“ਅੱਗੇ ਵਾਂਗ ਇਸ ਵਾਰ ਵੀ ਗੇਂਦ ਵਿਰੋਧੀਆਂ ਦੇ ਪਾਲੇ ਵਿੱਚ ਹੈ ਕਿ ਚੋਣਾਂ ਦੌਰਾਨ ਕਿਹੜੇ ਸਾਂਝੇ ਮੁੱਦੇ ...”
(27 ਜੂਨ 2023)
2024 ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਭਾਰਤ ਦੀਆਂ ਸਭ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਰਫ਼ਤਾਰ ਫੜ ਰਹੀਆਂ ਹਨ। ਇਸ ਵਕਤ ਭਾਰਤ ’ਤੇ ਕਾਬਜ਼ ਭਾਜਪਾ ਸਿਆਸੀ ਪਾਰਟੀ ਨੇ ਹਰ ਵਾਂਗ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਰੱਖੀ ਹੈ। ਨੌਂ ਸਾਲ ਮੋਦੀ ਰਾਜ ਗੱਦੀ ’ਤੇ ਬੈਠੇ ਨੂੰ ਪੂਰੇ ਹੋਏ ਹਨ। ਵੀਹ ਸੌ ਚੌਵੀ ਨੂੰ ਪੂਰੇ ਦਸ ਸਾਲ ਪੂਰੇ ਹੋ ਜਾਣਗੇ। ਇਸ ਕਰਕੇ ਪਾਰਟੀ ਪੱਬਾਂ ਭਾਰ ਹੋ ਕੇ ਪ੍ਰਚਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਆਪਣੀ ਆਦਤ ਮੁਤਾਬਕ ਭਾਜਪਾ ਝੂਠ ਨੂੰ ਥੋਕ ਵਿੱਚ ਸੱਚ ਦੇ ਰੂਪ ਵਿੱਚ ਪ੍ਰਚਾਰ ਰਹੀ ਹੈ।
ਸਭ ਜਾਣਦੇ ਹਨ ਕਿ ਮੋਦੀ ਜੀ ਅੱਜ-ਕੱਲ੍ਹ ਅਮਰੀਕਾ ਦੌਰਾ ਖ਼ਤਮ ਕਰਕੇ ਮਿਸਰ ਰਵਾਨਾ ਹੋ ਚੁੱਕੇ ਹਨ, ਪਰ ਇਹ ਬਹੁਤੇ ਭਾਰਤੀਆਂ ਨੂੰ ਨਹੀਂ ਪਤਾ ਹੋਵੇਗਾ ਕਿ ਇਸ ਵਾਰ ਦਾ ਮੋਦੀ ਜੀ ਦੇ ਦੌਰੇ ਦਾ ਸਾਰਾ ਖਰਚਾ ਅਮਰੀਕਾ ਦੀ ਸਰਕਾਰ ਕਰ ਰਹੀ ਹੈ। ਇਹ ਸੁਣ ਕੇ ਕਈ ਮਿੱਤਰ-ਪਿਆਰੇ ਹੈਰਾਨ ਹੋਣਗੇ ਕਿ ਮੋਦੀ ਜੀ ਕਿੰਨੇ ਮਹਾਨ ਹਨ ਕਿ ਉਨ੍ਹਾਂ ਦਾ ਪੂਰਾ-ਪੂਰਾ ਖਰਚਾ ਅਮਰੀਕਾ ਸਰਕਾਰ ਦੇਵੇਗੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਹਿਲਾ ਮੌਕਾ ਨਹੀਂ। ਇਸ ਤੋਂ ਪਹਿਲਾਂ ਵੀ ਅਮਰੀਕਾ ਨੂੰ ਜਦੋਂ ਲੋੜ ਮਹਿਸੂਸ ਹੁੰਦੀ ਹੈ, ਉਹ ਅਜਿਹੀ ਘੋਸ਼ਣਾ ਕਰਦਾ ਹੈ। ਇਸ ਤੋਂ ਪਹਿਲਾਂ ਵੀ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੂੰ ਵੀ 2008 ਵਿੱਚ ਦੌਰੇ ਦੌਰਾਨ ਅਜਿਹੀਆਂ ਸਹੂਲਤਾਂ ਦਿੱਤੀਆਂ ਸਨ। ਸਰਦਾਰ ਮਨਮੋਹਨ ਸਿੰਘ ਤੋਂ ਪਹਿਲਾਂ ਵੀ ਇੱਕ ਵਾਰ ਹੋ ਚੁੱਕਾ ਹੈ। ਤੁਸੀਂ ਇਉਂ ਵੀ ਆਖ ਸਕਦੇ ਹੋ ਕਿ ਇਹ ਕਿਸੇ ਭਾਰਤੀ ਨੇਤਾ ਦਾ ਮੁਫ਼ਤ ਦਾ ਤੀਜਾ ਦੌਰਾ ਸੀ।
ਇਹ ਤਾਂ ਅੰਤਰਰਾਸ਼ਟਰੀ ਤੌਰ ’ਤੇ ਪ੍ਰਾਹੁਣਚਾਰੀ ਦਾ ਦਸਤੂਰ ਬਣ ਚੁੱਕਾ ਹੈ ਕਿ ਸੱਦੇ ਗਏ ਪ੍ਰਾਹੁਣੇ ਦੀ ਆਓ-ਭਗਤ ਆਪਣੇ ਵਿੱਤ ਤੋਂ ਜ਼ਿਆਦਾ ਕੀਤੀ ਜਾਵੇ। ਸਮੁੱਚੇ ਭਾਰਤੀ ਵੱਧ ਤੋਂ ਵੱਧ ਇਕੱਠ ਕਰਦੇ ਹਨ, ਮਿਲਦੇ ਹਨ, ਨਾਅਰੇ ਲਾਉਂਦੇ ਹਨ। ਤਕਰੀਬਨ ਉਹ ਸਭ ਭਾਰਤੀ ਹੋਣ ਕਰਕੇ ਭਾਰਤੀ ਅੰਬੈਸੀ ਤਕ ਉਨ੍ਹਾਂ ਨੂੰ ਕੰਮਕਾਰ ਪੈਂਦੇ ਰਹਿੰਦੇ ਹਨ। ਇਸ ਕਰਕੇ ਉਹ ਆਪਣੀ ਅਵਾਜ਼ ਵਿੱਚ ਮੋਦੀ, ਮੋਦੀ, ਪੁਕਾਰਦੇ ਰਹਿੰਦੇ ਹਨ। ਮਿਸਟਰ ਟਰੰਪ ਵੇਲੇ ਵੀ ਜਦੋਂ ਟਰੰਪ ਭਾਰਤ ਆਇਆ, ਅਥਾਹ ਪੈਸਾ ਖਰਚ ਕੀਤਾ ਗਿਆ। ਮੋਦੀ ਸਾਹਿਬ ਅਮਰੀਕਾ ਜਾ ਕੇ ਆਪਣੇ ਲੋਕਾਂ ਨੂੰ ਸੰਬੋਧਨ ਹੋ ਕੇ ਵਾਰ-ਵਾਰ ਆਖ ਕੇ ਨਾਅਰੇ ਲਗਾਉਂਦੇ ਰਹੇ ਕਿ “ਅਬ ਕੀ ਬਾਰ ਟਰੰਪ ਸਰਕਾਰ” ਪਰ ਨਤੀਜੇ ਤੋਂ ਸਭ ਜਾਣੂ ਹਨ ਕਿ ਕਿਵੇਂ ਟਰੰਪ ਸਾਹਿਬ ਮੋਦੀ ਦੀ ਹਿਮਾਇਤ ਤੋਂ ਬਾਅਦ ਵੀ ਮੂੰਹ ਭਾਰ ਡਿੱਗਿਆ।
ਦੁਨੀਆ ਦੇ ਅਮੀਰਾਂ ਵਿੱਚੋਂ ਮਿਸਟਰ ਐਲਨ ਮਸਕ ਨੇ ਮੋਦੀ ਨੂੰ ਮਿਲ ਕੇ ਕਿਹਾ ਹੈ ਕਿ ਮੈਂ ਮੋਦੀ ਦਾ ਪਹਿਲਾਂ ਹੀ ਫੈਨ ਹਾਂ। ਉਹ ਬਿਜ਼ਨੈਸਮੈਨ ਹੈ। ਉਸ ਦੀਆਂ ਭਾਰਤ ਦੀ ਮੰਡੀ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਨੂੰ ਅਜਿਹਾ ਦੇਖ-ਸੁਣ ਕੇ ਚਾਂਭਲਣਾ ਨਹੀਂ ਚਾਹੀਦਾ। ਸਭ ਜਾਣਦੇ ਹਨ ਕਿ ਅਜਿਹੇ ਸ਼ੋਸ਼ਿਆਂ ਦਾ ਭਾਰਤ ਦੀ ਅਰਥ ਵਿਵਸਥਾ ਉੱਤੇ ਕੋਈ ਫ਼ਰਕ ਪੈਣ ਵਾਲਾ ਨਹੀਂ ਹੈ। ਭਾਰਤ ਦੇ ਅੰਕੜੇ ਬੋਲਦੇ ਹਨ ਕਿ ਭਾਰਤ ਦੇ ਪਹਿਲੇ ਚੌਦਾਂ ਪ੍ਰਧਾਨ ਮੰਤਰੀਆਂ ਸਮੇਂ 2014 ਤਕ ਪਚਵੰਜਾ ਲੱਖ ਕਰੋੜ ਸਰਕਾਰ ਸਿਰ ਕਰਜ਼ਾ ਸੀ, ਪਰ ਮੋਦੀ ਸਾਹਿਬ ਦੇ ਆਉਣ ਕਰਕੇ ਪਿਛਲੇ ਨੌਂ ਸਾਲਾਂ ਦੌਰਾਨ ਭਾਰਤ ਸਿਰ ਇੱਕ ਸੌ ਪਚਵੰਜਾ ਲੱਖ ਕਰੋੜ ਹੋ ਗਿਆ। ਯਾਨੀ ਮੋਦੀ ਜੀ ਨੇ ਨੌਂ ਸਾਲਾਂ ਵਿੱਚ ਹੀ ਹੋਰ ਸੌ ਲੱਖ ਕਰੋੜ ਕਰਜ਼ਾ ਚਾੜ੍ਹ ਦਿੱਤਾ।
ਭਾਰਤ ਵਿੱਚ ਸਭ ਅੱਛਾ ਨਹੀਂ ਹੈ। ਲੋਕਾਂ ਨੇ ਦੇਖਿਆ ਕਿ ਦੇਸ਼ ਦੀਆਂ ਭਲਵਾਨ ਬੇਟੀਆਂ ਮਹੀਨਿਆਂ ਬੱਧੀ ਧਰਨੇ ’ਤੇ ਬੈਠਣ ਤੋਂ ਬਾਅਦ ਅਖ਼ੀਰ ਸੁਪਰੀਮ ਕੋਰਟ ਦੇ ਹੁਕਮ ’ਤੇ ਹੀ ਉਸ ਸਾਂਸਦ ਪਹਿਲਵਾਨ ਪ੍ਰਧਾਨ ਖ਼ਿਲਾਫ਼ ਪਰਚਾ ਦਰਜ ਹੋਇਆ, ਜਿਸ ’ਤੇ ਚਾਲੀ ਤੋਂ ਵੱਧ ਵੱਖ-ਵੱਖ ਧਰਾਵਾਂ ਹੇਠਾਂ ਪਹਿਲਾਂ ਹੀ ਪਰਚੇ ਦਰਜ ਹਨ। ਸੁਪਰੀਮ ਕੋਰਟ ਦੇ ਦਬਾਅ ਹੇਠ ਪਹਿਲਾਂ ਹੀ ਚਲਾਨ ਅਦਾਲਤ ਵਿੱਚ ਦਿੱਤਾ ਗਿਆ ਹੈ।
ਜੋ ਯੂ ਪੀ ਵਿੱਚ ਹੋਇਆ ਅਤੇ ਹੋ ਰਿਹਾ ਹੈ, ਜਿਸਦੇ ਯੋਗੀ ਸਰਕਾਰ ਦਮਗਜ਼ੇ ਮਾਰ ਰਹੀ ਹੈ, ਕਿਵੇਂ ਅਪਰਾਧੀ ਅਤੀਕ ਅਹਿਮਦ ਪੁਲਿਸ ਕਸਟਡੀ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਭਰਾ ਸਣੇ ਹੱਥ-ਕੜੀ ਦੌਰਾਨ ਮਾਰਿਆ ਗਿਆ। ਇਸ ਕਰਕੇ ਤਕਰੀਬਨ ਹੀ ਇੱਕ ਸੌ ਤਰਿਆਸੀ (183) ਐਨਕਾਊਂਟਰਾਂ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਗਈ ਹੈ, ਕਿਉਂਕਿ ਐਨਕਾਊਂਟਰਾਂ ਨਾਲ ਲੋਕਾਂ ਦਾ ਅਦਾਲਤਾਂ ਤੋਂ ਭਰੋਸਾ ਉੱਠਦਾ ਹੈ ਤੇ ਸਰਕਾਰਾਂ ਘਮੰਡੀ ਹੋ ਜਾਂਦੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਰਾਜ ਦੌਰਾਨ ਉਸ ਨੇ ਨਫ਼ਰਤ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਇੱਥੋਂ ਤਕ ਪਹੁੰਚਾ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਇੱਕ ਮੱਤ ਹੋ ਕੇ ਆਖਿਆ ਹੈ, ਬਿਨਾਂ ਕਿਸੇ ਮੱਤ-ਭੇਦ ਅਤੇ ਬਿਨਾਂ ਕਿਸੇ ਦੇਰੀ ਦੇ ਫੌਰਨ ਸੰਬੰਧਤ ਸੂਬੇ ਦੀ ਸਰਕਾਰ ਐੱਫ ਆਈ ਆਰ ਦਰਜ ਕਰੇ ਅਤੇ ਐਕਸ਼ਨ ਹੋਵੇ। ਸੁਪਰੀਮ ਕੋਰਟ ਨੇ ਇਹ ਵੀ ਆਖਿਆ ਹੈ ਕਿ ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਇਸ ਨੂੰ ਕੋਰਟ ਦੇ ਹੁਕਮਾਂ ਦੀ ਮਾਣਹਾਨੀ ਸਮਝਿਆ ਜਾਵੇਗਾ।
ਅਮਰੀਕਾ ਵਿੱਚ ਪ੍ਰਧਾਨ ਮੰਤਰੀ ਬਾਰੇ ਜੋ ਮਰਜ਼ੀ ਦ੍ਰਿਸ਼ ਪ੍ਰਸਾਰਤ ਕੀਤੇ ਜਾਣ ਪਰ ਭਾਰਤ ਵਿੱਚ ਵਿਰੋਧੀ ਪਾਰਟੀਆਂ ਇਹ ਸਮਝਦੀਆਂ ਹੋਈਆਂ ਕਿ ਮੋਦੀ ਸਾਹਿਬ ਅਜਿੱਤ ਨਹੀਂ ਹਨ, ਬਿਹਾਰ ਦੇ ਪਟਨਾ ਸ਼ਹਿਰ ਵਿੱਚ ਜੁੜੀਆਂ ਹਨ। ਇਨ੍ਹਾਂ ਵਿਰੋਧੀ ਪਾਰਟੀਆਂ ਵਿੱਚੋਂ ਬਹੁਤਿਆਂ ਕੋਲ ਆਪੋ-ਆਪਣੇ ਪ੍ਰਦੇਸ਼ ਵਿੱਚ ਅਥਾਹ ਸ਼ਕਤੀ ਹੈ, ਜਿਸ ਨੂੰ ਆਪਸੀ ਸਹਿਯੋਗ ਅਤੇ ਆਪਸੀ ਤਿਆਗ ਨਾਲ ਹੱਲ ਕੀਤਾ ਜਾ ਸਕਦਾ ਹੈ। ਪਟਨਾ ਮੀਟਿੰਗ ਵਿੱਚ ਤਕਰੀਬਨ 15 ਵਿਰੋਧੀ ਸਿਆਸੀ ਪਾਰਟੀਆਂ ਨੇ ਹਿੱਸਾ ਲਿਆ। ਬਿਹਾਰ ਵਿੱਚ ਜੁੜਨ ਵਾਲੇ ਫਿਰ ਜੁਲਾਈ ਵਿੱਚ ਸ਼ਿਮਲਾ ਜੁੜਨਗੇ। ਪਟਨਾ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਕਿ 2024 ਵਿੱਚ ਮੋਦੀ ਸਰਕਾਰ ਵਿਰੁੱਧ ਇਕੱਠੇ ਹੋ ਕੇ ਚੋਣਾਂ ਲੜੀਆਂ ਜਾਣ। ਸਭ ਜਾਣਦੇ ਹਨ ਕਿ ਭਾਜਪਾ ਵਿੱਚ ਅੰਧ-ਭਗਤਾਂ ਦੀ ਭਰਮਾਰ ਹੈ, ਜਿਸ ਕਰਕੇ ਮੌਜੂਦਾ ਇੰਨੀ ਮਹਿੰਗਾਈ ਵਿੱਚ ਵੀ ਉਹ ਮਹਿੰਗਾਈ ਤੋਂ ਚਿੰਤਤ ਨਹੀਂ ਹਨ, ਜਿੰਨੇ ਪ੍ਰਧਾਨ ਮੰਤਰੀ ਦੀ ਵੀਹ ਸੌ ਚੌਵੀ ਦੀ ਚੋਣ ਤੋਂ ਚਿੰਤਤ ਹੋ ਗਏ ਹਨ।
ਅੱਗੇ ਵਾਂਗ ਇਸ ਵਾਰ ਵੀ ਗੇਂਦ ਵਿਰੋਧੀਆਂ ਦੇ ਪਾਲੇ ਵਿੱਚ ਹੈ ਕਿ ਚੋਣਾਂ ਦੌਰਾਨ ਕਿਹੜੇ ਸਾਂਝੇ ਮੁੱਦੇ ਵਿਰੋਧੀ ਚੁੱਕ ਕੇ ਜਨਤਾ ਨੂੰ ਸਮਝਾਉਣ ਵਿੱਚ ਕਾਮਯਾਬ ਹੋਣਗੇ। ਬਾਕੀ ਮੁੱਖ ਮੁੱਦਿਆਂ ਨੂੰ ਅਗਲੀ ਸ਼ਿਮਲਾ ਮੀਟਿੰਗ ਨੇ ਸਪਸ਼ਟ ਕਰ ਦੇਣਾ ਹੈ ਕਿ ਕੌਣ ਕਿੱਥੋਂ ਲੜੇਗਾ। ਮੌਜੂਦਾ ਸਿਸਟਮ ਨੂੰ ਸੁਧਾਰਨ ਲਈ ਸਭ ਨੂੰ ਇਕੱਠੇ ਹੋ ਕੇ ਜ਼ੋਰ ਲਾਉਣਾ ਪਵੇਗਾ। ਪਟਨਾ ਸਾਹਿਬ ਦੀ ਮੀਟਿੰਗ ਨੇ ਭਾਜਪਾ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਇਸ ਲਈ ਸਾਨੂੰ ਕਲਮ ਤੋਂ ਲੈ ਕੇ ਸਰਹੱਦਾਂ ’ਤੇ ਗੰਨਾਂ ਫੜੀ ਬੈਠੇ ਭਾਰਤੀਆਂ ਨੂੰ ਆਪੋ-ਆਪਣਾ ਬਣਦਾ ਹਿੱਸਾ ਪਾਉਣਾ ਪਵੇਗਾ ਤਾਂ ਕਿ ਇਹ ਤਬਦੀਲੀ ਦੀ ਹਵਾ ਹਨੇਰੀ ਵਿੱਚ ਤਬਦੀਲ ਹੋ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4053)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)