“ਇਹ ਮਜ਼ਦੂਰ ਹੀ ਭਾਰਤ ਦੇ ਅਸਲੀ ਮਾਲਕ ਹਨ, ਜਿਨ੍ਹਾਂ ਨੂੰ ...”
(10 ਮਈ 2020)
ਸਵਾਲ ਉੱਠਦਾ ਹੈ ਕਿ ਕੀ ਰਾਮ ਰੂਪੀ ਭਾਰਤ ਦੀ ਜਨਤਾ ਅਸਲੀ ਦੀਵਾਲੀ ਆਉਣ ਤਕ ਰਾਵਣ ਰੂਪੀ ਕੋਰੋਨਾ ’ਤੇ ਫਤਿਹ ਹਾਸਲ ਕਰ ਲਵੇਗੀ? ਕੀ ਇਸ ਫਤਿਹ ਦੀ ਖੁਸ਼ੀ ਵਿੱਚ ਭਾਰਤੀ ਲੋਕ ਘਿਉ ਦੇ ਦੀਵੇ ਬਾਲਣ ਦੀ ਸੱਚਮੁੱਚ ਖੁਸ਼ੀ ਪ੍ਰਾਪਤ ਕਰਨਗੇ? ਅਜੇ ਤਕ ਤਾਂ ਇਹ ਸਭ ਕੁਝ ਭਵਿੱਖ ਦੀ ਕੁੱਖ ਵਿੱਚ ਹੈ।
ਲੜਾਈ ਦੀ ਸ਼ੁਰੂਆਤ ਤਾਂ ਠੀਕ ਹੋਈ ਸੀ। ਜਨਤਾ ਨੇ ਬਿਨਾਂ ਕਿਸੇ ਭਿੰਨ-ਭੇਦ ਦੇ ਰਾਮ ਦਾ ਸਾਥ ਦਿੱਤਾ। ਰਾਮ ਸਮੇਂ-ਸਮੇਂ ਸਿਰ ਜਨਤਾ ਦਾ ਧੰਨਵਾਦ ਵੀ ਕਰਦਾ ਰਿਹਾ, ਜਿਸ ’ਤੇ ਖੁਸ਼ ਹੋ ਕੇ ਜਨਤਾ ਨੇ ਤਾੜੀਆਂ ਅਤੇ ਥਾਲੀਆਂ ਆਦਿ ਵੀ ਵਜਾਈਆਂ, ਤਾਂ ਕਿ ਰਾਮ ਹੋਰ ਸ਼ਕਤੀ ਨਾਲ ਕੋਰੋਨਾ-ਰਾਵਣ ਨਾਲ ਲੜ ਸਕੇ। ਪਹਿਲਾ ਦੌਰ ਖ਼ਤਮ ਹੋਣ ਤਕ ਸਭ ਠੀਕ-ਠਾਕ ਚਲਦਾ ਰਿਹਾ, ਫਿਰ ਅਚਾਨਕ ਰਾਮ ਜੀ ਨੇ ਇੱਕ ਵਾਰ ਹੋਰ ਦੇਸ਼ ਨੂੰ ਸੰਬੋਧਨ ਹੁੰਦਿਆਂ ਹੋਰ ਸਮਾਂ ਮੰਗ ਲਿਆ। ਸਮਾਂ ਮੰਗਦੇ ਸਮੇਂ ਲਾਈਟਾਂ ਬੰਦ ਕਰਕੇ ਦੀਵੇ, ਮੋਮਬੱਤੀਆਂ ਅਤੇ ਮੋਬਾਇਲ ਲਾਈਟਾਂ ਨਾਲ ਰਾਤ ਨੂੰ ਨੌਂ ਵਜੇ ਨੌਂ ਮਿੰਟ ਰੌਸ਼ਨੀ ਕਰਨ ਨੂੰ ਕਿਹਾ। ਜਿਸਦਾ ਸਭ ਨੇ ਸਮਰਥਨ ਕੀਤਾ ਅਤੇ ਅਜਿਹਾ ਹੀ ਕੀਤਾ ਵੀ ਗਿਆ, ਜਿਸ ਨੇ ਅਜਿਹਾ ਨਹੀਂ ਵੀ ਕੀਤਾ, ਪਰ ਉਸ ਨੇ ਵੀ ਇਸਦਾ ਵਿਰੋਧ ਨਹੀਂ ਕੀਤਾ, ਕਿਉਂਕਿ ਸਭ ਰਲ ਕੇ ਕੋਰੋਨਾ ਰੂਪੀ ਰਾਵਣ ਨੂੰ ਹਰਾਉਣਾ ਚਾਹੁੰਦੇ ਸਨ, ਪਰ ਦੂਸਰੇ ਪਾਸੇ ਰਾਵਣ ਬਰਾਬਰ ਦੀ ਟੱਕਰ ਦਿੰਦਾ ਰਿਹਾ। ਕਦੇ ਰਾਮ ਅੱਗੇ ਹੁੰਦਾ ਰਿਹਾ ਅਤੇ ਕਦੇ ਕਿਤੇ ਰਾਵਣ ਅੱਗੇ ਵਧਦਾ ਰਿਹਾ। ਹੁਣ ਫਿਰ ਲੜਨ ਲਈ ਸਮਾਂ ਵਧਾ ਦਿੱਤਾ ਗਿਆ ਹੈ, ਪਰ ਜੋ ਅੱਜਕੱਲ੍ਹ ਰਿਪੋਰਟਾਂ ਆ ਰਹੀਆਂ ਹਨ, ਉਨ੍ਹਾਂ ਮੁਤਾਬਕ ਜਿੱਥੇ ਅੱਜਕੱਲ੍ਹ ਬਾਕੀ ਦੇਸ਼ਾਂ ਵਿੱਚ 20-21 ਦਿਨ ਬਾਅਦ ਕੋਰੋਨਾ ਦੇ ਮਰੀਜ਼ ਦੁੱਗਣੇ ਹੋ ਰਹੇ ਹਨ, ਉੱਥੇ ਭਾਰਤ ਵਿੱਚ 10 ਦਿਨਾਂ ਬਾਅਦ ਦੁੱਗਣੇ ਹੋਣੇ ਸ਼ੁਰੂ ਹੋ ਗਏ ਹਨ, ਜੋ ਹਰ ਭਾਰਤੀ ਲਈ ਚਿੰਤਾ ਦਾ ਵਿਸ਼ਾ ਹੈ।
ਅਗਲਾ ਜੋ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਮਜ਼ਦੂਰ ਜਮਾਤ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਸਰਕਾਰ ਆਖ ਰਹੀ ਹੈ ਘਰਾਂ ਵਿੱਚ ਰਹੋ। ਮਜ਼ਦੂਰ ਪੁੱਛ ਰਿਹਾ ਕਿ ਕਿਹੜੇ ਘਰਾਂ ਵਿੱਚ ਬੰਦ ਰਹੀਏ? ਸਾਡਾ ਤਾਂ ਖਾਸ ਕਰ ਜਿੱਥੇ ਅਸੀਂ ਫਸੇ ਹੋਏ ਹਾਂ, ਕੋਈ ਘਰ ਨਹੀਂ। ਜਿਹੜੇ ਕਿਰਾਏ ’ਤੇ ਰਹਿੰਦੇ ਸਨ, ਕੰਮ ਖ਼ਤਮ ਹੋਣ ’ਤੇ ਪੈਸੇ ਦੀ ਥੁੜੋਂ ਕਿਰਾਇਆ ਨਹੀਂ ਦੇ ਪਾ ਰਹੇ। ਮਾਲਕ ਬੇਦਖ਼ਲ ਕਰ ਰਹੇ ਹਨ। ਉਹ ਮਜ਼ਦੂਰ ਮਜਬੂਰੀਵੱਸ ਆਪਣੇ ਘਰਾਂ ਨੂੰ ਤੁਰ ਪਿਆ ਹੈ। ਮਜ਼ਦੂਰ ਢਿੱਡੋਂ ਭੁੱਖਾ ਪੈਦਲ ਜਾ ਰਿਹਾ। ਰਸਤੇ ਵਿੱਚ ਦਮ ਤੋੜ ਰਿਹਾ ਹੈ। ਉਹ ਮਨ ਬਣਾ ਚੁੱਕਾ ਹੈ, ਜੇ ਮਰਨਾ ਹੀ ਹੈ ਤਾਂ ਕਿਉਂ ਨਾ ਘਰ-ਪਰਿਵਾਰ ਪਾਸ ਜਾ ਕੇ ਮਰਿਆ ਜਾਵੇ। ਰਾਹਾਂ ਤੋਂ ਅਣਜਾਣ, ਥੱਕਿਆ ਹੋਇਆ ਰੇਲਵੇ ਪਟੜੀ ’ਤੇ ਸੌਂ ਜਾਂਦਾ ਹੈ। ਅਜਿਹੀ ਘਟਨਾ ਵਿੱਚ 16 ਮਜ਼ਦੂਰ ਕੱਟ ਮਰੇ ਹਨ। ਸਰਕਾਰ ਇਨ੍ਹਾਂ ਬਾਬਤ ਕੋਈ ਖਾਸ ਫ਼ਿਕਰਮੰਦ ਨਹੀਂ ਜਾਪਦੀ। ਰੇਲਵੇ ਕਿਰਾਇਆ ਮੰਗ ਰਿਹਾ ਹੈ। ਉਨ੍ਹਾਂ ਕਿਰਾਇਆ ਦੇ ਕੇ ਜਿੱਥੇ ਜਾਣਾ ਹੈ, ਉਨ੍ਹਾਂ ਨੂੰ ਉਹ ਸੂਬਾ ਲੈਣ ਵਾਸਤੇ ਤਿਆਰ ਨਹੀਂ। ਅਜੇ ਤਕ ਸਰਕਾਰ ਇਹ ਫੈਸਲਾ ਨਹੀਂ ਕਰ ਸਕੀ ਕਿ ਜਿਹੜੇ ਮਜ਼ਦੂਰ ਰੇਲਵੇ ਰਾਹੀਂ ਜਾਣਗੇ, ਉਨ੍ਹਾਂ ਦਾ ਕਿਰਾਇਆ ਕਿਸ ਨੇ ਦੇਣਾ ਹੈ। ਕਦੀ 85% ਰੇਲਵੇ ਦੇਣ ਨੂੰ ਆਖਦਾ ਅਤੇ 15% ਸੰਬੰਧਤ ਸੂਬੇ ਨੂੰ ਦੇਣ ਲਈ ਕਿਹਾ ਜਾਂਦਾ ਹੈ। ਭੰਬਲਭੂਸਾ ਜਾਰੀ ਹੈ। ਕਿਸੇ ਸੂਬੇ ਦਾ ਮੁੱਖ ਮੰਤਰੀ ਪਹਿਲਾ ਰੇਲਾਂ ਬੁੱਕ ਕਰਾਉਂਦਾ ਹੈ, ਫਿਚ ਅਚਾਨਕ ਰੱਦ ਕਰਨ ਨੂੰ ਆਖਦਾ ਹੈ ਕਿ ਮੈਂ ਮਜ਼ਦੂਰ ਵਾਪਸ ਘਰ ਨਹੀਂ ਭੇਜਣੇ, ਇਨ੍ਹਾਂ ਛੇਤੀ ਕੀਤਿਆਂ ਵਾਪਸ ਨਹੀਂ ਆਉਣਾ, ਸੂਬੇ ਦੀ ਤਰੱਕੀ ਰੁਕ ਜਾਣੀ ਹੈ। ਮੈਂ ਇਨ੍ਹਾਂ ਦੀ ਦੇਖਭਾਲ ਕਰਾਂਗਾ, ਪਰ ਮਜ਼ਦੂਰ ਬੀਤੇ ਸਮੇਂ ਦੇ ਅਧਾਰ ’ਤੇ ਯਕੀਨ ਕਰਨ ਨੂੰ ਤਿਆਰ ਨਹੀਂ। ਹਜ਼ਾਰਾਂ, ਕੁਲ ਮਿਲਾ ਕੇ ਲੱਖਾਂ ਮਜ਼ਦੂਰ ਸੜਕਾਂ ’ਤੇ ਤੁਰ ਰਿਹਾ ਹੈ। ਪੁਲਿਸ ਰੋਕ ਰਹੀ ਹੈ। ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਲਾਠੀਚਾਰਜ ਕਰ ਰਹੀ ਹੈ। ਮਜ਼ਦੂਰ ਇਸ ਸਭ ਕਾਸੇ ਦੇ ਬਾਵਜੂਦ ਅੱਖ ਬਚਾ ਕੇ ਪੈਦਲ ਵਾਪਸੀ ਕਰ ਰਿਹਾ ਹੈ। ਉਹ ਅੰਦਾਜ਼ੇ ਨਾਲ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਪਗਡੰਡੀਆਂ ਰਾਹੀਂ ਜੀਵਨ ਨੂੰ ਜੋਖਮ ਵਿੱਚ ਪਾ ਕੇ ਘਰ ਪਹੁੰਚਣ ਦਾ ਯਤਨ ਕਰ ਰਿਹਾ ਹੈ। ਪੈਦਲ ਤੁਰਨ ਵਾਲਿਆਂ ਵਿੱਚ ਬੱਚੇ ਵੀ ਹਨ, ਬਜ਼ੁਰਗ ਵੀ ਹਨ। ਗਰਭਵਤੀ ਔਰਤਾਂ ਵੀ ਹਨ। ਭੁੱਖ, ਬੇਰੁਜ਼ਗਾਰੀ ਅਤੇ ਸਰਕਾਰ ਦੀ ਬੇਰੁਖੀ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ। ਮਜ਼ਦੂਰਾਂ ਦੇ ਹਜੂਮ ਨਾਲ ਭੀੜਾਂ ਜੁੜ ਰਹੀਆਂ ਅਤੇ ਟ੍ਰੈਫਿਕ ਜਾਮ ਹੋ ਰਿਹਾ ਹੈ।
ਅਗਰ ਸਰਕਾਰ ਵੇਲੇ ਸਿਰ ਸਿਆਣਪ ਤੋਂ ਕੰਮ ਲੈਂਦੀ ਤਾਂ ਪਹਿਲੇ ਦਿਨਾਂ ਵਿੱਚ ਹੀ ਜੰਮੂ-ਕਸ਼ਮੀਰ ਵਾਂਗ ਐਕਸ਼ਨ ਕਰਨ ਤੋਂ ਪਹਿਲਾਂ ਹੀ ਜਾਣ ਨੂੰ ਆਖ ਦਿੰਦੀ। ਬਿਮਾਰੀ ਦਾ ਬਹੁਤ ਘੱਟ ਰੇਟ ਹੋਣ ਕਰਕੇ ਰੇਲਵੇ ਰਾਹੀਂ ਮਜ਼ਦੂਰਾਂ ਨੂੰ ਆਪਣੇ ਟਿਕਾਣੇ ਭੇਜ ਦਿੱਤਾ ਜਾਂਦਾ। ਬਾਕੀ ਸ਼ਹਿਰਾਂ ਦੇ ਮੂਲ ਨਿਵਾਸੀ ਆਪਣਾ ਰਾਸ਼ਨ ਖਰੀਦ ਲੈਂਦੇ। ਪਰ ਸਰਕਾਰ ਅਜਿਹਾ ਨਹੀਂ ਕਰ ਸਕੀ। ਇਸ ਕਰਕੇ ਮੌਜੂਦਾ ਸੰਕਟ ਗਹਿਰਾ ਹੋਇਆ। ਹੁਣ ਕਾਰਖਾਨਿਆਂ ਦੇ ਮਾਲਕ ਵੀ ਸੋਚਣ ਲੱਗ ਪਏ ਹਨ ਕਿ ਜਿਹੜਾ ਮਜ਼ਦੂਰ ਭੁੱਖ, ਬਿਮਾਰੀ ਅਤੇ ਤਣਾਅ ਕਰ ਕੇ ਅਜੇ ਤਕ ਘਰ ਨਹੀਂ ਜਾ ਸਕਿਆ, ਉਹ ਮੁੜ ਕਦੋਂ ਵਾਪਸ ਆਵੇਗਾ। ਜੇ ਮਜ਼ਦੂਰ ਅੱਜ ਤਣਾਅ ਵਿੱਚ ਹੈ ਤਾਂ ਕੱਲ੍ਹ ਨੂੰ ਮਾਲਕ ਤਣਾਅ ਦਾ ਸ਼ਿਕਾਰ ਹੋਣਗੇ।
ਦੇਖਿਆ ਜਾਵੇ ਤਾਂ ਹਰ ਪਾਸੇ ਜਨਤਾ ਵਿੱਚ ਮਾਯੂਸੀ ਦਾ ਆਲਮ ਹੈ। ਅਜਿਹੀ ਮਾਯੂਸੀ ਵਿੱਚੋਂ ਜਨਤਾ ਨੂੰ ਬਾਹਰ ਕੱਢਣ ਲਈ ਸਰਕਾਰ ਨੇ ਤਿੰਨ ਮਈ ਨੂੰ ਫੌਜ ਦੇ ਤਿੰਨਾਂ ਅੰਗਾਂ ਨਾਲ ਗੱਲਬਾਤ ਕਰਕੇ ਇੱਕ ਪ੍ਰੋਗਰਾਮ ਕਰਾਇਆ, ਜਿਸ ਵਿੱਚ ਉਨ੍ਹਾਂ ਕੋਰੋਨਾ ਖ਼ਿਲਾਫ਼ ਲੜਨ ਵਾਲੇ ਡਾਕਟਰਾਂ, ਨਰਸਾਂ, ਸਫ਼ਾਈ ਕਰਮਚਾਰੀਆਂ ਤੇ ਪੁਲਿਸ ਕਰਮਚਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਇਨ੍ਹਾਂ ਸਭ ਨੂੰ ਸਲਾਮ ਕੀਤਾ। ਹਵਾਈ ਜਹਾਜ਼ਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ। ਸਮੁੰਦਰੀ ਜਹਾਜ਼ਾਂ ’ਤੇ ਲਾਈਟਾ ਜਗਾ ਕੇ ਸ਼ੋਅ ਕੀਤੇ। ਆਤਿਸ਼ਬਾਜ਼ੀ ਕੀਤੀ ਗਈ ਅਤੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਤਕਰੀਬਨ ਅਸੀਂ ਜਿੱਤ ਦੇ ਨੇੜੇ ਪਹੁੰਚ ਗਏ ਹਾਂ। ਇਸ ਸਭ ਕਾਸੇ ਦੇ ਬਾਵਜੂਦ ਜਨਤਾ ਦੀ ਤਸੱਲੀ ਨਹੀਂ ਹੋਈ, ਕਿਉਂਕਿ ਉਹ ਆਖ ਰਹੀ ਹੈ, ਇਹ ਸ਼ੋਅ ਜੋ ਕਰੋੜਾਂ ਖ਼ਰਚ ਕੇ ਕੀਤਾ ਗਿਆ ਹੈ, ਇਹ ਪੈਸਾ ਕੋਰੋਨਾ ਖ਼ਿਲਾਫ਼ ਲੜਨ ਵਾਲੇ ਉਪਰੋਕਤ ਮੁਲਾਜ਼ਮਾਂ ’ਤੇ ਖ਼ਰਚ ਕੀਤਾ ਜਾ ਸਕਦਾ ਸੀ। ਉਨ੍ਹਾਂ ਨੂੰ ਵੱਧ ਇੰਕਰੀਮੈਂਟਾਂ ਦਿੱਤੀਆਂ ਜਾ ਸਕਦੀਆਂ ਸਨ। ਬਹਾਦਰ ਮੁਲਾਜ਼ਮਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਜਾ ਸਕਦੀਆਂ ਸਨ। ਦੀਵਾਲੀ ਤੋਂ ਪਹਿਲਾਂ ਦੀਵਾਲੀ ਮਨਾਉਣ ਦਾ ਕੀ ਫਾਇਦਾ? ਜਦ ਅੱਜ ਦੇ ਦਿਨ ਕੋਰੋਨਾ ਰੂਪੀ ਰਾਵਣ ਵੱਧ ਹਮਲਾਵਰ ਹੋ ਗਿਆ ਹੈ। ਦੀਵਾਲੀ ਮਨਾਉਣ ਲਈ ਕੋਰੋਨਾ ਰੂਪੀ ਰਾਵਣ ਦਾ ਖਾਤਮਾ ਜ਼ਰੂਰੀ ਹੈ। ਖਾਤਮੇ ਵਾਸਤੇ ਸਭ ਦੇਸ਼ ਵਾਸੀਆਂ ਨੂੰ ਇਕੱਠੇ ਕਰੋ। ਸਭ ਸੂਬਿਆਂ ਅਤੇ ਸੈਂਟਰ ਵਿੱਚ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਵੱਲੋਂ ਆਏ ਨਵੇਂ ਸੁਝਾਵਾਂ ਨੂੰ ਕੋਰੋਨਾ ਹਰਾਉਣ ਲਈ ਵਰਤੋ। ਮਜ਼ਦੂਰ, ਜੋ ਅਜੇ ਅੱਤ ਦੁਖੀ ਹੈ, ਉਸ ਨਾਲ ਹਮਦਰਦੀ ਨਾਲ ਪੇਸ਼ ਆਓ। ਉਸ ਨੂੰ ਆਪਣੇ ਭਰੋਸੇ ਵਿੱਚ ਲਵੋ। ਯਾਦ ਰੱਖੋ ਇਹ ਮਜ਼ਦੂਰ ਹੀ ਭਾਰਤ ਦੇ ਅਸਲੀ ਮਾਲਕ ਹਨ, ਜਿਨ੍ਹਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੋ ਨੰਬਰ ਦੇ ਸ਼ਹਿਰੀ ਬਣਾ ਕੇ ਰੱਖ ਦਿੱਤਾ ਹੈ ਅਤੇ ਉਸ ਮੁਤਾਬਕ ਹੀ ਉਸ ਨਾਲ ਮਾੜਾ ਵਰਤਾਓ ਹੋ ਰਿਹਾ ਹੈ। ਯਾਦ ਰੱਖੋ! ਜੇ ਉਹ ਤੁਹਾਡੇ ਮਾੜੇ ਵਰਤਾਓ ਕਰਕੇ ਤੁਹਾਥੋਂ ਬੇਮੁੱਖ ਹੋ ਰਿਹਾ ਹੈ, ਅਗਰ ਉਸ ਨੇ ਸਮੇਂ ਸਿਰ ਵਾਪਸੀ ਨਾ ਕੀਤੀ ਜਾਂ ਮੁੜ ਆਉਣਾ ਮੁਨਾਸਬ ਨਾ ਸਮਝਿਆ ਤਾਂ ਸਭ ਕੁਝ ਧਰਿਆ-ਧਰਾਇਆ ਰਹਿ ਜਾਵੇਗਾ। ਭਾਰਤ ਨੂੰ ਮੁੜ ਲੀਹਾਂ ’ਤੇ ਆਉਣ ਲਈ ਕਿੰਨਾ ਸਮਾਂ ਲੱਗੇਗਾ, ਅੱਜ ਇਸਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ।
ਮੋਦੀ ਜੀ, ਮਜ਼ਦੂਰ ਦੀ ਬਾਂਹ ਫੜੋ, ਮਦਦ ਕਰੋ। ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਚੰਗਾ ਵਰਤਾਓ ਅਤੇ ਮਦਦ ਕਰਨ ਲਈ ਹਦਾਇਤ ਕਰੋ, ਤਾਂ ਕਿ ਲੋੜ ਪੈਣ ’ਤੇ ਉਹ ਵਾਪਸੀ ਵੱਲ ਧਿਆਨ ਦੇ ਸਕੇ।
ਫੌਜ ਨੂੰ ਆਖੋ ਕਿ ਉਹ ਆਪਣੀਆਂ ਸਰਹੱਦਾਂ ਵੱਲ ਧਿਆਨ ਕੇਂਦਰਤ ਕਰੇ ਤਾਂ ਕਿ 3/4 ਮਈ ਵਾਂਗ ਮੁੜ ਦੁਖਾਂਤ ਦਾ ਕਹਿਰ ਨਾ ਵਰਤੇ, ਜਿਸ ਵਿੱਚ ਕਰਨਲ, ਮੇਜਰ ਸਮੇਤ ਅੱਧੀ ਦਰਜਨ ਜਵਾਨ ਸ਼ਹੀਦ ਹੋ ਗਏ ਸਨ। ਇਹ ਸਭ ਵੀ ਉਦੋਂ ਹੋਇਆ, ਜਦੋਂ ਅਕਾਸ਼ ਵਿੱਚੋਂ ਫੁੱਲ ਵਰਸਾਏ ਜਾ ਰਹੇ ਸਨ, ਜਿਸ ਨੂੰ ਜਨਤਾ ਨੇ ਆਮ ਕਰਕੇ ਬਹੁਤਾ ਪਸੰਦ ਨਹੀਂ ਕੀਤਾ। ਅੱਜ ਦੁਨੀਆ ਵਿੱਚ ਅਸੀਂ ਇਸ ਲੜਾਈ ਵਿੱਚ ਪਿੱਛੇ ਨੂੰ ਖਿਸਕ ਰਹੇ ਹਾਂ, ਦੁਨੀਆ ਅੱਗੇ ਜਾ ਰਹੀ ਹੈ। ਅਖੀਰ ਵਿੱਚ ਅਸੀਂ ਤਾਂ ਇਹੀ ਸੁਝਾਅ ਦਿਆਂਗੇ ਕਿ ਵਿਰੋਧੀ ਪਾਰਟੀਆਂ, ਸਮੇਤ ਮਜ਼ਦੂਰ ਜਮਾਤ ਦੇ ਇਕੱਠੋ ਹੋ ਕੇ, ਆਪਣੀਆਂ ਪਿਛਲੀਆਂ ਗ਼ਲਤੀਆਂ ਸੁਧਾਰਦੇ ਹੋਏ ਰਲ ਕੇ ਇੱਕ ਅਜਿਹਾ ਹੰਭਲਾ ਮਾਰੋ ਕਿ ਕੋਰੋਨਾ ਰੂਪੀ ਰਾਵਣ ਦਾ ਨਾਸ਼ ਹੋ ਸਕੇ ਅਤੇ ਅਸੀਂ ਸਭ ਰਲ ਕੇ ਅਸਲੀ ਦੀਵਾਲੀ ’ਤੇ ਦੀਵੇ ਜਗਾ ਕੇ ਰੌਸ਼ਨੀ ਕਰ ਸਕੀਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2118)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)