GurmitShugli7ਐਕਸੀਡੈਂਟ ਇਹਨਾਂ ਦੇ ਸੜਕ ’ਤੇ ਅਚਾਨਕ ਆਉਣ ਨਾਲ ਅਤੇ ਇਹਨਾਂ ਨੂੰ ਬਚਾਉਣ ਲੱਗਿਆਂ ...
(19 ਜਨਵਰੀ 2018)

 

StrayCows1

ਜਿਸ ਵਿਸ਼ੇ ਬਾਰੇ ਅੱਜ ਅਸੀਂ ਲਿਖਣ ਜਾ ਰਹੇ ਹਾਂ, ਇਸ ਬਾਰੇ ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ। ਸਾਡੇ ਤੋਂ ਇਲਾਵਾ ਹੋਰ ਲੇਖਕਾਂ ਨੇ ਵੀ ਵੱਖ-ਵੱਖ ਅਖ਼ਬਾਰਾਂ ਵਿੱਚ ਵੱਖ-ਵੱਖ ਸਮੇਂ ਆਪਣੇ ਲੇਖ ਲਿਖੇ ਹਨ ਅਤੇ ਆਪੋ-ਆਪਣੇ ਸੁਝਾਅ ਦਿੱਤੇ ਹਨ, ਪਰ ਕੋਈ ਬਹੁਤਾ ਸੁਧਾਰ ਨਜ਼ਰ ਨਹੀਂ ਆਇਆ ਅਤੇ ਨਾ ਹੀ ਸੁਧਾਰ ਆਉਂਦਾ ਨਜ਼ਰ ਆ ਰਿਹਾ ਹੈ। ਅੱਜ ਦੀ ਚਰਚਾ ਵਿੱਚ ਅਸੀਂ ਪੰਜਾਬ ਦੇ ਦਾਇਰੇ ਵਿੱਚ ਰਹਿ ਕੇ ਉਹ ਵਿਸਥਾਰ-ਪੂਰਵਕ ਵਿਚਾਰ-ਵਟਾਂਦਰਾ ਕਰਾਂਗੇ, ਜਿਵੇਂ ਕਿ ਅੱਜ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਕਦੇ ਗੁਰੂਆਂ ਨੇ ਬਾਣੀ ਰਚਦਿਆਂ ਉਪਰੋਕਤ ਸ਼ਬਦ ਕਹੇ ਸਨ, ਜਿਸ ਤੋਂ ਗਊ ਨੂੰ ਪਵਿੱਤਰ ਅਤੇ ਸੂਅਰ (ਸੂਰ) ਨੂੰ ਗੰਦਾ ਮੰਨ ਕੇ ਉਹ ਪਰਾਏ ਹੱਕ ਦੀ ਗੱਲ ਕਰਦੇ ਸਨ, ਆਮ ਲੋਕਾਂ ਨੂੰ ਸਮਝਾਉਣ ਦੀ ਗੱਲ ਕਰਦੇ ਸਨ।

ਛੋਟੇ ਹੁੰਦਿਆਂ ਗਊ ਦੀ ਪਵਿੱਤਰਤਾ, ਚੰਗਿਆਈਆਂ, ਫਾਇਦਿਆਂ ਬਾਰੇ ਸਾਡੇ ਮਨ ਵਿੱਚ ਅਮਿੱਟ ਛਾਪ ਛਪੀ ਹੋਈ ਹੈ। ਉਦੋਂ ਸਾਨੂੰ ਦੱਸਿਆ ਜਾਂਦਾ ਸੀ ਕਿ ਗਊ ਨੂੰ ਅਸੀਂ ਮਾਤਾ ਕਿਉਂ ਕਹਿੰਦੇ ਹਾਂ, ਇਸ ਦੇ ਕੀ-ਕੀ ਫ਼ਾਇਦੇ ਹਨ। ਇੱਥੋਂ ਤੱਕ ਕਿ ਗਊ ਮਰ ਕੇ ਵੀ ਸਾਡੇ ਲਈ ਕੀ ਕੁਝ ਛੱਡ ਜਾਂਦੀ ਹੈ ਅਤੇ ਇਹਨਾਂ ਪ੍ਰਭਾਵਾਂ ਸਦਕਾ ਹੀ ਅਸੀਂ ਸੌਂਹ ਵੀ ਰੱਬ, ਗੁਰੂ-ਪੀਰਾਂ, ਮਾਤਾ-ਪਿਤਾ ਦੀ ਥਾਂ ਗਊ ਦੀ ਹੀ ਖਾਇਆ ਕਰਦੇ ਸਾਂ। ਗਊ ਜਿੱਥੇ ਦੁੱਧ ਦਿਆ ਕਰਦੀ ਸੀ, ਉੱਥੇ ਵੱਛੇ ਨੂੰ ਜਨਮ ਦੇ ਕੇ ਇੱਕ ਕਿਸਾਨ ਦੇ ਘਰ ਖੁਸ਼ੀ ਪੈਦਾ ਕਰਦੀ ਸੀ, ਕਿਉਂਕਿ ਖੇਤੀ ਪ੍ਰਧਾਨ ਸੂਬੇ ਵਿੱਚ ਬਲਦਾਂ ਨਾਲ ਹੀ ਖੇਤੀ ਕੀਤੀ ਜਾਂਦੀ ਸੀ। ਇਸੇ ਕਰਕੇ ਗਊ ਨੂੰ ਮਾਤਾ ਤੱਕ ਵੀ ਕਿਹਾ ਜਾਂਦਾ ਸੀ। ਇਹਨਾਂ ਕਾਰਨਾਂ ਕਰ ਕੇ ਹੀ ਸ਼ਾਇਦ ਗੁਰੂ ਜੀ ਨੇ ਹਿੰਦੂਆਂ ਲਈ ਪਰਾਇਆ ਮਾਲ ਖਾਣ ਨੂੰ ਗਊ ਖਾਣ ਦੇ ਬਰਾਬਰ ਡਰਾਵਾ ਦਿੱਤਾ ਤੇ ਇਸੇ ਤਰ੍ਹਾਂ ਮੁਸਲਮਾਨਾਂ ਲਈ ਪਰਾਏ ਧਨ ਖਾਣ ਦੀ ਤੁਲਨਾ ਸੂਰ ਖਾਣ ਦੇ ਬਰਾਬਰ ਕੀਤੀ ਸੀ, ਤਾਂ ਕਿ ਹਿੰਦੂ-ਮੁਸਲਮਾਨਾਂ ਨੂੰ ਇਹ ਡਰਾਵਾ ਦੇ ਕੇ ਸਿੱਧੇ ਰਸਤੇ ’ਤੇ ਪਾਇਆ ਜਾ ਸਕੇ। ਪਰ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਕਿਸਾਨੀ ਦਾ ਜੋ ਭਾਰੀ ਨੁਕਸਾਨ ਇਹ ਦੋਵੇਂ ਰਲ ਕੇ ਕਰ ਰਹੇ ਹਨ, ਉਸ ਦੀ ਭਰਪਾਈ ਕਰਨੀ ਸੌਖੀ ਨਹੀਂ। ਗਊਆਂ (ਅਵਾਰਾ ਗਊਆਂ) ਤਾਂ ਸਾਰੇ ਪੰਜਾਬ ਵਿੱਚ ਹੀ ਲੋੜ੍ਹੇ ਦਾ ਨੁਕਸਾਨ ਕਰ ਰਹੀਆਂ ਹਨ, ਪਰ ਸੂਰ ਪਿਛਲੇ ਦੋ-ਤਿੰਨ ਸਾਲਾਂ ਤੋਂ ਪੰਜਾਬ ਵਿੱਚ ਤੇ ਖਾਸ ਕਰ ਦੁਆਬੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਰਫੋਂ ਪਰਵੇਸ਼ ਹੋ ਚੁੱਕੇ ਹਨ, ਜੋ ਕਿਸੇ ਵੀ ਫ਼ਸਲ ਦੇ ਉਸ ਦੇ ਮੁੱਢਲੇ ਬੀਜ ਤੋਂ ਲੈ ਕੇ ਸਾਰੀ ਫ਼ਸਲ ਖਾ ਕੇ ਜਾਂ ਖਰਾਬ ਕਰ ਕੇ ਨੁਕਸਾਨ ਪਹੁੰਚਾ ਰਹੇ ਹਨ। ਇਹਨਾਂ ਦਾ ਵਾਧਾ ਵੀ ਬੜਾ ਹੈਰਾਨੀਜਨਕ ਹੈ ਕਿ ਇਹ ਮਾਦਾ ਜਾਨਵਰ ਔਸਤਨ 10 ਬੱਚਿਆਂ ਤੋਂ ਲੈ ਕੇ 27 ਬੱਚਿਆਂ ਤੱਕ ਪੈਦਾ ਕਰ ਕੇ ਆਪਣਾ ਰਿਕਾਰਡ ਕਾਇਮ ਕਰ ਚੁੱਕਾ ਹੈ ਤੇ ਆਪਣੀ ਨਸਲ ਵਿੱਚ ਵਾਧਾ ਕਰ ਰਿਹਾ ਹੈ। ਇਸੇ ਵਾਧੇ ਮੁਤਾਬਕ ਕਿਸਾਨੀ ਦਾ ਨੁਕਸਾਨ ਕਰ ਰਿਹਾ ਹੈ। ਇਹਨਾਂ ਤੋਂ ਬਚਾਅ ਲਈ ਕੋਈ ਸਰਕਾਰੀ ਸਹਾਇਤਾ ਨਾ ਹੋਣ ਕਰ ਕੇ ਕਿਸਾਨ ਆਪਣੇ ਪੱਲਿਉਂ ਇੱਕ ਖ਼ਾਸ ਕਿਸਮ ਦੀ ਤਾਰ ਆਪਣੇ ਖੇਤਾਂ ਦੁਆਲੇ ਲਗਾ ਕੇ ਆਪਣੀ ਫ਼ਸਲ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਰਾਖੀ ਲਈ ਲੇਬਰ ਰੱਖ ਰਿਹਾ ਹੈ। ਕਈ ਥਾਈਂ ਇਹਨਾਂ ਨੂੰ ਫਸਲ ਵਿੱਚ ਭਜਾਉਣ ਲਈ ਘੋੜ ਸਵਾਰਾਂ ਦੀ ਮਦਦ ਲਈ ਜਾ ਰਹੀ ਹੈ। ਜਿਸ ’ਤੇ ਕਾਫ਼ੀ ਖ਼ਰਚਾ ਆ ਰਿਹਾ ਹੈ। ਉਹ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਲਗਾ ਕੇ ਕਰੰਟ ਛੱਡ ਕੇ ਆਪਣੇ ਬਚਾਅ ਲਈ ਹੋਰ ਉਪਰਾਲੇ ਕਰ ਰਿਹਾ ਹੈ ਅਤੇ ਅਜਿਹੇ ਉਪਰਾਲੇ ਕਿਸੇ ਖ਼ਤਰੇ ਤੋਂ ਘੱਟ ਨਹੀਂ, ਕਿਉਂਕਿ ਜਾਨੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਇਲਾਕਿਆਂ ਵਿੱਚ ਇਹਨਾਂ ਨੂੰ ਡਰਾਉਣ-ਧਮਕਾਉਣ ਲਈ ਪਟਾਕੇ ਚਲਾਏ ਜਾਂਦੇ ਹਨ, ਗੋਲੀਆਂ ਚਲਾਈਆਂ ਜਾਂਦੀਆਂ ਹਨ, ਜਿਸ ’ਤੇ ਵੀ ਕਾਫ਼ੀ ਖ਼ਰਚਾ ਆ ਰਿਹਾ ਹੈ, ਪਰ ਕਰਜ਼ੇ ਵਿੱਚ ਪਹਿਲਾਂ ਫਸੀ ਕਿਸਾਨੀ ਦਾ ਨੁਕਸਾਨ ਰੁਕ ਨਹੀਂ ਰਿਹਾ।

ਇਸੇ ਤਰ੍ਹਾਂ ਅਵਾਰਾ ਗਊਆਂ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਕਰਦੀਆਂ ਹਨ, ਉੱਥੇ ਸੜਕਾਂ ਤੇ ਰਸਤਿਆਂ ’ਤੇ ਅਚਾਨਕ ਆਉਣ ਨਾਲ ਭਾਰੀ ਗਿਣਤੀ ਵਿੱਚ ਮੋਟਰ ਗੱਡੀਆਂ ਦੇ ਐਕਸੀਡੈਂਟ ਹੁੰਦੇ ਹਨ। ਐਕਸੀਡੈਂਟ ਇਹਨਾਂ ਦੇ ਸੜਕ ’ਤੇ ਅਚਾਨਕ ਆਉਣ ਨਾਲ ਅਤੇ ਇਹਨਾਂ ਨੂੰ ਬਚਾਉਣ ਲੱਗਿਆਂ ਹੋ ਜਾਂਦੇ ਹਨ ਜਿਸ ਨਾਲ ਸਾਲ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਜਾਨੀ ਨੁਕਸਾਨ ਹੋ ਜਾਂਦਾ ਹੈ ਪਰ ਪਰ ਸਮੇਂ ਦੀਆਂ ਸਰਕਾਰਾਂ ਦੇ ਸਿਰ ’ਤੇ ਇਸ ਬਾਰੇ ਜੂੰ ਤੱਕ ਨਹੀਂ ਸਰਕਦੀ, ਸਿਵਾਏ ਵਕਤੀ ਬਿਆਨਾਂ ਤੋਂ।

ਇਸ ਵਿਸ਼ੇ ਬਾਰੇ ਸਮੇਂ-ਸਮੇਂ ’ਤੇ ਲੇਖਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ, ਖ਼ਾਸ ਕਰ ਵਿਰੋਧੀ ਪਾਰਟੀਆਂ ਇਸ ਬਾਰੇ ਮੁੱਦਾ ਚੁੱਕਦੀਆਂ ਰਹਿੰਦੀਆਂ ਹਨ। ਮੁਜ਼ਾਹਰੇ ਵੀ ਹੁੰਦੇ ਰਹਿੰਦੇ ਹਨ ਤੇ ਅਸੰਬਲੀ ਵਿੱਚ ਵੀ ਕਦੇ-ਕਦੇ ਸਵਾਲ ਉੱਠਦੇ ਰਹਿੰਦੇ ਹਨ। ਇੱਥੋਂ ਤੱਕ ਕਿ ਪਾਰਲੀਮੈਂਟ ਵਿੱਚ ਵੀ ਜਿਵੇਂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਇਸ ਬਾਰੇ ਬੜੀ ਸੰਜੀਦਗੀ ਨਾਲ ਸਵਾਲ ਉਠਾਇਆ ਹੈ ਤੇ ਮੰਗ ਕੀਤੀ ਹੈ ਕਿ ਕਿਸਾਨੀ ਨੂੰ ਇਸ ਤੋਂ ਹੋ ਰਹੇ ਨੁਕਸਾਨ ਤੋਂ ਬਚਾਇਆ ਜਾਵੇ।

ਦੁੱਧ ਨਾ ਦੇਣ ਵਾਲੀਆਂ (ਫੰਡਰ) ਅਤੇ ਆਵਾਰਾ ਗਊਆਂ ਦੀ ਦੇਖ-ਭਾਲ ਕਰਨ ਲਈ ਉਹਨਾਂ ਲਈ ਗਊਸ਼ਾਲਾ ਬਣਾਉਣ ਲਈ ਹੋਰ ਪ੍ਰਬੰਧ ਕਰਨ ਲਈ ਪਿਛਲੀ ਸਰਕਾਰ ਨੇ ਤਾਂ ਕਈ ਵਸਤਾਂ ਉੱਪਰ ਗਊ ਟੈਕਸ ਵੀ ਲਗਾਇਆ ਹੋਇਆ ਸੀ, ਜੋ ਹੁਣ ਵੀ ਚਾਲੂ ਹੈ, ਪਰ ਇਸ ਫੰਡ ਨਾਲ ਵੀ ਕਿਸਾਨੀ ਨੂੰ ਕੋਈ ਰਾਹਤ ਦਿਖਾਈ ਨਹੀਂ ਦਿੰਦੀ। ਇਸ ਬਾਰੇ ਪਹਿਲਾਂ ਭਾਵੇਂ ਬੀਜੇਪੀ ਤਥਾ ਕਥਿਤ ਗਊ ਰੱਖਿਅਕ ਦੇ ਕੀਮਤੀ ਭਗਤ ਨੇ ਬੜੀ ਜਲਦੀ ਅਜਿਹੇ ਨੁਕਸਾਨ ਤੋਂ ਛੁਟਕਾਰਾ ਪਾਉਣ ਦੀ ਗੱਲ ਕਹੀ ਸੀ, ਜੋ ਕਿ ਪੰਜਾਬ ਗਊ ਰੱਖਿਆ ਬੋਰਡ ਦੇ ਚੇਅਰਮੈਨ ਸਨ, ਹੁਣ ਪਤਾ ਲੱਗਾ ਹੈ ਕਿ ਬੀਜੇਪੀ ਦੇ ਸ੍ਰੀ ਪ੍ਰਦੀਪ ਸੰਗੋਤਰਾ ਇਸ ਬਾਰੇ ਨਿਗਰਾਨੀ ਕਰ ਰਹੇ ਹਨ। ਉਂਜ ਪਿਛਲੇ ਦਿਨੀਂ ਪਹਿਲੇ ਪਰਵਾਸੀ ਸਾਂਸਦ ਸੰਮੇਲਨ ਵਿਚ ਭਾਗ ਲੈਣ ਆਏ ਤਨਜਾਨੀਆਂ ਦੇ ਸੰਸਦ ਮੈਂਬਰ ਸਲੀਮ ਹੁਸਨ ਤੁਰਕੀ ਨੇ ਵੀ ਭਾਰਤ ਵਿਚ ਸੁਸ਼ਮਾ ਸਵਰਾਜ (ਬਦੇਸ਼ ਮੰਤਰੀ) ਸਾਹਮਣੇ ਗਊ ਰੱਖਿਆ ਬਾਰੇ ਕਿਹਾ ਕਿ ‘ਗਊ ਰੱਖਿਆ ਭਾਰਤ ਲਈ ਨਾਸੂਰ ਬਣ ਗਈ ਹੈ।’ ਸਮੱਸਿਆ ਕਾਫ਼ੀ ਗੰਭੀਰ ਬਣ ਗਈ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਸਮੱਸਿਆ ’ਤੇ ਕਿੰਨਾ ਅਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਰੇ ਪਾਲਤੂ ਪਸ਼ੂਆਂ ਦਾ ਚਾਰਾ ਅਕਸਰ ਕਿਸਾਨ ਹੀ ਪੈਦਾ ਕਰਦਾ ਹੈ। ਸੋ ਅਜਿਹੇ ਨੁਕਸਾਨ ਤੋਂ ਕਿਸਾਨ ਨੂੰ ਬਚਾਉਣ ਦੀ ਜਿੱਥੇ ਸਮਾਜ-ਸੇਵੀ ਸੰਸਥਾਵਾਂ ਦਾ ਫਰਜ਼ ਬਣਦਾ ਹੈ, ਉੱਥੇ ਮੁੱਖ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੁੰਦੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ਚਲੰਤ ਗੰਭੀਰ ਮਸਲੇ ਵੱਲ ਕੈਪਟਨ ਸਰਕਾਰ ਕਦੋਂ ਅੱਖ ਪੁੱਟ ਕੇ ਦੇਖੇਗੀ। ਇਹ ਸਭ ਭਵਿੱਖ ਦੀ ਕੁੱਖ ਵਿੱਚ ਹੈ।

*****

(976)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author