“ਸੱਚ ਤਾਂ ਇਹ ਹੈ ਕਿ ਐਤਕੀਂ ਮੌਜੂਦਾ ਦੇਸ਼ ਦੀ ਸਰਕਾਰ ਘਬਰਾਹਟ ਵਿੱਚ ਹੈ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ...”
(20 ਨਵੰਬਰ 2023)
ਇਸ ਸਮੇਂ ਪਾਠਕ: 160.
ਮੇਰਾ ਮਹਾਨ ਦੇਸ਼ ਜਿੱਥੇ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਲਗਾਤਾਰ ਲੀਨ ਰਹਿੰਦਾ ਹੈ, ਸਾਰੇ ਧਰਮਾਂ ਦੇ ਅਮਾਗਮ ਵੱਖ-ਵੱਖ ਸਮੇਂ ਹੁੰਦੇ ਰਹਿੰਦੇ ਹਨ, ਉੱਥੇ ਹੀ ਸੰਸਾਰ ਵਿੱਚੋਂ ਇੱਕ ਵੱਡਾ ਲੋਕ ਰਾਜ਼ੀ ਦੇਸ਼ ਹੋਣ ਕਰਕੇ ਤਕਰੀਬਨ ਸਾਰਾ ਸਾਲ ਛੋਟੀਆਂ ਤੋਂ ਵੱਡੀਆਂ ਚੋਣਾਂ ਵਿੱਚ ਸਰਗਰਮ ਰਹਿੰਦਾ ਹੈ। ਇਹ ਚੋਣਾਂ, ਪੰਚਾਇਤਾਂ ਤੋਂ ਲੈ ਕੇ ਪਾਰਲੀਮੈਂਟ ਤਕ ਤਕਰੀਬਨ ਚੱਲਦੀਆਂ ਹੀ ਰਹਿੰਦੀਆਂ ਹਨ। ਇਸ ਸਾਲ ਦੇ ਅਖੀਰਲੇ ਮਹੀਨਿਆਂ ਵਿੱਚ ਪੰਜ ਛੋਟੇ-ਵੱਡੇ ਸੂਬਿਆਂ ਵਿੱਚ ਚੋਣਾਂ ਆਪਣੀ ਹਾਜ਼ਰੀ ਲੁਆ ਰਹੀਆਂ ਹਨ। ਇਹਨਾਂ ਚੋਣਾਂ ਨਾਲ ਸੰਬੰਧਤ ਕਈ ਸੂਬਿਆਂ ਵਿੱਚ ਵੋਟਾਂ ਪੈ ਚੁੱਕੀਆਂ ਹਨ, ਬਾਕੀ ਵਿੱਚ ਬਹੁਤ ਜਲਦੀ ਹੋਣ ਜਾ ਰਹੀਆਂ ਹਨ। ਇਸ ਕਰਕੇ ਇਹਨਾਂ ਸੂਬਿਆਂ ਵਿੱਚ ਸਿਆਸੀ ਪਾਰਟੀਆਂ ਆਪਣੀ ਯੋਗਤਾ ਅਨੁਸਾਰ ਜਨਤਾ ਪਾਸ ਜਾ ਰਹੀਆਂ ਹਨ। ਜਿਨ੍ਹਾਂ ਪਾਰਟੀਆਂ ਪਾਸ ਲੜਨ ਦੀ ਸਮਰੱਥਾ ਨਹੀਂ ਹੈ, ਉਹ ਆਪੋ-ਆਪਣੀਆਂ ਸਹਿਯੋਗੀ ਪਾਰਟੀਆਂ ਦੀ ਮਦਦ ਕਰ ਰਹੀਆਂ ਹਨ। ਭਾਵ ਸੰਬੰਧਤ ਸੂਬਿਆਂ ਵਿੱਚ ਚੋਣਾਂ ਕਰਕੇ ਸਮੁੱਚੀ ਜਨਤਾ ਹਰਕਤ ਵਿੱਚ ਆ ਚੁੱਕੀ ਹੈ। ਆਪੋ-ਆਪਣੇ ਦਾਅਵੇ ਕਰ ਰਹੀਆਂ ਹਨ, ਪਰ ਅਖੀਰ ਵਿੱਚ ਹੋਣਾ ਉਹ ਕੁਝ ਹੈ, ਜੋ ਕੁਝ ਜਨਤਾ ਨੇ ਝੋਲੀ ਪਾਉਣਾ ਹੈ।
ਜਿੱਤਣ ਜਾਂ ਵੱਧ ਵੋਟਾਂ ਬਟੋਰਨ ਲਈ ਰਾਜਨੀਤਕ ਪਾਰਟੀਆਂ ਸਭ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੇ ਹਨ, ਜਨਤਾ ਨੂੰ ਠੱਗਣ ਲਈ ਤਰ੍ਹਾਂ-ਤਰ੍ਹਾਂ ਦੇ ਸਰਵੇ ਪੇਸ਼ ਕਰ ਰਹੀਆਂ ਹਨ ਜਾਂ ਪੇਸ਼ ਕਰਵਾ ਰਹੀਆਂ ਹਨ। ਸਰਵੇ, ਟੇਵੇ ਆਦਿ ਸਭ ਬੇਮਾਅਨੇ ਹੀ ਨਿਕਲਦੇ ਹਨ। ਅਖੀਰ ਪਾਰਟੀ ਰਾਹੀਂ ਕੀਤਾ ਕੰਮ ਜਾਂ ਸੰਬੰਧਤ ਪਾਰਟੀ ਦਾ ਜਨਤਾ ਉੱਤੇ ਭਰੋਸਾ ਹੀ ਕੰਮ ਆਉਂਦਾ ਹੈ, ਚੋਣਾਂ ਦੀਆਂ ਭਵਿੱਖਬਾਣੀਆਂ ਨਾਕਾਮ ਹੋ ਜਾਂਦੀਆਂ ਹਨ। ਪਰ ਕਈ ਭਵਿੱਖਬਾਣੀਆਂ ਕਰੀ ਕਰਾਈ ਜਾਂਦੇ ਹਨ। ਕਈ ਨਤੀਜਾ ਆਉਣ ਤਕ ਅਜਿਹੀਆਂ ਭਵਿੱਖਬਾਣੀਆਂ ’ਤੇ ਨਿਰਭਰ ਹੋ ਕੇ ਆਪਣਾ ਸਮਾਂ ਗੁਜ਼ਾਰਦੇ ਹਨ। ਕੋਈ ਕਿਸੇ ਦੇ ਜਿੱਤਣ ਦੀ ਵਕਾਲਤ ਕਰਦਾ ਹੈ, ਕੋਈ ਕਿਸੇ ਦੇ। ਪਰ ਸੱਚ ਕੀ ਹੁੰਦਾ ਹੈ, ਉਹ ਵੋਟਾਂ ਵਾਲੇ ਦਿਨ ਬਕਸਿਆਂ ਵਿੱਚੋਂ ਨਿਕਲੀਆਂ ਵੋਟਾਂ ਦੱਸਦੀਆਂ ਹਨ।
ਹੁਣ ਤਕ ਜਿਹੜੇ ਪੰਜ ਸੂਬਿਆਂ ਵਿੱਚ ਵੋਟਾਂ ਪੈ ਚੁੱਕੀਆਂ ਹਨ, ਉੱਥੇ ਵੋਟਾਂ ਦੀ ਫੀਸਦੀ ਚੰਗੀ ਰਹੀ। ਜਨਤਾ ਨੇ ਵਧ-ਚੜ੍ਹ ਕੇ ਹਿੱਸਾ ਲਿਆ, ਪਰ ਫੀਸਦੀ ਪਿਛਲੀਆਂ ਚੋਣਾਂ ਤੋਂ ਘੱਟ ਰਹੀ। ਭਾਰਤੀ ਜਨਤਾ ਪਾਰਟੀ ਕਾਂਗਰਸ ਮੁਕਤ ਨਾਅਰੇ ਤੋਂ ਬਾਅਦ ਹਾਰ ਮੰਨ ਕੇ ਲਗਦਾ ਹੈ ਕਿ ਉਸ ਨੇ ਆਰ ਐੱਸ ਐੱਸ ਯੁਕਤ ਸਰਕਾਰਾਂ ਬਣਾਉਣ ਦੀ ਧਾਰੀ ਹੈ। ਬੀ ਜੇ ਪੀ ਨੇ ਪਹਿਲੀ ਵਾਰ ਮੁੱਖ ਮੰਤਰੀਆਂ ਦੇ ਨਾਂਅ ਅਨਾਊਂਸ ਨਹੀਂ ਕੀਤੇ। ਸਾਫ ਹੈ ਕਿ ਰਾਜਸਥਾਨ ਦੀ ਸਿਰਕੱਢ ਉਮੀਦਵਾਰ, ਬੰਬੇ ਦੀ ਜਨਮੀ, ਗਵਾਲੀਅਰ ਸਿੰਧੀਆ ਘਰਾਣੇ ਨਾਲ ਸੰਬੰਧ ਰੱਖਦੀ ਵਸੁੰਧਰਾ ਬੀ ਜੇ ਪੀ ਨਾਲ ਸੰਬੰਧ ਤਾਂ ਰੱਖਦੀ ਹੈ, ਪਰ ਆਰ ਐੱਸ ਐੱਸ ਨਾਲ ਨਹੀਂ। ਇਸ ਕਰਕੇ ਸ਼ਾਇਦ ਨਾਂਅ ਮੁੱਖ ਮੰਤਰੀ ਲਈ ਘੋਸ਼ਿਤ ਨਹੀਂ ਕੀਤਾ ਗਿਆ। ਲਗਦਾ ਹੈ ਦਰਅਸਲ ਬੀ ਜੇ ਪੀ ਵਸੁੰਧਰਾ ਅਤੇ ਮਿਸਟਰ ਸਿੰਧੀਆ ਤੋਂ ਪੱਲਾ ਛੁਡਾਉਣਾ ਚਾਹੁੰਦੀ ਹੈ। ਇਵੇਂ ਹੀ ਮੱਧ ਪ੍ਰਦੇਸ਼ ਦਾ ਸਾਬਕਾ ਮੁੱਖ ਮੰਤਰੀ ਜੋ ਮਾਮੇ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ, ਉਹ ਵੀ ਬੀ ਜੇ ਪੀ ਦਾ ਸਿਪਾਹੀ ਤਾਂ ਹੈ, ਪਰ ਆਰ ਐੱਸ ਐੱਸ ਦਾ ਨਹੀਂ। ਇਸ ਕਰਕੇ ਉੱਥੇ ਵੀ ਕਿਸੇ ਕਾਰਨ ਕਰਕੇ ਮੁੱਖ ਮੰਤਰੀ ਦਾ ਨਾਂਅ ਉਛਾਲਿਆ ਨਹੀਂ ਗਿਆ। ਇਹੋ ਕਹਾਣੀ ਛੱਤੀਸਗੜ੍ਹ ਸੂਬੇ ਦੀ ਹੈ। ਰਮਨ ਸਿੰਘ ਬੀ ਜੇ ਪੀ ਦਾ ਕਾਰਕੁਨ ਤਾਂ ਹੈ ਪਰ ਉਹ ਆਰ ਐੱਸ ਐੱਸ ਵਿਚਾਰਧਾਰਾ ਦਾ ਨਹੀਂ। ਅਸਪਸ਼ਟ ਖਬਰਾਂ ਮੁਤਾਬਕ ਯੂ ਪੀ ਦਾ ਲਾਡਲਾ ਮੁੱਖ ਮੰਤਰੀ ਹਿੰਦੂਤਵ ਦਾ ਬਹੁਤ ਧਾਰਨੀ ਹੈ, ਪਰ ਆਰ ਐੱਸ ਐੱਸ ਨਾਲ ਸੰਬੰਧ ਨਹੀਂ ਰੱਖਦਾ। ਯੂ ਪੀ ਵਿੱਚ ਜਦੋਂ ਤਕ ਯੋਗੀ ਦਾ ਬਦਲ ਨਹੀਂ ਮਿਲੇਗਾ, ਉਦੋਂ ਤਕ ਸੰਘੀਆਂ ਦਾ ਪਸੰਦ ਯੋਗੀ ਹੀ ਰਹਿਣਗੇ।
ਹਾਲ ਇਹ ਹੈ ਕਿ ਜੋ ਮੋਦੀ ਜੀ ਦੂਰਬੀਨ ਦੇ ਬਹੁਤ ਸ਼ੌਕੀਨ ਹਨ। ਉਹ ਦੂਰ-ਦੂਰ ਤੱਕਣ ਤਕ ਦੂਰਬੀਨ ਦੀ ਅਕਸਰ ਵਰਤੋਂ ਕਰਦੇ ਹਨ। ਦੇਖਣ ਵਾਲੀ ਚੀਜ਼ ਦੇਖ ਲੈਂਦੇ ਹਨ। ਲਗਦਾ ਹੈ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸੂਬੇ ਵਿੱਚ ਮੁੱਖ ਮੰਤਰੀ ਦੂਰਬੀਨ ਨਾਲ ਵੀ ਨਹੀਂ ਦੇਖ ਸਕੇ। ਤਾਹੀਓਂ ਮਜਬੂਰੀਵੱਸ ਤਿੰਨੋਂ ਸੂਬੇ ਬਿਨਾਂ ਮੁੱਖ ਮੰਤਰੀ ਦੇ ਨਾਂਵਾਂ ਤੋਂ ਖਾਲੀ ਛੱਡੇ ਹਨ। ਬੀ ਜੇ ਪੀ ਦੀ ਮਜਬੂਰੀ ਵਿੱਚੋਂ ਪ੍ਰਧਾਨ ਮੰਤਰੀ ਦੇ ਨਾਂਅ ’ਤੇ ਵੋਟਾਂ ਮੰਗਣ ਦੀ ਨੀਤੀ ਨੇ ਜਨਮ ਲਿਆ ਹੈ, ਜਿਸ ਤੋਂ ਤਿੰਨਾਂ ਸੂਬਿਆਂ ਦੇ ਲੋਕਾਂ ਵਿੱਚ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਪ੍ਰਧਾਨ ਮੰਤਰੀ, ਮੁੱਖ ਮੰਤਰੀ ਥੋੜ੍ਹਾ ਬਨਣਗੇ। ਜਨਤਾ ਸੋਚਦੀ ਹੈ ਕਿ ਜੇ ਪਹਿਲਾਂ ਮੁੱਖ ਮੰਤਰੀਆਂ ਦੇ ਨਾਂਅ ਦਿੱਤੇ ਜਾ ਸਕਦੇ ਸਨ ਤਾਂ ਐਤਕੀਂ ਕਿਉਂ ਨਹੀਂ?
ਦਰਅਸਲ ਸੱਚ ਤਾਂ ਇਹ ਹੈ ਕਿ ਐਤਕੀਂ ਮੌਜੂਦਾ ਦੇਸ਼ ਦੀ ਸਰਕਾਰ ਘਬਰਾਹਟ ਵਿੱਚ ਹੈ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਕਿ ਉਹ ਕੀ ਕਰੇ, ਕੀ ਨਾ ਕਰੇ? ਸਾਰੀਆਂ ਸਰਕਾਰੀ ਏਜੰਸੀਆਂ ਨੂੰ ਸੰਬੰਧਤ ਸੂਬਿਆਂ ਵਿੱਚ ਸੰਬੰਧਤ ਸਿਆਸੀ ਪਾਰਟੀਆਂ ਦੇ ਖਿਲਾਫ ਕਰ ਦਿੱਤਾ ਗਿਆ ਹੈ, ਜਿਸਦਾ ਆਮ ਜਨਤਾ ਵਿੱਚ ਪ੍ਰਭਾਵ ਕੋਈ ਚੰਗਾ ਨਹੀਂ ਪੈ ਰਿਹਾ। ਸਭ ਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਏਜੰਸੀਆਂ ਚੋਣਾਂ ਸਮੇਂ ਹੀ ਕਿਉਂ ਸਰਗਰਮ ਹੋ ਜਾਂਦੀਆਂ ਨੇ? ਜਨਤਾ ਪਾਸ ਇਹ ਸਾਫ ਸੁਨੇਹਾ ਜਾ ਰਿਹਾ ਹੈ ਕਿ ਇਹ ਸਭ ਸਰਕਾਰ ਦੇ ਇਸ਼ਾਰੇ ’ਤੇ ਹੋ ਰਿਹਾ ਹੈ।
ਆਪ ਨੂੰ ਵਿਸ਼ਵ ਗੁਰੂ ਦਾ ਦਰਜਾ ਦੇ ਕੇ ਜੀ-20 ਸਿਖਰ ਸੰਮੇਲਨ ਕਰਵਾ ਕੇ, ਸੰਸਾਰ ਦੀ ਅਰਥ ਵਿਵਸਥਾ ਵਿੱਚ ਪੰਜਵੇਂ ਨੰਬਰ ’ਤੇ ਆਉਣ ਦੀ ਰਟ ਲਾਉਣ ਵਾਲਾ ਮਹਾਨ ਦੇਸ਼ ਅੰਤਰਰਾਸ਼ਟਰੀ ਤੌਰ ’ਤੇ ਉਸ ਤਰ੍ਹਾਂ ਦੇ ਕਮਜ਼ੋਰ ਫੈਸਲੇ ਲੈ ਰਿਹਾ ਹੈ, ਜਿਵੇਂ ਇਹ ਸੰਸਾਰ ਵਿੱਚ ਪਾਕਿਸਤਾਨ ਦਾ ਛੋਟਾ ਭਰਾ ਹੋਵੇ। ਪਹਿਲੇ ਸੱਤਰ ਸਾਲਾਂ ਵਿੱਚ ਜੋ ਕਾਂਗਰਸ ਸਰਕਾਰ ਜਾਂ ਗ਼ੈਰ ਕਾਂਗਰਸੀ ਸਰਕਾਰਾਂ ਨੇ ਦੇਸ਼ ਦਾ ਬਣਾਇਆ ਸੀ, ਉਹ ਸਭ ਹੌਲੀ-ਹੌਲੀ ਵੇਚ ਦਿੱਤਾ ਹੈ ਜਾਂ ਗਹਿਣੇ ਕਰ ਦਿੱਤਾ ਹੈ। ਇਹ ਇੱਕ ਹੱਥ ਦੀਆਂ ਉਂਗਲਾਂ ’ਤੇ ਗਿਣੇ ਜਾਣ ਵਾਲੇ ਆਪਣੇ ਅਮੀਰ ਦੋਸਤਾਂ ਪਾਸ ਗਹਿਣੇ ਤਕ ਦੇਸ਼ ਨੂੰ ਪਾ ਦਿੱਤਾ ਹੈ। ਦਰਵਾਜ਼ੇ ਬੰਦ ਕਰਕੇ ਚੀਨ ਵਰਗੇ ਦੇਸ਼ਾਂ ਨੂੰ ਜਵਾਬ ਦਿੱਤਾ ਜਾਂਦਾ ਹੈ। ਇਹ ਸਿਰਫ ਸਾਡੀ ਅੱਖ ਨਹੀਂ ਦੇਖ ਰਹੀ, ਬਲਕਿ ਇੰਡੀਆ ਵਾਸੀ ਸਭ ਦੇਖ ਅਤੇ ਮਹਿਸੂਸ ਕਰ ਰਹੇ ਹਨ। ਜਿਸ ਇੰਡੀਆ ਸ਼ਬਦ ਨੂੰ ਮੌਜੂਦਾ ਸਰਕਾਰ ਅਲੋਪ ਕਰ ਰਹੀ ਸੀ, ਉਸ ਇੰਡੀਆ ਦਾ ਪ੍ਰਚਾਰ ਕ੍ਰਿਕਟ ਦੀ ਜਿੱਤ ਨੇ ਇੰਡੀਆ-ਇੰਡੀਆ ਕਰ ਦਿੱਤਾ। ਇਸ ਲਈ ਇਸ ਇੰਡੀਆ ਸ਼ਬਦ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣਾ ਪੂਰਾ-ਪੂਰਾ ਰੰਗ ਦਿਖਾਉਣਾ ਹੈ। ਅੱਜ ਤੋਂ ਹੀ ਇੰਡੀਆ ਗੱਠਜੋੜ ਬਾਰੇ ਜਾਣਕਾਰੀ ਹਾਸਲ ਕਰੋ, ਇੰਡੀਆ ਗੱਠਜੋੜ ਨਾਲ ਜੁੜੋ। ਨਿੱਕੇ-ਵੱਡੇ ਆਪਸੀ ਮੱਤਭੇਦ ਭੁਲਾਓ ਤਾਂ ਕਿ ਕਿਸੇ ਹੋਰ ਗੱਠਜੋੜ ਬਾਰੇ ਜਨਤਾ ਭੁੱਲ ਹੀ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4491)
(ਸਰੋਕਾਰ ਨਾਲ ਸੰਪਰਕ ਲਈ: (