“ਵੱਖ-ਵੱਖ ਦੇਸ਼ਾਂ ਦੇ ਲੋਕ, ਵੱਖ-ਵੱਖ ਧਰਮਾਂ ਦੇ ਲੋਕ ਇਕਦਮ ਇੱਕ ਅਵਾਜ਼ ਹੋ ਕੇ ...”
(7 ਜੂਨ 2020)
ਜਿਨ੍ਹਾਂ ਸਰਕਸ ਦੇਖੀ ਹੈ, ਉਹ ਵੱਧ ਅਤੇ ਜਿਨ੍ਹਾਂ ਸਰਕਸ ਬਾਰੇ ਸੁਣਿਆ ਹੋਇਆ ਹੈ, ਉਹ ਸਰਕਸ ਬਾਰੇ ਘੱਟ ਜਾਣਦੇ ਹਨ। ਇਵੇਂ ਹੀ ਜਿਨ੍ਹਾਂ ਸਰਕਸ ਦੇਖੀ ਹੈ, ਉਹ ਸਰਕਸੀ ਸ਼ੇਰਾਂ ਬਾਰੇ ਵੱਧ ਜਾਣਦੇ ਹਨ, ਬਾਕੀ ਦੇਖਣ ਵਾਲਿਆਂ ਤੋਂ ਘੱਟ ਜਾਣਦੇ ਹਨ।
ਸਰਕਸੀ ਸ਼ੇਰ ਦੇਖਣ ਵਿੱਚ ਅਸਲੀ ਸ਼ੇਰ ਤੋਂ ਜ਼ਿਆਦਾ ਸੁੰਦਰ ਅਤੇ ਰੋਹਬਦਾਰ ਦਿਖਾਈ ਦਿੰਦਾ ਹੈ। ਉਹ ਸਰਕਸ ਵਿੱਚ ਅਣਕਿਆਸੇ ਕੰਮ ਵੀ ਕਰਦਾ ਹੈ, ਪਰ ਅੰਦਰੋਂ ਉਹ ਪੂਰੀ ਤਰ੍ਹਾਂ ਡਰਿਆ ਹੋਇਆ ਹੁੰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਹ ਜੋ ਕਰ ਰਿਹਾ, ਉਹ ਸਭ ਆਪਣੇ ਮਾਸਟਰ ਦੇ ਇਸ਼ਾਰੇ ’ਤੇ ਕਰ ਰਿਹਾ ਹੈ। ਇਸ ਕਰਕੇ ਗ਼ਲਤੀ ਕਰਨ ’ਤੇ ਉਸ ਦੀ ਰੀਪੇਅਰ ਵੀ ਕੀਤੀ ਜਾਂਦੀ ਹੈ, ਪਰ ਟਿਕਟਾਂ ਲੈ ਕੇ ਬੈਠੇ ਦਰਸ਼ਕ ਉਸ ਤੋਂ ਅਸਲੀ ਸ਼ੇਰ ਵਾਂਗ ਭੈਅ ਕਰਦੇ ਹਨ।
ਅੱਜਕੱਲ੍ਹ ਦੁਨੀਆ ਵਿੱਚ ਦੋ ਸ਼ੇਰ ਟਰੰਪ ਅਤੇ ਮੋਦੀ ਅਣਕਿਆਸੇ ਕੰਮ ਕਰ ਰਹੇ ਹਨ। ਦੋਵੇਂ ਕਾਫ਼ੀ ਭੱਜ-ਦੌੜ ਕਰ ਰਹੇ ਹਨ, ਪਰ ਅਸਲੀਅਤ ਵਿੱਚ ਸਭ ਕੁਝ ਪਹਿਲੀ ਵਾਲੀ ਜਗ੍ਹਾ ਹੀ ਖੜੋਤਾ ਹੈ। ਉਂਝ ਟਰੰਪ ਨੂੰ ਜਿਤਾਉਣ ਅਤੇ ਉਸ ਦੀ ਮਦਦ ਲਈ ਮੋਦੀ ਸਾਹਿਬ ਅਮਰੀਕਾ ਜਾ ਕੇ ਕਈ ਭਰਮ-ਭੁਲੇਖਿਆ ਵਿੱਚ ਕੀਤੇ ਇਕੱਠ ਨੂੰ ਸੰਬੋਧਨ ਕਰਦਾ ਹੈ। ‘ਹੌਦੀ ਮੋਦੀ’ ਦਾ ਨਾਅਰਿਆਂ ਨਾਲ ਦੋਹਾਂ ਦੀ ਜੈ-ਜੈ ਕਾਰ ਹੁੰਦੀ ਹੈ। ਅਖੀਰ ਟਰੰਪ ਨੂੰ ਜਿਤਾਉਣ ਦਾ ਨਾਹਰਾ ਦੇ ਕੇ ਮੋਦੀ ਸੁਰਖਰੂ ਹੋ ਕੇ ਭਾਰਤ ਵਾਪਸ ਮੁੜ ਆਉਂਦਾ ਹੈ। ਇਸਦਾ ਕਿਸੇ ਭਾਰਤੀ ਨੂੰ ਕਿਤੇ ਵੀ ਕੋਈ ਲਾਭ ਨਹੀਂ ਪਹੁੰਚਦਾ।
ਦੂਜੇ ਪਾਸੇ ਟਰੰਪ ਸਾਹਿਬ ਮੋਦੀ ਦਾ ਅਹਿਸਾਨ ਵਾਪਸ ਕਰਨ ਲਈ ਭਾਰਤ ਆਉਂਦਾ ਹੈ, ਜਿਸ ਲਈ ਭਾਰਤ ਪੱਬਾਂ ਭਾਰ ਹੋਇਆ ਰਹਿੰਦਾ ਹੈ। ਕਰੋੜਾਂ ਰੁਪਇਆ ਖ਼ਰਚ ਕੇ ‘ਨਮਸਤੇ ਟਰੰਪ’ ਅਖਵਾਇਆ ਜਾਂਦਾ ਹੈ, ਪਰ ਇਸਦਾ ਫਾਇਦਾ ਵੀ ਕਿਸੇ ਨੂੰ ਨਹੀਂ ਹੁੰਦਾ। ਇਹ ਉਹ ਵਕਤ ਸੀ, ਜਦੋਂ ਸਾਡੇ ਐੱਨ ਗਵਾਂਢ ਚੀਨ ਵਿੱਚ ਕੋਰੋਨਾ ਦੀ ਮਹਾਂਮਾਰੀ ਚੱਲ ਰਹੀ ਸੀ। ਇਸ ਕਰਕੇ ਭਾਰਤ ਦੀਆਂ ਵਿਰੋਧੀ ਪਾਰਟੀਆਂ, ਖਾਸ ਕਰਕੇ ਸ਼ਿਵ ਸੈਨਾ ਨੇ ਤਾਂ ਬਕਾਇਦਾ ਪ੍ਰੈੱਸ ਕਾਰਨਫ਼ਰੰਸ ਕਰਕੇ ਇੱਥੋਂ ਤਕ ਆਖ ਦਿੱਤਾ ਕਿ ਟਰੰਪ ਦੇ ਡੈਲੀਗੇਸ਼ਨ ਵਿੱਚ ਕੋਰੋਨਾ ਪ੍ਰਭਾਵਤ ਵਿਅਕਤੀ ਸ਼ਾਮਲ ਹੋਏ ਸਨ। ਯਾਦ ਕਰੋ ਇਹ ਇਕੱਠ ਜੋ ਅਹਿਮਦਾਬਾਦ ਕੀਤਾ ਗਿਆ, ਜਿਸ ਵਿੱਚ ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਅਗਰ ਇਹ ਪੈਸਾ, ਜੋ ਅਜਿਹਾ ਇਕੱਠ ਕਰਨ ’ਤੇ ਲਾਇਆ ਗਿਆ, ਅਗਰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਇਆ ਜਾਂਦਾ ਤਾਂ ਅੱਜ ਦੇ ਦਿਨ ਇਸ ਬਿਮਾਰੀ ਤੋਂ ਪ੍ਰਭਾਵਤ ਦੋ ਲੱਖ ਤੋਂ ਵੱਧ ਮਰੀਜ਼ ਭਾਰਤ ਵਿੱਚ ਨਾ ਹੁੰਦੇ।
ਗੱਲਾਂਬਾਤਾਂ ਵਿੱਚ ਟਰੰਪ ਮੋਦੀ ਤੋਂ ਅੱਗੇ ਲੱਗਦਾ ਹੈ। ਉਸ ਨੇ ਪਹਿਲਾਂ ਹੀ ਆਪਣੇ ਬਿਆਨ ਵਿੱਚ ਡੇਢ-ਦੋ ਲੱਖ ਤਕ ਕੋਰੋਨਾ ਨਾਲ ਮਰਨ ਦੀ ਸੰਖਿਆ ਦੱਸ ਦਿੱਤੀ ਸੀ, ਜਿਸ ਕਰਕੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਲਗਾਤਾਰ ਗਿਣਤੀ ਵਧਦੀ ਰਹੀ, ਪਰ ਉੱਥੇ ਦੇ ਲੋਕ ਇਸ ਨੂੰ ਐਕਟ ਆਫ ਗੌਡ ਸਮਝ ਕੇ ਚੁੱਪ ਰਹੇ। ਦੂਜੇ ਪਾਸੇ ਟਰੰਪ ਨੇ ਕੋਰੋਨਾ ਬੀਮਾਰੀ ਵੱਲ ਧਿਆਨ ਅਤੇ ਪੈਸਾ ਘੱਟ ਦਿੱਤਾ ਅਤੇ ਲਗਾਤਾਰ ਚੀਨ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਇੱਥੋਂ ਤਕ ਝੂਠ ਨੂੰ ਘਸੀਟਦਾ ਲੈ ਗਿਆ ਕਿ ਕੋਰੋਨਾ ਵਾਇਰਸ ਕੁਦਰਤੀ ਨਹੀਂ, ਬਲਕਿ ਚਾਈਨਾ ਮੇਡ ਹੈ। ਦੂਜੇ ਪਾਸੇ ਡਬਲਯੂ ਐੱਚ ਓ ’ਤੇ ਵੀ ਦੋਸ਼ ਲਾ ਕੇ ਮਦਦ ਬੰਦ ਕਰਨ ਦੀ ਧਮਕੀ ਦੇ ਕੇ ਦੇਸ਼ ਵਾਸੀਆਂ ਦਾ ਧਿਆਨ ਦੂਜੇ ਪਾਸੇ ਲਾ ਦਿੱਤਾ। ਹਾਲੇ ਚੀਨੀ ਮਾਲ ਦਾ ਬਾਈਕਾਟ ਕਰਨ, ਚੀਨ ਨਾਲ ਸਿੱਝਣ ਦੀਆਂ ਧਮਕੀਆਂ ਚੱਲ ਹੀ ਰਹੀਆਂ ਸਨ ਕਿ ਸਰਕਸੀ ਸ਼ੇਰ ਦੀ ਮਾੜੀ ਕਿਸਮਤ ਕਿ ‘ਮਿਨੇਸੋਟਾ ਰਾਜ’ ਦੇ ਮਿਨੀਐਪੋਲਿਸ ਵਿੱਚ ਇੱਕ ਗੋਰੇ ਪੁਲਸੀਏ ਵੱਲੋਂ ਇੱਕ ਕਾਲੇ ਅਫ਼ਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਧੌਣ ’ਤੇ ਗੋਡਾ ਰੱਖ ਕੇ ਮਾਰਨ ਖ਼ਿਲਾਫ਼ ਅਮਰੀਕਾ ਵਿੱਚ ਸ਼ੁੱਕਰਵਾਰ ਯਾਨਿ 10ਵੇਂ ਦਿਨ ਤਕ ਵੀ ਵੱਖ-ਵੱਖ ਸੂਬਿਆਂ ਵਿੱਚ ਮੁਜ਼ਾਹਰੇ ਹੁੰਦੇ ਰਹੇ। ਹੁਣ ਤਕ ਵਧ ਤੋਂ ਵੱਧ ਰਾਜਾਂ ਦੇ ਤਕਰੀਬਨ 8/10 ਦਰਜਨ ਸ਼ਹਿਰਾਂ ਵਿੱਚ ਕਰਫਿਊ ਲਾਉਣਾ ਪਿਆ, ਜਿਸ ਬਾਰੇ ਟਰੰਪ ਤਰ੍ਹਾਂ ਤਰ੍ਹਾਂ ਦੇ ਭੜਕਾਊ ਨਾਅਰੇ ਲਾ ਰਿਹਾ। ਉਹ ਆਪਣੀ ਗਲਤੀ ਮੰਨਣ ਦੀ ਬਜਾਏ ਖੱਬੇ ਪੱਖੀਆਂ ’ਤੇ ਹਿੰਸਾ ਭੜਕਾਊ ਦਾ ਦੋਸ਼ ਲਾ ਰਿਹਾ ਹੈ, ਕਦੀ ਫ਼ੌਜ ਮੰਗਾਉਣ ਅਤੇ ਲਾਉਣ ਦੀ ਗੱਲ ਕਰ ਰਿਹਾ ਹੈ। ਪਰ ਅਮਰੀਕਾ ਦੀ ਆਮ ਜਨਤਾ ਜਾਗਰੂਕ ਹੋ ਚੁੱਕੀ ਹੈ, ਉਹ ਇਸ ਨਸਲੀ ਮਰਡਰ ਦੇ ਖਿਲਾਫ਼ ਖੜ੍ਹੀ ਹੋ ਚੁੱਕੀ ਹੈ। ਮੁਜ਼ਾਹਰੇ ਕਰ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਕਈ ਥਾਂ ਹਿੰਸਾ ਵੀ ਹੋ ਚੁੱਕੀ ਹੈ। ਕੁਝ ਲੁੱਟ ਦੀਆਂ ਵੀ ਵਾਰਦਾਤਾਂ ਹੋ ਰਹੀਆਂ ਹਨ, ਜੋ ਅਜਿਹੀ ਹਮਦਰਦੀ ਨੂੰ ਕਮਜ਼ੋਰ ਕਰਦੀਆਂ ਹਨ। ਲੁੱਟ-ਖੋਹ ਕਰਨ ਵਾਲਿਆਂ ਦੀ ਨਿੰਦਿਆ ਹੋਣੀ ਚਾਹੀਦੀ ਹੈ। ਉਂਝ ਇਹ ਅਵਾਮ ਦੀ ਲਹਿਰ ਅਮਰੀਕਾ ਵਿੱਚ ਹੀ ਨਹੀਂ, ਲੰਡਨ ਵਿੱਚ ਵੀ ਲੋਕਾਂ ਨੇ ਰੋਹ ਭਰੇ ਮੁਜ਼ਾਹਰੇ ਕੀਤੇ ਹਨ।
ਤੁਸੀਂ ਅਮਰੀਕਾ ਦੇ ਲੋਕਾਂ ਦਾ ਧੀਰਜ ਅਤੇ ਸਿਆਣਪ ਦੇਖੋ, ਉਨ੍ਹਾਂ ਵਿੱਚ ਜਾਗ੍ਰਿਤੀ ਦੀ ਗੱਲ ਦੇਖੋ। ਕੋਰੋਨਾ ਵਾਇਰਸ ਕਰਕੇ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ। ਆਮ ਜਨਤਾ ਨੇ ਇਸ ਨੂੰ ਕੁਦਰਤੀ ਆਫ਼ਤ ਮਨ ਕੇ ਆਪਣਾ ਧੀਰਜ ਰੱਖਿਆ। ਪਰ ਜਦ ਹੀ ਹੌਸਟਨ ਦਾ ਜੰਮੇ ਅਫ਼ਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਹੱਤਿਆ, ਜਿਹੜੀ ਇੱਕ ਗੋਰੇ ਪੁਲਸੀਏ ਰਾਹੀਂ ਕੀਤੀ ਗਈ, ਦੀ ਖ਼ਬਰ ਅਮਰੀਕੀ ਲੋਕਾਂ ਨੇ ਸੁਣੀ ਤਾਂ ਉਨ੍ਹਾਂ ਦੇ ਅੰਦਰਲਾ ਮਨੁੱਖ ਜਾਗ ਉੱਠਿਆ, ਉਨ੍ਹਾਂ ਦੀ ਆਤਮਾ ਜਾਗ ਉੱਠੀ। ਇਕਦਮ ਸਭ ਫਿਰਕਿਆਂ ਦੇ ਲੋਕ, ਵੱਖ-ਵੱਖ ਦੇਸ਼ਾਂ ਦੇ ਲੋਕ, ਵੱਖ-ਵੱਖ ਧਰਮਾਂ ਦੇ ਲੋਕ ਇਕਦਮ ਇੱਕ ਅਵਾਜ਼ ਹੋ ਕੇ ਅਜਿਹੇ ਜ਼ੁਲਮ ਦੇ ਖ਼ਿਲਾਫ਼ ਇਕੱਠੇ ਹੋ ਗਏ। ਉਹ ਇਕੱਠੇ ਹੋ ਕੇ, ਲੜ ਰਹੇ ਹਨ, ਇਨਸਾਫ਼ ਲਈ ਮਰ ਵੀ ਰਹੇ ਹਨ, ਅਜਿਹੇ ਸੁਲਝੇ ਹੋਏ ਲੋਕਾਂ ਤੋਂ ਸਿੱਖਣ ਦੀ ਲੋੜ ਹੈ।
ਅਮਰੀਕਾ ਦੀ ਸਮੁੱਚੀ ਪੁਲਿਸ ਪਛਤਾਵੇ ਦੇ ਮੂਡ ਵਿੱਚ ਹੈ। ਉਹ ਮੁਜ਼ਾਹਰਾਕਾਰੀਆਂ ਨੂੰ ਅਮਨ ਦੀ ਅਪੀਲ ਕਰ ਰਹੀ ਹੈ। ਉਹ ਮੁਜ਼ਾਹਰਾ ਕਰ ਰਹੇ ਲੋਕਾਂ ਅੱਗੇ ਝੁਕ ਰਹੀ ਹੈ। ਆਪਣੇ ਗੋਡੇ ਟੇਕ ਆਪਣੇ ਵੱਲੋਂ ਪਛਤਾਵਾ ਕਰਕੇ ਜਨਤਾ ਨੂੰ ਆਖ ਰਹੀ ਹੈ ਕਿ ਤੁਸੀਂ ਸ਼ਾਂਤੀ ਰੱਖੋ, ਅਸੀਂ ਤੁਹਾਡੇ ਨਾਲ ਹਾਂ।
ਉੱਧਰ ਤੁਸੀਂ ਸਰਕਸੀ ਸ਼ੇਰ ਦਾ ਰੋਲ ਦੇਖੋ, ਉਹ ਧਮਕਾ ਰਿਹਾ ਹੈ। ਉਹ ਗਵਰਨਰਾਂ ਨੂੰ ਮਾੜਾ-ਚੰਗਾ ਆਖ ਰਿਹਾ ਹੈ। ਉਹ ਫੌਜ ਬੁਲਾਉਣ ਦੀ ਧਮਕੀ ਦੇ ਰਿਹਾ, ਪਰ ਸਭ ਵਿਅਰਥ ਜਾ ਰਿਹਾ ਹੈ। ਇਸੇ ਦੌਰਾਨ ਹਿਊਸਟਨ ਦੇ ਪੁਲਿਸ ਮੁਖੀ ਆਰਟ ਐਸਵੈਡੋ ਨੇ ਇੱਕ ਟੀ ਵੀ ’ਤੇ ਕਿਹਾ ਕਿ ਟਰੰਪ ਜੇ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਆਪਣਾ ਮੂੰਹ ਹੀ ਬੰਦ ਰੱਖਣ। ਭਾਵ ਪੁੱਠੇ-ਸਿੱਧੇ ਬਿਆਨ ਹੀ ਨਾ ਦੇਣ। ਪੁਲਿਸ ਮੁਖੀ ਨੇ ਅੱਗੇ ਕਿਹਾ ਕਿ ਵੋਟਾਂ ਆਉਣ ਵਾਲੀਆਂ ਹਨ, ਭੰਨ-ਤੋੜ ਬੰਦ ਕਰੋ। ਆਪਣੀ ਅਵਾਜ਼ ਬੁਲੰਦ ਕਰੋ। ਪੋਲਿੰਗ ਬੂਥ ਵਿੱਚ ਪੁਰਅਮਨ ਢੰਗ ਨਾਲ ਆਪਣੀ ਰਾਇ ਦੇਵੋ। ਸਹੀ ਬਟਣ ਦਬਾ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ। ਨਫ਼ਰਤ ਤਿਆਗ ਕੇ ਇੱਕ-ਦੂਜੇ ਦਾ ਹੱਥ ਫੜੋ, ਅਜਿਹਾ ਨਾ ਹੋਵੇ ਕਿ ਸਹੀ ਲੋਕ ਪਛੜ ਜਾਣ ਅਤੇ ਦੋਸ਼ੀ ਫਿਰ ਫਾਇਦਾ ਉਠਾ ਜਾਣ।
ਸਰਕਸੀ ਸ਼ੇਰ ਬੋਲ ਰਿਹਾ ਹੈ, ਰੌਲਾ ਪਾ ਰਿਹਾ ਹੈ। ਕੋਈ ਸੁਣ ਨਹੀਂ ਰਿਹਾ, ਪਰ ਦਹਾੜੀ ਜਾ ਰਿਹਾ ਹੈ। ਕਦੇ ਬੰਕਰ ਵਿੱਚ ਲੁਕ ਰਿਹਾ ਹੈ, ਕਦੇ ਕਿਤੇ ਲੁਕ ਰਿਹਾ ਹੈ। ਉਸ ਨੂੰ ਜਨਤਾ ਦਾ ਸਾਹਮਣਾ ਕਰਨਾ ਔਖਾ ਲੱਗ ਰਿਹਾ ਹੈ। ਜਨਤਾ ਦਾ ਸਾਹਮਣਾ ਕਰਨ ਲਈ ਸੱਚ ਪੱਲੇ ਹੋਣਾ ਚਾਹੀਦਾ ਹੈ। ਮੋਦੀ ਜੀ ਵੀ ਇਸੇ ਕਰਕੇ ਅੱਜ ਤਕ ਇੱਕ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਕਰ ਸਕੇ। ਪਰ ਆਖਰ ਇੱਕ ਗੱਲ ਮੰਨਣੀ ਪਵੇਗੀ ਕਿ ਟਰੰਪ ਅਤੇ ਮੋਦੀ ਹੈਨ ਸ਼ੇਰ ਹੀ ...?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2182)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)