“ਆਉਣ ਵਾਲੇ ਸਮੇਂ ਵਿੱਚ ਜਿੱਥੇ ਇੰਡੀਆ ਗੱਠਜੋੜ ਬਣਨ ਅਤੇ ਉਨ੍ਹਾਂ ਦੇ ਮਿੱਲ ਕੇ ਕੰਮ ਕਰਨ ’ਤੇ ਚੰਗਾ ਮਾਹੌਲ ...”
(26 ਜੁਲਾਈ 2023)
ਜੋ ਪ੍ਰਧਾਨ ਮੰਤਰੀ ਦੇ ਚਿਹਰੇ ’ਤੇ ਘਬਰਾਹਟ ਅਤੇ ਉਦਾਸੀ ਅੱਜ ਕੱਲ੍ਹ ਦਿਖਾਈ ਦੇ ਰਹੀ ਹੈ, ਉਹੋ ਜਿਹੀ ਪਹਿਲਾਂ ਘੱਟ ਹੀ ਦਿਖਾਈ ਦਿੱਤੀ ਸੀ। ਜੋ ਇੰਡੀਆ ਦੀ ਸ਼ਕਲ ਵਿੱਚ ਬਣਿਆ ਵਿਰੋਧੀ ਪਾਰਟੀਆਂ ਦਾ ਗੱਠਜੋੜ ਅੱਜਕੱਲ ਦਿਖਾਈ ਦਿੱਤਾ ਹੈ, ਉਹ ਜੋਸ਼ ਪਹਿਲੇ ਬਣੇ ਗੱਠਜੋੜ ਵਿੱਚ ਘੱਟ ਦਿਖਾਈ ਦਿੰਦਾ ਸੀ। ਜਿਵੇਂ ਪਟਨਾ ਤੋਂ ਬਾਅਦ ਬੰਗਲੁਰੂ ਮੀਟਿੰਗ ਵਿੱਚ ਸਭ ਮੁੱਦਿਆਂ ’ਤੇ ਸਭ ਨੇ ਸਹਿਮਤੀ ਦਿਖਾਈ ਹੈ, ਉਹ ਆਪਣੇ ਆਪ ਵਿੱਚ ਇੱਕ ਮਹਾਨ ਕਾਰਜ ਹੋ ਨਿੱਬੜਿਆ ਹੈ। ਇਸ ਨੇ ਐੱਨ ਡੀ ਏ ਜਾਣੀ, ਰਾਜ ਕਰਦੀ ਭਾਜਪਾ ਅਤੇ ਬਾਕੀ ਸਹਿਯੋਗੀ ਟੁਕੜੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਵੱਖ-ਵੱਖ ਹਿੱਸਿਆਂ ਤੋਂ ਆਈ ਐੱਨ ਡੀ ਆਈ ਏ (9491) ਨੇ ਨਾਮ ਰੱਖਣ ’ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਉਨ੍ਹਾਂ ਨੂੰ ਪਹਿਲਾਂ ਹੀ ਭਿਣਕ ਪੈ ਚੁੱਕੀ ਹੋਵੇ ਕਿ ਆਈ ਐੱਨ ਡੀ ਆਈ ਏ ਨੂੰ ਹਰਾਉਣਾ ਅਤਿ ਮੁਸ਼ਕਿਲ ਹੈ। ਪਰ ਉਹ ਵਿਰੋਧ ਕਰਨ ਸਮੇਂ ਆਪ ਭੁੱਲ ਗਏ ਕਿ ਇਹ ਉਹ ਆਈ ਐੱਨ ਡੀ ਆਈ ਏ ਹੀ ਹੈ ਜਿਸ ਨੂੰ ਨਿੱਤ ਪ੍ਰਧਾਨ ਮੰਤਰੀ ਜੀ ਆਪਣੇ ਸੰਬੋਧਨਾਂ ਵਿੱਚ ‘ਮੇਕ ਇੰਨ ਇੰਡੀਆ’, ‘ਸਟਾਰਟ ਅੱਪ ਇੰਡੀਆ’ ਅਤੇ ‘ਖੇਲੋ ਇੰਡੀਆ’ ਆਦਿ ਦੇ ਨਾਅਰੇ ਲਾ ਕੇ ਇਹ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਸਨ ਕਿ ਇੰਡੀਆ ਪ੍ਰਤੀ ਅਸੀਂ ਹੀ ਫਿਕਰਮੰਦ ਹਾਂ।
ਭਾਜਪਾ ਪ੍ਰਧਾਨ ਨੱਢਾ ਜੀ ਅਕਸਰ ਆਪਣੀਆਂ ਕਨਫਰੰਸਾਂ ਵਿੱਚ ਕਾਂਗਰਸ ਨੂੰ ਘੱਟ ਗਿਆਨ ਵਾਲੀ ਪਾਰਟੀ ਅਤੇ ਘੱਟ ਅੰਗਰੇਜ਼ੀ ਤੋਂ ਦੂਰ ਰਹਿਣ ਵਾਲੀ ਪਾਰਟੀ ਪ੍ਰਚਾਰਦੇ ਰਹੇ। ਪਰ ਮਹਾਂਗੱਠਜੋੜ ਦਾ ਕ੍ਰਿਸ਼ਮਾ ਦੇਖੋ ਕਿ ਉਨ੍ਹਾਂ ਗੱਠਜੋੜ ਦੇ ਨਾਮ ਕਰਨ ਵੇਲੇ ਹੀ ਐੱਨ ਡੀ ਏ ਵੱਲ ਅਜਿਹਾ ਆਈ ਐੱਨ ਡੀ ਆਈ ਏ ਰੂਪੀ ਗੇਂਦ ਸੁੱਟਿਆ ਕਿ ਉਨ੍ਹਾਂ ਨੂੰ ਫੌਰਨ ਕੁਝ ਸੁੱਝ ਨਹੀਂ ਰਿਹਾ। ਹੋਰ ਤਾਂ ਹੋਰ, ਅੱਜਕਲ ਲੰਬੀ ਹੇਕ ਵਿੱਚ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਹਮ ਕਿਸੇ ਵੀ ਭ੍ਰਿਸ਼ਟਾਚਾਰੀ ਕੋ ਛੇੜੇਂਗੇ ਨਹੀਂ, ਪਰ ਆਖਣ ਸਮੇਂ ਉਹ ਭੁੱਲ ਜਾਂਦੇ ਹਨ ਕੁਝ ਹਫ਼ਤੇ ਪਹਿਲਾਂ ਜੋ ਉਨ੍ਹਾਂ ਬਹੁ ਕਰੋੜੀ ਭ੍ਰਿਸ਼ਟਾਚਾਰੀਆਂ ਵੱਲ ਇਸ਼ਾਰਾ ਕੀਤਾ ਸੀ, ਜਿਹੜੇ ਮਹਾਰਾਸ਼ਟਰ ਨਾਲ ਸੰਬੰਧ ਰੱਖਦੇ ਸਨ - ਅਜੇ ਪ੍ਰਧਾਨ ਮੰਤਰੀ ਜੀ ਦੇ ਬਿਆਨਾਂ ਦੀ ਸਿਆਹੀ ਵੀ ਨਹੀਂ ਸੁਕੀ ਸੀ ਕਿ ਉਨ੍ਹਾਂ ਸਭ ਭ੍ਰਿਸ਼ਟ ਆਗੂਆਂ ਦੀ ਕੁੜਮਾਂ ਵਾਂਗ ਕਲਾਵਿਆਂ ਵਿੱਚ ਲੈ ਕੇ ਸਵਾਗਤ ਕੀਤਾ, ਨਾਲ ਹੀ ਉਨ੍ਹਾਂ ਨੂੰ ਮੂੰਹ ਮੰਗੇ ਮਹਿਕਮੇ ਦੇ ਕੇ ਸਵਾਗਤ ਕੀਤਾ। ਬੇਟੀਆਂ ਪਹਿਲਵਾਨਾਂ ਦੀ ਜਥੇਬੰਦੀ ਦਾ ਪ੍ਰਧਾਨ ਪਰਚਾ ਦਰਜ ਹੋਣ ’ਤੇ ਵੀ ਨਹੀਂ ਫੜਿਆ, ਚਲਾਣ ਦੇਣ ’ਤੇ ਜ਼ਮਾਨਤ ਮਿਲ ਗਈ ਕਿਉਂਕਿ ਪਿੱਠ ’ਤੇ ਰਾਜ ਕਰਦਾ ਲਾਣਾ ਸੀ। ਐੱਨ ਡੀ ਏ ਦੇ ਸਭ ਨੇੜਲੇ ਸਾਥੀ ਬੈਂਕਾਂ ਦਾ ਪੈਸੇ ਲੈ ਕੇ ਦੌੜੇ ਹੋਏ ਹਨ। ਵਿਖਾਵੇ ਦੀ ਕਾਰਵਾਈ ਕਰਕੇ ਜਨਤਾ ਦੇ ਹੰਝੂ ਪੂੰਝੇ ਜਾ ਰਹੇ ਹਨ।
ਸਮੇਂ ਸਮੇਂ ’ਤੇ ਆਪ ਐਲਾਨੇ ਵਾਅਦੇ ਪੂਰੇ ਨਹੀਂ ਕੀਤੇ ਗਏ। ਆਪਣੇ ਹੀ ਵਾਅਦਿਆਂ ਨੂੰ ਜੁਮਲੇ ਆਖ ਕੇ ਮਜ਼ਾਕ ਉਡਾਇਆ। ਮਹਿੰਗਾਈ, ਬੇਰੁਜ਼ਗਾਰੀ, ਜਾਤ-ਪਾਤ, ਊਚ-ਨੀਚ, ਹਿੰਦੂ-ਮੁਸਲਮਾਨ ਦਾ ਰੌਲ਼ਾ ਪਾਇਆ ਜਾ ਰਿਹਾ ਹੈ। ਅੰਧ-ਭਗਤ ਭੁੱਖੇ ਢਿੱਡ ਤਾੜੀਆਂ ਮਾਰ ਰਹੇ ਹਨ। ਪ੍ਰਧਾਨ ਮੰਤਰੀ ਵੱਲੋਂ ਬਦੇਸ਼ਾਂ ਵਿੱਚ ਗੇੜੇ ਮਾਰ ਕੇ ਸਰਵ ਉੱਚ ਸਨਮਾਨ ਲੈ ਕੇ ਡੀਗਾਂ ਮਾਰੀਆਂ ਜਾ ਰਹੀਆਂ ਹਨ। ਪਰ ਮਹੀਨਿਆਂ ਤੋਂ ਜਲ-ਸੜ ਰਹੇ ਮਨੀਪੁਰ ਪ੍ਰਦੇਸ਼ ਵਿੱਚ ਜਾਣ ਅਤੇ ਬਿਆਨ ਦੇਣ ਦੀ ਫੁਰਸਤ ਪ੍ਰਧਾਨ ਮੰਤਰੀ ਜੀ ਪਾਸ ਉੱਕਾ ਨਹੀਂ, ਇਸ ਕਰਕੇ ਪਾਰਲੀਮੈਂਟ ਦੇ ਅਜੋਕੇ ਸੈਸ਼ਨ ਦੇ ਪਹਿਲੇ ਹੀ ਦਿਨ ਇਸ ਗੱਲ ’ਤੇ ਕਾਫ਼ੀ ਰੌਲਾ-ਰੱਪਾ ਪਿਆ। ਫਿਰ ਕਿਧਰੇ ਜਾ ਕੇ ਉਸ ’ਤੇ ਚਰਚਾ ਹੋਣ ਦੀ ਗੱਲ ਮੰਨਣੀ ਪਈ। ਅਜੋਕੇ ਇੰਡੀਆ ਨਾਮੀ ਗਠਜੋੜ ਨੇ ਸੈਸ਼ਨ ਦੇ ਪਹਿਲੇ ਦਿਨ ਹੀ ਆਪਣਾ ਜਲਵਾ ਦਿਖਾ ਦਿੱਤਾ। ਮਜਬੂਰਨ ਪ੍ਰਧਾਨ ਮੰਤਰੀ ਨੂੰ ਵੀ ਸਖ਼ਤ ਨਿੰਦਾ ਕਰਨੀ ਪਈ। ਪਰ ਸੰਬੰਧਤ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਣ ਦੀ ਜੁਰਤ ਨਹੀਂ ਪਈ। ਜਿਸ ਭਾਰਤ-ਜੋੜੋ ਯਾਤਰਾ ’ਤੇ ਵਿਰੋਧੀ ਰਾਹੁਲ ਗਾਂਧੀ ਨੂੰ ਟਿੱਚਰਾਂ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਉਂਦੇ ਸਨ, ਅੱਜ ਦੇ ਦਿਨ ਉਹ ਬਣੇ ਗੱਠਜੋੜ ਵਿੱਚ ਕਾਂਗਰਸ ਦਾ ਰੋਲ ਦੇਖ ਕੇ ਮੂੰਹ ਵਿੱਚ ਉਂਗਲਾਂ ਪਾਉਂਦੇ ਹਨ। ਅਜੇ ਤਾਂ ਰਾਹੁਲ ਦੀ ਪੂਰਵ ਤੋਂ ਪੱਛਮ ਤਕ ਭਾਰਤ-ਜੋੜੋ ਯਾਤਰਾ ਬਾਕੀ ਹੈ। ਛੱਬੀ ਪਾਰਟੀਆਂ ਦੇ ਸਿਰ ਜੁੜੇ ਦੇਖ ਕੇ ਸਭ ਭਾਨੂੰ ਦਾ ਕੁਨਬਾ ਹੈਰਾਨ ਹੈ।
ਜਦੋਂ ਹਥਲਾ ਪੇਪਰ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ ਤਾਂ ਸਭ ਧਿਰਾਂ ਪਾਸ ਤਕਰੀਬਨ 232 ਦਿਨਾਂ ਦਾ ਸਮਾਂ ਬਚਿਆ ਹੋਵੇਗਾ। ਇਨ੍ਹਾਂ ਬਚੇ ਹੋਏ ਦਿਨਾਂ ਵਿੱਚ ਇੰਡੀਆ ਗਠਜੋੜ ਨੂੰ ਦਿਨ ਰਾਤ ਰਲ ਕੇ ਉਹ ਗਤੀ ਵਿਧੀਆਂ ਸ਼ੁਰੂ ਕਰਨੀਆਂ ਹੋਣਗੀਆਂ ਜਿਸ ਨਾਲ ਸੰਵਿਧਾਨ ਬਚਾਇਆ ਜਾ ਸਕੇ। ਜਿਵੇਂ ਸਭ ਜਾਣਦੇ ਹਨ ਕਿ ਅੱਜ ਕੱਲ੍ਹ ਰਾਜ ਕਰਦੀ ਪਾਰਟੀ ਵੱਖ-ਵੱਖ ਹੁਕਮਾਂ ਅਤੇ ਵੱਖ-ਵੱਖ ਆਰਡੀਨੈਸਾਂ ਰਾਹੀਂ ਸੰਵਿਧਾਨ ਦੀ ਮੂਲ ਭਾਵਨਾ ਨੂੰ ਖ਼ਤਮ ਕਰਨ ਲਈ ਤੁਲੀ ਹੋਈ ਹੈ। ਸੰਵਿਧਾਨ ਬਚੇਗਾ ਤਾਂ ਹੀ ਜਮਹੂਰੀਅਤ ਅਤੇ ਆਮ ਜਨਤਾ ਦੇ ਹੱਕ ਬਚਣਗੇ ਅਤੇ ਉਨ੍ਹਾਂ ਨੂੰ ਮਿਲਣਗੇ, ਮਿਥੇ ਸਮੇਂ ’ਤੇ ਨਿਰਪੱਖ ਚੋਣਾਂ ਹੁੰਦੀਆਂ ਰਹਿਣਗੀਆਂ। ਇੱਕ ਜਮਹੂਰੀਅਤ ਪਸੰਦ ਸਰਕਾਰ ਹੀ ਸੰਵਿਧਾਨ ਦੀ ਭਾਵਨਾ ਮੁਤਾਬਕ ਕੰਮ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ ਹੀ ਸੰਵਿਧਾਨ ਨਿਰਮਾਤਾ ਸ੍ਰੀ ਅੰਬਦੇਕਰ ਜੀ ਦਾ ਉਹ ਸੁਪਨਾ ਪੂਰਾ ਹੋ ਸਕੇਗਾ ਜੋ ਉਨ੍ਹਾਂ ਇਸ ਸੰਵਿਧਾਨ ਨੂੰ ਸੰਪੂਰਨ ਕਰਨ ’ਤੇ ਲਿਆ ਸੀ।
ਆਉਣ ਵਾਲੇ ਸਮੇਂ ਵਿੱਚ ਜਿੱਥੇ ਇੰਡੀਆ ਗੱਠਜੋੜ ਬਣਨ ਅਤੇ ਉਨ੍ਹਾਂ ਦੇ ਮਿੱਲ ਕੇ ਕੰਮ ਕਰਨ ’ਤੇ ਚੰਗਾ ਮਾਹੌਲ ਬਣੇਗਾ, ਉੱਥੇ ਹੀ ਤੁਸੀਂ ਸੁਪਰੀਮ ਕੋਰਟ ਦੀ ਵਿਆਖਿਆ ਅਤੇ ਉਸ ਦੇ ਫ਼ੈਸਲਿਆਂ ਦੇ ਵੀ ਕਾਇਲ ਬਣੋਗੇ। ਜਿਵੇਂ ਦਿੱਲੀ ਆਰਡੀਨੈਂਸ ਨੂੰ ਪੰਜ ਜੱਜਾਂ ਦੇ ਸੰਵਿਧਾਨ ਬੈਂਚ ਨੂੰ ਸੌਂਪਣ ਦਾ ਵਿਚਾਰ ਚੱਲ ਰਿਹਾ ਹੈ, ਉਵੇਂ ਹੀ ਤੁਸੀਂ ਰਾਹੁਲ ਗਾਂਧੀ ਦੀ ਮੈਂਬਰਸ਼ਿੱਪ ਖ਼ਤਮ ਕਰਨ ਦੀ ਵਿਆਖਿਆ ਨੂੰ ਸੰਵਿਧਾਨ ਦੀ ਭਾਵਨਾ ਮੁਤਾਬਕ ਫੈਸਲਾ ਆਉਂਦੇ ਸਮੇਂ ਦੇਖੋਗੇ। ਅਜੇ ਬਹੁਤ ਸਾਰੇ ਫ਼ੈਸਲੇ ਆਉਣ ਵਾਲੇ ਹਨ, ਜਿਨ੍ਹਾਂ ਦਾ ਨਿਪਟਾਰਾ ਸੰਬੰਧਤ ਬੈਂਚ ਦਿਨ ਬ ਦਿਨ ਲਗਾਤਾਰ ਕਰੇਗਾ। ਸਭ ਭਾਰਤ ਵਾਸੀਆਂ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਚੰਦੜਚੂੜ ’ਤੇ ਆਸ ਤੋਂ ਵੱਧ ਭਰੋਸਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4110)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)