“ਜਿਨ੍ਹਾਂ ਨੂੰ ਦੇਸ਼ ਦੀ ਸਿਖਰਲੀ ਅਦਾਲਤ ਦੋਸ਼ੀ ਕਰਾਰ ਦੇ ਚੁੱਕੀ ਹੋਵੇ, ਉਨ੍ਹਾਂ ਭੱਦਰ ਪੁਰਸ਼ਾਂ ਦੀ ਸੂਚੀ ਕਿਸੇ ਰੂਪ ਵਿੱਚ ...”
(30 ਅਕਤੂਬਰ 2023)
ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਸੀ ਕਿ ਘਾਹ ਜਾਂ ਬੂਟੀ ਬੜੀ ਨਾਮੁਰਾਦ ਹੈ। ਇਹ ਖ਼ਤਮ ਨਹੀਂ ਹੋ ਰਹੀ। ਇਸ ਨੂੰ ਖ਼ਤਮ ਕਰਨਾ ਅਤਿ ਜ਼ਰੂਰੀ ਹੈ। ਲੋਕਾਂ ਇਸਦਾ ਤਹੱਈਆ ਹੀ ਕਰ ਲਿਆ। ਹੌਲੀ-ਹੌਲੀ ਖ਼ਤਮ ਹੁੰਦੀ ਹੁੰਦੀ ਅਖੀਰ ਅੰਨਦਾਤਾ ਕਿਸਾਨ ਨੇ ਇਸ ਉੱਤੇ ਜਿੱਤ ਪ੍ਰਾਪਤ ਕਰ ਲਈ। ਇਸੇ ਤਰ੍ਹਾਂ ਹੀ ਬਚਪਨ ਵਿੱਚ ਮਾਤਾ (ਚੇਚਕ ਦੀ ਬਿਮਾਰੀ) ਨਿਕਲਣ ਦੀ ਬਿਮਾਰੀ ਆਮ ਬੱਚਿਆਂ ਨੂੰ ਹੋ ਜਾਂਦੀ ਸੀ। ਇਸ ਉੱਤੇ ਉਸ ਵੇਲੇ ਦੀ ਸਰਕਾਰ ਨੇ ਲੱਕ ਬੰਨ੍ਹ ਕੇ ਇਸ ਨੂੰ ਖ਼ਤਮ ਕਰਨ ਦੀ ਧਾਰੀ। ਸਰਕਾਰ ਛੋਟੇ ਹੁੰਦਿਆਂ ਤੇ ਹੀ ਟੀਕੇ, ਜਿਸ ਨੂੰ ਉਸ ਵੇਲੇ ਲੋਦੇ ਵੀ ਕਹਿੰਦੇ ਹੁੰਦੇ ਸੀ, ਨੇਮ ਨਾਲ ਸਕੂਲਾਂ ਵਿੱਚ ਡਾਕਟਰ ਭੇਜ ਕੇ, ਹਸਪਤਾਲਾਂ ਅਤੇ ਪਿੰਡਾਂ ਵਿੱਚ ਕੈਂਪ ਲਾ ਕੇ ਲਗਵਾਉਂਦੀ। ਇਹ ਸਭ ਉਦੋਂ ਤਕ ਅਮਲ ਵਿੱਚ ਰਿਹਾ, ਜਦੋਂ ਤਕ ਇਸ ਬਿਮਾਰੀ ਦਾ ਖਾਤਮਾ ਨਹੀਂ ਹੋ ਗਿਆ। ਇਸੇ ਤਰ੍ਹਾਂ ਸਮੇਂ-ਸਮੇਂ ’ਤੇ ਪਲੇਗ ਵਰਗੀ ਗੰਭੀਰ ਬਿਮਾਰੀ ਉੱਤੇ ਵੀ ਕਾਬੂ ਪਾ ਲਿਆ ਗਿਆ।
ਅਸੀਂ ਉਸ ਵਕਤ 1958-59-60 ਵਿੱਚ ਸਕੂਲਾਂ ਵਿੱਚ ਪੜ੍ਹਨ ਗਏ ਹੁੰਦੇ ਸੀ ਕਿ ਡਾਕਟਰ ਉੱਥੇ ਆਣ ਕੇ ਸਭ ਨੂੰ ਕੁਨੀਨ ਦੀ ਦਵਾਈ ਪਿਲਾ ਕੇ ਫਿਰ ਭੁੱਜੇ ਹੋਏ ਛੋਲੇ ਖਾਣ ਨੂੰ ਦਿੰਦੇ ਸਨ। ਅਧਿਆਪਕ ਦਾ ਡਰ ਹੋਣ ਕਰਕੇ ਸਭ ਵਿਦਿਆਰਥੀ ਪੀਣ ਤੋਂ ਨਾਂਹ ਨਹੀਂ ਸਨ ਕਰ ਸਕਦੇ। ਬਾਅਦ ਵਿੱਚ ਅਸੀਂ ਕੀ ਦੇਖਿਆ ਕਿ ਇਸ ਬਿਮਾਰੀ ਉੱਤੇ ਵੀ ਮਹਾਂਮਾਰੀ ਬਣਨ ਤੋਂ ਪਹਿਲਾਂ ਹੀ ਸਰਕਾਰ ਨੇ ਕਾਬੂ ਪਾ ਲਿਆ। ਕਹਿਣ ਤੋਂ ਭਾਵ ਇਹ ਹੈ ਕਿ ਸਰਕਾਰ ਜਨਤਾ ਦੇ ਸਹਿਯੋਗ ਨਾਲ ਜਿਸ ਬਿਮਾਰੀ (ਬੁਰਾਈ) ਉੱਤੇ ਕਾਬੂ ਪਾਉਣਾ ਚਾਹੇ, ਪਾ ਸਕਦੀ ਹੈ।
ਪਰ ਐਨ ਇਸ ਗੱਲ ਦੇ ਉਲਟ ਸਦੀਆਂ ਤੋਂ ਦੁਸਹਿਰੇ ਵਾਲੇ ਦਿਨ ਦਸਾਂ ਸਿਰਾਂ ਵਾਲਾ ਰਾਵਣ ਇਕੱਠੀ ਹੋਈ ਜਨਤਾ ਦੇ ਸਾਹਮਣੇ ਅੱਗ ਲਾ ਕੇ ਫੂਕਿਆ ਜਾਂਦਾ ਹੈ, ਤਾਂ ਕਿ ਜਨਤਾ ਗਵਾਹ ਦੇ ਰੂਪ ਵਿੱਚ ਨਜ਼ਰ ਆਵੇ ਕਿ ਅਸੀਂ ਸੱਚਮੁੱਚ ਹੀ ਬੁਰਾਈ ਉੱਤੇ ਕਾਬੂ ਪਾ ਲਿਆ ਹੈ। ਬੁਰਾਈ ਜੜ੍ਹੋਂ ਹੀ ਅੱਗ ਲਾ ਕੇ ਸਾੜ ਦਿੱਤੀ ਹੈ। ਰਮਾਇਣ ਦੀ ਇਹ ਕਹਾਣੀ ਕਿੰਨੀ ਸੱਚੀ ਹੈ ਅਤੇ ਕਿੰਨੀ ਕਾਲਪਨਿਕ, ਇਸ ਵਿੱਚ ਨਾ ਜਾਂਦੇ ਹੋਏ ਅਸੀਂ ਰਾਵਣ ਦੇ ਦਸ ਸਿਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ। ਇਹ ਤਾਂ ਸਭ ਜਾਣਦੇ ਹਨ ਕਿ ਇੱਕ ਹੱਥ ਨਾਲੋਂ ਦੋ ਹੱਥ ਮਿਲ ਕੇ ਜ਼ਿਆਦਾ ਕੰਮ ਕਰਦੇ ਹਨ। ਇੱਕ ਸਿਰ ਨਾਲੋਂ ਰਲ ਬੈਠੇ ਜ਼ਿਆਦਾ ਸਿਰ ਵਧੀਆ ਅਤੇ ਚੰਗਾ ਸੋਚਦੇ ਹਨ। ਇਸ ਕਰਕੇ ਰਾਜੇ ਮਹਾਰਾਜੇ ਪਹਿਲੇ ਵੀ ਅਤੇ ਅੱਜ ਦੇ ਵੀ ਜ਼ਿਆਦਾ ਵਧੀਆ ਫੈਸਲੇ ਕਰਨ ਲਈ ਮੌਕੇ ਮੌਕੇ ’ਤੇ ਆਪੋ ਆਪਣੀਆਂ ਕੈਬਨਿਟ ਦਾ ਗਠਨ ਕਰਦੇ ਆ ਰਹੇ ਹਨ। ਫਿਰ ਰਾਵਣ, ਜੋ ਦਸਾਂ ਸਿਰਾਂ ਦਾ ਮਾਲਕ ਹੈ, ਉਸ ਨੂੰ ਇੱਕ ਸਿਰ ਵਾਲਾ ਕਿਵੇਂ ਖ਼ਤਮ ਕਰ ਸਕਦਾ ਹੈ? ਇਸੇ ਕਰਕੇ ਜੇ ਤੁਸੀਂ ਧਿਆਨ ਨਾਲ ਦੇਖੋਗੇ, ਸੁਣੋਗੇ, ਤਾਂ ਤੁਹਾਨੂੰ ਝੱਟ ਪਤਾ ਲੱਗ ਜਾਵੇਗਾ ਕਿ ਜਿਸ ਨੂੰ ਅਸੀਂ ਹਰ ਸਾਲ ਖ਼ਤਮ ਕਰ ਰਹੇ ਹਾਂ, ਉਹ ਹੋਰ ਤਾਕਤਵਰ ਹੋ ਰਿਹਾ ਹੈ। ਉਸ ਦਾ ਕੱਦ ਇੰਨਾ ਵਧ ਗਿਆ ਹੈ ਕਿ ਤੁਸੀਂ ਸੁਣਿਆ, ਦੇਖਿਆ ਅਤੇ ਪੜ੍ਹਿਆ ਹੋਵੇਗਾ ਕਿ ਇਸ ਵਾਰ ਪੰਜਾਬ ਅਤੇ ਹਰਿਆਣਾ ਵਿਚਕਾਰ ਲਗਭਗ 131 ਫੁੱਟ ਉੱਚਾ ਰਾਵਣ ਬਣਾ ਕੇ ਤਿਆਰ ਕੀਤਾ ਗਿਆ ਹੈ ਕਿ ਗਿੰਨੀ ਬੁੱਕ ਵਿੱਚ ਨਾਂਅ ਲਿਖਵਾ ਰਹੇ ਹਨ। ਇੱਥੇ ਹੀ ਬੱਸ ਨਹੀਂ, ਅਜਿਹੇ ਬੁੱਤ (ਪੁਤਲੇ) ’ਤੇ 20-22 ਲੱਖ ਰੁਪਏ ਖਰਚ ਆਇਆ ਹੈ। ਭਾਵ ਹਰ ਸਾਲ ਰਾਵਣ ਮਰਨ ਜਾਂ ਖ਼ਤਮ ਹੋਣ ਦੀ ਬਜਾਏ ਉੱਚਾ, ਹੋਰ ਉੱਚਾ ਅਤੇ ਮਹਿੰਗਾ, ਹੋਰ ਮਹਿੰਗਾ ਹੋ ਰਿਹਾ ਹੈ। ਇਸ ਤਰ੍ਹਾਂ ਪੂਰੇ ਭਾਰਤ ਵਿੱਚ ਕਰੋੜਾਂ ਰੁਪਇਆ ਫਜ਼ੂਲ ਖ਼ਰਚ ਕੇ ਮਿਥੇ ਦਿਨ ਅਤੇ ਮਿਥੇ ਟਾਈਮ ’ਤੇ ਅਗਨ-ਭੇਟ ਕਰਕੇ ਜ਼ਹਿਰੀਲੇ ਪਟਾਕਿਆਂ ਰਾਹੀਂ ਅਤੇ ਹੋਰ ਸਮਗਰੀ ਰਾਹੀਂ ਇੱਕੋ ਦਿਨ, ਇੱਕੋ ਸ਼ਾਮ ਨੂੰ, ਤਕਰੀਬਨ ਇੱਕੋ ਵੇਲੇ ਇੰਨਾ ਜ਼ਹਿਰੀਲਾ ਪ੍ਰਦੂਸ਼ਣ ਫੈਲਾਉਣ ਵਿੱਚ ਹਿੱਸਾ ਪਾ ਦਿੰਦੇ ਹਾਂ ਕਿ ਜਿੰਨਾ ਮਸ਼ੀਨਰੀ ਰਾਹੀਂ ਸਾਰੇ ਸਾਲ ਵਿੱਚ ਨਹੀਂ ਫੈਲਦਾ, ਜੋ ਦੇਸ਼ ਦੇ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ।
ਤੁਸੀਂ ਦੇਖਿਆ, ਸੁਣਿਆ, ਪੜ੍ਹਿਆ ਹੋਵੇਗਾ ਕਿ ਦੇਸ਼ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਜੋ ਅਜਿਹਾ ਕਰਦੇ ਹਨ ਜਾਂ ਜੋ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਤੇ ਫੁੱਲ ਨਹੀਂ ਚੜ੍ਹਾਉਂਦੇ, ਕਿਸਾਨਾਂ ਇਸ ਵਾਰ ਉਨ੍ਹਾਂ ਜ਼ਿੰਮੇਵਾਰ ਸਿਆਸੀ ਪਾਰਟੀਆਂ, ਸਰਕਾਰਾਂ ਅਤੇ ਨੇਤਾਵਾਂ ਦੇ ਰਾਵਣ ਵਾਂਗ ਬੁੱਤ ਬਣਾ ਕੇ, ਉਨ੍ਹਾਂ ਦੀਆਂ ਫੋਟੋਆਂ ਲਾ ਕੇ, ਉਨ੍ਹਾਂ ਨੂੰ ਦੁਸਹਿਰੇ ਵਾਲੇ ਦਿਨ ਅਗਨੀ ਭੇਟ ਕਰਕੇ ਭਾਵ ਫੂਕ ਕੇ ਦੁਸਹਿਰਾ ਮਨਾ ਕੇ ਇੱਕ ਤਰ੍ਹਾਂ ਨਵਾਂ ਸੰਦੇਸ਼ ਦਿੱਤਾ ਹੈ ਕਿ ਸਾਡੇ ਰਾਵਣ ਉਹ ਹਨ ਜੋ ਵਰਤਮਾਨ ਵਿੱਚ ਜਿਊਂਦੇ ਹਨ, ਕੁਝ ਕਰ ਸਕਣ ਦੇ ਬਾਵਜੂਦ ਅੰਨਦਾਤਿਆਂ ਦੀਆਂ ਜਾਇਜ਼ ਮੰਗਾਂ ਅਣ-ਸੁਣੀਆਂ ਕਰ ਰਹੇ ਹਨ। ਇਹ ਪੰਜਾਬ ਦੇ ਬਾਹਰਲਿਆਂ ਸੂਬਿਆਂ ਵਿੱਚ ਵੀ ਮਨਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਰਾਵਣ ਰੂਪੀ ਦੁਸਹਿਰਾ ਅਜੋਕੇ ਰੂਪ ਵਿੱਚ ਮਨਾ ਕੇ ਜੋ ਪ੍ਰਦੂਸ਼ਣ ਤੁਸੀਂ ਪੈਦਾ ਕਰਦੇ ਹੋ, ਬੰਦ ਕਰ ਦਿਓ, ਅਸੀਂ (ਕਿਸਾਨ) ਆਪਣੀਆਂ ਪਰਾਲੀਆਂ ਅਤੇ ਕਣਕ ਦੇ ਨਾੜ ਨੂੰ ਅਗਨ ਭੇਟ ਕਰਨੋਂ ਹਟ ਜਾਵਾਂਗੇ। ਪੁੱਛਿਆ! ਬੋਲੋ, ਮਨਜ਼ੂਰ ਹੈ?
ਦੁਸਹਿਰੇ ਵਾਲੇ ਦਿਨ ਜੋ ਰਾਵਣ ਸਾੜਿਆ ਜਾਂਦਾ ਹੈ, ਉਸ ਬਾਰੇ ਮਸ਼ਹੂਰ ਹੈ ਕਿ ਉਹ ਚਾਰੋਂ ਵੇਦਾਂ ਦਾ ਗਿਆਤਾ ਸੀ। ਸੀਤਾ ਮਾਤਾ ਨੂੰ ਉਹਨੇ ਆਪਣੇ ਮਹਿਲਾਂ ਵਿੱਚ ਪੂਰੇ ਸਤਿਕਾਰ ਨਾਲ ਰੱਖਿਆ। ਭਾਵ ਉਹ ਇਖਲਾਕ ਤੋਂ ਗਿਰਿਆ ਹੋਇਆ ਨਹੀਂ ਸੀ। ਹੁਣ ਤੁਸੀਂ ਨਾਲ ਲੱਗਦੇ ਭਾਰਤੀ ਰਾਵਣਾਂ ਵੱਲ ਨਿਗ੍ਹਾ ਮਾਰੋ। ਉਹ ਭਾਵੇਂ ਵੱਡੇ ਵੱਡੇ ਸਿਆਸੀ ਅਹੁਦਿਆਂ ’ਤੇ ਬੈਠੇ ਹੋਏ ਹਨ, ਉਹ ਹੋਮ ਮਨਿਸਟਰ, ਡਿਪਟੀ ਹੋਮ ਮਨਿਸਟਰ, ਦੇਸ਼ ਅਤੇ ਸੂਬਿਆਂ ਨਾਲ ਵੀ ਜੁੜੇ ਹੋ ਸਕਦੇ ਹਨ। ਚਾਹੇ ਉਹ ਸਾਧੂ ਸੰਤਾਂ ਦੇ ਭੇਸ ਵਿੱਚ ਹੋਣ, ਅਜਿਹੇ ਭੇੜੀਏ ਭੀੜਾਂ ਵਿੱਚੋਂ ਬਚ ਨਿਕਲਦੇ ਹਨ। ਇਹ ਅਜੋਕੀਆਂ ਸੀਤਾ ਮਤਾਵਾਂ ਨਾਲ ਕੀ ਕਰਦੇ ਹਨ, ਇਸ ਬਾਰੇ ਹਰ ਜਾਗਦਾ ਭਾਰਤੀ ਜਾਣਦਾ ਹੈ ਕਿ ਉਹ ਬੱਚੀਆਂ ਦੀ ਬੱਸ ਦਾ ਡਰਾਈਵਰ, ਕੰਡਕਟਰ ਵੀ ਹੋ ਸਕਦਾ ਹੈ। ਟੀਚਰ ਦੀ ਸ਼ਕਲ ਵਿੱਚ ਵੀ ਮੌਜੂਦ ਹਨ। ਟਿਊਸ਼ਨ ਪੜ੍ਹਾਉਣ ਦੇ ਭੇਸ ਵਿੱਚ ਹੋ ਸਕਦਾ ਹੈ। ਉਹ ਤੁਹਾਡਾ ਗਵਾਂਢੀ ਵੀ ਹੋ ਸਕਦਾ ਹੈ। ਉਹ ਦਿਖਾਵੇ ਲਈ ਰੱਬੀ ਬਾਣੇ ਵਿੱਚ ਵੀ ਮੌਜੂਦ ਹੋ ਸਕਦਾ ਹੈ। ਅਜਿਹੇ ਭੇੜੀਆਂ ਤੋਂ ਅੱਜ ਦੇ ਦਿਨ ਸਾਡੀਆਂ ਬਾਲੜੀਆਂ ਵੀ ਸੁਰੱਖਿਅਤ ਨਹੀਂ ਹਨ, ਜੋ ਅਜੇ ਨਾ ਹੀ ਸਰੀਰਕ ਤੌਰ ਤੇ, ਨਾ ਹੀ ਗਿਆਨ ਦੇ ਤੌਰ ’ਤੇ ਸੰਪੂਰਨ ਹਨ।
ਇੰਨੀ ਤਰੱਕੀ ਦੇ ਬਾਵਜੂਦ ਅੱਜ ਵੀ ਔਰਤ ਨਾ ਹਵਾਈ ਜਹਾਜ਼ ਦੇ ਅਮਲੇ ਤੋਂ ਸੁਰਖਰੂ ਹੈ, ਨਾ ਹੀ ਕਾਲਜ ਵਿੱਚ ਆਪਣੇ ਸੀਨੀਅਰ ਅਤੇ ਮੈਨੇਜਮੈਂਟ ਤੋਂ ਸੁਰੱਖਿਆ ਮਹਿਸੂਸ ਕਰ ਰਹੀ ਹੈ। ਔਰਤ ਅੱਜ ਦੇ ਦਿਨ ਡਿਫੈਂਸ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਵਕੀਲਾਂ, ਜੱਜਾਂ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ। ਹੋਰ ਤਾਂ ਹੋਰ ਸਾਡੇ ਦੇਸ਼ ਦੀਆਂ ਖਿਡਾਰਨਾਂ ਆਪਣੇ ਕੋਚਾਂ ਅਤੇ ਧਾਰਮਿਕ ਅਦਾਰਿਆਂ ਦੇ ਕਰਮਚਾਰੀਆਂ ਤੋਂ ਵੀ ਸੁਰੱਖਿਅਤ ਨਹੀਂ ਹਨ। ਕਾਰਨ ਦੇਸ਼ ਦੀ ਸਮੁੱਚੀ ਲਾਅ ਐਂਡ ਆਰਡਰ ਦੀ ਸਮੱਸਿਆ ਹੈ। ਇਸੇ ਕਰਕੇ ਪੜ੍ਹੇ-ਲਿਖੇ ਖੁਦਕੁਸ਼ੀਆਂ ਕਰ ਰਹੇ ਹਨ। ਜੇਲ੍ਹ ਯਾਤਰੀ (ਦੋਸ਼ੀ ਬੰਦੇ) ਸਰਕਾਰੀ ਅਹੁਦਿਆਂ ’ਤੇ ਲੱਗੇ ਦਨ-ਦਨਾ ਰਹੇ ਹਨ। ਮਿੱਤਰ ਪਿਆਰਿਓ, ਇਹ ਉਦੋਂ ਤਕ ਹੁੰਦਾ ਰਹੇਗਾ, ਜਦੋਂ ਤਕ ਬੁਰਾਈ ਨੂੰ ਖ਼ਤਮ ਕਰਨ ਵਾਲਾ ਆਪ ਅਜਿਹੀ ਬੁਰਾਈ ਤੋਂ ਮੁਕਤ ਨਹੀਂ ਹੋਵੇਗਾ, ਜਦੋਂ ਤਕ ਤੁਸੀਂ ਲੰਕਾ ਦੇ ਰਾਵਣ ਨੂੰ ਤਿਆਗ ਕੇ ਭਾਰਤੀ ਰਾਵਣਾਂ ਦੀ ਸਹੀ ਸਹੀ ਸ਼ਨਾਖਤ ਨਹੀਂ ਕਰੋਗੇ, ਉਨ੍ਹਾਂ ਨੂੰ ਤੁਸੀਂ ਆਪ ਨਹੀਂ, ਬਲਕਿ ਸੰਬੰਧਤ ਜੁਡੀਸ਼ਰੀ ਤੋਂ ਸਜ਼ਾ ਦਿਵਾ ਕੇ ਖ਼ਤਮ ਨਹੀਂ ਕਰੋਗੇ। ਦੁਸਹਿਰੇ ਵਾਲੇ ਦਿਨ ਉਨ੍ਹਾਂ ਰਾਵਣਾਂ ਦੇ ਨਾਂਵਾਂ ਦੀ ਸੂਚੀ ਅਗਨ-ਭੇਟ ਉਨ੍ਹਾਂ ਤੋਂ ਕਰਾਓ ਜੋ ਸਮੇਂ ਸਮੇਂ ਇਸਦਾ ਸ਼ਿਕਾਰ ਰਹੀਆਂ ਹਨ। ਜਿਨ੍ਹਾਂ ਨੂੰ ਦੇਸ਼ ਦੀ ਸਿਖਰਲੀ ਅਦਾਲਤ ਦੋਸ਼ੀ ਕਰਾਰ ਦੇ ਚੁੱਕੀ ਹੋਵੇ, ਉਨ੍ਹਾਂ ਭੱਦਰ ਪੁਰਸ਼ਾਂ ਦੀ ਸੂਚੀ ਕਿਸੇ ਰੂਪ ਵਿੱਚ ਦੁਸਹਿਰੇ ਵਾਲੇ ਦਿਨ ਜਨਤਾ ਸਾਹਮਣੇ ਜਨਤਕ ਕੀਤੀ ਜਾਵੇ। ਅਜਿਹਾ ਸਭ ਕੁਝ ਤਾਂ ਹੀ ਵਾਪਰ ਸਕਦਾ ਹੈ ਜੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਅਜਿਹੀਆਂ ਬੁਰਾਈਆਂ ਨੂੰ ਹੱਥ ਪਾਵਾਂਗੇ। ਆਪਾਂ ਸਾਰੇ ਉਨ੍ਹਾਂ ਪਾਰਟੀਆਂ, ਨੇਤਾਵਾਂ ਅਤੇ ਲੋਕਾਂ ਨੂੰ ਮੂੰਹ ਨਾ ਲਾਈਏ ਜਿਹੜੇ ਇਨ੍ਹਾਂ ਬੁਰਾਈਆਂ ਨੂੰ ਖਤਮ ਕਰਨ ਲਈ ਸਾਡਾ ਸਹਿਯੋਗ ਨਾ ਦੇਣ। ਅਜਿਹਾ ਹੋਣ ਤੋਂ ਬਾਅਦ ਹੀ ਰਾਵਣ ਦਾ ਕੱਦ ਅਤੇ ਖ਼ਰਚਾ ਛੋਟਾ ਹੋਵੇਗਾ, ਨਾਲ ਹੀ ਪ੍ਰਦੂਸ਼ਣ ਦਾ ਪਾਰਾ ਵੀ ਡਿੱਗੇਗਾ ਅਤੇ ਅਸੀਂ ਸਾਰੇ ਸਾਫ਼ ਸੁਥਰੀ ਹਵਾ ਦਾ ਅਨੰਦ ਮਾਣ ਸਕਾਂਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4434)
(ਸਰੋਕਾਰ ਨਾਲ ਸੰਪਰਕ ਲਈ: (