“ਸਮੇਂ ਦੀ ਸਰਕਾਰ ਨੇ ਇਸ ਦੀ ਗੰਭੀਰਤਾ ਨੂੰ ਨਾ ਸਮਝਦੇ ਹੋਏ ਸਾਰਾ ਜ਼ੋਰ ...”
(28 ਜੂਨ 2020)
ਨਵਾਂ ਸਾਲ ਚੜ੍ਹਨ ਅਤੇ ਨਵੀਂ ਰੁੱਤ ਬਦਲਣ ਤੋਂ ਬਾਅਦ ਮਨੁੱਖ ਆਪਣੇ ਸੁਭਾਅ ਮੁਤਾਬਕ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਆਦਤਾਂ ਬਦਲਦਾ ਹੈ। ਨਵੇਂ ਵਾਤਾਵਰਣ ਵਿੱਚ ਨਵੀਂਆਂ ਉਚਾਈਆਂ ਛੂਹਣ ਅਤੇ ਨਵੇਂ ਕੰਮ ਕਰਨ ਦਾ ਪ੍ਰਣ ਲੈਂਦਾ ਹੈ। ਉਹ ਆਪਣੇ ਕੀਤੇ ਪ੍ਰਣ ਸਮੇਂ ਅਨੁਸਾਰ ਪੂਰੇ ਕਰਦਾ ਹੈ ਜਾਂ ਅਧੂਰੇ ਛੱਡਦਾ ਹੈ, ਇਹ ਸਭ ਸਮਾਂ ਬੀਤਣ ਤੋਂ ਬਾਅਦ ਪਤਾ ਲੱਗਦਾ ਹੈ।
ਮੇਰਾ ਭਾਰਤ ਦੇਸ਼ ਵੀ ਅਜਿਹੀਆਂ ਘੁੰਮਣ-ਘੇਰੀਆਂ ਵਿੱਚ ਫਸਿਆ ਪਿਆ ਹੈ। ਪ੍ਰਧਾਨ ਮੰਤਰੀ ਅਜਿਹੇ ਸੁਪਨਸਾਜ਼ ਹਨ,ਗੱਲਾਂਬਾਤਾਂ ਵਿੱਚ ਅਜਿਹੇ ਪੜੁੱਲ ਬੰਨ੍ਹਦੇ ਹਨ, ਸੁਣਨ ਵਾਲਾ ਸੁੰਨ ਹੋ ਕੇ ਰਹਿ ਜਾਂਦਾ ਹੈ ਕਿ ਵਾਕਿਆ ਹੀ ਮੇਰਾ ਦੇਸ਼ ਇੰਨੀ ਜਲਦੀ ਇੰਨਾ ਮਹਾਨ ਬਣ ਜਾਵੇਗਾ। ਜਿਸ ਸਮੇਂ ਅਜੇ ਕਿਸੇ ਮਨੋਨੀਤ ਸਫ਼ਲਤਾ ਦੀ ਪੂਣੀ ਵੀ ਨਹੀਂ ਕੱਤੀ ਹੁੰਦੀ ਤਾਂ ਕਈ ਵਾਰ ਕੁਦਰਤੀ ਅਤੇ ਕਈ ਵਾਰ ਗੈਰ ਕੁਦਰਤੀ ਆਫ਼ਤਾਂ ਮੇਰੇ ਦੇਸ਼ ਨੂੰ ਆ ਘੇਰਦੀਆਂ ਹਨ। ਇਨ੍ਹਾਂ ਆਫ਼ਤਾਂ ਵਿੱਚ ਇੱਕ ਕੁਦਰਤੀ ਆਫ਼ਤ ਅਸੀਂ ਕੋਰੋਨਾ ਨੂੰ ਆਖ ਸਕਦੇ ਹਾਂ, ਜਿਹੜੀ ਬੜੀ ਤਿਆਰੀ ਨਾਲ ਆਈ ਅਤੇ ਛਾਈ। ਪਰ ਸਮੇਂ ਦੀ ਸਰਕਾਰ ਨੇ ਇਸ ਦੀ ਗੰਭੀਰਤਾ ਨੂੰ ਨਾ ਸਮਝਦੇ ਹੋਏ ਸਾਰਾ ਜ਼ੋਰ ਟਰੰਪ ਦੀ ਆਓ ਭਗਤ ਵਿੱਚ ਲਾ ਦਿੱਤਾ। ਜੇਕਰ ਉਹੀ ਸ਼ਕਤੀ ਅਤੇ ਉਹੀ ਪੈਸਾ ਕੋਰੋਨਾ ਤੋਂ ਬਚਾਓ ਲਈ ਅਗਾਊਂ ਤਿਆਰੀ ਵਿੱਚ ਖਰਚਿਆ ਹੁੰਦਾ ਤਾਂ ਅੱਜ ਸਾਨੂੰ ਕੋਰੋਨਾ ਦੇ ਪਸਾਰ ਦੇ ਆਹ ਦਿਨ ਨਾ ਦੇਖਣੇ ਪੈਂਦੇ, ਜਿਨ੍ਹਾਂ ਦਿਨਾਂ ਵਿੱਚ ਕਦੇ ਮਹਾਰਾਸ਼ਟਰ ਦੀ ਮੁੰਬਈ ਇਸ ਮਹਾਂਮਾਰੀ ਵਿੱਚ ਅੱਗੇ ਵਧ ਜਾਂਦੀ ਹੈ, ਕਦੇ ਦਿੱਲੀ ਦਾ ਨੰਬਰ ਲੱਗ ਜਾਂਦਾ ਹੈ। ਇਸੇ ਤਰ੍ਹਾਂ ਨਵੇਂ-ਨਵੇਂ ਡੈਟਾ ਕੱਢ ਕੇ ਭਾਰਤ ਵਿੱਚ ਸਭ ਅੱਛਾ ਦਾ ਪ੍ਰਚਾਰ ਹੋ ਹੀ ਰਿਹਾ ਹੁੰਦਾ ਹੈ ਕਿ ਭਾਰਤ ਛੜੱਪਾ ਮਾਰ ਕੇ ਦੁਨੀਆ ਦੇ ਚੌਥੇ ਨੰਬਰ ’ਤੇ ਪਹੁੰਚ ਜਾਂਦਾ ਹੈ। ਅੱਜ ਦੇ ਦਿਨ ਵੀ ਭਾਰਤ ਹੀ ਇਸ ਮਹਾਂਮਾਰੀ ਕਰਕੇ ਤੀਜੇ ਨੰਬਰ ’ਤੇ ਆਉਣ ਲਈ ਤਿਆਰੀਆਂ ਵਿੱਚ ਹੈ।
ਤੁਸੀਂ ਦੇਖ ਰਹੇ ਹੋ ਕਿ ਆਪੇ ਪਾਲੇ ਆਪਣਿਆਂ ਭੁਲੇਖਿਆਂ ਵਿੱਚ ਆ ਕੇ ਦਸਵੀਂ, ਬਾਰ੍ਹਵੀਂ ਅਤੇ ਸੀ ਬੀ ਐੱਸ ਈ ਦੀ ਡੇਟ ਸ਼ੀਟ ਆ ਜਾਂਦੀ ਹੈ, ਫਿਰ ਅਚਾਨਕ ਸਭ ਇਮਤਿਆਨ ਮੁਲਤਵੀ ਕਰ ਦਿੱਤੇ ਜਾਂਦੇ ਹਨ, ਕਿਉਂਕਿ ਕੋਰੋਨਾ ਦੀਆਂ ਬਰੇਕਾਂ ਫੇਲ ਹੋ ਗਈਆਂ ਲੱਗਦੀਆਂ ਹਨ। ਇਸ ਕਰਕੇ ਕੋਰੋਨਾ ਰੁਕ ਨਹੀਂ ਰਿਹਾ। ਅਜਿਹੀ ਹਫੜਾ-ਦਫੜੀ ਵਿੱਚ ਕਈ ਤਰ੍ਹਾਂ ਦੇ ਸਕੈਂਡਲ ਵੀ ਸਾਹਮਣੇ ਆ ਰਹੇ ਹਨ। ਜਿੱਥੇ ਅਜਿਹੀ ਕੁਦਰਤੀ ਮਹਾਂਮਾਰੀ ਕਰਕੇ ਸਾਰਾ ਦੇਸ਼ (ਖਾਸ ਕਰਕੇ ਬੱਚੇ ਅਤੇ ਬਜ਼ੁਰਗਾਂ) ਲਈ ਸਦਮੇ ਵਿੱਚ ਹੈ, ਉੱਥੇ ਅੰਮ੍ਰਿਤਸਰ ਵਰਗੇ ਧਾਰਮਿਕ ਸ਼ਹਿਰ ਵਿੱਚ ਕੋਰੋਨਾ ਸੰਬੰਧੀ ਗਲਤ ਰਿਪੋਰਟਾਂ ਬਣਾ ਕੇ ਲੱਖਾਂ ਰੁਪਇਆ ਕਮਾਇਆ ਅਤੇ ਬਣਾਇਆ ਜਾ ਰਿਹਾ ਹੈ। ਹੋਰ ਕਿੰਨੀਆਂ ਨਿਵਾਣਾਂ ਅਸੀਂ ਛੂਹਾਂਗੇ।
ਇਸੇ ਤਰ੍ਹਾਂ ਐਨ ਇਸਦੇ ਉਲਟ ਇੱਕ ਸਰਕਾਰੀ ਸਾਧ ਰਾਤੋ-ਰਾਤ ਅਜਿਹੀ ਦਵਾਈ ਬਣਾ ਕੇ, ਕੋਰੋਨਾ ਦਾ ਨਾਂਅ ਦੇ ਕੇ ਸ਼ਰਤੀਆ ਇਲਾਜ ਦੀਆਂ ਡੀਂਗਾਂ ਮਾਰ ਕੇ ਜਨਤਾ ਨੂੰ ਲੁੱਟਣ ਦੀ ਤਾਂਘ ਵਿੱਚ ਹੈ। ਸ਼ੁਕਰ ਕਰੋ, ਸਰਕਾਰ, ਪਾਰਟੀਆਂ ਤੇ ਵਿਗਿਆਨੀ ਅਤੇ ਮੀਡੀਆ ਇਸ ਸੰਬੰਧੀ ਜਾਗ ਪਏ ਹਨ ਅਤੇ ਉਨ੍ਹਾਂ ਉਸ ਦਵਾਈ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ, ਐਡ ਅਤੇ ਵਿਕਰੀ ਠੱਪ ਹੋ ਗਈ ਹੈ।
ਸਾਡਾ ਦੇਸ਼ ਅੱਜ ਕਿਨ੍ਹਾਂ ਦੇ ਹੱਥ ਵਿੱਚ ਹੈ ਅਤੇ ਕਿੰਨਾ ਕੁ ਸੁਰੱਖਿਅਤ ਹੈ? ਮੈਂ ਜੋ ਗੱਲ ਕਰਨ ਜਾ ਰਿਹਾ ਹਾਂ, ਉਹ ਹੈ ਗੈਰ ਕੁਦਰਤੀ ਵਰਤਾਰਾ, ਜਿਸ ਬਾਬਤ ਅੱਗ ਤਾਂ ਮੱਠੀ-ਮੱਠੀ ਸੁਲਗ ਰਹੀ ਸੀ, ਪਰ ਹਾਕਮ ਧਿਰ ਮੰਨਣ ਲਈ ਤਿਆਰ ਨਹੀਂ ਸੀ। ਉਹ ਸੀ ਚੀਨ ਦੀ ਕਬਜ਼ੇ ਦੀ ਹਵਸ। ਵਿਰੋਧੀਆਂ ਵੱਲੋਂ ਸਵਾਲ ਕੀਤੇ ਗਏ, ਪਰ ਉਨ੍ਹਾਂ ਸਵਾਲਾਂ ਨੂੰ ਦੇਸ਼ ਦੇ ਗਦਾਰਾਂ ਦੀ ਲਿਸਟ ਵਿੱਚ ਪਾ ਦਿੱਤਾ। ਅਖੀਰ ਅੱਗ ਹੋਰ ਸੁਲਗੀ। 15 ਜੂਨ ਦੀ ਰਾਤ ਨੂੰ ਸਾਡੇ ਵੀਹ ਜਵਾਨ ਚੀਨੀਆਂ ਨੇ ਬੇਰਹਿਮੀ ਨਾਲ ਮੇਖਾਂ ਜੜੇ ਸੋਟਿਆਂ ਨਾਲ ਸ਼ਹੀਦ ਕਰ ਦਿੱਤੇ, ਜਿਸ ਦੀ ਜਾਣਕਾਰੀ ਦੇਸ਼ ਦੀ ਜਨਤਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ 17 ਜੂਨ ਨੂੰ, ਯਾਨੀ ਦੋ ਦਿਨ ਬਾਅਦ ਦਿੱਤੀ ਗਈ। ਜੇਕਰ ਅਜਿਹੀ ਘਟਨਾ ਛੁਪਾਉਣ ਤੋਂ ਇਲਾਵਾ, ਪਹਿਲਾਂ ਹੀ ਸਰਵ ਪਾਰਟੀ ਮੀਟਿੰਗ ਬੁਲਾ ਕੇ ਸਭ ਸਹੀ-ਸਹੀ ਜਾਣਕਾਰੀ ਦਿੱਤੀ ਜਾਂਦੀ ਅਤੇ ਸਭ ਨੂੰ ਭਰੋਸੇ ਵਿੱਚ ਲੈ ਕੇ ਗੱਲ ਆਊਟ ਨਾ ਕਰਨ ਬਾਰੇ ਵੀ ਆਖਿਆ ਜਾ ਸਕਦਾ ਸੀ। ਅਜਿਹੀ ਦੁਰਭਾਗੀ ਘਟਨਾ ਦਾ ਬਦਲਾ ਚੀਨੀ ਸਾਮਾਨ ਦਾ ਬਾਈਕਾਟ ਕਰਕੇ ਨਹੀਂ, ਬਲਕਿ ਸਹੀ ਸਮੇਂ ਤੇ ਸਹੀ ਸੂਰਮਗਤੀ ਨਾਲ ਜਵਾਬ ਦੇ ਕੇ ਲਿਆ ਜਾ ਸਕਦਾ ਹੈ। ਸਾਨੂੰ ਇਹ ਸਮਝ ਨਹੀਂ ਆਈ ਕਿ ਜਦ ਸਭ ਦੇਸ਼ ਵਾਸੀਆਂ ਨੂੰ ਚੀਨ ਤੋਂ ਅਤੇ ਉਸ ਦੇ ਸਾਮਾਨ ਤੋਂ ਨਫ਼ਰਤ ਹੈ ਤਾਂ ਫਿਰ ਉਸ ਦੁਆਰਾ ਬਣਾਏ ਸਰਦਾਰ ਪਟੇਲ ਦੇ ਬੁੱਤ ਨਾਲ ਇੰਨਾ ਪਿਆਰ ਕਿਉਂ? ਕਿਉਂ ਨਹੀਂ ਰੋਸ ਵਜੋਂ ਉਸ ’ਤੇ ਕਾਲਾ ਕੱਪੜਾ ਪਾ ਕੇ ਢਕ ਦਿੱਤਾ ਜਾਂਦਾ? ਕੀ ਮਜਬੂਰੀ ਹੈ? ਜਿਸ ਦੇਸ ਦੇ ਸਾਮਾਨ ਨਾਲ ਇੰਨੀ ਨਫ਼ਰਤ ਹੈ, ਉਸ ਦੁਆਰਾ ਬਣਾਈ ਗਈ ਮੂਰਤੀ ਨਾਲ ਇੰਨਾ ਹੇਜ ਕਿਉਂ?
ਸਾਡੇ ਦੇਸ਼ ਦੀ ਜਨਤਾ ’ਤੇ ਅਗਲੀ ਗੈਰ ਕੁਦਰਤੀ ਆਫ਼ਤ ਜੋ ਹੈ, ਉਹ ਹੈ ਪਿਛਲੇ ਤਿੰਨ ਹਫ਼ਤਿਆਂ ਤੋਂ ਲਗਾਤਾਰ ਤੇਲ ਦੇ ਭਾਅ ਵਿੱਚ ਵਾਧਾ। ਅਠਾਰਾਂ ਰੁਪਏ ਲੀਟਰ ਲੈ ਕੇ ਯਾਨੀ ਪਾਣੀ ਨਾਲੋਂ ਸਸਤਾ ਲੈ ਕੇ ਅੱਸੀ ਰੁਪਏ ਲੀਟਰ ਜਨਤਾ ਨੂੰ ਵੇਚਣਾ। ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਡੀਜ਼ਲ ਦੀ ਸਰਦਾਰੀ ਪੈਟਰੋਲ ’ਤੇ ਕਾਇਮ ਹੋਈ ਹੈ। ਇਹ ਵੀ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ, ਜਿਉਂ ਜਿਉਂ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਨੂੰ ਗਈਆਂ ਹਨ, ਉਵੇਂ-ਉਵੇਂ ਹੀ ਤੇਲ ਦੀਆਂ ਕੀਮਤਾਂ ਹੇਠਾਂ ਜਾਣ ਦੀ ਬਜਾਏ ਉੱਪਰ ਗਈਆਂ ਹਨ। ਅੱਜ ਦੇ ਦਿਨ ਪੈਟਰੋਲ ਅਤੇ ਡੀਜ਼ਲ ਦੋਵੇਂ ਅੱਸੀ ਰੁਪਏ ਪਾਰ ਕਰ ਗਏ ਹਨ। ਜਨਤਾ ਕੁਰਲਾ ਰਹੀ ਹੈ, ਪਰ ਸਰਕਾਰ ਨੂੰ ਉੱਚਾ ਸੁਣਨਾ ਸ਼ੁਰੂ ਹੋ ਗਿਆ।
ਅਗਲੀ ਗੱਲ ਜੋ ਜਨਤਾ ਦੇ ਖਾਨੇ ਨਹੀਂ ਪੈ ਰਹੀ, ਉਹ ਇਹ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਸੋਧੇ ਹੋਏ ਤੇਲ ਦੀਆਂ ਕੀਮਤਾਂ ਕਿਉਂ ਨਹੀਂ ਘਟ ਰਹੀਆਂ? ਸਰਕਾਰ ਇਸ ਬਾਰੇ ਚੁੱਪ ਕਿਉਂ ਹੈ?
ਜੇਕਰ ਕੋਰੋਨਾ ਕਰਕੇ ਸਰਕਾਰ ਦਾ ਮਾਲੀਆ ਘਟਿਆ ਹੈ ਤਾਂ ਜਨਤਾ ਨੇ ਵੀ ਕੋਈ ਘੱਟ ਤੰਗੀ ਨਹੀਂ ਕੱਟੀ। ਜਨਤਾ ਨੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀਆਂ ਦੀਆਂ ਅਪੀਲਾਂ ’ਤੇ ਉਨ੍ਹਾਂ ਦੇ ਫੰਡਾਂ ਵਿੱਚ ਦਿਲ ਖੋਲ੍ਹ ਕੇ ਮਦਦ ਕੀਤੀ। ਜਨਤਾ ਬੇਰੁਜ਼ਗਾਰ ਵੀ ਹੋਈ। ਉਸ ਦੀਆਂ ਨੌਕਰੀਆਂ ਵੀ ਗਈਆਂ। ਉਸ ਨੇ ਔਖਿਆਈ ਕੱਟੀ ਅਤੇ ਵਿਆਜੀ ਪੈਸੇ ਲੈ ਕੇ ਆਪਣਾ ਢਿੱਡ ਭਰਿਆ। ਜਨਤਾ ਨੇ ਹੀ ਪੈਸੇ ਇਕੱਠੇ ਕਰਕੇ ਗਰੀਬਾਂ ਵਿੱਚ ਖਾਣਾ ਵੰਡਿਆ ਅਤੇ ਉਨ੍ਹਾਂ ਲਈ ਲੰਗਰ ਲਾਏ। ਹੁਣ ਜਨਤਾ ਉੱਤੇ ਤੇਲ ਦੇ ਭਾਅ ਦੀ ਕਰੋਪੀ ਕਿਉਂ? ਜਾਂ ਫਿਰ ਸਰਕਾਰ ਦੱਸੇ ਕਿ ਦੇਸ਼ ਦੀ ਕਿਸ ਮੁਸੀਬਤ ਵਿੱਚ ਜਨਤਾ ਨੇ ਇੱਕਮੁੱਠ ਹੋ ਕੇ ਕਦੋਂ ਸਾਥ ਨਹੀਂ ਦਿੱਤਾ। ਚੁਣੀ ਹੋਈ ਸਰਕਾਰ ਸਮੁੱਚੀ ਜਨਤਾ ਦੀ ਮਾਈ ਬਾਪ ਹੁੰਦੀ ਹੈ, ਉਸ ਨੂੰ ਆਪਣਾ ਫ਼ਰਜ਼ ਆਪਣੀ ਜਨਤਾ ਪ੍ਰਤੀ ਨਿਭਾਉਣਾ ਚਾਹੀਦਾ ਹੈ। ਅਖੀਰ ਜਨਤਾ ਨੂੰ ਨਾਲ ਲੈ ਕੇ ਹੀ ਵੱਡੀ ਤੋਂ ਵੱਡੀ ਮੁਸੀਬਤ ਨਾਲ ਲੜਿਆ ਜਾ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2222)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.