“ਸਮਝਣ ਤੋਂ ਸਭ ਕੁਝ ਬਾਹਰ ਹੈ ਜਦੋਂ ਪੜ੍ਹੀ-ਸੁਣੀਦਾ ਹੈ ਕਿ ਬੱਤੀ ਕਰੋੜ ਦੀ ਅਬਾਦੀ ਵਾਲਾ ਅਮਰੀਕਾ ...”
(18 ਦਸੰਬਰ 2023)
ਇਸ ਸਮੇਂ ਪਾਠਕ: 442.
ਸਭ ਤੋਂ ਪਹਿਲੀ ਅਤੇ ਵੱਡੀ ਗੱਲ ਇਹ ਹੈ ਕਿ ਤੇਰਾਂ ਤਾਰੀਖ ਨੂੰ ਜੋ ਪਾਰਲੀਮੈਂਟ ਹਾਊਸ ਵਿੱਚ ਬੇਰੁਜ਼ਗਾਰਾਂ ਵੱਲੋਂ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਐਕਸ਼ਨ ਕੀਤਾ ਗਿਆ, ਉਹ ਬਿਨਾਂ ਜਾਨੀ ਨੁਕਸਾਨ ਤੋਂ ਹੋ ਨਿੱਬੜਿਆ। ਜਾਨੀ ਨੁਕਸਾਨ ਤੋਂ ਬਹੁਤ ਛੋਟਾ ਅਤੇ ਬੇਰੁਜ਼ਗਾਰ ਨੌਜਵਾਨ ਆਪਣੀਆਂ ਮੰਗਾਂ ਨੂੰ ਦੇਸ਼ ਦੇ ਚਾਰੋਂ ਕੋਨਿਆਂ ਤਕ ਪਹੁੰਚਾਉਣ ਵਿੱਚ ਸੌ ਫ਼ੀਸਦੀ ਕਾਮਯਾਬ ਰਹੇ। ਅਸੀਂ ਅਜਿਹੇ ਐਕਸ਼ਨਾਂ ਦੇ ਪ੍ਰਸ਼ੰਸਕ ਨਹੀਂ ਪਰ ਫਿਰ ਵੀ ਸਾਨੂੰ ਇਸ ਗੱਲ ਦਾ ਕਾਫ਼ੀ ਸਕੂਨ ਹੈ ਕਿ ਕੋਈ ਜਿਸਮਾਨੀ ਨੁਕਸਾਨ ਨਹੀਂ ਹੋਇਆ। ਸਿਰਫ਼ ਦੋਸ਼ੀ ਹੀ ਛਿੱਤਰ ਪਰੇਡ ਦੇ ਭਾਗੀ ਬਣੇ।
ਪਾਰਲੀਮੈਂਟ ਵਿੱਚ ਹੋਇਆ ਉਪਰੋਕਤ ਐਕਸ਼ਨ ਸਾਨੂੰ ਉਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਅਸੰਬਲੀ ਵਿੱਚ ਨਕਲੀ ਬੰਬ ਸੁੱਟਣ ਤੋਂ ਪ੍ਰੇਰਿਤ ਹੋਇਆ ਲਗਦਾ ਹੈ ਜਿਵੇਂ ਕਿਸੇ ਵੇਲੇ ਸਰਦਾਰ ਭਗਤ ਸਿੰਘ ਆਪਣੀ ਜਵਾਨੀ ਵਿੱਚ ਫਰਾਂਸ ਦੇ ਇੱਕ ਬੇਲਾਂ ਨਾਂਅ ਦੇ ਨੌਜਵਾਨ ਦੇ ਐਕਸ਼ਨ ਤੋਂ ਪ੍ਰਭਾਵਤ ਹੋਏ ਲਗਦੇ ਸਨ। ਇਸ ਪਾਰਲੀਮੈਂਟ ਵਿੱਚ ਹੋਏ ਐਕਸ਼ਨ ਨੂੰ ਕਿਸੇ ਵੀ ਤਰ੍ਹਾਂ ਅੱਤਵਾਦੀ ਘਟਨਾਵਾਂ ਨਾਲ ਜੋੜਿਆ ਨਹੀਂ ਜਾ ਸਕਦਾ। ਉਂਜ ਇਸ ਸਮੁੱਚੀ ਘਟਨਾ ਦਾ ਸਮੁੱਚਾ ਇਤਫਾਕ ਦੇਖੋ ਕਿ ਇਹ ਘਟਨਾ ਵੀ ਠੀਕ ਬਾਈ ਸਾਲ ਬਾਅਦ ਪਾਰਲੀਮੈਂਟ ਵਿੱਚ ਵਾਪਰੀ, ਜਿਸ ਘਟਨਾ ਨੂੰ ਉਨ੍ਹਾਂ ਸਵੇਰੇ ਸਵੇਰੇ ਹੀ ਯਾਦ ਕਰਕੇ ਸੰਬੰਧਤ ਸ਼ਹੀਦਾਂ ਨੂੰ ਸਮੁੱਚੀ ਪਾਰਲੀਮੈਂਟ ਮੈਂਬਰਾਂ ਨੇ ਨੌਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਘਟਨਾ ਉਸ ਨਵੇਂ ਪਾਰਲੀਮੈਂਟ ਹਾਊਸ ਵਿੱਚ ਵਾਪਰੀ ਜੋ ਭਾਰਤ ਵਿੱਚ ਵੱਧ ਸੁਰੱਖਿਅਤ ਹੈ ਅਤੇ ਜਿਸ ਪਾਰਲੀਮੈਂਟ ਹਾਊਸ ਨੂੰ ਕਈ ਵਿਰੋਧਾਂ ਦੇ ਬਾਵਜੂਦ ਮੋਦੀ ਦੀ ਜ਼ਿਦ ਨੇ ਸਾਰੇ ਆਧੁਨਿਕ ਉਪਕਰਨਾਂ ਦੀ ਸਹੂਲਤ ਨਾਲ ਸਿਰੇ ਚਾੜ੍ਹਿਆ ਸੀ। ਸਾਥੀਓ, ਇਹ ਵੀ ਇਤਫਾਕ ਦੀ ਹੀ ਗੱਲ ਹੈ ਕਿ ਸੰਬੰਧਤ ਦੋਸ਼ੀ ਧਿਰ ਨੂੰ ਪਾਸ ਜਾਰੀ ਕਰਨ ਵਾਲਾ ਵੀ ਸੰਸਦ ਭਾਜਪਾ ਪਾਰਟੀ ਦਾ ਮੈਂਬਰ ਹੈ। ਬੇਰੁਜ਼ਗਾਰ ਨੌਜਵਾਨਾਂ ਨੇ ਸਭ ਤਰ੍ਹਾਂ ਦੀ ਸਿਕਿਉਰਿਟੀ ਦੀਆਂ ਧੱਜੀਆਂ ਉਡਾ ਕੇ ਆਪਣਾ ਸੁਨੇਹਾ ਪਾਰਲੀਮੈਂਟ ਸਾਧਨਾਂ ਰਾਹੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ। ਉਨ੍ਹਾਂ ਦੋਵਾਂ ਵਿੱਚੋਂ ਇੱਕ ਸ਼ਰਮਾ ਹੈ। ਸ਼ੁਕਰ ਹੈ ਕਿ ਕੋਈ ਪੰਜਾਬੀ ਜਾਂ ਮੁਸਲਮਾਨ ਨਹੀਂ ਨਿਕਲਿਆ।
ਹੁਣ ਸੰਪੂਰਨ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਘਟਨਾ ਦੇ ਪਾਤਰ ਇਹ ਚਾਰ ਵਿਅਕਤੀ ਵਾਕਿਆ ਹੀ ਬੇਰੁਜ਼ਗਾਰ ਹਨ? ਉਨ੍ਹਾਂ ਵਿੱਦਿਆ ਕਿੱਥੋਂ ਤਕ ਪ੍ਰਾਪਤ ਕੀਤੀ ਹੈ? ਉਹ ਪਿਛਲੇ ਕਿੰਨੇ ਸਮੇਂ ਤੋਂ ਬੇਰੁਜ਼ਗਾਰ ਚੱਲ ਰਹੇ ਹਨ? ਉਨ੍ਹਾਂ ਦਾ ਪਰਿਵਾਰਕ ਪਿਛੋਕੜ ਕੀ ਹੈ? ਉਹ ਸਮੇਂ-ਸਮੇਂ ਕਿਸ ਸਿਆਸੀ ਪਾਰਟੀ ਨਾਲ ਸੰਬੰਧਤ ਰਹੇ? ਉਹ ਕਿਸ ਤਰ੍ਹਾਂ ਦੀ ਐੱਨ ਜੀ ਓ ਨਾਲ ਸੰਬੰਧਤ ਹਨ ਜਾਂ ਸੰਬੰਧਤ ਰਹੇ ਹਨ? ਕੀ ਅਜਿਹੀ ਕਾਰਵਾਈ ਉਨ੍ਹਾਂ ਬੇਰੁਜ਼ਗਾਰੀ ਕਰਕੇ ਆਪਣੇ ਪੇਟ ਦੀ ਖਾਤਰ ਕੀਤੀ ਹੈ ਜਾਂ ਕਿਸੇ ਲਾਲਚ ਵੱਸ? ਅਜਿਹੀਆਂ ਸਾਰੀਆਂ ਗੱਲਾਂ ਦਾ ਉੱਤਰ ਨਿਰਪੱਖ ਇਨਕੁਆਰੀ ਤੋਂ ਬਾਅਦ ਪਤਾ ਲੱਗੇਗਾ।
ਅਗਰ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਸੇਵਾਵਾਂ ਦੀ ਬਾਤ ਪਾਈ ਜਾਵੇ ਤਾਂ ਮੋਦੀ ਸਾਹਿਬ ਦੇ ਕਹਿਣ ਮੁਤਾਬਕ, ਇਨ੍ਹਾਂ ਵਿਸ਼ਿਆਂ ਵਿੱਚ ਭਾਰਤ ਆਗੂ ਰੋਲ ਅਦਾ ਕਰ ਰਿਹਾ ਹੈ। ਅਸਲੀਅਤ ਦੇ ਉਲਟ ਜਾ ਕੇ ਗੋਦੀ ਮੀਡੀਏ ਦੀ ਅਤੇ ਅੰਧ ਭਗਤਾਂ ਦੀ ਮਦਦ ਨਾਲ ਜੋ ਕੁਝ ਪ੍ਰਚਾਰਿਆ ਜਾਂਦਾ ਹੈ, ਉਸ ਦਾ ਅਸਲੀਅਤ ਨਾਲ ਘੱਟ, ਸੁਪਨਿਆਂ ਨਾਲ ਰਿਸ਼ਤਾ ਜ਼ਿਆਦਾ ਜੁੜਦਾ ਹੈ। ਪਹਿਲੇ ਸਮਿਆਂ ਵਿੱਚ ਮੋਦੀ ਜੀ ਦਾ ਗੁਜਰਾਤ ਮਾਡਲ, ਜੋ ਹੁਣ ਤਕਰੀਬਨ ਫੇਲ ਹੋ ਚੁੱਕਾ ਹੈ, ਭਾਰਤ ਦਾ ਸੁਪਰ ਮਾਡਲ ਕਹਾਉਂਦਾ ਹੁੰਦਾ ਸੀ। ਅੱਜਕੱਲ ਬੁਲਡੋਜ਼ਰ ਦਾ ਜ਼ਿਆਦਾ ਚਰਚਾ ਕਰਕੇ ਯੂ ਪੀ ਨੂੰ ਆਦਰਸ਼ ਸੂਬਿਆਂ ਵਿੱਚ ਗਿਣਿਆ ਜਾਂਦਾ ਹੈ। ਜਦੋਂ ਕਿ ਅਸਲੀਅਤ ਇਸਦੇ ਉਲਟ ਹੈ। ਇੱਕ ਨਵੇਂ ਵੀਹ ਸੌ ਤੇਈ ਦੇ ਐੱਨ ਸੀ ਆਰ ਬੀ ਦੇ ਸਰਵੇ ਮੁਤਾਬਕ ਹੱਤਿਆ, ਬਲਾਤਕਾਰ, ਇਸਤਰੀਆਂ ਉੱਤੇ ਜੁਰਮ ਵਿੱਚ ਯੂ ਪੀ ਤਕਰੀਬਨ ਸਾਰੇ ਸੂਬਿਆਂ ਵਿੱਚੋਂ ਅੱਗੇ ਹੈ, ਜਿਸ ਨੂੰ ਤੁਸੀਂ ਅਸਾਨੀ ਨਾਲ ਜੰਗਲ ਰਾਜ ਦੇ ਨਾਂਅ ਨਾਲ ਵੀ ਪੁਕਾਰ ਸਕਦੇ ਹੋ।
ਸਮਝਣ ਤੋਂ ਸਭ ਕੁਝ ਬਾਹਰ ਹੈ ਜਦੋਂ ਪੜ੍ਹੀ-ਸੁਣੀਦਾ ਹੈ ਕਿ ਬੱਤੀ ਕਰੋੜ ਦੀ ਅਬਾਦੀ ਵਾਲਾ ਅਮਰੀਕਾ ਦੁਨੀਆ ਦਾ ਲੀਡਰ ਬਣੀ ਫਿਰਦਾ ਹੈ। ਪਰ ਅਮਰੀਕਾ ਤੋਂ ਚੌਗੁਣੀ ਅਬਾਦੀ ਵਾਲਾ ਭਾਰਤ, ਜਿਸ ਦੇਸ਼ ਪਾਸ ਅਮਰੀਕਾ ਦੀ ਅਬਾਦੀ ਤੋਂ ਵੱਧ ਦੇਵੀ-ਦੇਵਤੇ ਹੋਣ, ਜਾਣੀ ਤੇਤੀ ਕਰੋੜ ਤੇਵਤੇ ਹੋਣ, ਫਿਰ ਵੀ ਘੱਟ ਅਬਾਦੀ ਵਾਲੇ ਅਮਰੀਕਾ ਦੀ ਪੂਛ ਫੜੀ ਬੈਠਾ ਹੋਵੇ, ਕਿੰਨੇ ਅਫ਼ਸੋਸ ਦੀ ਗੱਲ ਹੈ। ਭਾਰਤ ਵਿੱਚ ਤਾਂ ਸਾਰੀ ਤਰ੍ਹਾਂ ਦੀ ਤਰੱਕੀ ਤੋਂ ਵੱਧ ਸਿਰਫ਼ ਪ੍ਰਚਾਰ ਹੀ ਹੈ ਜੋ ਦਿਨ-ਰਾਤ ਲਗਾਤਾਰ ਹੁੰਦਾ ਰਹਿੰਦਾ ਹੈ। ਪ੍ਰਚਾਰ ਵੀ ਉਹ, ਜਿਹੜਾ ਅਸਲੀਅਤ ਤੋਂ ਕੋਹਾਂ ਦੂਰ ਹੁੰਦਾ ਹੈ। ਉਦਾਹਰਣ ਲਈ ਤੁਸੀਂ ਪੰਜਾਂ ਸੂਬਿਆਂ ਦੀਆਂ ਚੋਣਾਂ ਦੀ ਗੱਲ ਕਰ ਲਵੋ, ਜਿਸ ਵਿੱਚ ਕਾਂਗਰਸ ਸਿਰਫ਼ ਇੱਕ ਸੂਬਾ ਜਿੱਤ ਸਕੀ ਹੈ ਪਰ ਭਾਜਪਾ ਈ ਵੀ ਐੱਮ ਮਸ਼ੀਨ ਸਮੇਤ ਕਈ ਹੋਰ ਕਾਰਨਾਂ ਕਰਕੇ ਸਿਰਫ਼ ਇੱਕ ਸੂਬਾ ਹੀ ਵੱਧ ਜਿੱਤ ਚੁੱਕੀ ਹੈ, ਜਿਸਦਾ ਪਿਛਲੇ ਸਾਢੇ ਨੌਂ ਸਾਲ ਤੋਂ ਜ਼ਿਆਦਾ ਸਮੇਂ ਤੋਂ ਸੈਂਟਰ ਵਿੱਚ ਰਾਜ ਰਿਹਾ ਹੋਵੇ, ਜੋ ਸਾਰੀ ਤਰ੍ਹਾਂ ਦੀਆਂ ਜਾਂਚ ਏਜੰਸੀਆਂ ਦੀ ਸਵਾਰੀ ਕਰਦੀ ਹੋਵੇ। ਪਰ ਭਾਜਪਾ ਵਾਲੇ ਇਸ ਜਿੱਤ ਨੂੰ ਕਰੋੜਾਂ ਰੁਪਇਆ ਖਰਚ ਕੇ ਇਵੇਂ ਪ੍ਰਚਾਰ ਰਹੇ ਹਨ, ਜਿਵੇਂ ਉਸ ਨੇ ਦੁਨੀਆ ਉੱਤੇ ਜਿੱਤ ਪ੍ਰਾਪਤ ਕਰ ਲਈ ਹੋਵੇ, ਜਦੋਂ ਕਿ ਤਿੰਨ ਸੂਬਿਆਂ ਦੀ ਜਿੱਤ ਦੇ ਮੋਦੀ ਫੈਕਟਰ ਨਾ ਹੋ ਕੇ ਹੋਰ ਕਾਰਨ ਹਨ। ਪਰ ਲੋਕਾਂ ਵਿੱਚ ਪ੍ਰਚਾਰ ਰਾਹੀਂ ਮੋਦੀ ਗਰੰਟੀ ਭਰਮ ਪੈਦਾ ਕੀਤਾ ਜਾ ਰਿਹਾ ਹੈ। ਉਂਜ ਹਰ ਜਿੱਤ ਦਾ ਸਿਹਰਾ ਹਮੇਸ਼ਾ ਨੇਤਾ ਸਿਰ ਹੀ ਬੱਝਦਾ ਹੈ।
ਦੇਸ਼ ਦੀਆਂ ਵੱਖ-ਵੱਖ ਘਟਨਾਵਾਂ ਅਤੇ ਦੁਰਘਟਨਾਵਾਂ ਵਾਪਰਨ ਵਾਂਗ ਵੀਹ ਸੌ ਚੌਵੀ ਦਾ ਦੰਗਲ ਵੀ ਦਿਨੋਂ-ਦਿਨ ਨੇੜੇ ਆ ਰਿਹਾ ਹੈ। ਸਮਾਂ ਬੀਤਦਾ ਜਾ ਰਿਹਾ ਹੈ। ਸਮੁੱਚਾ ਦੇਸ਼ ਤਕਰੀਬਨ ਦੋ ਗੁੱਟਾਂ ਵਿੱਚ ਵੰਡਿਆ ਜਾ ਚੁੱਕਾ ਹੈ। ਆਪੋ ਆਪਣੇ ਗਰੁੱਪ ਦੀ ਸ਼ਨਾਖਤ ਕਰਕੇ ਉਸ ਲਈ ਕੰਮ ਕਰਨਾ ਅੱਜ ਹੀ ਸ਼ੁਰੂ ਕਰ ਦਿਓ। ਇੰਡੀਆ ਗਰੁੱਪ ਨੂੰ ਨੇਕ ਸਲਾਹ ਇਹੋ ਹੀ ਦਿੱਤੀ ਜਾ ਸਕਦੀ ਹੈ ਕਿ ਕਦੇ ਵੀ ਆਪਣੀਆਂ ਲੀਹਾਂ ਨਾ ਪਾੜੋ। ਤਜਰਬੇ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਵੀ ਇੰਡੀਆ ਗਰੁੱਪ ਦੀ ਸਭ ਤੋਂ ਵੱਡੀ ਭਾਈਵਾਲ ਪਾਰਟੀ ਨੇ ਆਪਣੀ ਧਰਮ-ਨਿਰਪੱਖ ਨੀਤੀ ਤੋਂ ਹਟ ਕੇ ਦੂਜੀ ਲੀਹ ’ਤੇ ਪੈਣ ਦੀ ਕੋਸ਼ਿਸ਼ ਕੀਤੀ, ਗੱਡਾ ਉੱਥੇ ਹੀ ਫਸ ਗਿਆ। ਕਮਲਨਾਥ ਦਾ ਅਖੌਤੀ ਧਰਮ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਤੇ ਜਨਤਾ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਨਾ ਕਿ ਧਰਮ ਨੂੰ ਵਰਤਣ ਵਿੱਚ ਅਸੀਂ ਕਿਸੇ ਤੋਂ ਘੱਟ ਨਹੀਂ, ਕਮਲਨਾਥ ਨੂੰ ਕਮਲਾ ਕਰ ਗਿਆ। ਜਿਸ ਲੀਡਰ ਦੇ ਭਾਸ਼ਨ ਜਾਂ ਫੇਰੀ ਨਾਲ ਫਾਇਦਾ ਹੋ ਸਕਦਾ ਹੈ, ਉਸ ਨੂੰ ਜ਼ਰੂਰ ਅਜ਼ਮਾਓ। ਮੱਤਭੇਦ ਦਾ ਹੱਲ ਹੋ ਗਿਆ, ਇਸ ਸ਼ਬਦ ਤੋਂ ਇਲਾਵਾ ਇਕੱਠ ਜਾਂ ਏਕਾ ਜਨਤਾ ਨੂੰ ਦਿਸਣਾ ਚਾਹੀਦਾ ਹੈ। ਚੋਣ ਖ਼ਤਮ ਹੋਣ ਤਕ ਲੀਡਰ ਨੂੰ ਲੋਕਾਂ ਵਿੱਚ ਹੀ ਗਵਾਚੇ ਰਹਿਣਾ ਚਾਹੀਦਾ ਹੈ। ਕਹਿਣੀ ਅਤੇ ਕਰਨੀ ਵਿੱਚ ਫ਼ਰਕ ਨਹੀਂ ਹੋਣਾ ਚਾਹੀਦਾ। ਚਾਹੁੰਦੇ ਹੋਏ ਵੀ ਗਲਤ ਸ਼ਬਦਾਂ ਦੀ ਵਰਤੋਂ ਨਾ ਕਰੋ। ਉਹ ਵਾਅਦਾ ਕਦੀ ਨਹੀਂ ਕਰਨਾ ਚਾਹੀਦਾ, ਜਿਸਦੀ ਭਰਪਾਈ ਨਾ ਹੋ ਸਕੇ। ਆਪਣੇ ਮੈਨੀਫੈਸਟੋ ਮੁਤਾਬਕ ਪ੍ਰਚਾਰਕ ਬਣੋ। ਅਗਰ ਉਪਰੋਕਤ ਬਿਨ ਮੰਗੀ ਸਲਾਹ ਮੁਤਾਬਕ ਹੋਵੇਗਾ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਆਪਣੇ ਟੀਚੇ ਦੇ ਨੇੜੇ ਵੱਧ ਪਾਉਗੇ।
ਸ਼ਾਇਦ ਪਾਠਕਾਂ ਦੇ ਧਿਆਨ ਵਿੱਚ ਹੋਵੇ ਕਿ ਪਿਛਲੇ ਹਫ਼ਤੇ ਰਾਜ ਸਭਾ ਨੇ ਵੀ ਉਸ ਬਿੱਲ ਉੱਤੇ ਮੋਹਰ ਲਾ ਦਿੱਤੀ ਹੈ, ਜਿਸ ਮੁਤਾਬਕ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਕਰਨ ਵਾਲੀ ਕਮੇਟੀ ਵਿੱਚੋਂ ਸੁਪਰੀਮ ਕੋਰਟ ਦੇ ਜੱਜ ਨੂੰ ਬਾਹਰ ਕਰਕੇ ਉਸ ਦੀ ਜਗਾ ਪ੍ਰਧਾਨ ਮੰਤਰੀ ਦੀ ਮਰਜ਼ੀ ਦਾ ਮੈਂਬਰ ਹੋਵੇਗਾ। ਭਾਵ ਰਾਜ ਕਰਦੀ ਪਾਰਟੀ ਨੇ ਚੋਣ ਕਮਿਸ਼ਨਰ ਨੂੰ ਘੜੇ ਦੀ ਮੱਛੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਕਰਕੇ ਤੁਹਾਨੂੰ ਆਪਣੇ ਆਪ ਨੂੰ ਇਲੈਕਸ਼ਨਾਂ ਦੌਰਾਨ ਹਰ ਲੜਾਈ ਦੇਣ ਲਈ ਹਰ ਮੋੜ ਅਤੇ ਹਰ ਚੌਰਾਹੇ ਉੱਤੇ ਤਿਆਰ ਰਹਿਣਾ ਹੋਵੇਗਾ। ਪਾਰਲੀਮੈਂਟ ਵਿੱਚ ਸਮੋਕਿੰਗ ਬੰਬ ਫਿਰ ਨਾ ਚੱਲਣ, ਇਸ ਲਈ ਸਰਕਾਰ ਨੂੰ ਸਖ਼ਤੀ ’ਤੇ ਘੱਟ, ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਖਾਤਮੇ ਉੱਤੇ ਵਧ ਜ਼ੋਰ ਲਾਉਣਾ ਚਾਹੀਦਾ ਹੈ ਤਾਂ ਕਿ ਅਜਿਹੀ ਹਲਚਲ ਮੁੜ ਜਨਮ ਨਾ ਲਵੇ। ਉਂਜ ਵੀ ਕਾਰਾ ਕਰਨ ਵਾਲੇ ਪ੍ਰਧਾਨ ਮੰਤਰੀ ਦੀ ਸੋਚ ਮੁਤਾਬਕ ਨੌਜਵਾਨ ਅਤੇ ਇਸਤਰੀ, ਉਨ੍ਹਾਂ ਚਾਰ ਜਾਤੀਆਂ ਵਿੱਚੋਂ ਹਨ, ਜਿਨ੍ਹਾਂ ਦਾ ਉਨ੍ਹਾਂ ਪਿੱਛੇ ਜਿਹੇ ਗੁਣਗਾਣ ਸ਼ੁਰੂ ਕੀਤਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4552)
(ਸਰੋਕਾਰ ਨਾਲ ਸੰਪਰਕ ਲਈ: (