“ਅਗਰ ਮਮਤਾ ਦਾ ਸਫ਼ਰ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ...”
(23 ਫਰਵਰੀ )
(ਸ਼ਬਦ 1210)
ਭਾਰਤ ਦੇ ਕੁਝ ਸੂਬਿਆਂ ਵਿੱਚ ਇਸ ਸਾਲ ਚੋਣਾਂ ਹੋਣ ਵਾਲੀਆਂ ਹਨ। ਜਿਨ੍ਹਾਂ ਸੂਬਿਆਂ ਬਾਰੇ ਅਜੇ ਤਕ ਤਾਰੀਕਾਂ ਦਾ ਐਲਾਨ ਨਹੀਂ ਹੋਇਆ, ਉਨ੍ਹਾਂ ਵਿੱਚੋਂ ਇੱਕ ਸੂਬਾ ਹੈ ਪੱਛਮੀ ਬੰਗਾਲ ਹੈ। ਦਸ ਕਰੋੜ ਦੀ ਅਬਾਦੀ ਵਾਲਾ ਇਹ ਸੂਬਾ ਅੱਜਕੱਲ੍ਹ ਕਾਫ਼ੀ ਚਰਚਾ ਵਿੱਚ ਹੈ। ਇਸ ਸੂਬੇ ਨੂੰ ਹੜੱਪਣ ਲਈ ਭਾਜਪਾ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਇਸ ਬਾਰੇ ਅਮਿਤ ਸ਼ਾਹ ਹੋਮ ਮਨਿਸਟਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਪੱਛਮੀ ਬੰਗਾਲ ਨੂੰ ਜਿੱਤਣ ਲਈ 2014 ਵਿੱਚ ਹੀ ਫ਼ੈਸਲਾ ਕਰ ਲਿਆ ਸੀ ਅਤੇ ਇਸ ਮੁਤਾਬਕ ਹੀ ਅਸੀਂ ਆਪਣੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਸਨ। ਪਾਰਲੀਮੈਂਟ ਚੋਣਾਂ ਵਿੱਚ ਬੀ ਜੇ ਪੀ ਇਸ ਸੂਬੇ ਦੀਆਂ ਤਕਰੀਬਨ ਡੇਢ ਦਰਜਨ ਸੀਟਾਂ ਜਿੱਤ ਚੁੱਕੀ ਹੈ ਅਤੇ ਅਮਿਤ ਸ਼ਾਹ ਮੁਤਾਬਕ ਅਸੀਂ ਸੂਬੇ ਦੀਆਂ ਅਸੰਬਲੀ ਚੋਣਾਂ ਵਿੱਚ ਦੋ ਸੌ ਤੋਂ ਵੱਧ ਸੀਟਾਂ ਜਿੱਤ ਕੇ ਪੱਛਮੀ ਬੰਗਾਲ ’ਤੇ ਬੀ ਜੇ ਪੀ ਦਾ ਝੰਡਾ ਝੁਲਾਵਾਂਗੇ।
ਪੱਛਮੀ ਬੰਗਾਲ ਵਿੱਚ ਕਮਿਊਨਿਸਟਾਂ ਨੇ ਕਾਂਗਰਸ ਨੂੰ ਹਰਾ ਕੇ ਆਪਣਾ ਝੰਡਾ ਲਹਿਰਾਇਆ। ਜ਼ਮੀਨੀ ਸੁਧਾਰਾਂ ਸਮੇਤ ਕਈ ਸੁਧਾਰ ਕਰਕੇ ਜਨਤਾ ਨੂੰ ਇੱਕ ਚੰਗਾ ਪ੍ਰਸ਼ਾਸਨ ਮੁਹਈਆ ਕਰਵਾਇਆ ਅਤੇ ਲਗਭਗ ਚੌਂਤੀ ਸਾਲ ਲਗਾਤਾਰ ਰਾਜ ਕੀਤਾ, ਜਿਸ ਨੂੰ ਮਮਤਾ ਦੀਦੀ ਨੇ ਕਾਂਗਰਸ ਤਿਆਗ ਕੇ ਤ੍ਰਿਮੂਲ ਕਾਂਗਰਸ ਬਣਾਈ। ਬੜਾ ਸਾਦਾ ਜੀਵਨ ਜਿਊ ਕੇ ਬੰਗਾਲੀਆਂ ਵਿੱਚ ਕੰਮ ਕੀਤਾ। ਆਪਣੀ ਵੱਧ ਇਮਾਨਦਾਰੀ ਦਿੱਖ ਸਕਦਾ ਖੱਬੇ-ਪੱਖੀਆਂ ਦੀ ਚੌਂਤੀ ਸਾਲ ਦੀ ਸਰਕਾਰ ਨੂੰ ਚੱਲਦਾ ਕੀਤਾ ਅਤੇ ਦੋ ਵਾਰੀ ਲਗਾਤਾਰ ਜਿੱਤ ਕੇ ਬੰਗਾਲੀਆਂ ਦੇ ਦਿਲਾਂ ’ਤੇ ਰਾਜ ਕੀਤਾ। ਹੁਣ ਮਮਤਾ ਦੀਦੀ ਜੋ ਪੰਜ ਫੁੱਟ ਦੋ ਇੰਚ ਦੀ ਦਲੇਰ ਅਤੇ ਸਾਦਗੀ ਦੀ ਮੂਰਤ ਹੈ, ਲਗਾਤਾਰ ਤੀਜੀ ਵਾਰ ਜਿੱਤ ਕੇ ਹੈਟਰਿਕ ਬਣਾਉਣ ਦੀ ਕੋਸ਼ਿਸ਼ ਵਿੱਚ ਹੈ।
ਇਸ ਵਾਰ ਦੀਆਂ ਚੋਣਾਂ ਵਿੱਚ ਮੁਕਾਬਲਾ ਚਾਰ ਪਾਰਟੀਆਂ, ਤ੍ਰਿਮੂਲ ਕਾਂਗਰਸ, ਲੈਫਟ, ਕਾਂਗਰਸ ਅਤੇ ਬੀ ਜੇ ਪੀ ਵਿੱਚ ਹੋਵੇਗਾ। ਲਗਦਾ ਹੈ ਮੁੱਖ ਮੁਕਾਬਲਾ ਤ੍ਰਿਮੂਲ ਕਾਂਗਰਸ ਅਤੇ ਬੀ ਜੇ ਪੀ ਵਿੱਚ ਹੋਵੇਗਾ। ਅਜਿਹਾ ਇਸ ਕਰਕੇ ਹੋਵੇਗਾ, ਕਿਉਂਕਿ ਤ੍ਰਿਮੂਲ ਕਾਂਗਰਸ ਦੀ ਦੀਦੀ ਪਿਛਲੇ ਦਸ ਸਾਲਾਂ ਤੋਂ ਰਾਜਗੱਦੀ ’ਤੇ ਬਿਰਾਜਮਾਨ ਹੈ ਅਤੇ ਬੀ ਜੇ ਪੀ ਨੇ ਬੰਗਾਲ ਜਿੱਤਣ ਨੂੰ ਆਪਣੀ ਮੁੱਛ ਦਾ ਸਵਾਲ ਬਣਾਇਆ ਹੋਇਆ ਹੈ। ਬੀ ਜੇ ਪੀ ਪੂਰੀ ਤਿਆਰੀ ਨਾਲ ਬੰਗਾਲ ’ਤੇ ਹਮਲਾਵਰ ਹੈ। ਉਸ ਨੇ ਜਿੱਤ ਪ੍ਰਾਪਤ ਕਰਨ ਲਈ ਸਭ ਜਾਇਜ਼-ਨਜਾਇਜ਼ ਇੱਕ ਕੀਤਾ ਹੋਇਆ ਹੈ। ਬੀ ਜੇ ਪੀ ਤ੍ਰਿਮੂਲ ਕਾਂਗਰਸ ਪਾਰਟੀ ਵਿੱਚੋਂ ਮਨਿਸਟਰ ਅਤੇ ਸੀਨੀਅਰ ਪਾਰਟੀ ਕਾਰਕੁੰਨਾਂ ਤੋਂ ਵੱਡੀ ਪੱਧਰ ’ਤੇ ਦਲ-ਬਦਲੀ ਕਰਵਾ ਰਹੀ ਹੈ। ਉਹ ਫਿਲਮੀ ਸਟਾਰਾਂ, ਗੀਤਕਾਰਾਂ, ਸੰਗੀਤਕਾਰਾਂ ਅਤੇ ਆਰਟਿਸਟਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾ ਰਹੀ ਹੈ। ਅਮਿਤ ਸ਼ਾਹ ਨੇ ਤਾਂ ਖੁੱਲ੍ਹੀ ਧਮਕੀ ਵੀ ਦੇ ਰੱਖੀ ਹੈ ਕਿ ਦੀਦੀ ਯਾਦ ਰੱਖੀਂ, ਇੱਕ-ਇੱਕ ਕਰਕੇ ਸਭ ਸਾਡੀ ਪਾਰਟੀ ਵਿੱਚ ਆ ਜਾਣਗੇ ਤੇ ਤੂੰ ਅਖੀਰ ਇਕੱਲੀ ਹੀ ਰਹਿ ਜਾਵੇਂਗੀ।
ਉਂਝ ਦੀਦੀ ਆਪਣੇ ਕੱਦ ਅਤੇ ਸਾਦਗੀ ਮੁਤਾਬਕ ਬੰਗਾਲੀਆਂ ਦੀ ਅਜਿਹੀ ਲੀਡਰ ਹੈ, ਜਿਸ ਨੂੰ ਅੱਜ ਤਕ ਤਕਰੀਬਨ ਸਾਰੇ ਸਰਵਿਆਂ ਨੇ ਜਿਤਾਇਆ ਹੈ। ਭਾਵੇਂ ਕਿ ਬੀ ਜੇ ਪੀ ਨੇ ਉਸ ਨੂੰ ਵੱਧ ਤੋਂ ਵੱਧ ਡਰਾਇਆ ਹੈ। ਪ੍ਰਧਾਨ ਮੰਤਰੀ ਜੀ, ਅਮਿਤ ਸ਼ਾਹ ਅਤੇ ਬੀ ਜੇ ਪੀ ਦੇ ਪ੍ਰਧਾਨ ਇੱਕ ਤੋਂ ਬਾਅਦ ਇੱਕ ਪਰਿਵਰਤਨ ਰੈਲੀ ਕਰ ਰਹੇ ਹਨ। ਉਨ੍ਹਾਂ ਆਪਣਾ ਸਭ ਕੁਝ ਝੋਕ ਦਿੱਤਾ ਹੈ ਤਾਂ ਕਿ ਜਿੱਤ ਪ੍ਰਾਪਤ ਕੀਤੀ ਜਾ ਸਕੇ। ਬੀ ਜੇ ਪੀ ਨੇ ਜੈ ਸ੍ਰੀ ਰਾਮ ਦੇ ਨਾਅਰੇ ਨੂੰ ਵੀ ਚੁਨਾਵੀ ਨਾਅਰਾ ਬਣਾ ਲਿਆ ਹੈ। ਜੈ ਸ੍ਰੀ ਰਾਮ, ਜੈ ਸ੍ਰੀ ਰਾਮ ਹੋ ਰਹੀ ਹੈ। ਦੂਜੇ ਪਾਸੇ ਬੰਗਾਲੀਆਂ ਦੀ ਦੀਦੀ ਸਰਸਵਤੀ ਦੀ ਪੂਜਾ ਦੀ ਗੱਲ ਕਰ ਰਹੀ ਹੈ।
ਜੇਕਰ ਲਾਅ ਐਂਡ ਆਰਡਰ ਦੀ ਗੱਲ ਕਰੀਏ ਤਾਂ ਸਰਕਾਰੀ ਅੰਕੜਿਆਂ ਮੁਤਾਬਕ ਬੰਗਾਲੀ ਦੀਦੀ ਦੀ ਸਥਿਤੀ ਪ੍ਰਧਾਨ ਮੰਤਰੀ ਦੇ ਲਾਡਲੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਨਾਲੋਂ ਕਾਫ਼ੀ ਚੰਗੀ ਹੈ। ਯੂ ਪੀ ਵਿੱਚ ਤਾਂ ਕੋਈ ਦਿਨ ਅਜਿਹਾ ਨਹੀਂ ਬੀਤਦਾ ਹੋਵੇਗਾ, ਜਿਸ ਦਿਨ ਔਰਤ ਜਾਤੀ ਨਾਲ ਹਰ ਤਰ੍ਹਾਂ ਨਾਲ ਜ਼ਿਆਦਤੀ ਨਾ ਹੁੰਦੀ ਹੋਵੇ, ਪੁਲਿਸ ਮੁਕਾਬਲੇ ਨਾ ਹੁੰਦੇ ਹੋਣ। ਉਂਝ ਵੀ ਜਿਵੇਂ ਬੰਗਾਲੀ ਦੀਦੀ, ਜਿਸ ਦਲੇਰੀ ਨਾਲ ਬੀ ਜੇ ਪੀ ਦਾ ਮੁਕਾਬਲਾ ਕਰ ਰਹੀ ਹੈ, ਉਹ ਆਪਣੇ-ਆਪ ਵਿੱਚ ਇੱਕ ਮਿਸਾਲ ਹੈ।
ਇਸ ਵਾਰ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਰਲ ਕੇ ਚੋਣ ਲੜ ਰਹੀਆਂ ਹਨ। ਹੁਣ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਹੋਵੇਗਾ ਕਿ ਉਨ੍ਹਾਂ ਦੀਆਂ ਵੋਟਾਂ ਆਪਸ ਵਿੱਚ ਕਿੰਨੀ ਇਮਾਨਦਾਰੀ ਨਾਲ ਇੱਕ-ਦੂਜੇ ਨੂੰ ਟਰਾਂਸਫਰ ਹੁੰਦੀਆਂ ਹਨ। ਇਹ ਦੋਵੇਂ ਰਲ ਕੇ ਕਿੰਨੇ ਪ੍ਰਤੀਸ਼ਤ ਵੋਟਾਂ ਲੈਂਦੀਆਂ ਹਨ। ਇਹ ਪ੍ਰਤੀਸ਼ਤ ਵੀ ਨਤੀਜੇ ਤੇ ਕਾਫ਼ੀ ਅਸਰ ਪਾਵੇਗਾ। ਬੀ ਜੇ ਪੀ ਦੀ ਸਰਕਾਰ ਬਨਣੋਂ ਰੋਕਣ ਲਈ ਇਹ ਪ੍ਰਤੀਸ਼ਤ ਵੋਟ ਕਾਫ਼ੀ ਰੋਲ ਅਦਾ ਕਰੇਗੀ, ਪਰ ਇਹ ਸਭ ਅਜੇ ਤਕ ਭਵਿੱਖ ਦੀ ਕੁੱਖ ਵਿੱਚ ਹੈ।
ਇਹ ਗੱਲ ਵੀ ਸੋਲਾਂ ਆਨੇ ਸੱਚ ਹੈ ਕਿ ਮਮਤਾ ਦੀਦੀ ਆਪਣੇ ਭਤੀਜੇ ਨੂੰ ਸਿਆਸਤ ਵਿੱਚ ਆਪਣਾ ਵਾਰਸ ਬਣਾਉਣਾ ਚਾਹੁੰਦੀ ਹੈ। ਹੁਣ ਇਹ ਗੱਲ ਲੁਕੀ-ਛਿਪੀ ਨਹੀਂ ਰਹੀ। ਦੀਦੀ ਨੇ ਇਸ ਸੰਬੰਧ ਵਿੱਚ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਆਰੰਭ ਵੀ ਕਰ ਦਿੱਤੀਆਂ ਹਨ। ਦੂਜੇ ਪਾਸੇ ਬੀ ਜੇ ਪੀ ਨੇ ਵੀ ਇਸ ਖ਼ਿਲਾਫ਼ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿ ਦੀਦੀ ਪਰਿਵਾਰਵਾਦ ਨੂੰ ਬੜ੍ਹਾਵਾ ਦੇ ਰਹੀ ਹੈ, ਭਾਵੇਂ ਕਿ ਅਮਿਤ ਸ਼ਾਹ ਹੁਰੀਂ ਵੀ ਇਸ ਤੋਂ ਅਛੂਤੇ ਨਹੀਂ ਰਹੇ ਹਨ।
ਦੂਜੇ ਪਾਸੇ ਮਮਤਾ ਦੀਦੀ ਨੇ ਆਪਣੀ ਜਿੱਤ ਯਕੀਨੀ ਬਣਾਉਣ ਦੀ ਖਾਤਰ ਅਤੇ ਹੈਟਰਿਕ ਬਣਾਉਣ ਦੀ ਖਾਤਰ ਪੀ ਕੇ ਦੇ ਨਾਂਅ ਨਾਲ ਮਸ਼ਹੂਰ ਰਣਨੀਤੀਕਾਰ ਪ੍ਰਸ਼ਾਤ ਕਿਸ਼ੋਰ ਜੋ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 2015 ਵਿੱਚ ਨਿਤੀਸ਼ ਕੁਮਾਰ ਨੇ ਬਿਹਾਰ ਦੀਆਂ ਚੋਣਾਂ ਵਿੱਚ, 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸਤੇ, ਆਂਧਰਾ ਪ੍ਰਦੇਸ਼ ਵਿੱਚ ਜਗਨ ਰੈਡੀ 2019 ਵਿੱਚ ਅਤੇ ਇਸੇ ਸਾਲ ਅਰਵਿੰਦ ਕੇਜਰੀਵਾਲ ਆਦਿ ਨੂੰ ਜਿਤਾਅ ਚੁੱਕਾ ਹੈ, ਨਾਲ ਵੀ ਸੰਪਰਕ ਕੀਤਾ ਹੈ। ਇਸ ਸਾਲ ਮਮਤਾ ਪੂਰੇ ਯਕੀਨ ਵਿੱਚ ਇਸ ਕਰਕੇ ਵੀ ਨਹੀਂ ਹੈ ਕਿਉਂਕਿ ਜਿਵੇਂ ਉੱਪਰ ਵਿਚਾਰ ਕੀਤਾ ਹੈ ਕਿ ਇਸ ਵਾਰ ਭਾਜਪਾ ਟੀ ਐੱਮ ਸੀ ਨੂੰ ਉਖਾੜ ਸੁੱਟਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਉਸ ਨੇ ਚੋਣ ਮੁਹਿੰਮ ਵਿੱਚ ਆਪਣੇ ਚੋਟੀ ਦੇ ਨੇਤਾਵਾਂ ਨੂੰ ਲਗਾਇਆ ਹੋਇਆ ਹੈ। ਇਸੇ ਕਰਕੇ ਪੀ ਕੇ ਨੇ ਟੀ ਐੱਮ ਸੀ ਪਾਰਟੀ ਅਤੇ ਪੱਛਮੀ ਬੰਗਾਲ ਸਰਕਾਰ ਉੱਪਰ ਆਪਣਾ ਕੰਟਰੋਲ ਸਖ਼ਤ ਵੀ ਕਰ ਦਿੱਤਾ ਹੈ, ਪਰ ਜਿਸ ਰਫ਼ਤਾਰ ਨਾਲ ਹਰ ਰੋਜ਼ ਪਾਰਟੀ ਦੇ ਲੀਡਰ ਅਤੇ ਕਾਰਕੁਨ ਆਦਿ ਪਾਰਟੀ ਛੱਡ ਕੇ ਭਾਜਪਾ ਵਿੱਚ ਜਾ ਰਹੇ ਹਨ, ਉਹ ਵਾਕਿਆ ਹੀ ਚਿੰਤਾ ਕਰਨ ਵਾਲੀ ਗੱਲ ਹੈ। ਇਸ ਸਮੇਂ ਪਾਰਟੀ ਨੂੰ ਲੱਗ ਰਹੇ ਖੋਰੇ ਨੂੰ ਫੌਰੀ ਰੋਕਣਾ ਅਤੀ ਜ਼ਰੂਰੀ ਹੈ।
ਕਾਂਗਰਸ ਛੱਡ ਕੇ ਤ੍ਰਿਮੂਲ ਕਾਂਗਰਸ ਬਣਾਉਣ ਅਤੇ ਮੁੱਖ ਮੰਤਰੀ ਬਣਨ ਤਕ ਦਾ ਅਗਰ ਮਮਤਾ ਦਾ ਸਫ਼ਰ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਮਮਤਾ ਲੜਾਈ ਵਿੱਚੋਂ ਦੌੜਨ ਵਾਲੀ ਨਹੀਂ, ਉਹ ਪੈਰ-ਪੈਰ ’ਤੇ ਲੜਾਈ ਦੇਣ ਵਾਲੀ ਹੈ। ਗਲੀ-ਗਲੀ, ਮੁਹੱਲੇ-ਮੁਹੱਲੇ ਲੜਾਈ ਦੇਣ ਵਾਲੀ ਹੈ। ਉਸ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਉਤਰਾਅ-ਚੜ੍ਹਾ ਦੇਖੇ ਹਨ। ਉਸ ਦਾ ਦ੍ਰਿੜ੍ਹ ਨਿਸ਼ਚਾ ਹੀ ਬੀ ਜੇ ਪੀ ਖ਼ਿਲਾਫ਼ ਲੜਾਈ ਦੇ ਸਕੇਗਾ। ਉਹ ਅਜੇ ਨਿਰੰਤਰ ਲੜਾਈ ਦੇ ਰਹੀ ਹੈ। ਸ਼ਾਇਦ ਇਸੇ ਕਰਕੇ ਪਿਛਲੇ ਦਿਨੀਂ ਉਸ ਦਾ ਹੌਸਲਾ ਪਸਤ ਕਰਨ ਲਈ ਉਸ ਦੇ ਮੰਤਰੀ ਜ਼ਾਕਿਰ ਹੁਸੈਨ ’ਤੇ ਇੱਕ ਦੇਸੀ ਬੰਬ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਉਸ ਸਮੇਤ ਤਕਰੀਬਨ ਵੀਹ ਕਾਰਕੁਨ ਜ਼ਖ਼ਮੀ ਹੋ ਗਏ। ਇਹ ਹਮਲਾ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਰਘੂਨਾਥਗੰਜ ਇਲਾਕੇ ਵਿੱਚ ਬੁੱਧਵਾਰ ਦੀ ਰਾਤ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਕੀਤਾ, ਜਿਸ ਪਿੱਛੋਂ ਇਲਾਕੇ ਵਿੱਚ ਖਿਚਾਅ ਪਾਇਆ ਜਾ ਰਿਹਾ ਹੈ। ਇਸ ’ਤੇ ਮਮਤਾ ਨੇ ਬੀ ਜੇ ਪੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਪਰੋਕਤ ਘਟਨਾ ਤੋਂ ਬਾਅਦ ਵੀ ਮਮਤਾ ਦੇ ਹੌਸਲੇ ਬੁਲੰਦ ਲਗਦੇ ਹਨ। ਉਂਝ ਵੀ ਮਮਤਾ ਦੀਦੀ ਨੇ ਬਤੌਰ ਮੁੱਖ ਮੰਤਰੀ ਆਪਣੇ ਦਸ ਸਾਲ ਪੂਰੇ ਕਰ ਲਏ ਹਨ। ਦੀਦੀ ਨੂੰ ਆਪਣੇ ਪਿਛਲੇ ਦਸ ਸਾਲਾਂ ਦੀ ਕਾਰਗੁਜ਼ਾਰੀ ਦੇ ਸਿਰ ’ਤੇ ਵੋਟਾਂ ਮੰਗਣੀਆਂ ਚਾਹੀਦੀਆਂ ਹਨ। ਉਸ ਨੂੰ ਜਨਤਾ ਵਿੱਚ ਜਾ ਕੇ ਆਪਣੇ ਕੀਤੇ ਚੰਗੇ ਕੰਮ ਗਿਣਾਉਣੇ ਚਾਹੀਦੇ ਹਨ। ਜਿਹੜਾ ਵਾਅਦਾ ਪੂਰਾ ਨਹੀਂ ਕਰ ਸਕੀ, ਉਸ ਦਾ ਕਾਰਨ ਦੱਸਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਲਈ ਵੀ ਉਸ ਨੂੰ ਉਹ ਵਾਅਦਾ ਜਨਤਾ ਨਾਲ ਨਹੀਂ ਕਰਨਾ ਚਾਹੀਦਾ, ਜਿਹੜਾ ਉਹ ਪੂਰਾ ਨਾ ਕਰ ਸਕੇ। ਉੱਦਾਂ ਵੀ ਉਹ ਝੂਠੇ ਲਾਰੇ ਲਾਉਣ ਵਿੱਚ ਬੀ ਜੇ ਪੀ ਦਾ ਮੁਕਾਬਲਾ ਬਿਲਕੁਲ ਹੀ ਨਹੀਂ ਕਰ ਸਕੇਗੀ। ਆਪਣੇ ਕੀਤੇ ਕੰਮਾਂ ’ਤੇ ਵੋਟ ਮੰਗ ਕੇ ਆਪਣੀ ਜਿੱਤ ਵੱਲ ਵਧੇ, ਨਾਲ ਹੀ ਆਪਣੀ ਮਮਤਾ ਦਾ ਗਰਾਫ ਵੀ ਜਨਤਾ ਪਾਸੋਂ ਵਸੂਲ ਕਰ ਸਕੇ।
ਜਨਤਾ ਵੱਲੋਂ ਮਮਤਾ ਦਾ ਗਰਾਫ ਕਿਸ ਅੰਕੜੇ ਤਕ ਛੂਹਿਆ ਜਾਂਦਾ ਹੈ, ਇਸਦਾ ਪਤਾ ਤਾਂ ਅਸਲ ਵਿੱਚ ਚੋਣ ਨਤੀਜੇ ਤੋਂ ਬਾਅਦ ਪਤਾ ਲੱਗੇਗਾ, ਕਿਉਂਕਿ ਅਜੇ ਕਿਸਾਨ ਅੰਦੋਲਨ ਅਤੇ ਤੇਲ ਦੀ ਤੇਜ਼ੀ ਨੇ ਆਪਣਾ ਰੰਗ ਵਿਖਾਉਣਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2602)
(ਸਰੋਕਾਰ ਨਾਲ ਸੰਪਰਕ ਲਈ: