“ਪੰਜਾਬ ਵਿੱਚ 75/25 ਵਾਲਾ ਫਾਰਮੂਲਾ ਖ਼ਤਮ ਹੋ ਚੁੱਕਾ ਹੈ। ਜਨਤਾ ਪਾਸ ਹੋਰ ਬਦਲ ...”
(18 ਜੁਲਾਈ 2021)
ਪੰਜਾਬ ਅਸੰਬਲੀ ਚੋਣਾਂ ਵਿੱਚ ਅਜੇ ਸੱਤ ਮਹੀਨੇ ਤੋਂ ਵੱਧ ਦਾ ਸਮਾਂ ਪਿਆ ਹੈ, ਪਰ ਪੰਜਾਬ ਅੰਦਰ ਸਿਆਸੀ ਪਾਰਟੀਆਂ ਦੀ ਸਰਗਰਮੀ ਇੰਜ ਲੱਗ ਰਹੀ ਹੈ ਕਿ ਚੋਣਾਂ ਆਈਆਂ ਕਿ ਆਈਆਂ। ਹਰ ਸਿਆਸੀ ਪਾਰਟੀ ਆਪਣੇ ਵਿੱਤ ਮੁਤਾਬਕ ਆਪਣਾ ਸੰਗਠਨ ਬਣਾ ਕੇ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਪਰ ਬਾਕੀ ਪਾਰਟੀਆਂ ਤੋਂ ਇਲਾਵਾ ਜੋ ਘਮਸਾਨ ਅੱਜ-ਕੱਲ੍ਹ ਕਾਂਗਰਸ ਪਾਰਟੀ ਵਿੱਚ ਮਚਿਆ ਪਿਆ ਹੈ, ਜਿਸਦੇ ਹੱਲ ਲਈ ਫਿਲਮੀ ਡਾਇਲਾਗ ਵਾਂਗ “ਤਾਰੀਖ ਪੇ ਤਾਰੀਖ” ਪੈ ਰਹੀ ਹੈ, ਪਰ ਰੋਜ਼-ਰੋਜ਼ ਨਵੀਆਂ ਅਫ਼ਵਾਹਾਂ ਉੱਡ ਰਹੀਆਂ ਹਨ, ਜੋ ਨਾ ਪੰਜਾਬ ਦੇ ਹਿਤ ਵਿੱਚ ਹੈ, ਨਾ ਹੀ ਕਾਂਗਰਸ ਦੇ ਹਿਤ ਵਿੱਚ ਹੈ। ਫੈਸਲੇ ਵਿੱਚ ਹੋਰ ਦੇਰੀ ਕਾਂਗਰਸ ਦਾ ਕਾਫ਼ੀ ਨੁਕਸਾਨ ਕਰੇਗੀ।
ਕੈਪਟਨ ਅਤੇ ਸਿੱਧੂ ਵਾਰੋ-ਵਾਰੀ ਦਿੱਲੀ ਸੱਦੇ ਜਾ ਰਹੇ ਹਨ। ਜੋ ਦਿੱਲੀਓਂ ਵਾਪਸ ਆਉਂਦਾ ਹੈ, ਉਹ ਆਪਣੇ ਲਈ ਆਪਣੇ ਹੱਕ ਵਿੱਚ ਇੱਕ ਖੁਸ਼ਖ਼ਬਰੀ ਲਿਆਉਂਦਾ ਹੈ। ਪਰ ਅਜਿਹੀ ਖੁਸ਼ਖ਼ਬਰੀ ਉਦੋਂ ਖ਼ਤਮ ਹੋ ਜਾਂਦੀ ਹੈ, ਜਦੋਂ ਦੂਜੇ ਪਾਸੇ ਦੀ ਖੁਸ਼ਖ਼ਬਰੀ ਆ ਜਾਂਦੀ ਹੈ। ਅੱਜ ਤਕ ਕਾਂਗਰਸ ਪਾਰਟੀ ਨੇ ਆਪਣੇ ਸਿਆਸੀ ਜੀਵਨ ਵਿੱਚ ਉੰਨਾ ਨੁਕਸਾਨ ਕੰਮ ਨਾ ਕਰਕੇ ਨਹੀਂ ਕਰਾਇਆ, ਜਿੰਨਾ ਨੁਕਸਾਨ ਵੇਲੇ ਸਿਰ ਫੈਸਲਾ ਨਾ ਲੈਣ ਕਰਕੇ ਕਰਾਇਆ। ਚਾਹੇ ਉਹ ਹਰਿਆਣੇ ਵਿੱਚ ਚੋਣਾਂ ਵੇਲੇ ਪ੍ਰਧਾਨਗੀ ਦਾ ਫੈਸਲਾ ਹੋਵੇ, ਚਾਹੇ ਸਿੰਧੀਆ ਬਾਰੇ ਫੈਸਲੇ ਦੀ ਗੱਲ ਹੋਵੇ। ਇਹ ਗੱਲ ਮੌਜੂਦਾ ਲੀਡਰਸ਼ਿੱਪ ਤੋਂ ਇਲਾਵਾ ਉਨ੍ਹਾਂ ਸੀਨੀਅਰ ਕਾਂਗਰਸੀਆਂ ’ਤੇ ਵੀ ਢੁੱਕਦੀ ਹੈ, ਜੋ ਬਾਈ ਮੰਜੀਆਂ ਅਲੱਗ ਡਾਹ ਕੇ ਬੈਠੇ ਹੋਏ ਹਨ, ਪਰ ਕੁਝ ਵੀ ਕਰਨ ਤੋਂ ਅਸਮਰੱਥ ਹਨ।
ਪੰਜਾਬ ਦੀ ਸਿਆਸਤ ਵਿੱਚ ਇਹ ਗੱਲ ਵੀ ਆਮ ਜਨਤਾ ਨੂੰ ਸਮਝ ਨਹੀਂ ਲੱਗ ਰਹੀ ਕਿ ਕੈਪਟਨ ਸਾਹਿਬ ਦੂਜੀ ਵਾਰ ਵੀ ਆਪਣਾ ਮੁੱਖ ਮੰਤਰੀ ਦਾ ਸਫ਼ਰ ਪੂਰਾ ਕਰ ਰਹੇ ਹਨ। ਉਨ੍ਹਾਂ ਨੂੰ ਵੋਟਾਂ ਆਪਣੇ ਕੰਮ-ਕਾਜ ਦੇ ਅਧਾਰ ’ਤੇ ਮੰਗਣੀਆਂ ਚਾਹੀਦੀਆਂ ਹਨ। ਅਗਰ ਪੰਜਾਬ ਕਾਂਗਰਸ ਦੇ ਇੱਕ ਹਿੱਸੇ ਅਤੇ ਹਾਈਕਮਾਂਡ ਦੇ ਇੱਕ ਹਿੱਸੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਗੱਲ ਚੱਲ ਰਹੀ ਤਾਂ ਕੈਪਟਨ ਵੱਲੋਂ ਇਸਦਾ ਵਿਰੋਧ ਸ਼ੋਭਦਾ ਨਹੀਂ। ਉਹਨਾਂ ਵੱਲੋਂ ਜੋ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ, ਉਹ ਬੇਜਾਨ ਲੱਗਦੀਆਂ ਹਨ।
ਇਹ ਗੱਲ ਵੀ ਨੋਟ ਕਰਨੀ ਚਾਹੀਦੀ ਹੈ ਕਿ ਇਸ ਵਾਰ ਕਾਂਗਰਸ ਦਾ ਗੱਦੀ ’ਤੇ ਬਹਿਣਾ ਇਸ ਕਰਕੇ ਨਹੀਂ ਹੋਵੇਗਾ ਕਿ ਉਸ ਦੀ ਵਾਰੀ ਹੈ, ਬਲਕਿ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਅਧਾਰ ’ਤੇ ਹੋਵੇਗੀ। ਕੈਪਟਨ ਸਾਹਿਬ ਜਿਸ ਰਫ਼ਤਾਰ ਨਾਲ ਹੁਣ 18 ਨੁਕਾਤੀ ਪ੍ਰੋਗਰਾਮ ਲਾਗੂ ਕਰ ਰਹੇ ਹਨ, ਅਗਰ ਆਪਣੇ ਪਿਛਲੇ ਸਮੇਂ ਲਗਾਤਾਰ ਅਤੇ ਸਮੇਂ-ਸਮੇਂ ਸਿਰ ਕੀਤੇ ਹੁੰਦੇ ਤਾਂ ਅੱਜ ਦ੍ਰਿਸ਼ ਹੀ ਹੋਰ ਹੁੰਦਾ।
ਜੇਕਰ ਕੈਪਟਨ ਸਾਹਿਬ ਪੰਜਾਬ ਵਿੱਚ ਹੁਣ 590 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਸਕਦੇ ਹਨ, ਜਿਸ ਨਾਲ 2.85 ਲੱਖ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਲਾਭ ਹੋਵੇਗਾ। ਚਲੋ ਮੰਨ ਲੈਂਦੇ ਹਾਂ ਕਿ ਇਹ ਮੰਗ ਨਿਰੀ ਪੈਸੇ ਨਾਲ ਸੰਬੰਧਤ ਹੋਣ ਕਰਕੇ ਲੇਟ ਹੋਈ, ਪਰ ਜਿਹੜਾ ਐਲਾਨ ਤੁਹਾਡੀ ਸਰਕਾਰ ਵੱਲੋਂ, ਸ਼ਾਮਲਾਟ ਦੀਆਂ ਜ਼ਮੀਨਾਂ ’ਤੇ ਬੈਠੇ 12 ਸਾਲ ਤੋਂ, ਉਨ੍ਹਾਂ ਨੂੰ ਮਾਲਕੀ ਦੇਣੀ, ਇਸਦਾ ਐਲਾਨ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਜਨਤਾ ਕਾਂਗਰਸ ਅਤੇ ਅਕਾਲੀਆਂ ਦਾ 75/25 ਵਾਲਾ ਫਾਰਮੂਲਾ ਚੰਗੀ ਤਰ੍ਹਾਂ ਸਮਝ ਚੁੱਕੀ ਹੈ, ਜਿਸ ਕਰਕੇ ਜਨਤਾ ਨੇ ਇਸ ਵਾਰ ਉਸ ਫਾਰਮੂਲੇ ’ਤੇ ਮੋਹਰ ਨਹੀਂ ਲਾਉਣੀ ਕਿਉਂਕਿ ਜਨਤਾ ਜਾਣ ਚੁੱਕੀ ਹੈ ਕਿ ਜਦ ਤੁਸੀਂ ਜਿੱਤਦੇ ਹੋ, ਤਾਂ ਅਕਾਲੀਆਂ ਖ਼ਿਲਾਫ਼ ਉਨ੍ਹਾਂ ਦੀਆਂ ਜ਼ਿਆਦਤੀਆਂ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲੈਂਦੇ। ਠੀਕ ਇਸੇ ਤਰ੍ਹਾਂ ਜਦ ਉਹ ਆਪਣੀ ਵਾਰੀ ਕਰਕੇ ਰਾਜ ਭਾਗ ’ਤੇ ਬੈਠਦੇ ਹਨ ਤਾਂ ਤੁਹਾਡਾ, ਖਾਸ ਕਰ ਕੁਰਪਟ ਕਾਂਗਰਸੀਆਂ ਦਾ ਵਾਲ ਵਿੰਗਾ ਨਹੀਂ ਹੁੰਦਾ। ਇਸੇ ਕਰਕੇ ਤੁਹਾਡੇ ਦੋਵਾਂ ਦੇ ਰਾਜਾਂ ਦੌਰਾਨ ਮਾਫ਼ੀਆ ਇੱਕ ਹੀ ਰਹਿੰਦਾ ਹੈ। ਉਹ ਲਗਾਤਾਰ ਇੱਕ ਤਰ੍ਹਾਂ ਹੀ ਆਪਣੀ ਲੁੱਟ ਜਾਰੀ ਰੱਖਦੇ ਹਨ। ਇਸੇ ਕਰਕੇ ਰਾਜਭਾਗ ਕਿਸੇ ਦਾ ਵੀ ਹੋਵੇ, ਮਾਫ਼ੀਆ ਉਹੀ ਰਹਿੰਦਾ ਹੈ। ਉਹ ਸਿਰਫ਼ ਤੇ ਸਿਰਫ਼ ਆਪਣੀ ਵਫ਼ਾਦਾਰੀ ਬਦਲਦਾ ਹੈ। ਸਬੂਤ ਵਜੋਂ ਹਰ ਮਾਫੀਆ ਵਧਿਆ ਹੈ। ਉਹ ਅੱਜ ਵੀ ਪਹਿਲਾਂ ਵਾਂਗ ਬੇਲਗਾਮ ਹੈ।
ਆਪਣੇ ਮੌਜੂਦਾ ਰਾਜ ਦੇ ਸ਼ੁਰੂਆਤ ਵਿੱਚ ਤੁਸੀਂ ਸੁਖਪਾਲ ਖਹਿਰਾ ਦੀ ਸ਼ਿਕਾਇਤ ’ਤੇ ਰਾਣਾ ਗੁਰਜੀਤ ਸਿੰਘ ਤੇ ਅਤੇ ਉਸ ਦੇ ਅਖੌਤੀ ਭਾਈਵਾਲਾਂ ਖ਼ਿਲਾਫ਼ ਰੇਤ ਦੇ ਸੰਬੰਧ ਵਿੱਚ ਐਕਸ਼ਨ ਕੀਤਾ। ਤੁਹਾਡੀ ਕਾਫ਼ੀ ਭੱਲ ਬਣੀ, ਪਰ ਪਤਾ ਨਹੀਂ ਕਿਉਂ ਤੁਸੀਂ ਆਪਣੇ ਅੰਦਰੋਂ ਉੱਠੀ ਉਸ ਪਵਿੱਤਰ ਅਵਾਜ਼ ਦਾ ਸਤਿਕਾਰ ਕਿਉਂ ਨਹੀਂ ਕੀਤਾ। ਤੁਸੀਂ ਆਪ-ਮੁਹਾਰੇ ਗੁਟਕਾ ਫੜਕੇ ਨਸ਼ੇ ਖ਼ਤਮ ਕਰਨ ਦੀ ਸਹੁੰ ਖਾਧੀ, ਜਿਸ ਨੂੰ ਤੁਸੀਂ ਅੱਜ ਤਕ ਪੂਰਾ ਨਹੀਂ ਕਰ ਸਕੇ। ਜਿਨ੍ਹਾਂ ਨਸ਼ਿਆਂ ਬਾਰੇ ਇੱਕ ਸਾਬਕਾ ਪੁਲਿਸ ਕੈਦੀ ਨੇ ਮਜੀਠੀਏ ਵੱਲ ਇਸ਼ਾਰਾ ਵੀ ਕੀਤਾ ਸੀ। ਉਸ ਦੀ ਗਵਾਹੀ ਦਾ ਸਹਾਰਾ ਲੈ ਕੇ ਪੁਲਿਸ ਸਭ ਦੋਸ਼ੀਆਂ ਦੀ ਪੈੜ ਨੱਪ ਸਕਦੀ ਸੀ ਜਿਸ ਸਦਕਾ ਤੁਸੀਂ ਆਪਣੇ ਮਿਸ਼ਨ ਦੀ ਪੂਰਤੀ ਬੜੀ ਅਸਾਨੀ ਨਾਲ ਕਰ ਸਕਦੇ ਸੀ। ਪਰ ਤੁਸੀਂ ਅਜਿਹਾ ਸਭ ਕੁਝ ਕਿਉਂ ਨਹੀਂ ਕੀਤਾ? ਕਾਰਨ ਤੁਸੀਂ ਹੀ ਬਿਆਨ ਕਰ ਸਕਦੇ ਹੋ।
ਜਨਤਾ ਦਾ ਇੱਕ ਵੱਡਾ ਹਿੱਸਾ ਕਾਂਗਰਸ ਨਾਲ ਇਸ ਕਰਕੇ ਵੀ ਜੁੜਿਆ ਹੋਇਆ ਹੈ ਕਿ ਇਸ ਪਾਰਟੀ ਦੀ ਸ਼ੁਰੂਆਤ ਤੋਂ ਹੀ ਸੈਕੂਲਰ ਦਿੱਖ ਰਹੀ ਹੈ, ਜਿਸ ਨੂੰ ਬਹਾਲ ਰੱਖਣਾ ਕਾਂਗਰਸੀ ਮੁਖੀ ਅਤੇ ਹਰ ਕਾਂਗਰਸੀ ਦਾ ਫ਼ਰਜ਼ ਬਣਦਾ ਹੈ। ਸਵਰਗੀ ਪ੍ਰਤਾਪ ਸਿੰਘ ਕੈਰੋਂ, ਜਿਸ ਨੇ ਅਜ਼ਾਦੀ ਤੋਂ ਬਾਅਦ ਅਣਵੰਡੇ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਸੇਵਾ ਕੀਤੀ ਅਤੇ ਕਈ ਕੀਰਤੀਮਾਨ ਸਥਾਪਤ ਕੀਤੇ। ਸ਼ਹੀਦ ਬੇਅੰਦ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਨੂੰ ਅਮਨ ਦਿੱਤਾ। ਕੈਪਟਨ ਸਾਹਿਬ ਤੁਸੀਂ ਵੀ ਉਸ ਪਾਰਟੀ ਦੇ ਅਜੋਕੇ ਮੁੱਖ ਮੰਤਰੀ ਹੋ ਇਸ ਕਰਕੇ ਤੁਹਾਡੇ ਤੋਂ ਇਲਾਵਾ, ਸਮੁੱਚੀ ਕਾਂਗਰਸ ਵੱਲੋਂ ਵੋਟਾਂ ਵੇਲੇ ਅਹੁਦੇਦਾਰੀਆਂ ਵੱਖ-ਵੱਖ ਕੌਮਾਂ, ਜਾਤਾਂ ਦੀ ਗਿਣਤੀ ਪ੍ਰਤੀਸ਼ਤ ਦੇਖ ਕੇ ਨਹੀਂ ਦੇਣੀਆਂ ਚਾਹੀਦੀਆਂ। ਤੁਹਾਨੂੰ ਸਮੁੱਚੀ ਜਨਤਾ ਦੀ ਰਹਿਨੁਮਾਈ ਕਰਨੀ ਚਾਹੀਦੀ ਹੈ। ਪੜ੍ਹੇ-ਲਿਖੇ ਨੌਜਵਾਨ ਅੱਗੇ ਲਿਆਉਣੇ ਚਾਹੀਦੇ ਹਨ। ਬਜ਼ੁਰਗਾਂ ਨੂੰ ਸਿਰਫ਼ ਨੇਕ ਸਲਾਹਾਂ ਵਾਸਤੇ ਰਿਜ਼ਰਵ ਕਰਨਾ ਚਾਹੀਦਾ ਹੈ। ਮੌਜੂਦਾ ਕਿਸਾਨ ਸੰਘਰਸ਼ ਨੇ ਦਰਸਾ ਦਿੱਤਾ ਹੈ ਕਿ ਆਪਣੇ ਮੁੱਖ ਵਿਰੋਧੀ ਕਾਰਪੋਰੇਟ ਘਰਾਣਿਆਂ ਖਿਲਾਫ਼ ਕਿਵੇਂ ਲੜਨਾ ਹੈ, ਜਿਸ ਸਾਹਮਣੇ ਸਮੇਤ ਤੁਹਾਡੇ ਸਭ ਉਹਨਾਂ ਅੱਗੇ ਸੁਰੰਡਰ ਕਰਦੇ ਆ ਰਹੇ ਹਨ। ਮੌਜੂਦਾ ਪ੍ਰਧਾਨ ਮੰਤਰੀ ਦੇ ਸਭ ਉਹਨਾਂ ਨਾਲ ਆਪਣੀਆਂ ਫੋਟੋਆਂ ਖਿਚਵਾ ਕੇ ਬੜੇ ਮਾਣ ਨਾਲ ਵਾਇਰਲ ਕਰ ਰਹੇ ਹਨ। ਕਿਸਾਨਾਂ ਨੇ ਆਪਣਾ ਮੁੱਖ ਵਿਰੋਧੀ ਲਭਕੇ ਲੜਾਈ ਆਰੰਭੀ ਹੋਈ ਹੈ। ਤੁਸੀਂ ਵੀ ਆਪਣੀ ਅਲੱਗ ਡਫਲੀ ਵਜਾਉਣ ਦੀ ਬਜਾਏ ਕਿਸਾਨ ਅੰਦੋਲਨ ਦਾ ਸਾਥ ਦਿਓ। ਕਿਸਾਨੀ ਬਚੇਗੀ ਤਾਂ ਪੰਜਾਬ ਵੀ ਬਚੇਗਾ।
ਕੈਪਟਨ ਜੀ, ਚੋਣਾਂ ਤਕ ਰਹਿੰਦੇ ਸਮੇਂ ਨੂੰ ਇਸ ਤਰ੍ਹਾਂ ਅਤੇ ਇਹ ਸਮਝਦੇ ਹੋਏ ਇਸਤੇਮਾਲ ਕਰੋ ਕਿ ਪੰਜਾਬ ਵਿੱਚ 75/25 ਵਾਲਾ ਫਾਰਮੂਲਾ ਖ਼ਤਮ ਹੋ ਚੁੱਕਾ ਹੈ। ਜਨਤਾ ਪਾਸ ਹੋਰ ਬਦਲ ਵੀ ਮੌਜੂਦ ਹਨ। ਜਨਤਾ ਕਿਸੇ ਪਾਰਟੀ ਦੇ ਵੀ ਕਲਗੀ ਲਾ ਸਕਦੀ ਹੈ। ਇਸ ਕਰਕੇ ਇਨ੍ਹਾਂ ਗਿਣਤੀਆਂ-ਮਿਣਤੀਆਂ ਤੋਂ ਉੱਪਰ ਉੱਠੋ ਕਿ ਸਿੱਖ ਵੋਟ ਲਗਭਗ 57%, ਹਿੰਦੂ ਵੋਟ 38% ਅਤੇ ਦਲਿਤ ਵੋਟ 32% ਹੈ। ਧਰਮ ਨਿਰਪੱਖਤਾ ਵਾਲਾ ਆਪਣਾ ਖਾਸਾ ਮਜ਼ਬੂਤੀ ਨਾਲ ਰੱਖੋ, ਉਸ ’ਤੇ ਪਹਿਰਾ ਦਿਓ। ਸਭ ਦੇ ਭਲੇ ਲਈ ਬਿਨਾਂ ਭਿੰਨ-ਭੇਦ ਦੇ ਕੰਮ ਕਰੋ। ਕੋਸ਼ਿਸ਼ ਕਰੋ ਕਿ ਤੁਸੀਂ ਵੀ ਕਿਸੇ ਖਾਸ ਕੰਮ ਕਰਨ ਕਰਕੇ ਜਨਤਾ ਵਿੱਚ ਜਾਣੇ ਜਾਓ। ਕੈਪਟਨ ਸਾਹਿਬ, ਯਾਦ ਰੱਖੋ ਅੱਜ ਦੇ ਹਾਲਾਤ ਮੁਤਾਬਕ ਕੈਪਟਨ-ਸਿੱਧੂ ਜੋੜੀ ਰਲ ਕੇ ਹੀ ਪੰਜਾਬ ਦੀ ਡੱਕੇ-ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਲਾ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2903)
(ਸਰੋਕਾਰ ਨਾਲ ਸੰਪਰਕ ਲਈ: