“ਸਮੁੱਚੇ ਭਾਰਤ ਦਾ ਅੱਜ ਤਕ ਜਿੰਨਾ ਨੁਕਸਾਨ ਸਰਕਾਰੀ ਵਹਿਮਾਂ ਅਤੇ ਸਮਾਜ ਵਿੱਚ ਵੱਡੇ ਰੁਤਬੇ ਵਾਲਿਆਂ ਨੇ ...”
(28 ਅਗਸਤ 2023)
ਕਿਉਂਕਿ ਸਭ ਭਾਰਤੀ ਚੰਦਰਮਾ (ਚੰਦ) ਨੂੰ ਅਕਸਰ ਚੰਦ ਮਾਮੇ ਨਾਲ ਪੁਕਾਰਦੇ ਹਨ, ਭਾਵ ਸਾਡੀ ਮਾਂ (ਧਰਤੀ) ਦਾ ਭਰਾ ਲੱਗਣ ਕਰਕੇ ਸਭ ਚੰਦਾ ਮਾਮਾ ਹੀ ਆਖਦੇ ਹਨ, ਜਿਸ ਉੱਤੇ ਭਾਰਤ ਦੇ ਖੋਜ ਸੰਗਠਨ (ਇਸਰੋ) ਦੇ ਚੰਦਰਯਾਨ-3 ਨੇ 3 ਲੱਖ 84 ਹਜ਼ਾਰ, 400 ਕਿਲੋਮੀਟਰ ਤੈਅ ਕਰਕੇ 23 ਅਗਸਤ 2023 ਨੂੰ ਸ਼ਾਮ ਦੇ ਠੀਕ 6 ਵੱਜ ਕੇ ਚਾਰ ਮਿੰਟ ’ਤੇ ਪਹੁੰਚ ਕੇ ਸੁੱਖ-ਸਾਂਦ ਦਾ ਸੁਨੇਹਾ ਦਿੱਤਾ। ਇਸ ’ਤੇ ਇਸ ਮਿਸ਼ਨ ’ਤੇ ਲੱਗੇ ਹਜ਼ਾਰਾਂ ਕਰਮਚਾਰੀਆਂ ਨੇ ਬਾਕੀ ਦੇਸ਼ ਵਾਸੀਆਂ ਨਾਲ ਰਲ ਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਤਾੜੀਆਂ ਦੀ ਅਵਾਜ਼ ਨੇ ਸਭ ਦੇਸ਼ ਵਾਸੀਆਂ ਅਤੇ ਉਨ੍ਹਾਂ ਗਵਾਂਢੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਜਿਹੜੇ 15 ਅਗਸਤ 1947 ਤਕ ਹਰ ਤਰ੍ਹਾਂ ਭਾਰਤੀ ਜਾਂ ਹਿੰਦੋਸਤਾਨੀ ਸਨ। ਇਹ ਸਭ ਕੁਝ ਇਸਦੇ ਬਾਵਜੂਦ ਹੋਇਆ ਜਦੋਂ ਭਾਰਤ ਦਾ ਗੋਦੀ ਮੀਡੀਆ ਹਿੰਦੂ-ਮੁਸਲਮਾਨ ਦੀ ਰਟ ਬਿਨਾਂ ਬਰੇਕ ਦੇ ਲਾ ਰਿਹਾ ਹੈ। ਇਹ ਸਭ ਜਾਣਨ ਲਈ ਪਾਕਿਸਤਾਨ ਦੇ ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਭਾਰਤ ਦੀ ਇਸ ਮਹਾਨ ਸਫ਼ਲਤਾ ’ਤੇ ਖੁਸ਼ੀ ਵਿੱਚ ਕਿਹਾ ਹੈ ਕਿ ਇਸਰੋ ਦੇ ਭਾਰਤੀ ਵਿਗਿਆਨੀਆਂ ਨੂੰ ਵਧਾਈ ਹੋਵੇ। ਇਸ ਨਾਲ ਸਮੁੱਚੀ ਦੁਨੀਆ ਨੂੰ ਫਾਇਦਾ ਹੋਵੇਗਾ। ਇਹ ਸੱਚਮੁੱਚ ਪੂਰੀ ਮਨੁੱਖਤਾ ਦੀ ਕਾਮਯਾਬੀ ਹੋ ਨਿੱਬੜੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨ ਦਾ ਵਿਰੋਧੀ ਕੋਈ ਮੂਰਖ ਹੀ ਹੋ ਸਕਦਾ ਹੈ, ਕਿਉਂਕਿ ਇਸਦਾ ਫਾਇਦਾ ਸਾਰੀ ਮਨੁੱਖਤਾ ਲਈ ਹੋਵੇਗਾ ਅਤੇ ਹੋਣਾ ਵੀ ਚਾਹੀਦਾ ਹੈ।
ਸਭ ਖੁਸ਼ੀ ਦੇ ਮਾਹੌਲ ਵਿੱਚ ਇਸ ਕਰਕੇ ਵੀ ਹਨ ਕਿਉਂਕਿ ਇਸ ਤੋਂ ਪਹਿਲਾਂ ਭਾਰਤ ਦਾ ਦੱਖਣੀ ਪੋਲ ’ਤੇ ਉੱਤਰਨ ਦਾ ਸੁਪਨਾ ਟੁੱਟ ਚੁੱਕਾ ਹੈ। ਇੱਥੋਂ ਤਕ ਕਿ ਕੁਝ ਦਿਨ ਪਹਿਲਾਂ ਉਹ ਰੂਸ ਜੋ ਭਾਰਤ ਤੋਂ ਅੱਗੇ ਲੰਘ ਚੁੱਕਾ ਹੈ, ਵੀ ਚੰਦ ਦੇ ਦੱਖਣੀ ਪੋਲ (ਧਰੁਵ) ’ਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਫੇਲ ਹੋ ਚੁੱਕਾ ਹੈ, ਜਿਸਦਾ ਪੁਲਾੜ ਭਾਵ ਲੂਨਾ-25 ਚੰਦ ਦੀ ਸਤਾ ਨਾਲ ਟਕਰਾ ਕੇ ਚੂਰ ਚੂਰ ਹੋ ਚੁੱਕਾ ਹੈ। ਭਾਰਤ ਚੰਦਰਯਾਨ-3 ਦਾ ਆਪਣਾ ਝੰਡਾ ਗੱਡ ਕੇ ਅਮਰੀਕਾ, ਰੂਸ ਅਤੇ ਜਪਾਨ ਤੋਂ ਅੱਗੇ ਜਾ ਕੇ ਬਰਾਬਰ ਦਾ ਸ਼ਰੀਕ ਬਣ ਗਿਆ ਹੈ। ਇਸ ਤੋਂ ਵੱਡਾ, ਅਲੱਗ ਅਤੇ ਵਧੀਆ ਹੋਰ ਕੀ ਹੋ ਸਕਦਾ ਹੈ?
ਬਾਕੀ ਅਜਿਹੀ ਕਾਮਯਾਬੀ ’ਤੇ ਥਾਪੀਆਂ ਜਿਹੜੀ ਮਰਜ਼ੀ ਸਿਆਸੀ ਪਾਰਟੀ ਮਾਰੀ ਜਾਵੇ, ਪਰ ਸੱਚ ਇਹ ਹੈ ਕਿ ਇਹ ਨਿਰੋਲ ਕਾਮਯਾਬੀ ਉਨ੍ਹਾਂ ਹਜ਼ਾਰਾਂ ਵਿਗਿਆਨੀਆਂ ਦੀ ਹੈ ਜੋ ਦਿਨ ਰਾਤ ਅਜਿਹੀ ਕਾਮਯਾਬੀ ਲਈ ਲੱਗੇ ਰਹਿੰਦੇ ਹਨ। ਮੌਕੇ ਦੀਆਂ ਸਰਕਾਰਾਂ ਸਿਰਫ਼ ਮੌਕੇ ਮੌਕੇ ਫੰਡ ਮੁਹਈਆ ਕਰਵਾਉਂਦੀਆਂ ਹਨ। ਫੰਡ ਜਨਤਾ ਦੇ ਫੰਡਾਂ ਵਿੱਚੋਂ ਦਿੱਤਾ ਜਾਂਦਾ ਹੈ। ਜਿਸ ਇਸਰੋ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ, ਉਸ ਦੀ ਸਥਾਪਨਾ ਤਕਰੀਬਨ 1969 ਵਿੱਚ ਹੋਈ ਸੀ। ਪਰ ਇਸ ਤੋਂ ਪਹਿਲਾਂ ਇਸਦੀ ਗੈਰ-ਰਸਮੀ ਤੌਰ ’ਤੇ 1962 ਵਿੱਚ ‘ਭਾਰਤੀ ਰਾਸ਼ਟਰੀ ਪੁਲਾੜ ਖੋਜ ਕਮੇਟੀ’ ਵਜੋਂ ਸਥਾਪਨਾ ਹੋਈ ਤੇ ਇਹ ਸੰਸਥਾ ਉਦੋਂ ਤੋਂ ਹੀ ਕੰਮ ਕਰਦੀ ਹੈ, ਅਤੇ ਆਪਣੀਆਂ ਪ੍ਰਾਪਤੀ ਕਰ ਰਹੀ ਹੈ। ਸਮੇਂ ਦੀਆਂ ਸਰਕਾਰਾਂ ਖਿਆਲ ਰੱਖਦੀਆਂ ਰਹੀਆਂ ਹਨ। ਇਨ੍ਹਾਂ ਸਭ ਇਕੱਠੇ ਸਹਿਯੋਗਾਂ ਕਰਕੇ ਅਸੀਂ ਆਪਣੀ ਕਾਮਯਾਬੀ ਦਾ ਝੰਡਾ ਗੱਡ ਸਕੇ ਹਾਂ। ਇਸ ਉਪਰੋਕਤ ਕਾਮਯਾਬੀ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਦਾ ਯੋਗਦਾਨ, ਵਿਗਿਆਨੀਆਂ ਦੀ ਮਿਹਨਤ, ਪਿਛਲੀਆਂ ਗ਼ਲਤੀਆਂ ਦੇ ਸਬਕ, ਦੇਸ਼ ਵਾਸੀਆਂ ਦੀਆਂ ਦੁਆਵਾਂ ਸ਼ਾਮਲ ਹਨ। ਸੁਭਾਵਕ ਹੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਜੋ 56 ਇੰਚ ਦੀ ਛਾਤੀ ਦੇ ਮਾਲਕ ਹਨ, ਸੁਣ ਕੇ ਵਿਦੇਸ਼ ਬੈਠਿਆਂ ਦਾ ਸੀਨਾ ਹੋਰ ਵੀ ਚੌੜਾ ਹੋਇਆ ਹੋਵੇਗਾ। ਇਸ ਅਨੋਖੀ ਅਤੇ ਮਹੱਤਵਪੂਰਨ ਕਾਮਯਾਬੀ ਕਰਕੇ ਭਾਰਤ ਦਾ ਸੰਸਾਰ ਵਿੱਚ ਨਾਂਅ ਉੱਚਾ ਹੋਇਆ ਹੈ। ਸਮੇਂ ਸਮੇਂ ਦੀਆਂ ਸਾਰੀਆਂ ਕੇਂਦਰ ਦੀਆਂ ਸਰਕਾਰਾਂ ਦਾ ਸਹਿਯੋਗ ਰਿਹਾ ਹੈ। ਅੱਗੋਂ ਵੀ ਸਮੇਂ ਦੇ ਹਾਣ ਦੀ ਸਰਕਾਰ ਦਾ ਰਹੇਗਾ।
ਜਾਗਰੂਕ ਜਨਤਾ ਦਾ ਫਰਜ਼ ਬਣਦਾ ਹੈ ਕਿ ਉਹ 2024 ਦੀਆਂ ਚੋਣਾਂ ਤਕ ਖਿਆਲ ਰੱਖੇ ਕਿ ਕੋਈ ਵੀ ਸਿਆਸੀ ਪਾਰਟੀ ਅਜਿਹੀ ਕਾਮਯਾਬੀ ਨੂੰ ਆਪਣੇ ਮਨੋਰਥ ਲਈ ਵੋਟਾਂ ਵਿੱਚ ਵਰਤ ਨਾ ਸਕੇ। ਅਜਿਹਾ ਸਭ ਭਾਰਤੀਆਂ ਦਾ ਫਰਜ਼ ਬਣਦਾ ਹੈ ਅਤੇ ਨਿਭਾਉਣਾ ਵੀ ਚਾਹੀਦਾ ਹੈ। ਸਭ ਜਾਣਦੇ ਹਨ ਕਿ ਸਭ ਵਿਗਿਆਨੀ ਸਭ ਦੇ ਹਨ। ਉਨ੍ਹਾਂ ਦੁਆਰਾ ਕੀਤੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।
ਪਾਕਿਸਤਾਨ ਤੋਂ ਇਲਾਵਾ ਸ੍ਰੀਲੰਕਾ ਦੇ ਹਾਈ ਕਮਿਸ਼ਨਰ ਮਿਲਿੰਦ ਮੋਰਾਗੋਡਾ ਨੇ ਵੀ ਇਸ ਅਦਭੁਤ ਕਾਮਯਾਬੀ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਇਸ ਨਾਲ ਭਾਰਤ ਤੋਂ ਇਲਾਵਾ ਇਹ ਪੂਰੇ ਉਪ-ਮਹਾਂਦੀਪ ਲਈ ਖੁਸ਼ੀ ਭਰੇ ਪਲ ਦੀ ਗੱਲ ਹੈ। ਭਾਰਤ ਨੂੰ ਇਸ ਗੱਲ ਦੀ ਵੀ ਵਧਾਈ ਹੋਵੇ ਕਿ ਉਹ ਪੁਲਾੜ ਖੋਜ ਵਿੱਚ ਮੋਹਰਲੀ ਕਤਾਰ ਵਿੱਚ ਆ ਗਿਆ ਹੈ। ਪੁਲਾੜ ਵਿੱਚ ਭਾਰਤ ਦਾ ਚੰਦਰਯਾਨ ਮਿਸ਼ਨ-3 ਦਾ ਸਮੇਂ ਸਿਰ ਠੀਕ 6 ਵੱਜ ਕੇ 4 ਮਿੰਟ ’ਤੇ ਉੱਤਰਨਾ ਕਿਸੇ ਗਾਇਬੀ ਸ਼ਕਤੀ ਕਰਕੇ ਨਹੀਂ ਬਲਕਿ ਵਿਗਿਆਨੀਆ ਦੀ ਘੋਰ ਮਿਹਨਤ ਸਦਕਾ ਹੋ ਸਕਿਆ ਹੈ, ਜਿਸ ਨੇ ਮਨੁੱਖ ਦੀ ਸੋਚ ਦੀ ਦੂਰੀ ਤੋਂ ਵੀ ਦੂਰ ਪਹੁੰਚ ਕੇ ਠੀਕ ਸਮੇਂ ਸਿਰ ਜਿੱਤ ਪ੍ਰਾਪਤ ਕੀਤੀ। ਅਜਿਹੇ ਵਰਤਾਰੇ ਨਾਲ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਪ੍ਰੇਰਨਾ ਲੈ ਸਕਣਗੀਆਂ। ਆਮ ਪਬਲਿਕ ਦਾ ਵਿਗਿਆਨ ਵਿੱਚ ਭਰੋਸਾ ਵਧੇਗਾ, ਜਿਸ ਬਾਰੇ ਸਾਡੇ ਸੰਵਿਧਾਨ ਵਿੱਚ ਦਰਜ ਹੈ। ਪਰ ਮੌਕੇ ਦੀਆਂ ਸਰਕਾਰਾਂ ਵਿਗਿਆਨ ਦੀ ਜਗਾ ਜਾਤ-ਪਾਤ ਅਤੇ ਅੰਧ-ਵਿਸ਼ਵਾਸਾਂ ਨੂੰ ਉਤਸ਼ਾਹਤ ਕਰਕੇ ਆਪਣਾ ਉੱਲੂ ਸਿੱਧਾ ਕਰ ਰਹੀਆਂ ਹਨ। ਜਨਤਾ ਜੋ ਮਰਜ਼ੀ ਕਰਦੀ ਰਹੇ ਪਰ ਵਿਗਿਆਨੀਆਂ ਨੇ ਇੱਕ ਵੀ ਅਜਿਹੀ ਅਪੀਲ ਨਹੀਂ ਕੀਤੀ ਜਿਸ ਸਦਕਾ ਅੰਧ-ਵਿਸ਼ਵਾਸਾਂ ਨੂੰ ਬੜ੍ਹਾਵਾ ਮਿਲੇ। ਹਾਂ! ਇਸ ਕਰਕੇ ਵਿਗਿਆਨੀਆਂ ਦੀ ਧੜਕਨ ਜ਼ਰੂਰ ਤੇਜ਼ ਹੋਈ ਹੋਵੇਗੀ ਕਿ ਕੋਈ ਵਿਘਨ ਨਾ ਪਵੇ। ਪਰ ਉਨ੍ਹਾਂ ਲਲੇਰ ਤੋੜਨ ਜਾਂ ਹਵਨ ਕਰਨ ਦਾ ਕੋਈ ਹੋਕਾ ਨਹੀਂ ਦਿੱਤਾ। ਕਾਰਨ! ਵਿਗਿਆਨੀ ਵਹਿਮ ਕੱਢਦੇ ਹਨ, ਵਹਿਮ ਵਧਾਉਂਦੇ ਨਹੀਂ।
ਸਮੁੱਚੇ ਭਾਰਤ ਦਾ ਅੱਜ ਤਕ ਜਿੰਨਾ ਨੁਕਸਾਨ ਸਰਕਾਰੀ ਵਹਿਮਾਂ ਅਤੇ ਸਮਾਜ ਵਿੱਚ ਵੱਡੇ ਰੁਤਬੇ ਵਾਲਿਆਂ ਨੇ ਕੀਤਾ ਹੈ, ਉਹ ਆਮ ਨਾਗਰਿਕ ਨੇ ਨਹੀਂ ਕੀਤਾ। ਕਾਰਨ? ਆਮ ਜਨਤਾ ਦੀਆਂ ਨਿਗਾਹਾਂ ਸਰਕਾਰ ਅਤੇ ਸਮਾਜਕ ਰੁਤਬੇ ਵਾਲਿਆਂ ਲੋਕਾਂ ਵੱਲ ਲੱਗੀਆਂ ਰਹਿੰਦੀਆਂ ਹਨ, ਜਿਸ ਕਰਕੇ ਉਨ੍ਹਾਂ ਦੇ ਪਖੰਡਾਂ ਰਾਹੀਂ ਆਮ ਜਨਤਾ ਗੁਮਰਾਹ ਹੋ ਜਾਂਦੀ ਹੈ। ਅਜਿਹੇ ਪਖੰਡਾਂ ਦਾ ਇਲਾਜ ਵਿੱਦਿਆ ਰਾਹੀਂ ਹੋ ਸਕਦਾ ਹੈ, ਜਿਸ ਪਾਸੇ ਅੱਜ ਦੀਆਂ ਸਰਕਾਰਾਂ ਦਾ ਧਿਆਨ ਨਹੀਂ ਹੈ। ਇੱਕ-ਦੋਂਹ ਸੂਬਿਆਂ ਨੂੰ ਛੱਡ ਕੇ ਬਾਕੀ ਸਭ ਸਰਕਾਰਾਂ ਵਿੱਦਿਆ ਦਾ ਬੱਜਟ ਘਟਾ ਰਹੀਆਂ ਹਨ। ਆਮਦਨ ਵਾਲੀਆਂ (ਸਾਰੀ ਤਰ੍ਹਾਂ ਦੀਆਂ) ਸੰਸਥਾਵਾਂ ਵੀ ਵਿੱਦਿਆ ਦੇ ਚਾਨਣ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ, ਸਗੋਂ ਆਪਣੇ ਡੇਰਿਆਂ ਦਾ ਖੇਤਰਫਲ ਵਧਾਉਣ ਵੱਲ ਦਿਨ-ਰਾਤ ਇੱਕ ਕਰ ਰਹੀਆਂ ਹਨ। ਧਰਮਾਂ ਦਾ ਜ਼ਿਆਦਾ ਗਿਆਨ ਵੀ ਪੜ੍ਹਾਈ ਕਰਕੇ ਆਵੇਗਾ। ਆਓ, ਅੱਜ ਤੋਂ ਅਸੀਂ ਸਭ ਵਿੱਦਿਆ ਵੱਲ ਆਪਣੀਆਂ ਮੁਹਾਰਾਂ ਮੋੜੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਚੰਦ ਤੋਂ ਅਗਾਂਹ ਸੂਰਜ ਦਾ ਭੇਦ ਪਾਉਣ ਵੱਲ ਵਧੇ।
ਤੁਸੀਂ ਸਭ ਗੁਰਦਿਆਲ ਰੌਸ਼ਨ ਜੀ ਦੀ ਕਵਿਤਾ ਦੀ ਡੁੰਘਾਈ ਵਲ ਧਿਆਨ ਦਿਓ, ਪਤਾ ਲੱਗੇ ਕਿ ਇਹ ਸਭ ਚੰਦਰਯਾਨ-3 ਦਾ ਵਰਤਾਰਾ ਮਨੁੱਖੀ ਹੈ ਨਾ ਕਿ ਕਿਸੇ ਗਾਇਬੀ ਸ਼ਕਤੀ ਕਰਕੇ:
ਚੰਦ ’ਤੇ ਪ੍ਰਵੇਸ਼ ਚੰਦਰਯਾਨ ਦਾ,
ਹੈ ਕ੍ਰਿਸ਼ਮਾ ਹੋਸ਼ ਤੇ ਵਿਗਿਆਨ ਦਾ।
ਉੱਦਮੀ ਨੂੰ ਹੋਣ ਹਾਸਲ ਮੰਜ਼ਿਲਾਂ,
ਮਾਣ ਕਾਹਦਾ ਸੌਂ ਰਹੇ ਇਨਸਾਨ ਦਾ।
ਇਹ ਫਤਹਿ ਤ੍ਰਿਸ਼ੂਲ ਨਾ ਕਿਰਪਾਨ ਦੀ,
ਨਾ ਇਹ ਜਲਵਾ ਹੈ ਕਿਸੇ ਭਗਵਾਨ ਦਾ।
ਇਹ ਵਤਨ ਅੱਜ ਮਾਣ ਵਿੱਚ ਆਖਦਾ ਹੈ,
ਇਹੀ ਰਸਤਾ ਹੈ ਮੇਰੇ ਸਨਮਾਨ ਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4179)
(ਸਰੋਕਾਰ ਨਾਲ ਸੰਪਰਕ ਲਈ: (