“ਅਜਿਹਾ ਸਭ ਕੁਝ ਕਿਉਂ ਹੋਇਆ? ਕਿਉਂ ਹੋ ਰਿਹਾ ਹੈ? ....”
(21 ਜੂਨ 2020)
ਮੇਰਾ ਦੇਸ਼ ਭਾਰਤ ਜਿੰਨਾ ਇੱਕੀਵੀਂ ਸਦੀ ਦੇ ਸ਼ੁਰੂਆਤ ਮੌਕੇ ਤੋਂ ਸ਼ੁਰੂ ਹੋ ਕੇ ਜੂਨ ਤਕ ਆਉਂਦਾ-ਆਉਂਦਾ ਮੁਸ਼ਕਲਾਂ ਵਿੱਚ ਫਸ ਗਿਆ ਹੈ, ਉਹ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਇਸ ਹਾਲਾਤ ਨੂੰ ਪਹੁੰਚਣ ਵਿੱਚ ਜਿੱਥੇ ਕੁਦਰਤ ਦਾ ਕੁਦਰਤੀ ਕਹਿਰ ਜ਼ਿੰਮੇਵਾਰ ਹੈ, ਉੱਥੇ ਦੂਜੇ ਪਾਸੇ ਮਨੁੱਖ ਅਤੇ ਸਮੇਂ ਦੀਆਂ ਸਰਕਾਰਾਂ ਵੀ ਘੱਟ ਜ਼ਿੰਮੇਵਾਰ ਨਹੀਂ ਹਨ। ਅਸੀਂ ਤੇ ਸਰਕਾਰਾਂ ਆਪਣੀਆਂ ਗ਼ਲਤੀਆਂ ਤੋਂ ਕਿੰਨਾ ਸਬਕ ਸਿੱਖ ਕੇ ਮੁੜ ਅਵਾਮ ਲਈ ਸਮਰਪਣ ਹੋ ਸਕਦੇ ਹਾਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਡਬਲਯੂ ਐੱਚ ਓ ਦੀ ਵਾਰਨਿੰਗ ਅਤੇ ਮਾਹਿਰਾਂ ਦੀ ਰਾਏ ਮੁਤਾਬਕ ਹੀ ਕੋਰੋਨਾ ਕਹਿਰ ਆਪਣੇ ਸਿਖਰ ਵੱਲ ਜਾ ਰਿਹਾ ਹੈ, ਜਿਸ ਨੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਲਗਭਗ ਸਭ ਧਿਰਾਂ ਆਪਣੀ ਹਊਮੈ ਨੂੰ ਛੱਡ ਕੇ ਇਸ ਮਹਾਂਮਾਰੀ ਖ਼ਿਲਾਫ਼ ਇੱਕਜੁੱਟ ਹੋ ਹੀ ਰਹੀਆਂ ਸਨ ਕਿ ਅਚਾਨਕ ਚੀਨ ਦੀ ਕਾਰਵਾਈ ਨੇ ਸਭ ਨੂੰ ਅਚੰਭੇ ਵਿੱਚ ਪਾ ਦਿੱਤਾ ਅਤੇ ਸਾਡਾ ਜਾਨੀ ਨੁਕਸਾਨ ਇੰਨਾ ਕਰ ਦਿੱਤਾ ਕਿ ਜਿਸ ਦੀ ਭਰਪਾਈ ਅਸੰਭਵ ਹੈ।
ਅਜਿਹਾ ਸਭ ਕੁਝ ਕਿਉਂ ਹੋਇਆ? ਕਿਉਂ ਹੋ ਰਿਹਾ ਹੈ? ਅੱਜ ਦੇ ਦਿਨ ਸਾਡੇ ਲਗਭਗ ਸਾਰੇ ਗਵਾਂਢੀ ਛੇੜਾਂ ਛੇੜ ਰਹੇ ਹਨ, ਉਹ ਭਾਵੇਂ ਪਾਕਿ ਹੋਵੇ, ਨੇਪਾਲ ਹੋਵੇ, ਭਾਵੇਂ ਚੀਨ ਹੋਵੇ, ਸਭ ਨੇ ਆਪਣੀ ਵਿੱਤ ਮੁਤਾਬਕ ਭਾਰਤ ਖ਼ਿਲਾਫ਼ ਸਰਗਰਮੀ ਦਿਖਾਈ ਹੈ। ਕਿੱਥੇ ਗ਼ਲਤੀ ਹੈ? ਸਾਨੂੰ ਆਪਣੀ ਵਿਦੇਸ਼ ਨੀਤੀ ਦੀ ਦੁਬਾਰਾ ਪੜਚੋਲ ਕਰਨੀ ਚਾਹੀਦੀ ਹੈ। ਜੇਕਰ ਕਿਤੇ ਕਮੀ ਮਿਲਦੀ ਹੈ ਤਾਂ ਸਾਨੂੰ ਫੌਰਨ ਦਰੁਸਤੀ ਕਰਨੀ ਚਾਹੀਦੀ ਹੈ।
ਭਾਰਤ ਦੀ ਇੱਕ ਖਾਸੀਅਤ ਹੈ ਕਿ ਕਿਸੇ ਵੀ ਮੁਸ਼ਕਲ ਘੜੀ ਵਿੱਚ ਇਹ ਆਪਣੇ ਸਭ ਮੱਤਭੇਦ ਭੁਲਾ ਕੇ ਇੱਕ ਹੋ ਜਾਂਦਾ ਹੈ ਅਤੇ ਇੱਕ ਅਵਾਜ਼ ਬਣ ਜਾਂਦਾ ਹੈ। ਇਹ ਸਮਾਂ ਭਾਵੇਂ 1962 ਚੀਨ ਨਾਲ ਜੰਗ ਦਾ ਹੋਵੇ, ਭਾਵੇਂ 1965 ਦੀ ਪਾਕਿ ਨਾਲ ਜੰਗ ਹੋਵੇ। ਇਹ ਸਮਾਂ ਭਾਵੇਂ 1971 ਪਾਕਿ-ਬੰਗਲਾ ਜੰਗ ਦਾ ਹੋਵੇ, ਕਾਰਗਿਲ ਤੋਂ ਲੈ ਕੇ ਪੁਲਵਾਮਾ ਤਕ ਅਸੀਂ ਸਭ ਇੱਕ ਸੀ ਅਤੇ ਹੁਣ ਵੀ ਇੱਕ ਹਾਂ।
ਲਗਭਗ ਅਸੀਂ ਸਭ ਜਾਣਦੇ ਹਾਂ ਕਿ ਚੀਨ ਨਾਲ ਸਾਡਾ ਕਾਫ਼ੀ ਪੁਰਾਣਾ ਸਰਹੱਦੀ ਝਗੜਾ ਹੈ। ਜਿਹੜੀ ਸਰਹੱਦ ਦਾ ਝਗੜਾ ਹੈ, ਉਸ ਦੀ ਤਕਰੀਬਨ ਦਸ ਬਾਰਾਂ ਕਿਲੋਮੀਟਰ ਘੱਟ ਪੈਂਤੀ ਸੌ ਕਿਲੋਮੀਟਰ ਲੰਬਾਈ ਹੈ। ਇਸ ਲੰਬਾਈ ਵਿੱਚ ਤਕਰੀਬਨ ਦਰਜਨ ਤੋਂ ਵੱਧ ਚੌਦਾਂ ਕੁ ਪੁਆਇੰਟ ਅਜਿਹੇ ਹਨ, ਜਿਹੜੇ ਝਗੜੇ ਵਾਲੇ ਆਖੇ ਜਾ ਸਕਦੇ ਹਨ। ਜਿਨ੍ਹਾਂ ’ਤੇ ਸਮੇਂ-ਸਮੇਂ ਸਿਰ ਗੱਲਬਾਤ ਹੋ ਕੇ ਸਮੀਕਸ਼ਾ ਹੁੰਦੀ ਰਹਿੰਦੀ ਹੈ। ਹੁਣ ਦੀ ਤਾਜ਼ਾ ਝੜਪ ਤੋਂ ਬਾਅਦ ਵਿਦੇਸ਼ ਮੰਤਰੀ ਨੇ ਰਾਹੁਲ ਗਾਂਧੀ ਦੇ ਸਵਾਲਾਂ ਦੇ ਜਵਾਬ ਵਿੱਚ ਆਖਿਆ ਹੈ ਕਿ ਦੋਹਾਂ ਦੇਸ਼ਾਂ ਦੀ ਸਹਿਮਤੀ ਸਦਕਾ ਹੀ ਹੁਣ ਦੀ ਝੜਪ ਵਿੱਚ ਇਸ ਕਰਕੇ ਗੋਲੀ ਨਹੀਂ ਚੱਲੀ ਕਿਉਂਕਿ ਹਥਿਆਰਾਂ ਦੀ ਮਨਾਹੀ ’ਤੇ ਦੋਹਾਂ ਦੇਸ਼ਾਂ ਦੀ ਆਪਸੀ ਸਹਿਮਤੀ ਸੀ। ਫਿਰ ਵੀ ਤੁਸੀਂ ਦੇਖੋ ਕਿ ਬਿਨਾਂ ਹਥਿਆਰਾਂ ਦੀ ਵਰਤੋਂ ਕੀਤਿਆਂ ਸਾਡੇ ਵੀਹ ਜਵਾਨ ਸ਼ਹੀਦ ਕਰ ਦਿੱਤੇ ਹਨ। ਕਈ ਜ਼ਖ਼ਮੀ ਹਨ। ਕਈ ਅਖ਼ਬਾਰਾਂ ਨੇ ਆਪਣੇ ਐਡੀਟੋਰੀਅਲ ਵਿੱਚ ਗੁੰਮ ਹੋਏ ਜਵਾਨਾਂ ਅਤੇ ਜ਼ਖ਼ਮੀਆਂ ਦਾ ਵੀ ਜ਼ਿਕਰ ਕੀਤਾ ਹੈ।
ਚੀਨ ਵਿੱਚ ਡਿਕਟੇਟਰਸ਼ਿੱਪ ਹੈ। ਇਸ ਕਰਕੇ ਉਸ ਦੇਸ਼ ਵਿੱਚ ਕਈ ਸੂਚਨਾਵਾਂ ਤੋਂ ਜਨਤਾ ਨੂੰ ਮਹਿਰੂਮ ਰੱਖਿਆ ਜਾਂਦਾ ਹੈ। ਇਸ ਕਰਕੇ ਉਸ ਨੇ ਇਸ ਝੜਪ ਵਿੱਚ ਹੋਏ ਚੀਨੀ ਨੁਕਸਾਨ ਬਾਰੇ ਕੋਈ ਬਿਆਨ ਨਹੀਂ ਦਿੱਤਾ। ਪਰ ਦੂਜੇ ਪਾਸੇ ਭਾਰਤ ਵਿੱਚ ਤਾਂ ਲੋਕ ਰਾਜ ਹੈ, ਲੋਕਾਂ ਦੁਆਰਾ ਚੁਣੀ ਸਰਕਾਰ ਹੈ। ਫਿਰ ਵੀ ਪੁੱਛਣ ਦੇ ਬਾਵਜੂਦ 15 ਜੂਨ ਨੂੰ ਹੋਈ ਮੰਦਭਾਗੀ ਘਟਨਾ ਬਾਰੇ 17 ਜੂਨ ਦੀ ਦੁਪਹਿਰ ਤਕ ਦੱਸਿਆ ਤਕ ਨਹੀਂ ਗਿਆ ਕਿ ਅਸਲ ਸੱਚਾਈ ਕੀ ਹੈ? ਹਮਲਾ ਕਿਸ ਨੇ ਅਤੇ ਕਿਉਂ ਕੀਤਾ? ਕਿੰਨੀ ਦੂਰੀ ਤੈਅ ਕਰਕੇ ਉਨ੍ਹਾਂ ਭਾਰਤੀ ਜਗ੍ਹਾ ’ਤੇ ਕਬਜ਼ਾ ਕੀਤਾ? ਕੀ ਇਹ ਝੜਪ ਉਦੋਂ ਤਾਂ ਨਹੀਂ ਵਾਪਰੀ ਜਦ ਅਸੀਂ ਆਪਣੀ ਜਗ੍ਹਾ ਦੀ ਵਾਪਸੀ ਮੰਗੀ? ਅਜਿਹੇ ਕਈ ਹੋਰ ਵੀ ਸਵਾਲ ਹਨ, ਜੋ ਸਰਕਾਰ ਨੂੰ ਪੁੱਛੇ ਜਾ ਰਹੇ ਹਨ, ਜਿਨ੍ਹਾਂ ਨੂੰ ਜਾਨਣ ਦਾ ਹੱਕ ਜਨਤਾ ਨੂੰ ਹੈ, ਪਰ ਅਜੇ ਤਕ ਇਹ ਵੀ ਸੱਚ ਹੈ ਕਿ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਗੱਲਬਾਤ ਤੋਂ ਬਾਅਦ ਵੀ ਚੀਨ ਉਸ ਜਗ੍ਹਾ ਤੋਂ ਪਿੱਛੇ ਨਹੀਂ ਹਟਿਆ, ਜਿੱਥੇ ਉਹ ਨਜਾਇਜ਼ ਪਹੁੰਚਿਆ ਹੈ।
ਇਸ ਸਮੇਂ ਸਭ ਦੇਸ਼ ਵਾਸੀਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਵੱਲ ਲੱਗੀਆਂ ਹੋਈਆਂ ਹਨ। ਉਹ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਤੋਂ ਸੰਤੁਸ਼ਟ ਨਹੀਂ ਹਨ। ਉਹ ਛਪੰਜਾ ਇੰਚ ਦੀ ਛਾਤੀ ਵਾਲਾ ਬਿਆਨ ਉਡੀਕ ਰਹੀ ਹੈ। ਉਹ ਆਪਣੇ ਦੇਸ਼ ਤੋਂ ਕੁਰਬਾਨ ਹੋਏ ਜਾਂਬਾਜ਼ਾਂ ਦਾ ਜਵਾਬ ਚਾਹੁੰਦੇ ਹਨ। ਚੀਨ ਵੱਲੋਂ ਜਿੰਨੀ ਗ਼ਲਤੀ ਕੀਤੀ ਗਈ ਹੈ, ਉਸ ਨੂੰ ਉਸ ਦਾ ਬਣਦਾ ਜਵਾਬ ਦੇ ਕੇ ਹਿਸਾਬ-ਕਿਤਾਬ ਦੀ ਪੂਰਤੀ ਕੀਤੀ ਜਾਵੇ। ਸ਼ਹੀਦ ਹੋਣ ਵਾਲੇ ਨੌਜਵਾਨਾਂ ਦੀਆਂ ਵਿਧਵਾਵਾਂ, ਮਾਵਾਂ, ਦਾਦੀਆਂ, ਨਾਨੀਆਂ, ਭੈਣਾਂ ਅਤੇ ਧੀਆਂ ਸਭ ਇਹੀ ਚਾਹੁੰਦੀਆਂ ਹਨ। ਉਨ੍ਹਾਂ ਦੇ ਵਿਰਲਾਪ ਇਹੀ ਸਭ ਕੁਝ ਆਖ ਰਹੇ ਹਨ।
ਪ੍ਰਧਾਨ ਮੰਤਰੀ ਜੀ, ਤੁਸੀਂ ਚੀਨ ਨੂੰ ਸਬਕ ਸਿਖਾਉਣ ਲਈ ਸਭ ਤੋਂ ਪਹਿਲਾ ਫੈਸਲਾ ਚੀਨੀ ਮਾਲ ਦਾ ਬਾਈਕਾਟ ਕਰਨ ਦਾ ਲਿਆ ਹੈ। ਤੁਹਾਡੇ ਫੈਸਲੇ ’ਤੇ ਜਨਤਾ ਫੁੱਲ ਚੜ੍ਹਾਵੇਗੀ। ਵੱਧ ਤੋਂ ਵੱਧ ਮਾਲ ਦਾ ਬਾਈਕਾਟ ਕਰਕੇ ਉਸ ਦੀ ਆਰਥਿਕਤਾ ਨੂੰ ਚੈਲਿੰਜ ਕਰੇਗੀ। ਕੀ ਤੁਸੀਂ ਆਉਣ ਵਾਲੇ ਦੋ-ਚਾਰ ਦਿਨਾਂ ਵਿੱਚ ਇਹ ਲਿਸਟਾਂ ਛਾਪ ਸਕੋਗੇ, ਤੁਸੀਂ ਕਿਸ-ਕਿਸ ਮਾਲ ਦਾ ਬਾਈਕਾਟ ਸਰਕਾਰੀ ਤੌਰ ’ਤੇ ਕਰ ਰਹੇ ਹੋ? ਤੁਹਾਡੇ ਬਾਈਕਾਟ ਨਾਲ ਚੀਨ ਨੂੰ ਤਕਰੀਬਨ ਕਿੰਨਾ ਘਾਟਾ ਪਵੇਗਾ? ਕੀ ਤੁਸੀਂ ਆਪਣੀ ਜਨਤਾ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਕਿਹੜਾ-ਕਿਹੜਾ ਮਾਲ ਭਾਰਤ ਚੀਨ ਨੂੰ ਵੇਚ ਰਿਹਾ ਹੈ, ਜੇਕਰ ਉਸ ਨੇ ਵੀ ਜਵਾਬ ਵਿੱਚ ਅਜਿਹਾ ਹੀ ਕੀਤਾ ਤਾਂ ਭਾਰਤ ਨੂੰ ਕਿੰਨਾ ਘਾਟਾ ਸਹਿਣਾ ਪਵੇਗਾ?
ਮੋਦੀ ਜੀ, ਭਾਰਤੀ ਅਵਾਮ ਤੁਹਾਡੇ ਤੋਂ ਬਹੁਤ ਵੱਡੀਆਂ-ਵੱਡੀਆਂ ਉਮੀਦਾਂ ਲਾਈ ਬੈਠਾ ਹੈ, ਕਿਉਂਕਿ ਤੁਸੀਂ ਬੋਲਣ ਲੱਗੇ ਨਾ ਅੱਗਾ ਦੇਖਦੇ ਹੋ, ਨਾ ਪਿੱਛਾ, ਬੱਸ ਠਾਹ-ਠਾਹ ਕਰੀ ਜਾਂਦੇ ਹੋ, ਜਿਸ ਨੂੰ ਜਨਤਾ ਸੱਚ ਮੰਨ ਬੈਠਦੀ ਹੈ। ਪਰ ਅਸਲ ਬੋਲਣ ਮੌਕੇ ਤੁਸੀਂ ਮੌਨ ਅਵਸਥਾ ਵਿੱਚ ਚਲੇ ਜਾਂਦੇ ਹੋ। ਬੜੇ ਚਿਰਾਂ ਬਾਅਦ ਇੱਕ ਚੰਗਾ ਫੈਸਲਾ ਲਿਆ ਹੈ ਉਹ ਸਰਵ ਪਾਰਟੀ ਮੀਟਿੰਗ ਦਾ, ਜਿਸਦਾ ਕਦੇ ਵੀ ਨੁਕਸਾਨ ਨਹੀਂ ਹੁੰਦਾ। ਸਰਵ ਪਾਰਟੀ ਰਾਏ ਸੱਪ ਵੀ ਮਾਰੇਗੀ ਅਤੇ ਸੋਟਾ ਵੀ ਟੁੱਟਣ ਨਹੀਂ ਦੇਵੇਗੀ। ਕਦੇ ਵੀ ਮਾਂ ਅਤੇ ਦਾਈ ਤੋਂ ਪੇਟ ਨਹੀਂ ਛੁਪਾਈਦਾ। ਸਭ ਤਰ੍ਹਾਂ ਦੇ ਸਪਸ਼ਟੀਕਰਨ ਦੇ ਕੇ ਸਰਵ ਪਾਰਟੀ ਦਾ ਸਤਿਕਾਰ ਕਰੋ। ਇਸਦੇ ਨਾਲ ਨਾਲ ਆਪਣੇ ਅੰਧ ਭਗਤਾਂ ਨੂੰ ਫਜ਼ੂਲ ਦੇ ਬਿਆਨ ਦੇਣ ਤੋਂ ਰੋਕੋ, ਨਾਲ ਹੀ ਗੋਦੀ ਮੀਡੀਆ ਦੇ ਖਾਨੇ ਵੀ ਪਾਓ ਕਿ ਸਾਡਾ ਪੰਗਾ ਪਾਕਿ ਨਾਲ ਨਹੀਂ, ਇੱਕ ਬਰਾਬਰ ਦੇ ਸ਼ਕਤੀਸ਼ਾਲੀ ਦੇਸ਼ ਨਾਲ ਹੈ।
ਕਾਂਗਰਸੀ ਲੀਡਰ, ਰਾਹੁਲ ਗਾਂਧੀ ਅਤੇ ਬਾਕੀਆਂ ਨੇ ਪ੍ਰਸ਼ਨ ਪੁੱਛ ਕੇ ਕੋਈ ਗਲਤੀ ਨਹੀਂ ਕੀਤੀ। ਤੁਹਾਡੀ ਪਾਰਟੀ ਵੀ ਜਦੋਂ ਵਿਰੋਧ ਵਿੱਚ ਹੁੰਦੀ ਸੀ, ਇਹੋ ਕੁਝ ਕਰਿਆ ਕਰਦੀ ਸੀ। ਤੁਹਾਡੇ ਰਵੀ ਸ਼ੰਕਰ ਜੀ, ਕਾਂਗਰਸੀਆਂ ਦੇ ਸਵਾਲ ਪੁੱਛਣ ’ਤੇ 1962 ਤੋਂ ਮਿਹਣੇ ਸ਼ੁਰੂ ਕਰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਹੁਣ ਅਸੀਂ 2020 ਵਿੱਚ ਹਾਂ। ਉਂਜ ਵੀ ਸ੍ਰੀ ਰਵੀ ਸ਼ੰਕਰ ਜੀ ਵੀ 2014 ਵਿੱਚ ਵਿਰੋਧ ਵਿੱਚ ਹੁੰਦਿਆਂ ਮਨਮੋਹਣ ਸਰਕਾਰ ਨੂੰ ਅਜਿਹੇ ਸਵਾਲ ਕਰਿਆ ਕਰਦੇ ਸਨ। ਆਪੋਜ਼ੀਸ਼ਨ ਨੂੰ ਦੇਸ਼ ਬਾਰੇ ਜਾਨਣ ਦਾ ਸਭ ਹੱਕ ਹੁੰਦਾ ਹੈ। ਘਬਰਾਉਣ ਦੀ ਕੋਈ ਲੋੜ ਨਹੀਂ।
ਮੋਦੀ ਜੀ ਜਿਵੇਂ ਤੁਸੀਂ ਚੀਨੀ ਮਾਲ ਦਾ ਬਾਈਕਾਟ ਕਰਨ ਅਤੇ ਕਈ ਸਮਝੌਤੇ ਤੋੜ ਕੇ ਚੀਨ ਨੂੰ ਸਬਕ ਸਿਖਾਉਣ ਦਾ ਉਪਰਾਲਾ ਅਰੰਭਿਆ ਹੈ, ਉਵੇਂ ਹੀ ਭਾਰਤੀ ਕਰੰਸੀ ਵਿੱਚ ਅਰਬਾਂ ਰੁਪਇਆ ਖਰਚ ਕਰਕੇ ਜੋ ਸਰਦਾਰ ਪਟੇਲ ਦੀ ਮੂਰਤੀ ਚੀਨ ਤੋਂ ਬਣਾਈ ਹੈ, ਉਸ ਨੂੰ ਰੋਸ ਵਜੋਂ ਕੱਪੜਾ ਪਾ ਕੇ ਢਕ ਦਿੱਤਾ ਜਾਵੇ ਤਾਂ ਕਿ ਤੁਹਾਡਾ ਸੁਨੇਹਾ ਹੋਰ ਮਜ਼ਬੂਤੀ ਨਾਲ ਫੈਲੇ ਅਤੇ ਚੀਨ ਮਹਿਸੂਸ ਕਰਨ ਲੱਗੇ ਕਿ ਗੱਲ ਕਿੱਥੋਂ ਤਕ ਜਾ ਪਹੁੰਚੀ ਹੈ। ਕੀ ਤੁਸੀਂ ਅਜਿਹਾ ਕਰਕੇ ਆਪਣੀ ਨਰਾਜ਼ਗੀ ਚੀਨ ਤਕ ਪਹੁੰਚਾਉਣ ਦਾ ਹੌਸਲਾ ਕਰੋਗੇ ਜਾਂ ਫਿਰ ਗਰੀਬ ਵਪਾਰੀਆਂ ਅਤੇ ਦੁਕਾਨਦਾਰਾਂ ਤੋਂ ਹੀ ਆਸ ਕਰੋਗੇ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2208)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)