਫ਼ਾ ਮੰਗ ਕੇ ਕਿਉਂ ਫਜ਼ੂਲ ਦੀ ਸੂਬੇ ਵਿੱਚ ਅਫਰਾ-ਤਫ਼ਰੀ ਮਚਾ ਰਹੀ ਹੈ? ਅਗਰ ਅੱਜ ਤਕ ਦਸ-ਬਾਰਾਂ ਸਾਲ ਦੇ ਰਾਜ ਵਿੱਚ ਬੀ ਜੇ ਪੀ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੋਵੇ ਤਾਂ ਉਸ ਨੂੰ ਅਜਿਹਾ ਕਹਿਣ ਦਾ ਅਧਿਕਾਰ ਹੈ। ਜੋ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਸੀ, ਉਹ ਮੁੱਖ ਮੰਤਰੀ ਸ੍ਰੀਮਤੀ ਮਮਤਾ ਨੇ ਫੌਰਨ ਕਰ ਦਿੱਤਾ। ਇਨਕੁਆਰੀ ਲਈ ਸਿੱਟ ਬਣਾਈ, ਜਿਸ ਨੂੰ ਤਕਰੀਬਨ ਹਫ਼ਤੇ ਦਾ ਸਮਾਂ ਦਿੱਤਾ। ਸਮੇਂ ਸਿਰ ਰਿਪੋਰਟ ਨਾ ਕਰਨ ਕਰਕੇ ਸੀ ਬੀ ਆਈ ਨੂੰ ਕੇਸ ਸੌਂਪਣ ਦਾ ਬਚਨ ਦਿੱਤਾ। ਹਮੇਸ਼ਾ ਹੀ ਸੂਬਾ ਸਰਕਾਰਾਂ ਅਜਿਹਾ ਹੀ ਕਰਦੀਆਂ ਹਨ। ਫਿਰ ਅਸਤੀਫ਼ਾ ਕਿਸ ਖੁਸ਼ੀ ਵਿੱਚ? ਕੀ ਯੂ ਪੀ ਕਾਂਡ ਵਿੱਚ, ਮਹਾਰਾਸ਼ਟਰ ਦੇ ਬਦਲਾਪੁਰ ਕਾਂਡ ਕਰਕੇ ਜਾਂ ਮਣੀਪੁਰ ਕਾਂਡ ਸਮੇਂ ਭਾਜਪਾ ਮੁੱਖ ਮੰਤਰੀਆਂ ਨੇ ਕਦੇ ਅਸਤੀਫ਼ਾ ਦਿੱਤਾ? ਯੂ ਪੀ ਵਿੱਚ ਤਾਂ ਆਮ ਰਿਵਾਜ਼ ਹੈ ਕਿ ਬਲਾਤਕਾਰ ਕਰਕੇ ਬੱਚੀਆਂ ਦਰਖ਼ਤਾਂ ਨਾਲ ਲਟਕਾ ਦਿੱਤੀਆਂ ਜਾਂਦੀਆਂ ਹਨ।
ਪਾਠਕੋ! ਇਹ ਅਜਿਹੀ ਬਿਮਾਰੀ ਹੈ, ਜੋ ਪੂਰੇ ਭਾਰਤ ਵਿੱਚ ਬਾਵਜੂਦ ਵਿਸ਼ਵ ਗੁਰੂ ਬਣਨ ਦੇ, ਬਾਵਜੂਦ ਸੰਸਾਰ ਦੀ ਪੰਜਵੀਂ ਅਰਥ ਵਿਵਸਥਾ ਬਣਨ ਦੇ, ਬਾਵਜੂਦ ਭਗਵਾਨ ਸ੍ਰੀ ਰਾਮ ਚੰਦਰ ਦੇ ਬੁੱਤ ਦੀ ਪ੍ਰਾਣ ਪ੍ਰਿਤਸ਼ਠਾ ਕਰਨ ਦੇ ਅਤੇ ਸਰਕਾਰੀ ਡਰਾਮਿਆਂ ਦੇ ਬੜੀ ਬੁਰੀ ਤਰ੍ਹਾਂ ਫੈਲ ਰਹੀ ਹੈ। ਇਸ ਨੂੰ ਰੋਕਣ ਲਈ ਹੁਕਮਰਾਨ ਟੋਲਾ ਸਮੇਤ ਆਪਣੇ ਸਿਆਸੀ ਦੋਸਤਾਂ ਦੇ ਫੇਲ ਹੋਇਆ ਹੈ। ਬਾਕੀ ਜਿੱਥੋਂ ਤਕ ਸਖ਼ਤ ਸਜ਼ਾਵਾਂ ਦੀ ਮੰਗ ਹੈ, ਉਸ ਵਿੱਚ ਫਾਂਸੀ ਤੋਂ ਇਲਾਵਾ ਉਮਰ ਕੈਦ ਮਰਨ ਤਕ, ਦੌਰਾਨ ਉਮਰ ਕੈਦੀ ਕੋਈ ਵੀ ਮੁਲਾਕਾਤ ਨਾ ਕਰ ਸਕੇ ਜਾਂ ਫਿਰ ਅਜਿਹੇ ਲੋਕਾਂ ਨੂੰ ਮਿਥੇ ਸਮੇਂ ਵਿੱਚ ਫਾਂਸੀ ਦੇਣੀ ਚਾਹੀਦੀ ਹੈ। ਪਰ ਇਸ ਸਭ ਕਾਸੇ ਦਾ ਪੱਕਾ ਇਲਾਜ ਮੌਜੂਦਾ ਸਿਸਟਮ ਨੂੰ ਬਦਲਣ ਵਿੱਚ ਹੈ ਤਾਂ ਕਿ ਕੋਲਕਾਤਾ ਕਾਂਡ, ਬਦਲਾਪੁਰ ਕਾਂਡ ਤੇ ਹੋਰ ਘਿਨਾਉਣੇ ਕਾਂਡ ਮੁੜ ਦੁਹਰਾਏ ਨਾ ਜਾਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5249)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.