“ਸਿਆਸੀ ਪੰਡਤਾਂ ਦੀ ਮੰਨੀਏ ਤਾਂ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਦਮਦਾਰ ਪ੍ਰਦਰਸ਼ਨ ...”
(14 ਮਾਰਚ 2021)
(ਸ਼ਬਦ: 1020)
ਇੱਕ ਮਨੁੱਖ ਆਪਣੇ ਬਚਪਨ ਤੋਂ ਲੈ ਕੇ ਆਪਣੀ ਉਮਰ ਦੇ ਅਖੀਰੀ ਪਲਾਂ ਤਕ ਜਿੰਨਾ ਆਪਣੇ ਤੋਂ ਵੱਡਿਆਂ ਦੀਆਂ ਚੰਗੀਆਂ-ਮਾੜੀਆਂ ਹਰਕਤਾਂ ਤੋਂ ਸਿੱਖਦਾ ਹੈ, ਉੰਨਾ ਸ਼ਾਇਦ ਕਿਸੇ ਹੋਰ ਤੋਂ ਨਹੀਂ। ਉਹ ਆਪਣੀ ਸਿਆਣਪ ਵਿੱਚ ਭਾਵੇਂ ਆਪਣੇ ਹਰ ਤਰ੍ਹਾਂ ਦੇ ਤਜਰਬਿਆਂ ਨੂੰ ਸ਼ਾਮਲ ਕਰਦਾ ਹੈ, ਫਿਰ ਵੀ ਜਿਸ ਮਨੁੱਖ ਦੀ ਕਹਿਣੀ ਅਤੇ ਕਥਨੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਉਹ ਆਪਣੇ ਆਪ ਆਪਣੇ ਸਮਾਜ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਹੈ। ਉਹ ਭਾਵੇਂ ਸਧਾਰਨ ਨਾਗਰਿਕ ਹੋਵੇ ਜਾਂ ਫਿਰ ਦੇਸ਼ ਵਿੱਚ ਸਿਖਰ ’ਤੇ ਪਹੁੰਚਿਆ ਹੋਇਆ ਲੀਡਰ ਹੋਵੇ। ਕਹਿਣੀ ਅਤੇ ਕਥਨੀ ਵਿੱਚ ਫ਼ਰਕ ਕਰਨ ਵਾਲੇ ਮਨੁੱਖ ਦੀ ਉਸ ਦੇ ਸਾਹਮਣੇ ਅਤੇ ਪਿੱਛਿਓਂ ਆਲੋਚਨਾ ਹੋਣੀ ਸੁਭਾਵਿਕ ਹੀ ਹੈ।
ਇਸ ਹਫ਼ਤੇ ਮਹਿਲਾ ਦਿਵਸ ਯਾਦਗਾਰੀ ਹੋ ਨਿੱਬੜਿਆ। ਇਸ ਵਾਰ ਇਹ ਦਿਨ ਬਹੁਤ ਹੀ ਧੂਮ-ਧਾਮ ਨਾਲ ਸਰਕਾਰੀ ਅਤੇ ਖਾਸ ਤੌਰ ’ਤੇ ਗੈਰ ਸਰਕਾਰੀ ਤੌਰ ’ਤੇ ਮਨਾਇਆ ਗਿਆ ਹੈ। ਜੇ ਇਹ ਕਿਹਾ ਜਾਵੇ ਕਿ ਅੱਜ ਤਕ ਦੇ ਪਿਛਲੇ ਸਾਰੇ ਰਿਕਾਰਡ ਬੌਣੇ ਬਣਾ ਦਿੱਤੇ ਹਨ ਤਾਂ ਇਸ ਵਿੱਚ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਇਸ ਸਾਲ ਜਿਹੜੀਆਂ ਵਿਸ਼ਾਲ ਔਰਤ ਕਾਨਫਰੰਸਾਂ ਕੀਤੀਆਂ ਗਈਆਂ, ਉਨ੍ਹਾਂ ਦੀ ਵਿਸ਼ੇਸ਼ ਗੱਲ ਇਹ ਸੀ ਕਿ ਇਨ੍ਹਾਂ ਸਭ ਦਾ ਸੰਚਾਲਨ ਖੁਦ ਔਰਤਾਂ ਨੇ ਕੀਤਾ। ਟਿੱਕਰੀ ਬਾਰਡਰ ’ਤੇ ਪਕੌੜਾ ਚੌਂਕ ਕੋਲ ਵਸਾਏ ਗਏ ਗਦਰੀ ਗੁਲਾਬ ਕੌਰ ਨਗਰ ਵਿੱਚ ਆਏ ਔਰਤਾਂ ਦੇ ਹੜ੍ਹ ਨੇ ਜਿੱਥੇ ਆਪਣੀ ਔਰਤ-ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਉੱਥੇ ਤਿੰਨ ਮਹੀਨੇ ਤੋਂ ਜ਼ਿਆਦਾ ਚੱਲ ਰਹੇ ਕਿਸਾਨ ਮੋਰਚੇ ਅੰਦਰ ਨਵੀਂ ਰੂਹ ਫੂਕ ਦਿੱਤੀ। ਇਸ ਵਿੱਚ ਦੱਸਿਆ ਅਤੇ ਸਮਝਾਇਆ ਗਿਆ ਕਿ ਕਿਵੇਂ ਮੌਜੂਦਾ ਪਿਛਾਖੜੀ ਹਕੂਮਤ ਔਰਤ ਦੇ ਹੱਕਾਂ ’ਤੇ ਪਹਿਲਾਂ ਸਭਨਾਂ ਸਮਿਆਂ ਨਾਲੋਂ ਜ਼ਿਆਦਾ ਤਿੱਖੇ ਹਮਲੇ ਕਰ ਰਹੀ ਹੈ।
ਅਜਿਹੇ ਮਹਾਨ ਔਰਤ-ਇਕੱਠਾਂ ਨੇ ਜੋ ਦਿੱਲੀ ਦਰਬਾਰ ਨੂੰ ਆਪਣੀ ਤਾਕਤ ਦਿਖਾਈ, ਉਹ ਆਪਣੇ-ਆਪ ਵਿੱਚ ਇੱਕ ਰਿਕਾਰਡ ਹੋ ਨਿੱਬੜਿਆ। ਇਸ ਨੂੰ ਗੋਦੀ ਮੀਡੀਆ ਨੇ ਬਿਲਕੁਲ ਨਹੀਂ ਦਿਖਾਇਆ, ਉਹਨਾਂ ਵਿੱਚੋਂ ਜਿਸ ਨੇ ਦਿਖਾਇਆ ਵੀ, ਉਸ ਨੇ ਵੀ ਬਹੁਤ ਘੱਟ ਦਿਖਾਇਆ।
ਦੂਜੇ ਸੂਬਿਆਂ ਵਾਂਗ ਕੌਮਾਂਤਰੀ ਮਹਿਲਾ ਦਿਵਸ ’ਤੇ ਪੰਜਾਬ ਭਰ ਵਿੱਚ ਵੀ ਭਰਵੇਂ ਇਕੱਠ ਅਤੇ ਮਾਰਚ ਕੀਤੇ ਗਏ। ਪੰਜਾਬ ਵਿਧਾਨ ਸਭਾ ਵੱਲੋਂ ਵੀ ਔਰਤਾਂ ਦੇ ਸਿਰੜੀ ਜਜ਼ਬੇ ਨੂੰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਸਲਾਮ ਕੀਤੀ ਗਈ। ਇਸ ਦਿਨ ’ਤੇ ਵੱਖ-ਵੱਖ ਮਹਿਕਮਿਆਂ ਅਤੇ ਜਥੇਬੰਦੀਆਂ ਵੱਲੋਂ ਆਪੋ-ਆਪਣੀਆਂ ਕੰਮ ਕਰ ਰਹੀਆਂ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਭਾਵੇਂ ਉਹ ਵਕੀਲ, ਡਾਕਟਰ-ਨਰਸਾਂ-ਟੀਚਰ, ਬੈਂਕ ਮੁਲਾਜ਼ਮ ਜਾਂ ਹੋਰ ਮਹਿਕਮਿਆਂ ਜਾਂ ਜਥੇਬੰਦੀਆਂ ਨਾਲ ਸੰਬੰਧਤ ਹੋਣ, ਨੂੰ ਸਨਮਾਨਿਤ ਕੀਤਾ ਗਿਆ, ਜੋ ਕਿ ਇੱਕ ਚੰਗੀ ਅਤੇ ਨਿੱਗਰ ਪ੍ਰੰਪਰਾ ਹੈ। ਅੱਗੋਂ ਵੀ ਜਾਰੀ ਰਹਿਣੀ ਚਾਹੀਦੀ ਹੈ। ਉਂਜ ਵੀ ਅੱਜ ਦੇ ਯੁਗ ਵਿੱਚ ਔਰਤ ਮਰਦ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਦਾ ਕੰਮ ਕਰ ਰਹੀ ਹੈ। ਉਸ ਨੇ ਸਾਬਤ ਕੀਤਾ ਹੈ ਕਿ ਕਿਸੇ ਗੱਲੋਂ ਉਹ ਮਰਦ ਤੋਂ ਊਣੀ ਨਹੀਂ ਹੈ। ਉਨ੍ਹਾਂ ਪਰਿਵਾਰਾਂ ਵਿੱਚ ਕਈ ਵਾਰ ਔਰਤ ਪੂਰੇ ਮੌਕੇ ਨਹੀਂ ਪਾ ਸਕਦੀ, ਜਿਨ੍ਹਾਂ ਪਰਿਵਾਰਾਂ ਵਿੱਚ ਆਰਥਿਕ ਪੱਖੋਂ ਕਾਫ਼ੀ ਕਮਜ਼ੋਰੀਆਂ ਹਨ।
ਇਸ ਵਕਤ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਪ੍ਰਚਾਰ ਜ਼ੋਰਾਂ ’ਤੇ ਸ਼ੁਰੂ ਹੋ ਚੁੱਕਾ ਹੈ ਪਰ ਕਈ ਲੀਡਰ ਇਨ੍ਹਾਂ ਚੋਣਾਂ ਵਿੱਚ ਪ੍ਰਚਾਰ ਕਰਨ ਵੇਲੇ ਕਈ ਮਰਿਆਦਾਵਾਂ ਭੁੱਲ ਜਾਂਦੇ ਹਨ ਅਤੇ ਔਰਤਾਂ ਬਾਰੇ ਬਹੁਤ ਵਾਰੀ ਊਲ-ਜਲੂਲ ਬੋਲ ਜਾਂਦੇ ਹਨ। ਪਿਛਲੇ ਦਿਨੀਂ ਬੰਗਾਲ ਦੀ ਦੀਦੀ ਜੋ ਇਸ ਸਮੇਂ ਇਕੱਲੀ ਔਰਤ ਪੂਰੇ ਭਾਰਤ ਵਿੱਚ, ਬੰਗਾਲ ਦੀ ਮੁੱਖ ਮੰਤਰੀ ਹੈ, ਅਚਾਨਕ ਪ੍ਰਚਾਰ ਦੌਰਾਨ ਚੋਟਾਂ ਕਾਰਨ ਘਾਇਲ ਹੋ ਗਈ, ਜਿਸ ਕਰਕੇ ਉਹ ਜ਼ੇਰੇ ਇਲਾਜ ਹੈ। ਆਪਣੇ ਚੋਣ ਪ੍ਰਚਾਰ ਲਈ ਉਹ ਵ੍ਹੀਲ ਚੇਅਰ ਦਾ ਸਹਾਰਾ ਲੈ ਰਹੀ ਹੈ। ਅਜਿਹੇ ਵਿੱਚ ਕਿਸੇ ਵੀ ਪਾਰਟੀ ਆਗੂ ਨੇ, ਖਾਸ ਕਰਕੇ ਜਿਹੜੇ ਬੰਗਾਲ ਵਿੱਚ ਚੋਣ ਲੜ ਰਹੇ ਹਨ, ਨੇ ਉਸ ਨਾਲ ਉਹ ਹਮਦਰਦੀ ਨਹੀਂ ਦਿਖਾਈ, ਜੋ ਇੱਕ ਜ਼ਖ਼ਮੀ ਮੁੱਖ ਮੰਤਰੀ ਔਰਤ ਨਾਲ ਬਣਦੀ ਸੀ। ਇਸ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ, ਜੋ ਦੇਸ਼ ਨੂੰ ਵਿਸ਼ਵ ਗੁਰੂ ਦਾ ਦਰਜਾ ਦਿਵਾਉਂਦੇ-ਦਿਵਾਉਂਦੇ ਦੇਸ਼ ਦੀ ਅਜ਼ਾਦੀ ਦਾ ਰੁਤਬਾ ਵੀ ਗਵਾ ਚੁੱਕੇ ਹਨ। ਜਿਸ ਬਾਰੇ ਨਿਰਣਾ ਇੱਕ ਵਿਸ਼ਵ ਸੰਸਥਾ ਕਰਦੀ ਹੈ, ਜਿਸਦਾ ਹੈੱਡਕੁਆਟਰ ਅਮਰੀਕਾ ਵਿੱਚ ਹੈ।
ਇਸ ਇਕੱਲੀ ਦੀਦੀ ਮੁੱਖ ਮੰਤਰੀ ਨੂੰ ਕਿਸੇ ਨੇ ਵੀ ਮਹਿਲਾ ਦਿਵਸ ’ਤੇ ਯਾਦ ਨਹੀਂ ਕੀਤਾ। ਸ਼ਾਇਦ ਇਸ ਕਰਕੇ ਨਹੀਂ ਕੀਤਾ, ਕਿਉਂਕਿ ਚੋਣਾਂ ਦੇ ਦਿਨ ਹਨ, ਕਿਤੇ ਉਸ ਨੂੰ ਪਬਲੀਸਿਟੀ ਹੀ ਨਾ ਮਿਲ ਜਾਵੇ ਅਤੇ ਚੋਣਾਂ ਵਿੱਚ ਫਾਇਦਾ ਹੀ ਨਾ ਉਠਾ ਜਾਵੇ। ਉਂਜ ਵੀ ਜਿਵੇਂ ਸਭ ਜਾਣਦੇ ਹਨ ਕਿ ਭਾਰਤ ਦੇ ਬਹੁਤ ਸੂਬਿਆਂ ਵਿੱਚ ਭਾਜਪਾ ਦਾ ਰਾਜ ਹੈ ਪਰ ਉਹ ਇੱਕ ਸੂਬੇ ਵਿੱਚ ਵੀ ਇੱਕ ਔਰਤ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਨਹੀਂ ਬਿਠਾ ਸਕੀ। ਇਸਦੇ ਉਲਟ ਉਸ ਦੀਦੀ ਨੂੰ ਚੋਣਾਂ ਵਿੱਚ ਹਰਾਉਣ ਲਈ ਉਨ੍ਹਾਂ ਵੱਲੋਂ 22 ਕੇਂਦਰੀ ਮੰਤਰੀਆਂ, 6 ਮੁੱਖ ਮੰਤਰੀਆਂ, 3 ਕੇਂਦਰੀ ਏਜੰਸੀਆਂ ਨੂੰ ਇਸ ਕਰਕੇ ਲਗਾਇਆ ਗਿਆ ਹੈ ਕਿ ਕਿਤੇ ਮੁੜ ਇੱਕ ਮਹਿਲਾ ਮੁੱਖ ਮੰਤਰੀ ਨਾ ਬਣ ਜਾਵੇ। ਅਜਿਹੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਮਹਿਲਾ ਸਸ਼ਕਤੀਕਰਨ ਦੇ ਸੰਬੰਧ ਵਿੱਚ ਕਹੇ ਗਏ ਸ਼ਬਦ ਕੀ ਮਾਇਨੇ ਰੱਖਦੇ ਹਨ? ਉਂਜ ਵੀ ਜਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲੰਬੀਆਂ-ਲੰਬੀਆਂ ਹੇਕਾਂ ਲਾ ਕੇ ਟਿੱਚਰਾਂ ਦੇ ਲਹਿਜ਼ੇ ਵਿੱਚ ਸਪੀਚ ਕਰਦੇ ਹਨ ਤਾਂ ਸੱਚਮੁੱਚ ਲਗਦਾ ਹੀ ਨਹੀਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬੋਲ ਰਹੇ ਹਨ। ਸ਼ਾਇਦ ਪ੍ਰਧਾਨ ਮੰਤਰੀ ਜੀ ਭੁੱਲ ਜਾਂਦੇ ਹਨ ਕਿ ਸਿਖਾਂਦਰੂਆਂ ਨੇ ਉਨ੍ਹਾਂ ਵੱਲ ਵੇਖ ਕੇ ਵੀ ਅਜੇ ਸਿੱਖਣਾ ਹੈ।
ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਵਿੱਚ ਲੜ ਰਹੀਆਂ ਸਿਆਸੀ ਪਾਰਟੀਆਂ ਅਤੇ ਖਾਸ ਕਰਕੇ ਭਾਜਪਾ ਵੱਲੋਂ ਜੋ ਨਫ਼ਰਤ ਭਰਿਆ ਪ੍ਰਚਾਰ ਦੀਦੀ ਖ਼ਿਲਾਫ਼ ਕੀਤਾ ਜਾ ਰਿਹਾ ਹੈ, ਉਸਦਾ ਆਮ ਕਰਕੇ ਬੰਗਾਲੀ ਬੁਰਾ ਮਨਾ ਰਹੇ ਹਨ। ਇਸ ਦਾ ਅਖੀਰ ਵਿੱਚ ਫਾਇਦਾ ਬੰਗਾਲ ਦੀ ਬੇਟੀ ਨੂੰ ਹੀ ਮਿਲੇਗਾ। ਪਾਰਟੀਆਂ ਵੱਲੋਂ ਦੀਦੀ ਖ਼ਿਲਾਫ਼ ਜ਼ਹਿਰੀਲਾ ਪ੍ਰਚਾਰ ਦੀਦੀ ਦੇ ਹੱਕ ਵਿੱਚ ਹੀ ਜਾਵੇਗਾ। ਜੋ ਜਾਤ-ਪਾਤ ਅਤੇ ਹਿੰਦੂ-ਮੁਸਲਮਾਨ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਵਿੱਚ ਇਸਦੇ ਚਾਹਵਾਨ ਸਫ਼ਲ ਨਹੀਂ ਹੋਣਗੇ। ਪਿਛਲੀ ਵਾਰ ਨਾਲੋਂ ਭਾਵੇਂ ਦੀਦੀ ਦਾ ਮਾਰਜਨ ਘਟੇਗਾ ਪਰ ਉਹ ਹੈਟਰਿਕ ਬਣਾਉਣ ਵਿੱਚ ਸਫ਼ਲ ਰਹੇਗੀ। ਸਿਆਸੀ ਪੰਡਤਾਂ ਨੇ ਤਾਂ ਕੇਰਲ ਵਿੱਚ ਸੀ ਐੱਮ ਵਿਜਯਨ ਦੀ ਅਗਵਾਈ ਵਿੱਚ ਐੱਲ ਡੀ ਐੱਫ ਦੀ ਝੋਲੀ ਵਿੱਚ ਸਰਕਾਰ ਪੈਂਦੀ ਦਿਖਾਈ ਹੈ। ਪੁਡੂਚੇਰੀ ਵਿੱਚ ਐੱਨ ਡੀ ਏ, ਤਾਮਿਲਨਾਡੂ ਵਿੱਚ ਯੂ ਪੀ ਏ, ਅਸਾਮ ਐੱਨ ਡੀ ਏ ਦੇ ਹਿੱਸੇ ਆ ਰਿਹਾ ਹੈ। ਸਿਆਸੀ ਪੰਡਤਾਂ ਦੀ ਮੰਨੀਏ ਤਾਂ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਦਮਦਾਰ ਪ੍ਰਦਰਸ਼ਨ ਦੇ ਬਾਵਜੂਦ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਟੀ ਐੱਮ ਸੀ ਫਿਰ ਵਾਪਸੀ ਕਰਦੀ ਦਿਖਾਈ ਦੇ ਰਹੀ ਹੈ। ਅਸਲ ਵਿੱਚ ਕੀ ਸੱਚ ਨਿਕਲੇਗਾ, ਉਹ ਤਾਂ ਵੋਟਾਂ ਤੋਂ ਬਾਅਦ ਪਤਾ ਲੱਗੇਗਾ, ਜਿਸਦਾ ਸਭ ਨੂੰ ਮਈ ਤਕ ਇੰਤਜ਼ਾਰ ਕਰਨਾ ਪਵੇਗਾ। ਨਤੀਜਾ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਭਾਜਪਾ ਜੋ ਹਿੰਦੂ-ਮੁਸਲਮਾਨ ਦਾ ਮੁੱਦਾ ਬਣਾਉਣ ਵਿੱਚ ਸਫ਼ਲ ਹੋ ਜਾਂਦੀ ਹੈ ਜਾਂ ਫਿਰ ਦੀਦੀ ਆਪਣੇ ਕੰਮ ਅਤੇ ਜਨਤਾ ਦੇ ਮੁੱਦਿਆਂ ਵੱਲ ਧਿਆਨ ਮੋੜਨ ਵਿੱਚ ਸਫ਼ਲ ਹੁੰਦੀ ਹੈ, ਆਉਣ ਵਾਲੇ ਸਮੇਂ ਵਿੱਚ ਬਹੁਤਾ ਕੁਝ ਪ੍ਰਚਾਰ ਵਿੱਚ ਵਰਤੀ ਜਾਂਦੀ ਭਾਸ਼ਾ ’ਤੇ ਵੀ ਨਿਰਭਰ ਕਰੇਗਾ ਕਿ ਕਿਸ ਪਾਰਟੀ ਦੇ ਕਿਸ ਲੀਡਰ ਨੇ ਆਪਣੀ ਬੋਲਬਾਣੀ ਨੂੰ ਕਿੱਦਾਂ ਦੀ ਪਿਓਂਦ ਚਾੜ੍ਹੀ ਹੋਈ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2644)
(ਸਰੋਕਾਰ ਨਾਲ ਸੰਪਰਕ ਲਈ: