“ਤੁਸੀਂ ਹਰਿਆਣੇ ਬਾਰੇ ਵੀ ਦੋ ਸ਼ਬਦ ਆਖ ਸਕਦੇ ਸੀ, ਪਰ ਤੁਸੀਂ ਉਸ ਉੱਪਰ ਵੀ ...”
(15 ਅਗਸਤ 2023)
ਜਿੰਨਾ ਭਾਰਤ ਦਾ ਮੌਜੂਦਾ ਪ੍ਰਧਾਨ ਮੰਤਰੀ ਬੇਬਾਕੀ ਨਾਲ ਦੇਸ਼-ਵਿਦੇਸ਼ ਵਿੱਚ ਜਾ ਕੇ ਬੋਲਣ ਲਈ ਆਪਣਾ ਮਾਣ ਸਮਝਦਾ ਹੈ, ਓਨਾ ਹੀ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਅਤੇ ਬੋਲਣ ਤੋਂ ਘਬਰਾਉਂਦਾ ਹੈ। ਤੁਸੀਂ ਇਸ ਨੂੰ ਇੰਝ ਵੀ ਕਹਿ ਸਕਦੇ ਹੋ ਕਿ ਜਿੱਥੇ ਬੋਲਣਾ ਅਤੇ ਜਨਤਾ-ਜਨਾਰਧਨ ਨੂੰ ਜਵਾਬ ਦੇਣਾ ਜ਼ਰੂਰੀ ਬਣਦਾ ਹੈ, ਉੱਥੇ ਸਾਹਿਬ ਜੀ ਚੁੱਪੀ ਵੱਟ ਲੈਂਦੇ ਹਨ। ਜ਼ਰਾ ਬੀਤੇ ਦੀਆਂ ਘਟਨਾਵਾਂ ਵੱਲ ਝਾਤੀ ਮਾਰੋ ਤੁਹਾਨੂੰ ਸਭ ਪਤਾ ਲੱਗ ਜਾਵੇਗਾ। ਸਭ ਜਾਣਦੇ ਹਨ ਜਿਨ੍ਹਾਂ ਡਬਲ-ਇੰਜਣ ਦੀ ਦਿਨ-ਰਾਤ ਸਾਹਿਬ ਰਟ ਲਾਈ ਜਾਂਦੇ ਹਨ, ਉਹਨਾਂ ਡਬਲ ਇੰਜਣਾ ਦੀ ਦੁਰਦਸ਼ਾ ਮਨੀਪੁਰ ਅਤੇ ਕੇਂਦਰੀ ਸਰਕਾਰ ਦੀ ਠੀਕ ਨੱਕ ਹੇਠਾਂ ਹਰਿਆਣੇ ਦੀਆਂ ਘਟਨਾਵਾਂ ਵੱਲ ਝਾਤੀ ਮਾਰੋ। ਉੱਥੋਂ ਦੀਆਂ ਵਧੀਕੀਆਂ, ਔਰਤਾਂ ਪ੍ਰਤੀ ਵਿਵਹਾਰ, ਅੱਗਾਂ, ਗੋਲੀਆਂ ਦੀਆਂ ਆਵਾਜ਼ਾਂ ਅਤੇ ਬੰਬਾਂ ਨੂੰ ਸੁਣ-ਦੇਖ ਕੇ ਤੁਹਾਨੂੰ ਅਜਿਹਾ ਲੱਗੇਗਾ ਕਿ ਤੁਸੀਂ ਆਜ਼ਾਦ ਭਾਰਤ ਦੇ ਵਾਸੀ ਨਾ ਹੋ ਕੇ ਕਿਸੇ ਅੱਤ-ਪਛੜੇ ਦੇਸ਼ ਦੇ ਵਾਸੀ ਹੋ। ਹਰਿਆਣੇ ਵਿੱਚ ਰਾਜ ਕਰਦੀ ਪਾਰਟੀ ਇੱਕ ਧਿਰ ਬਣ ਕੇ ਬਿਨਾਂ ਕਿਸੇ ਅਦਾਲਤ ਦੀ ਮਨਜ਼ੂਰੀ ਲਏ ਬੁਲਡੋਜ਼ਰਾਂ ਨਾਲ ਇੱਕ ਫਿਰਕੇ ਦੇ ਘਰ-ਬਾਰ ਤੋੜਦੀ ਰਹੀ। ਅਜਿਹੀ ਸਰਕਾਰੀ ਹਰਕਤ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਹੁਕਮ ਲੈਣੇ ਪਏ। ਜਿੱਥੇ ਵਾੜ ਹੀ ਖੇਤ ਨੂੰ ਖਾਣਾ ਸ਼ੁਰੂ ਕਰ ਦੇਵੇ, ਉੱਥੇ ਉਸ ਫਸਲ ਦਾ ਰੱਬ ਹੀ ਰਾਖਾ ਹੁੰਦਾ ਹੈ।
ਬਿੜਕ ਅਤੇ ਸਿਆਸਤ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਪਤਾ ਹੋਵੇਗਾ ਕਿ ਇੰਡੀਆ ਮਹਾਂ-ਗੱਠਜੋੜ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ ਇਹ ‘ਬੇਭਰੋਸਗੀ ਮਤਾ’ ਕੁਝ ਕਰੇ ਜਾਂ ਨਾ ਕਰੇ, ਪਰ ਇੱਕ ਗਰੰਟੀ ਜ਼ਰੂਰ ਹੈ ਕਿ ਇਹ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਦਾ ਪਾਰਲੀਮੈਂਟ ਵਿੱਚ ਮੌਨ ਜ਼ਰੂਰ ਤੋੜੇਗਾ। ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਪਾਰਲੀਮੈਂਟ ਵਿੱਚ ਆਪਣੇ ਟਾਈਮ ਤੋਂ ਇੱਕ ਘੰਟਾ ਲੇਟ ਆ ਕੇ ਵੀ ਸਵਾ ਦੋ ਘੰਟੇ ਦੇ ਆਸ-ਪਾਸ ਬੋਲੇ। ਇਹ ਵੀ ਅਲੱਗ ਗੱਲ ਹੈ ਕਿ ਉਹ ਅਸਲੀ ਮੁੱਦੇ ਯਾਨੀ ਮਨੀਪੁਰ ਸੂਬੇ ਦੀ ਤ੍ਰਾਸਦੀ ਬਾਰੇ, ਜਿਸ ਬਾਰੇ ਵਿਰੋਧੀਆਂ ਵੱਲੋਂ ਸਰਵਸੰਮਤੀ ਨਾਲ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ, ਉਸ ’ਤੇ ਉਹ ਸਿਰਫ ਦਸ-ਪੰਦਰਾਂ ਮਿੰਟ ਹੀ ਬੋਲੇ, ਉਹ ਵੀ ਅਧੂਰਾ ਬੋਲੇ। ਮੋਦੀ ਸਾਹਿਬ ਇਹ ਦੱਸਣ ਵਿੱਚ ਵੀ ਨਾਕਾਮ ਰਹੇ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉੱਥੇ ਜਾਣ ਦਾ ਉਹਨਾਂ ਦਾ ਹੌਸਲਾ ਕਿਉਂ ਨਹੀਂ ਪਿਆ? ਮੁੱਖ ਮੰਤਰੀ ਦੀ ਖਿਚਾਈ ਕਿਉਂ ਨਹੀਂ ਕੀਤੀ ਗਈ? ਰੇਪ ਅਤੇ ਹੋਰ ਜ਼ੁਲਮਾਂ ਦੇ ਸ਼ਿਕਾਰ ਪਰਿਵਾਰਾਂ ਨੂੰ ਵੇਲੇ ਸਿਰ ਗਲੇ ਕਿਉਂ ਨਹੀਂ ਲਾਇਆ ਗਿਆ?
ਗ੍ਰਹਿ ਮੰਤਰੀ ਦੇ ਦੌਰਿਆਂ ਦੌਰਾਨ ਵੀ ਅੱਗ ਕਿਉਂ ਭੜਕਦੀ ਰਹੀ? ਮਨੀਪੁਰ ਵਿੱਚ ਇੱਕ ਵਿਸ਼ੇਸ਼ ਜਾਤੀ ਲਈ ਨਰਮੀ ਅਤੇ ਦੂਸਰੀ ਪ੍ਰਤੀ ਸਖਤੀ ਕਿਉਂ ਵਰਤ ਹੋ ਰਹੀ ਹੈ? ਮਨੀਪੁਰ ਦੀਆਂ ਘਟਨਾਵਾਂ ਤੋਂ ਜੋ ਤੁਸੀਂ ਹਟ ਕੇ ਬੋਲੇ ਹੋ, ਉਹ ਸਿਰਫ ਅੰਧ-ਭਗਤਾਂ ਲਈ ਤਾਂ ਢੁਕਵਾਂ ਹੋ ਸਕਦਾ ਹੈ, ਪਰ ਆਮ ਦੇਸ਼ ਵਾਸੀਆਂ ਲਈ ਇਹ ਕੁਵੇਲੇ ਦੀਆਂ ਟੱਕਰਾਂ ਬਰਾਬਰ ਸੀ। ਹੋਰ ਵਿਸ਼ੇ ਛੇੜ ਕੇ ਤੁਸੀਂ ਆਪਣਾ ਤੇ ਪਾਰਲੀਮੈਂਟ ਦਾ ਸਮਾਂ ਬਰਬਾਦ ਕੀਤਾ ਹੈ। ਤੁਸੀਂ ਆਪਣੇ ਅੰਧ-ਭਗਤਾਂ ਸਮੇਤ ਬਾਕੀ ਦੇਸ਼ ਵਾਸੀਆਂ ਨੂੰ ਸਮਝਾ ਹੀ ਨਹੀਂ ਸਕੇ ਕਿ ਤੁਸੀਂ ਮਨੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ? ਇਸ ਬਾਬਤ ਤੁਸੀਂ ਆਪਣਾ ਮੁੱਖ ਕਿਉਂ ਨਹੀਂ ਖੋਲ੍ਹਿਆ? ਜੋ ਹੁਣ ਤੁਸੀਂ ਪਾਰਲੀਮੈਂਟ ਵਿੱਚ ਕਿਹਾ ਕਿ ਸਾਰਾ ਦੇਸ਼ ਮਨੀਪੁਰ ਨਾਲ ਖੜ੍ਹਾ ਹੈ, ਇਹ ਅਲਫਾਜ਼ ਤੁਸੀਂ ਮਨੀਪੁਰ ਜਾ ਕੇ ਜਨਤਾ ਨਾਲ ਸਾਂਝੇ ਕਿਉਂ ਨਹੀਂ ਕੀਤੇ? ਮਨੀਪੁਰ ਨਾਲ ਦੁੱਖ ਸਾਂਝਾ ਕਿਉਂ ਨਹੀਂ ਕੀਤਾ? ਕੀ ਮਨੀਪੁਰ ਜਾਣ ਲਈ ਤੁਹਾਡਾ ਕਰੋੜਾਂ ਦਾ ਹਵਾਈ ਜਹਾਜ਼ ਨਹੀਂ ਮੰਨਿਆ? ਤੇਲ ਅਤੇ ਡਰਾਈਵਰ ਦੀ ਘਾਟ ਸੀ? ਤੁਸੀਂ ਆਪਣੇ ਅੰਧ-ਭਗਤਾਂ ਦੀ ਹਾਜ਼ਰੀ ਵਿੱਚ ਹੀ ਬੋਲਣਾ ਪਸੰਦ ਕਰਦੇ ਹੋ। ਤੁਸੀਂ ਅੰਧ-ਭਗਤਾਂ ਦੁਆਰਾ ਇਕੱਠੀ ਕੀਤੀ ਭੀੜ ਵਿੱਚ, ਜਿੱਥੇ ਮੋਦੀ-ਮੋਦੀ ਹੋਵੇ, ਬੋਲਣਾ ਪਸੰਦ ਕਰਦੇ ਹੋ। ਤੁਸੀਂ ਹੀ ਦੱਸੋ ਕਿ ਤੁਹਾਡੇ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਨੇ ਮਨੀਪੁਰ ਦਾ ਕੀ ਸੰਵਾਰਿਆ ਹੈ? ਠੀਕ ਹੈ, ਪਰਿਵਾਰਵਾਦ ਦੇਸ਼ ਦਾ ਇੱਕ ਮੁੱਦਾ ਹੋ ਸਕਦਾ ਹੈ। ਕੁਰੱਪਸ਼ਨ ਮੁੱਦਾ ਹੈ, ਮਹਿੰਗਾਈ ਦੇਸ਼ ਦਾ ਮੁੱਦਾ ਹੈ, ਜਾਤ-ਪਾਤ, ਊਚ-ਨੀਚ ਇੱਕ ਮੁੱਦਾ ਹੋ ਸਕਦਾ ਹੈ, ਪਰ ਇਸ ਵਕਤ ਸਮਾਂ ਮੰਗ ਕਰਦਾ ਹੈ ਕਿ ਤੁਸੀਂ ਸਿਰਫ ਮਨੀਪੁਰ ਬਾਰੇ ਦੱਸਦੇ ਕਿ ਅੱਜ ਤਕ ਕੀ ਕੀਤਾ ਹੈ? ਤੁਸੀਂ ਕੀ ਕਰ ਰਹੇ ਹੋ? ਤੁਸੀਂ ਆਉਣ ਵਾਲੇ ਸਮੇਂ ਵਿੱਚ ਮਰਹਮ ਲਾਉਣ ਲਈ ਕੀ ਕਰੋਗੇ? ਤੁਸੀਂ ਉਹਨਾਂ ਮੁੱਦਿਆਂ ’ਤੇ ਸਮਾਂ ਨਸ਼ਟ ਕੀਤਾ, ਜਿਨ੍ਹਾਂ ਦੀ ਮੰਗ ਨਹੀਂ ਕੀਤੀ ਗਈ ਸੀ। ਤੁਸੀਂ ਹਰਿਆਣੇ ਬਾਰੇ ਵੀ ਦੋ ਸ਼ਬਦ ਆਖ ਸਕਦੇ ਸੀ, ਪਰ ਤੁਸੀਂ ਉਸ ਉੱਪਰ ਵੀ ਮੌਨ ਧਾਰਨ ਕਰਨਾ ਹੀ ਠੀਕ ਸਮਝਿਆ। ਇਹ ਸਭ ਕਾਸੇ ਦੇ ਉਲਟ ਤੁਸੀਂ ਤੇ ਤੁਹਾਡੀ ਪਾਰਟੀ ਨੇ ਜਾਂਦੇ-ਜਾਂਦੇ ਦੋ-ਚਾਰ ਪਾਰਲੀਮੈਂਟ ਮੈਂਬਰ, ਜੋ ਵਿਰੋਧੀ ਪਾਰਟੀ ਦੇ ਸਨ, ਝਟਕਾਅ ਦਿੱਤੇ। ਇਸ ਵਿੱਚ ਵੀ ਤੁਸੀਂ ਮਾਣ ਮਹਿਸੂਸ ਕਰ ਰਹੇ ਹੋ।
ਤੁਸੀਂ ਤੇ ਤੁਹਾਡੀ ਪਾਰਟੀ ਇਹ ਭੁੱਲ ਬੈਠੀ ਕਿ ਛੋਟੇ ਜੱਜ ਦਾ, ਸੈਸ਼ਨ ਕੋਰਟ ਦਾ, ਹਾਈ ਕੋਰਟ ਦਾ ਫੈਸਲਾ ਇੱਕ ਝਟਕੇ ਰੱਦ ਕਰਕੇ ਰਾਹੁਲ ਗਾਂਧੀ ਦੀ ਪਾਰਲੀਮੈਂਟ ਦੀ ਮੈਂਬਰੀ ਬਹਾਲ ਹੋ ਜਾਂਦੀ ਹੈ। ਜਿੰਨੀ ਤੇਜ਼ੀ ਨਾਲ ਤੁਸੀਂ ਉਸ ਨੂੰ ਬੰਗਲਾ ਛੱਡਣ ਲਈ ਮਜਬੂਰ ਕੀਤਾ ਸੀ, ਉਸ ਤੋਂ ਦੁੱਗਣੀ ਰਫਤਾਰ ਨਾਲ ਤੁਹਾਨੂੰ ਸਭ ਵਾਪਸ ਕਰਨਾ ਪੈ ਰਿਹਾ ਹੈ। ਇਸਦੀ ਬਦਲਾ-ਖੋਰੀ ਤੁਸੀਂ ਨਵਾਂ ਕਾਨੂੰਨ ਲਿਆ ਕੇ ਲੈ ਰਹੇ ਹੋ, ਜਿਸ ਵਿੱਚ ਤੁਸੀਂ ਚੋਣ ਕਮੇਟੀ ਵਿੱਚੋਂ ਸੁਪਰੀਮ ਕੋਰਟ ਦਾ ਜੱਜ ਹਟਾ ਕੇ ਲੈਣ ਜਾ ਰਹੇ ਹੋ। ਇਹ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲਈ ਸਿਹਤਮੰਦ ਸਾਬਤ ਨਹੀਂ ਹੋਵੇਗਾ। ਤੁਹਾਡੇ ਅਜਿਹੇ ਤਾਨਾਸ਼ਾਹੀ ਕਦਮਾਂ ਨੂੰ ਜਨਤਾ ਰੋਕਣਾ ਵੀ ਜਾਣਦੀ ਹੈ। ਉਡੀਕ ਕਰੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4154)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)