“ਜੇਕਰ ਰਾਜ ਕਰਦੀ ਪਾਰਟੀ ਪਾਸ ਇੱਛਾ ਸ਼ਕਤੀ ਹੁੰਦੀ ਤਾਂ ਉਹ ਗੱਲਬਾਤ ਕਰਕੇ ...”
(18 ਅਪਰੈਲ 2021)
ਕੁੰਭ ਅਤੇ ਪੰਜ ਰਾਜਾਂ ਵਿੱਚ ਹੋ ਰਹੀਆਂ ਚੋਣਾਂ ਕਾਰਨ ਜਿਸ ਹਾਲਾਤ ਨੂੰ ਕੋਰੋਨਾ ਅੱਜ ਪਹੁੰਚ ਗਿਆ ਹੈ, ਉਸ ਨੇ ਦੇਸ਼ ਵਿੱਚ ਰਾਜ ਕਰਦੀ ਸਭ ਤੋਂ ਵੱਡੀ ਪਾਰਟੀ ਤੋਂ ਲੈ ਕੇ ਸਭ ਤੋਂ ਛੋਟੀ ਪਾਰਟੀ ਤਕ ਦੇ ਇੰਤਜ਼ਾਮਾਂ ਦਾ ਪਰਦਾਫਾਸ਼ ਕਰ ਦਿੱਤਾ ਹੈ, ਜਿਸ ਕਰਕੇ ਦੇਸ਼ ਅੱਜ ਜਿਸ ਗੰਭੀਰ ਸਮੱਸਿਆ ਵਿੱਚੋਂ ਗੁਜ਼ਰ ਰਿਹਾ ਹੈ, ਅਜਿਹਾ ਪਹਿਲਾਂ ਦੇਖਣ ਨੂੰ ਘੱਟ ਮਿਲਿਆ ਹੈ। ਇਸਦੇ ਸਿੱਟੇ ਵਜੋਂ ਸਕੂਲਾਂ, ਕਾਲਜਾਂ ਦੀਆਂ ਪ੍ਰੀਖਿਆਵਾਂ ਅਖ਼ੀਰ ਹਰੇਕ ਸੂਬੇ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਮੁਲਤਵੀ ਕਰਨੀਆਂ ਪਈਆਂ ਹਨ ਤਾਂ ਜੁ ਸਾਡੇ ਦੇਸ਼ ਦੀ ਆਉਣ ਵਾਲੀ ਬੱਚਿਆਂ ਦੀ ਫੁਲਵਾੜੀ ਕੁਝ ਹੱਦ ਤਕ ਤਾਂ ਸੁਰੱਖਿਅਤ ਰਹੇਗੀ।
ਮੌਜੂਦਾ ਕੋਰੋਨਾ ਦੀ ਰਫ਼ਤਾਰ ਤੋਂ ਸਭ ਹੈਰਾਨ-ਪ੍ਰੇਸ਼ਾਨ ਹਨ। ਇਸ ਰਫ਼ਤਾਰ ਨੇ ਦੇਸ਼ ਵਿੱਚ ਅਤੇ ਸੂਬਿਆਂ ਵਿੱਚ ਰਾਜ ਕਰਦੀਆਂ ਪਾਰਟੀਆਂ ਦੇ ਸਭ ਇੰਤਜ਼ਾਮ ਜਨਤਾ ਸਾਹਮਣੇ ਨੰਗੇ ਕਰ ਦਿੱਤੇ ਹਨ। ਸਮੁੱਚੇ ਸੂਬਿਆਂ ਬਾਰੇ ਜਦ ਜਾਨਣ ਲਈ ਅਖ਼ਬਾਰ ਚੁੱਕੋ ਜਾਂ ਟੀ ਵੀ ਆਨ ਕਰੋ ਤਾਂ ਪਤਾ ਚੱਲ ਜਾਂਦਾ ਹੈ ਕਿ ਇਨ੍ਹਾਂ ਸਭਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਕਿੰਨਾ ਫ਼ਰਕ ਹੈ। ਕਿਸੇ ਪਾਸ ਲੋੜ ਮੁਤਾਬਕ ਹਸਪਤਾਲ ਅਤੇ ਉਨ੍ਹਾਂ ਵਿੱਚ ਬੈੱਡਾਂ ਜਾਂ ਬਿਸਤਰਿਆਂ ਦਾ ਇੰਤਜ਼ਾਮ ਨਹੀਂ ਹੈ। ਕਿਸੇ ਪਾਸ ਆਕਸੀਜ਼ਨ ਚਿਰੋਕੀ ਨਹੀਂ ਹੈ। ਕਿਸੇ ਪਾਸ ਮੁੱਕਣ ਵਾਲੀ ਹੈ। ਖੜ੍ਹੇ ਪੈਰ ਬਾਹਰੋਂ ਮੰਗਵਾਉਣ ਦੇ ਆਰਡਰ ਦਿੱਤੇ ਜਾ ਰਹੇ ਹਨ। ਆਕਸੀਜ਼ਨ ਦੀ ਘਾਟ ਹੋਰ ਰੰਗ ਦਿਖਾ ਰਹੀ ਹੈ, ਇੱਕ ਮਰੀਜ਼ ਤੋਂ ਹਟਾ ਕੇ ਦੂਜੇ ਨੂੰ ਦਿੱਤੀ ਜਾ ਰਹੀ ਹੈ। ਇਸ ਬਾਬਤ ਸੰਬੰਧਤ ਥਾਂਵਾਂ ’ਤੇ ਇਨਕੁਆਰੀ ਚੱਲ ਰਹੀ ਹੈ।
ਹੋਰ ਤਾਂ ਹੋਰ, ਕਈਆਂ ਪਾਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਪੂਰੇ ਪ੍ਰਬੰਧ ਨਹੀਂ ਹਨ। ਲਾਸ਼ਾਂ ਨੂੰ ਸ਼ਮਸ਼ਾਨ ਘਾਟ ਤਕ ਲਿਜਾਣ ਜੋਗੇ ਪ੍ਰਬੰਧ ਨਹੀਂ ਹਨ। ਕੂੜਾ-ਕਰਕਟ ਢੋਣ ਵਾਲੀਆਂ ਗੱਡੀਆਂ ਵਿੱਚ ਤੁੰਨ-ਤੁੰਨ ਕੇ ਲਾਸ਼ਾਂ ਨੂੰ ਲਿਜਾਇਆ ਜਾ ਰਿਹਾ ਹੈ। ਬਿਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਨੂੰ ਆਮ ਜਨਤਾ ਤੋਂ ਛੁਪਾਇਆ ਜਾ ਰਿਹਾ ਹੈ। ਇਸ ਬਾਬਤ ਸਰਕਾਰੀ ਅੰਕੜੇ ਕੁਝ ਬੋਲ ਰਹੇ ਹਨ, ਪਰ ਸ਼ਮਸ਼ਾਨ ਘਾਟਾਂ ਦੇ ਅੰਕੜੇ ਸਰਕਾਰੀ ਅੰਕੜਿਆਂ ਤੋਂ ਦੁੱਗਣੇ-ਤਿੱਗਣੇ ਬੋਲ ਰਹੇ ਹਨ।
ਬਿਨਾਂ ਸਿਫ਼ਾਰਸ਼ ਹਸਪਤਾਲ ਵਿੱਚ ਵਾਲਿਆਂ ਨੂੰ ਦਾਖ਼ਲ ਹੋਣ ਲਈ ਧੱਕੇ ਖਾਣੇ ਪੈ ਰਹੇ ਹਨ। ਅਜਿਹੀਆਂ ਅਣਗਹਿਲੀਆਂ ਕਾਰਨ ਕੋਰੋਨਾ ਬੇਖੌਫ਼ ਬੇਕਾਬੂ ਹੋ ਰਿਹਾ ਹੈ। ਸਰਕਾਰਾਂ ਸਖ਼ਤ ਤੋਂ ਸਖ਼ਤ ਪਾਬੰਦੀਆਂ ਲਾਉਣ ਲਈ ਮਜਬੂਰ ਹੋ ਰਹੀਆਂ ਹਨ। ਦਵਾਈਆਂ ਅਤੇ ਵੈਕਸੀਨ ਦੀ ਘਾਟ ਰੜਕ ਰਹੀ ਹੈ। ਵੱਡੀ ਸਰਕਾਰ ਅਤੇ ਬਾਕੀ ਦੀਆਂ ਸਰਕਾਰਾਂ ਬੇਵੱਸ ਜਾਪ ਰਹੀਆਂ ਹਨ। ਸੰਬੰਧਤ ਸਰਕਾਰਾਂ ਅਤੇ ਪਾਰਟੀਆਂ ਨੂੰ ਹੋ ਰਹੀਆਂ ਚੋਣਾਂ ਵਿੱਚ ਹਾਰ ਜਾਣ ਦਾ ਡਰ ਸਤਾਅ ਰਿਹਾ ਹੈ, ਜਿਸ ਕਰਕੇ ਉਹ ਕੋਰੋਨਾ ਦੇ ਡਰ ਤੋਂ ਬੇਫਿਕਰ ਹੋ ਕੇ ਆਪਣੀਆਂ ਚੋਣਾਂ ਵੱਲ ਧਿਆਨ ਦੇ ਰਹੇ ਹਨ।
ਕੁੰਭ ਦਾ ਮੇਲਾ, ਜਿਸ ਵਿੱਚ ਲੱਖਾਂ ਸਾਧੂ-ਸੰਤ ਰੋਜ਼ਾਨਾ ਇਸ਼ਨਾਨ ਕਰ ਰਹੇ ਹਨ, ਵਿੱਚ ਬੀਮਾਰੀ ਵੀ ਫੈਲ ਚੁੱਕੀ ਹੈ ਅਤੇ ਮੌਤਾਂ ਦਾ ਸ੍ਰੀ ਗਣੇਸ਼ ਵੀ ਹੋ ਚੁੱਕਾ ਹੈ। ਜੇਕਰ ਰਾਜ ਕਰਦੀ ਪਾਰਟੀ ਪਾਸ ਇੱਛਾ ਸ਼ਕਤੀ ਹੁੰਦੀ ਤਾਂ ਉਹ ਗੱਲਬਾਤ ਕਰਕੇ ਕੁੰਭ ਦਾ ਸਮਾਂ ਘਟਾ ਸਕਦੀ ਸੀ, ਪਰ ਵੋਟ ਸਿਆਸਤ ਅਜਿਹਾ ਕਰਨ ਨਹੀਂ ਦਿੰਦੀ। ਅਜਿਹੇ ਮੇਲਿਆਂ ਵਿੱਚ ਕਿਸੇ ਵੀ ਬੰਦਿਸ਼ ਦਾ ਅਪਣਾਉਣਾ ਬਿਲਕੁਲ ਨਾ-ਮੁਮਕਿਨ ਹੁੰਦਾ ਹੈ।
ਜਿਹੜੇ ਪੰਜ ਸੂਬਿਆਂ ਵਿੱਚ ਚੋਣਾਂ ਹੋਈਆਂ ਜਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ਵਿੱਚ ਵੀ ਕੋਰੋਨਾ ਦੀ ਰੋਕਥਾਮ ਬਿਲਕੁਲ ਨਹੀਂ। ਇੱਕ-ਦੂਜੇ ਤੋਂ ਵਧ ਕੇ ਵੱਡੀਆਂ-ਵੱਡੀਆਂ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਹਨ। ਅਜਿਹੀਆਂ ਰੈਲੀਆਂ ਵਿੱਚ ਜਿਸ ਪਾਰਟੀ ਦਾ ਜਿੰਨਾ ਕੋਈ ਵੱਡਾ ਲੀਡਰ ਹੈ, ਉਹ ਉੰਨੀਆਂ ਹੀ ਵੱਧ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ - ਉਹ ਭਾਵੇਂ ਪ੍ਰਧਾਨ ਮੰਤਰੀ ਹੋਵੇ ਜਾਂ ਅਮਿਤ ਸ਼ਾਹ ਹੋਵੇ। ਉਨ੍ਹਾਂ ਸਾਹਮਣੇ ਇੱਕੋ-ਇੱਕ ਟੀਚਾ ਹੈ, ਬੰਗਾਲ ਫਤਹਿ ਕਰਨਾ। ਬੰਗਾਲ ਫਤਹਿ ਹੁੰਦਾ ਹੈ ਜਾਂ ਨਹੀਂ, ਇਹ ਸਭ ਬਾਅਦ ਦੀਆਂ ਗੱਲਾਂ ਹਨ।
ਸੁਰੱਖਿਆ ਕਰਮਚਾਰੀਆਂ ਵੱਲੋਂ ਅਚਾਨਕ ਗੋਲੀ ਚਲਾ ਕੇ ਪੰਜ ਬੇਕਸੂਰ ਨਾਗਰਿਕਾਂ ਦੀ ਜਾਨ ਲੈਣਾ ਭਾਜਪਾ ਦੇ ਅੰਦਰ ਦੀ ਘਬਰਾਹਟ ਨੂੰ ਪ੍ਰਗਟ ਕਰਦਾ ਹੈ, ਕਿਉਂਕਿ ਭਾਜਪਾ ਇਸ ਐਕਸ਼ਨ ਦੀ ਪਿੱਠ ਠੋਕ ਰਹੀ ਹੈ, ਜਦ ਕਿ ਮਮਤਾ ਦੀਦੀ ਮਰਨ ਵਾਲਿਆਂ ਨਾਲ ਖੜ੍ਹੀ ਹੈ। ਮਮਤਾ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ, ਜਦ ਕਿ ਉੱਥੇ ਵੋਟਾਂ ਪੈ ਚੁੱਕੀਆਂ ਸਨ। ਪਰ ਅਜਿਹੀ ਪ੍ਰਥਾ ਪਹਿਲਾਂ ਮੌਜੂਦ ਨਹੀਂ ਹੈ।
ਮਮਤਾ ਦੀਦੀ ਨੇ ਏ ਬੀ ਪੀ ਟੈਲੀਵੀਜ਼ਨ ’ਤੇ ਇੱਕ ਇੰਟਰਵਿਊ ਦਿੰਦਿਆਂ ਬੇਬਾਕ ਆਖਿਆ ਹੈ ਕਿ ਬੰਗਾਲ ਵਿੱਚ ਕੋਰੋਨਾ ਬਾਹਰੀ ਲੋਕ ਲਿਆਏ ਹਨ ਅਤੇ ਲਿਆ ਰਹੇ ਹਨ, ਕਿਉਂਕਿ ਭਾਜਪਾ ਦੇ ਵੱਡੇ ਲੀਡਰ ਆਪਣੀਆਂ ਰੈਲੀਆਂ ਵਿੱਚ ਰੌਣਕਾਂ ਵਧਾਉਣ ਲਈ ਬਾਹਰੀ ਗੁੰਡੇ ਲਿਆਉਂਦੇ ਹਨ। ਜਿਹੜੇ ਇੱਥੇ ਆਣ ਕੇ ਲਾਅ ਐਂਡ ਆਰਡਰ ਦੀ ਸਮੱਸਿਆ ਸਮੇਤ ਕੋਰੋਨਾ ਵਧਾਉਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਨੂੰ ਰੋਕਣਾ ਜ਼ਰੂਰੀ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਜੇਕਰ ਚੋਣ ਰੈਲੀਆਂ ਅਤੇ ਚੋਣ ਮਾਰਚ ਨਾਲ ਕੋਰੋਨਾ ਵਧਦਾ ਹੈ ਤਾਂ ਮੇਰਾ ਸੁਝਾਅ ਹੈ ਕਿ ਰਹਿੰਦੀਆਂ ਚੋਣਾਂ ਚੋਣ ਕਮਿਸ਼ਨ ਇੱਕ ਦਿਨ ਵਿੱਚ ਕਰਵਾ ਕੇ ਖ਼ਤਮ ਕਰੇ, ਪਰ ਉਹ ਅਜਿਹਾ ਕਰੇਗਾ ਨਹੀਂ। ਮਮਤਾ ਨੇ ਅੱਗੇ ਕਿਹਾ ਕਿ ਚੋਣ ਕਮਿਸ਼ਨ ਮੇਰੀਆਂ ਸ਼ਿਕਾਇਤਾਂ ਤਾਂ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੰਦਾ ਹੈ, ਪਰ ਭਾਜਪਾ ਦੀਆਂ ਨਿਰਮੂਲ ਸ਼ਿਕਾਇਤਾਂ ’ਤੇ ਅਮਲ ਕਰਕੇ ਅਮਿਤ ਸ਼ਾਹ ਵਗੈਰਾ ਨੂੰ ਖੁਸ਼ ਕਰ ਰਿਹਾ ਹੈ। ਮੈਂ ਬੰਗਾਲ ਦੀ ਧੀ ਸੀ, ਧੀ ਹਾਂ ਅਤੇ ਧੀ ਹੀ ਰਹਾਂਗੀ। ਇਸ ਬੰਗਾਲ ਵਿੱਚ ਬਾਹਰੀ ਵਾਸਤੇ ਕੋਈ ਜਗ੍ਹਾ ਨਹੀਂ ਹੈ। ਅਖੀਰ ਬੰਗਾਲ ਫਿਰ ਜਿੱਤੇਗਾ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮਮਤਾ ਦੀਦੀ ਨੇ ਆਖਿਆ ਕਿ ਮੈਂ ਔਰਤ ਹੋਣ ਦੇ ਨਾਤੇ ਬੰਗਾਲੀ ਔਰਤਾਂ ਨੂੰ ਆਖਿਆ ਸੀ ਕਿ ਜੇਕਰ ਤੁਹਾਨੂੰ ਕੋਈ ਵੋਟ ਪਾਉਣ ਦੇ ਅਧਿਕਾਰ ਤੋਂ ਰੋਕਦਾ ਹੈ ਤਾਂ ਉਸ ਦਾ ਘਿਰਾਓ ਕਰੋ। ਘਿਰਾਓ ਕਰਨਾ ਸਾਡਾ ਜਮਹੂਰੀ ਹੱਕ ਹੈ। ਗੋਲੀ ਨਾਲ ਨਿਹੱਥੇ ਮਾਰਨੇ ਜਮਹੂਰੀਅਤ ਨਹੀਂ, ਬਲਕਿ ਸਰਕਾਰੀ ਅੱਤਿਆਚਾਰ ਹੈ। ਇਸ ਕਰਕੇ ਬੰਗਾਲੀ ਲੋਕ ਬੁਲਟ ਦਾ ਜਵਾਬ ਬੈਲਟ ਨਾਲ ਦੇ ਕੇ ਜਮਹੂਰੀਅਤ ਨੂੰ ਜਿਊਂਦਾ ਰੱਖਣ ਦੀ ਖਾਤਰ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਪੇਸ਼ ਕਰਨਗੇ।
ਆਖਿਰ ਗੋਦੀ ਮੀਡੀਆ ਜਿਸ ਨੇ ਪ੍ਰਸ਼ਾਂਤ ਕਿਸ਼ੋਰ ਰਣਨੀਤੀਕਾਰ ਦੀ ਇੰਟਰਵਿਊ ਦਾ ਕੁਝ ਹਿੱਸਾ ਲੈ ਕੇ ਬਵਾਲ ਖੜ੍ਹਾ ਕੀਤਾ ਸੀ, ਜਿਸ ਕਰਕੇ ਪ੍ਰਸ਼ਾਂਤ ਕਿਸ਼ੋਰ ਨੇ ਵੱਖ-ਵੱਖ ਚੈਨਲਾਂ ’ਤੇ ਸਪਸ਼ਟੀਕਰਨ ਦੇ ਕੇ ਜੋ ਦਾਅਵਾ ਕੀਤਾ ਹੈ ਅਤੇ ਜਿਸ ਤਰ੍ਹਾਂ ਐਂਕਰਾਂ ਨੂੰ ਲਾਜਵਾਬ ਕੀਤਾ ਹੈ, ਜੇਕਰ ਉਸ ਮੁਤਾਬਕ ਭਾਜਪਾ ਬੰਗਾਲ ਵਿੱਚ ਦਹਾਈ ਦਾ ਅੰਕੜਾ ਵੀ ਪਾਰ ਨਾ ਕਰ ਸਕੀ ਤਾਂ ਯਾਦ ਰੱਖਣਾ ਕਿ ਭਾਜਪਾ ਪੰਜਾਂ ਰਾਜਾਂ ਵਿੱਚ ਕੋਈ ਵੀ ਚਮਤਕਾਰ ਨਹੀਂ ਦਿਖਾ ਸਕੇਗੀ। ਇਸ ਕਰਕੇ ਅਸੀਂ ਇਸ ਰਾਏ ਦੇ ਹਾਂ ਕਿ ਚੰਗਾ ਹੋਵੇ ਜੇ ਬੰਗਾਲ ਵਿੱਚ ਰਹਿੰਦੀਆਂ ਚੋਣਾਂ ਇੱਕ ਦਿਨ ਵਿੱਚ ਕਰਾ ਕੇ ਬਾਕੀ ਬਚਦਾ ਸਮਾਂ ਮੌਜੂਦਾ ਸੈਂਟਰ ਸਰਕਾਰ ਅਤੇ ਰਾਜ ਸਰਕਾਰਾਂ ਆਪਣੀ ਸਾਰੀ ਸ਼ਕਤੀ ਕੋਰੋਨਾ ਵਾਸਤੇ ਅਰਪਣ ਕਰ ਦੇਣ। ਇਸ ਨਾਲ ਦੇਸ਼ ਦਾ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਸਕਦਾ ਹੈ। ਪਰ ਕੱਲ੍ਹ ਇਲੈਕਸ਼ਨ ਕਮਿਸ਼ਨਰ ਨੇ ਸਰਵ ਪਾਰਟੀ ਮੀਟਿੰਗ ਵਿੱਚ ਉਪਰੋਕਤ ਸੁਝਾਓ ਰੱਦ ਕਰ ਦਿੱਤਾ ਹੈ ਅਤੇ ਆਪਣੇ ਵੱਲੋਂ ਨਵੀਆਂ ਗਾਈਡ ਲਾਈਨਾਂ ਦਿੱਤੀਆਂ ਹਨ। ਹੁਣ ਦੇਖਣਾ ਇਹ ਹੈ ਕਿ ਉਹਨਾਂ ’ਤੇ ਕਿੰਨਾ ਅਮਲ ਹੁੰਦਾ ਹੈ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2717)
(ਸਰੋਕਾਰ ਨਾਲ ਸੰਪਰਕ ਲਈ: