“ਅੱਜ ਤਕ ਦੀਆਂ ਰਿਪੋਰਟਾਂ ਮੁਤਾਬਕ ਮਹਾਂ-ਗੱਠਜੋੜ ਬੜੀ ਸਾਵਧਾਨੀ ਨਾਲ ...”
(ਨਵੰਬਰ 1 2020)
28 ਅਕਤੂਬਰ ਨੂੰ ਬਿਹਾਰ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪੁਰ-ਅਮਨ ਪੈ ਗਈਆਂ ਹਨ। ਇਨ੍ਹਾਂ ਵਿੱਚ 1066 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਇਸ ਗੇੜ ਵਿੱਚ ਬਿਹਾਰੀ ਵੋਟਰਾਂ ਨੇ ਪੁਰ-ਅਮਨ ਰਹਿ ਕੇ 54.26 ਫੀਸਦੀ ਪੋਲਿੰਗ ਕੀਤੀ। ਜਿਵੇਂ ਤੁਸੀਂ ਜਾਣਦੇ ਹੋ ਕਿ 71 ਸੀਟਾਂ ਲਈ ਪਹਿਲੇ ਗੇੜ ਵਿੱਚ ਵੋਟਾਂ ਪਈਆਂ ਹਨ, ਜਿਨ੍ਹਾਂ ਵਿੱਚ ਨਕਸਲ ਪ੍ਰਭਾਵਤ ਵੀ ਕਈ ਇਲਾਕੇ ਸਨ। ਸੂਬੇ ਦੇ ਜਮੂਈ ਜ਼ਿਲ੍ਹੇ ਵਿੱਚ ਸਭ ਤੋਂ ਵੱਧ 58 ਫ਼ੀਸਦੀ ਵੋਟਾਂ ਪਈਆਂ। ਸਭ ਤੋਂ ਘੱਟ 44 ਫ਼ੀਸਦੀ ਪੋਲਿੰਗ ਮੁੰਗੇਰ ਜ਼ਿਲ੍ਹੇ ਵਿੱਚ ਹੋਈ। ਅਸੀਂ ਇਸ ਪੋਲਿੰਗ ਦਾ ਇਸ ਕਰਕੇ ਵੀ ਸਵਾਗਤ ਕਰਦੇ ਹਾਂ ਕਿ ਜਿੱਥੇ ਇਹ ਗੇੜ ਉੱਪਰ-ਅਮਨ ਰਿਹਾ, ਉੱਥੇ ਬਿਹਾਰੀ ਜਨਤਾ ਨੇ ਕੋਰੋਨਾ ਦੇ ਦੌਰ ਵਿੱਚ ਹੜ੍ਹਾਂ ਦੀ ਮਾਰ ਦੌਰਾਨ ਤਣਾਅ ਵਾਲੇ ਮਾਹੌਲ ਵਿੱਚ ਵੀ ਘਰਾਂ ਵਿੱਚੋਂ ਨਿਕਲ ਕੇ ਜਮਹੂਰੀਅਤ ਨੂੰ ਜ਼ਿੰਦਾ ਰੱਖਣ ਵਿੱਚ ਆਪਣਾ ਹਿੱਸਾ ਪਾਇਆ।
ਬਿਹਾਰ ਦੀਆਂ ਇਨ੍ਹਾਂ ਚੋਣਾਂ ਵਿੱਚ 243 ਸੀਟਾਂ ਲਈ ਲਗਭਗ 100 ਸਿਆਸੀ ਪਾਰਟੀਆਂ ਸਮੇਤ ਕੁਝ ਗਰੁੱਪਾਂ, ਵੀ ਭਾਗ ਲੈ ਰਹੇ ਹਨ। ਇੱਦਾਂ ਪਾਰਟੀਆਂ ਅਤੇ ਗਰੁੱਪਾਂ ਦਾ ਚੋਣਾਂ ਵਿੱਚ ਭਾਗ ਲੈਣਾ ਦਰਸਾਉਂਦਾ ਹੈ ਕਿ ਭਾਵੇਂ ਇਹ ਚੋਣਾਂ ਇਸ ਵਕਤ ਇਨ੍ਹਾਂ ’ਤੇ ਠੋਸੀਆਂ ਗਈਆਂ ਹਨ, ਫਿਰ ਵੀ ਜਮਹੂਰੀਅਤ ਨੂੰ ਜ਼ਿੰਦਾ ਰੱਖਣ ਲਈ ਲੋਕ ਨੰਗੇ ਧੜ ਭਾਗ ਲੈ ਰਹੇ ਹਨ ਅਤੇ ਲੜ ਰਹੇ ਹਨ। ਇਸ ਸਭ ਦੇ ਬਾਵਜੂਦ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਚੋਣ ਕਮਿਸ਼ਨ ਦੀ ਜਾਣਕਾਰੀ ਅਨੁਸਾਰ ਉਸ ਵੱਲੋਂ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਜਾਣਕਾਰੀ ਮੁਤਾਬਕ ਪਹਿਲੇ ਗੇੜ ਦੇ 1065 ਉਮੀਦਵਾਰਾਂ ਵਿੱਚੋਂ 30 ਫ਼ੀਸਦੀ ਉਮੀਦਵਾਰਾਂ ਵਿਰੁੱਧ ਅਪਰਾਧਿਕ ਮੁਕੱਦਮੇ ਅੱਜ ਤਕ ਪੈਂਡਿੰਗ ਹਨ।
ਇਸ ਵਕਤ ਬਿਹਾਰ ਦਾ ਚੋਣ ਮੈਦਾਨ ਭਖਿਆ ਪਿਆ ਹੈ। ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਮਹਾਂ-ਗਠਜੋੜ ਅਤੇ ਐੱਨ ਡੀ ਏ ਵਿਚਕਾਰ ਫਸਵਾਂ ਚੱਲ ਰਿਹਾ ਹੈ। ਮਹਾਂ-ਗੱਠਜੋੜ, ਜਿਸਦਾ ਨੇਤਾ ਤੇਜਸਵੀ ਯਾਦਵ, ਨੌਜਵਾਨ ਲੀਡਰ ਹੈ, ਜਿਸ ਵਿੱਚ ਆਰ ਜੇ ਡੀ, ਕਾਂਗਰਸ ਪਾਰਟੀ ਅਤੇ ਤਿੰਨ ਖੱਬੇ ਪੱਖੀ ਪਾਰਟੀਆਂ ਹਨ, ਜਦ ਕਿ ਐੱਨ ਡੀ ਏ ਵਿੱਚ ਜੇ ਡੀ ਯੂ, ਭਾਜਪਾ ਅਤੇ ਲੋਕ ਜਨਸ਼ਕਤੀ ਪਾਰਟੀ ਆਦਿ ਹਨ। ਐੱਨ ਡੀ ਏ ਦਾ ਸੰਬੰਧ ਰਾਜ ਕਰਦੀ ਪਾਰਟੀ ਨਾਲ ਹੈ, ਜਦ ਕਿ ਦੂਜੀ ਧਿਰ ਦਾ ਸੰਬੰਧ ਉਸ ਧਿਰ ਨਾਲ ਹੈ, ਜੋ ਸੱਤਾ ’ਤੇ ਕਾਬਜ਼ ਹੋਣ ਲਈ ਤਿਆਰ ਬੈਠੀ ਹੈ।
ਅਗਲੀ ਗੱਲ ਬਿਹਾਰ ਚੋਣਾਂ ਵਿੱਚ ਇਹ ਹੋ ਰਹੀ ਹੈ ਕਿ ਬਾਵਜੂਦ ਪ੍ਰਧਾਨ ਮੰਤਰੀ, ਯੂ ਪੀ ਦੇ ਮੁੱਖ ਮੰਤਰੀ, ਯੋਗੀ ਅਦਿੱਤਿਆਨਾਥ, ਅਮਿਤ ਸ਼ਾਹ ਅਤੇ ਹੋਰ ਜਾਤ-ਪਾਤ ਦੀ ਅੱਗ ਉਗਲਣ ਵਾਲੇ ਲੋਕਾਂ ਦੇ ਭਾਸ਼ਣਾਂ ਦੇ ਬਾਵਜੂਦ ਬਿਹਾਰ ਵਿੱਚ ਹਿੰਦੂ-ਮੁਸਲਮਾਨ, ਭਾਵ ਜਾਤ-ਪਾਤ ਦਾ ਮੁੱਦਾ ਨਹੀਂ ਬਣਿਆ, ਕਿਉਂਕਿ ਲੋਕ ਸਮਝਦੇ ਹਨ ਕਿ ਯੋਗੀ ਦੇ ਰਾਜ ਵਿੱਚ ਯੂ ਪੀ ਵਿੱਚ ਕੀ ਹੋ ਰਿਹਾ ਹੈ, ਸੈਂਟਰ ਵਿੱਚ ਕੀ ਹੋ ਰਿਹਾ ਅਤੇ ਨਿਤੀਸ਼ ਦੀ ਸਰਕਾਰ ਸਮੇਂ ਕੀ ਹੁੰਦਾ ਰਿਹਾ। ਅਜੇ ਤਕ ਇਸ ਵਾਰ ਬਿਹਾਰ ਵਿੱਚ ਮੁੱਦਿਆਂ ’ਤੇ ਲੜਾਈ ਹੋ ਰਹੀ ਹੈ। ਇਹ ਮੁੱਦਿਆਂ ਦੀ ਨੀਤੀ ਮਹਾਂਗੱਠਜੋੜ ਨੇ ਸ਼ੁਰੂ ਕੀਤੀ ਹੈ। ਐੱਨ ਡੀ ਏ ਨੂੰ ਤਾਂ ਉਸ ਦਿਨ ਹੀ ਪਿੱਸੂ ਪੈ ਗਏ ਸਨ, ਜਿਸ ਦਿਨ ਤੇਜਸਵੀ ਯਾਦਵ ਨੇ ਦਸ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜਿਸ ’ਤੇ ਨਿਤੀਸ਼ ਕੁਮਾਰ ਸਣੇ ਸਟਾਰ ਪ੍ਰਚਾਰਕ ਟਿੱਚਰਾਂ ਕਰ ਰਹੇ ਸਨ ਕਿ 10 ਲੱਖ ਨੌਕਰੀਆਂ ਦੇਣ ਲਈ ਪੈਸਾ ਕਿੱਥੋਂ ਆਵੇਗਾ? ਸਵਾਲੀਆ ਲਹਿਜ਼ੇ ਵਿੱਚ ਪੁੱਛਿਆ ਜਾ ਰਿਹਾ ਸੀ ਕਿ ਕੀ ਤੇਜਸਵੀ ਸਾਹਿਬ ਨਕਲੀ ਨੋਟ ਛਾਪਣਗੇ ਜਾਂ ਫਿਰ ਲਾਲੂ ਯਾਦਵ ਵੱਲ ਇਸ਼ਾਰਾ ਕਰਕੇ ਆਖਦੇ ਸਨ ਕਿ ਕੀ ਪੈਸਾ ਜੇਲ ਵਿੱਚੋਂ ਆਵੇਗਾ? ਜਦ ਐੱਨ ਡੀ ਏ ਨੇ ਦੇਖਿਆ ਕਿ ਉਨ੍ਹਾਂ ਦੀਆਂ ਇੱਧਰਲੀਆਂ-ਉੱਧਰਲੀਆਂ ਮਾਰਨ ਨਾਲ ਜਨਤਾ ਪ੍ਰਭਾਵਤ ਨਹੀਂ ਹੋ ਰਹੀ, ਜਨਤਾ ਟੱਸ ਤੋਂ ਮੱਸ ਨਹੀਂ ਹੋ ਰਹੀ ਤਾਂ ਫਿਰ ਉਨ੍ਹਾਂ ਨੂੰ ਵੀ ਥੁੱਕ ਕੇ ਚੱਟਣਾ ਪਿਆ ਅਤੇ ਉਨ੍ਹਾਂ ਨੂੰ 19 ਲੱਖ ਵਿਅਕਤੀਆਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨਾ ਪਿਆ। ਹੁਣ ਮਹਾਂ-ਗੱਠਜੋੜ ਵਾਲੇ ਅਤੇ ਆਮ ਜਨਤਾ ਪੁੱਛ ਰਹੀ ਹੈ ਕਿ ਜੇ 10 ਲੱਖ ਨੌਕਰੀਆਂ ਲਈ ਬੱਜਟ ਜੁਟਾਉਣਾ ਮੁਸ਼ਕਲ ਸੀ ਤਾਂ ਹੁਣ 19 ਲੱਖ ਰੁਜ਼ਗਾਰ ਲਈ ਪੈਸਾ ਕਿੱਥੋਂ ਆਵੇਗਾ?
ਜਿਵੇਂ ਉੱਪਰ ਜ਼ਿਕਰ ਕੀਤਾ ਹੈ ਕਿ ਮਹਾਂ-ਗੱਠਜੋੜ ਵਿੱਚ ਖੱਬਾ ਮੋਰਚਾ ਵੀ ਸ਼ਾਮਲ ਹੈ, ਜਿਸਦਾ ਮੁੱਖ ਬੁਲਾਰਾ ਕਨ੍ਹਈਆ ਕੁਮਾਰ ਹੈ, ਜੋ ਹਮੇਸ਼ਾ ਮੁੱਦਿਆਂ ਦੀ ਗੱਲ ਕਰਦਾ ਹੈ। ਮੁੱਦਿਆ ’ਤੇ ਬਹਿਸ ਕਰਦਾ ਹੈ, ਜਿਸ ਨੇ ਕਈ ਵਾਰ ਕਿਹਾ ਹੈ ਕਿ ਜੇ ਲੜਾਈ ਮੁੱਦਿਆਂ ’ਤੇ ਲੜੀ ਜਾਵੇਗੀ ਤਾਂ ਫਿਰ ਮਹਾਂ-ਗਠਜੋੜ ਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ।
ਤੁਸੀਂ ਨੋਟ ਕੀਤਾ ਹੋਵੇਗਾ ਕਿ ਜਿਉਂ-ਜਿਉਂ ਬਿਹਾਰ ਵਿੱਚ ਮੁੱਦਿਆਂ ’ਤੇ ਚੋਣ ਭਖ ਰਹੀ ਹੈ, ਤਿਉਂ-ਤਿਉਂ ਐੱਨ ਡੀ ਏ ਸਟਾਰ ਪ੍ਰਚਾਰਕਾਂ ਸਮੇਤ ਪ੍ਰਧਾਨ ਮੰਤਰੀ ਅਤੇ ਨਿਤਿਸ਼ ਕੁਮਾਰ ਮੁੱਖ ਮੰਤਰੀ ਦੇ, ਘਬਰਾਹਟ ਵਿੱਚ ਦਿਖਾਈ ਦੇ ਰਹੇ ਹਨ। ਬੋਲ-ਕਬੋਲ ਕਰ ਰਹੇ ਹਨ। ਬਹੁਤੀਆਂ ਅਜਿਹੀਆਂ ਗੱਲਾਂ ਆਖ ਰਹੇ ਹਨ ਜੋ ਉਨ੍ਹਾਂ ਦੇ ਰੁਤਬੇ ਮੁਤਾਬਕ, ਉਨ੍ਹਾਂ ਦੇ ਕੱਦ ਮੁਤਾਬਕ ਸ਼ੋਭਦੀਆਂ ਨਹੀਂ। ਜਿਵੇਂ ਨਿਤਿਸ਼ ਕੁਮਾਰ ਮੁੱਖ ਮੰਤਰੀ ਹੁੰਦਿਆਂ ਮੁੱਦਿਆਂ ਤੋਂ ਹਟ ਕੇ ਲਾਲੂ ਦੇ ਬਾਰੇ ਜ਼ਿਆਦਾ ਬੱਚੇ ਪੈਦਾ ਕਰਨ ਦੀ ਗੱਲ ਆਖ ਰਹੇ ਹਨ, ਜਦ ਉਸ ਨੇ ਤੇਜਸਵੀ ਯਾਦਵ ’ਤੇ ਅਜਿਹਾ ਹਮਲਾ ਕੀਤਾ ਤਾਂ ਉਨ੍ਹਾਂ ਬਿਨਾਂ ਗੁੱਸਾ ਕੀਤਿਆਂ ਆਖਿਆ ਕਿ ਅਗਰ ਇਹ ਸਾਡੇ ਪਰਿਵਾਰ ਲਈ ਮਾੜੀ ਗੱਲ ਹੈ ਤਾਂ ਪ੍ਰਧਾਨ ਮੰਤਰੀ ਦੇ ਪਰਿਵਾਰ ਲਈ ਵੀ ਬਰਾਬਰ ਦੀ ਗੱਲ ਹੈ। ਅਗਰ ਨਿਤਿਸ਼ ਕੁਮਾਰ ਪਾਸ ਮੁੱਦਾ ਹੁੰਦਾ ਤਾਂ ਉਹ ਮੁੱਦੇ ਦੀ ਗੱਲ ਕਰਦਾ। ਠੀਕ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਵੀ ਆਪਣੇ ਅਹੁਦੇ ਦਾ ਖਿਆਲ ਕੀਤਿਆਂ ਬਗੈਰ ਮੁੱਦਾ-ਹੀਣ ਗੱਲਾਂ ਕਰਕੇ ਆਪਣਾ ਟਾਈਮਪਾਸ ਕਰ ਰਹੇ ਹਨ, ਕਦੇ ਉਹ ਨਿਤਿਸ਼ ਤੋਂ ਪਹਿਲੀਆਂ ਸਰਕਾਰਾਂ ਨੂੰ ਆਖ ਰਿਹਾ ਹੈ ਕਿ ਪਹਿਲੀਆਂ ਸਰਕਾਰਾਂ ਦਾ ਮੰਤਰ ਸੀ- “ਪੈਸਾ ਹਜ਼ਮ, ਪ੍ਰਾਜੈਕਟ ਖ਼ਤਮ” ਕਦੇ ਉਹ ਤੇਜਸਵੀ ਯਾਦਵ ਦਾ ਨਾਂਅ ਲਏ ਬਿਨਾਂ ਉਨ੍ਹਾਂ ਨੂੰ ਜੰਗਲ ਰਾਜ ਦਾ ਯੁਵਰਾਜ ਕਰਾਰ ਦਿੰਦੇ ਹਨ। ਕਦੇ ਉਹ ਜਨਤਾ ਨੂੰ ਡਰਾਉਣ ਦੀ ਖਾਤਰ ਆਖ ਰਹੇ ਹਨ ਕਿ ਮਹਾਂ-ਗੱਠਜੋੜ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨੌਕਰੀ ਦੇਣ ਵਾਲੀਆਂ ਨਿੱਜੀ ਕੰਪਨੀਆਂ ਵੀ ਬਿਹਾਰ ਵਿੱਚੋਂ ਨੌਂ-ਦੋ ਗਿਆਰਾਂ ਹੋ ਜਾਣਗੀਆਂ। ਅਗਰ ਪ੍ਰਧਾਨ ਮੰਤਰੀ ਪਾਸ ਮੁੱਦਾ ਹੁੰਦਾ ਤਾਂ ਉਹ ਉਸ ਮੁੱਦੇ ਦੀ ਗੱਲ ਕਰਦੇ। ਅਗਰ ਉਨ੍ਹਾਂ ਪਾਸ ਦਿੱਤੀਆਂ ਨੌਕਰੀਆਂ ਦਾ ਰਿਕਾਰਡ ਹੁੰਦਾ ਤਾਂ ਉਹ ਉਸ ਰਿਕਾਰਡ ਦਾ ਜ਼ਿਕਰ ਕਰਦੇ। ਅਗਰ ਉਨ੍ਹਾਂ ਪਾਸ ਕਿਸੇ ਚੰਗੇ ਕੰਮ ਦਾ ਰਿਕਾਰਡ ਹੁੰਦਾ ਤਾਂ ਉਹ ਉਸ ਰਿਕਾਰਡ ਦੀ ਗੱਲ ਕਰਦੇ। ਅਜਿਹੇ ਸਭ ਕੁਝ ਦੀ ਅਣਹੋਂਦ ਕਰਕੇ ਉਨ੍ਹਾਂ ਨੂੰ ਇੱਧਰਲੀਆਂ ਉੱਧਰਲੀਆਂ ਮਾਰ ਕੇ ਡੰਗ ਸਾਰਨਾ ਪੈ ਰਿਹਾ ਹੈ।
ਜਦ ਤੋਂ ਪ੍ਰਧਾਨ ਮੰਤਰੀ ਮੋਦੀ ਸੱਤਾ ਵਿੱਚ ਆਏ ਹਨ, ਉਦੋਂ ਤੋਂ ਉਹ ਬਹੁਤ ਵੱਡੇ-ਵੱਡੇ ਵਾਅਦੇ ਕਰਦੇ ਆਏ ਹਨ, ਪਰ ਉਨ੍ਹਾਂ ਕਿੰਨੇ ਵਾਅਦੇ ਪੂਰੇ ਕੀਤੇ, ਜਨਤਾ ਇਹ ਸਭ ਜਾਣਦੀ ਹੈ। ਇਸੇ ਕਰਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ, ਪਰ ਕੀ ਲੋਕਾਂ ਨੂੰ ਰੁਜ਼ਗਾਰ ਮਿਲਿਆ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਿਹਾਰ ਆਣ ਕੇ ਵੀ ਹਰ ਤਰ੍ਹਾਂ ਦੀ ਗੱਲ ਕਰਦੇ ਹਨ। ਦੂਜੇ ਦੇਸ਼ਾਂ ਦੀ ਗੱਲ ਕਰਦੇ ਹਨ, ਪਰ ਆਪਣੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ। ਅਗਰ ਬੇਰੁਜ਼ਗਾਰੀ ਦੀ ਗੱਲ ਕਰਨਗੇ ਤਾਂ ਫਿਰ ਇਸ ਨੂੰ ਦੂਰ ਕਰਨ ਦੀ ਗੱਲ ਵੀ ਕਰਨੀ ਪਵੇਗੀ। ਬੱਸ ਇਹੀ ਤਾਂ ਪ੍ਰਧਾਨ ਮੰਤਰੀ ਦੇ ਵੱਸ ਦੀ ਗੱਲ ਨਹੀਂ। ਉਹ ਆਪਣੀ ਗੱਲ ਦਾ ਦੁਹਰਾਅ ਇੰਨਾ ਕਰਦੇ ਹਨ ਕਿ ਝੂਠ ਵੀ ਸੱਚ ਲੱਗਣ ਲੱਗ ਪੈਂਦਾ ਹੈ।
ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਇਸ ਵਕਤ ਮਹਾਂ-ਗੱਠਜੋੜ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਦਕਾ ਸਮੁੱਚਾ ਐੱਨ ਡੀ ਏ ਘਬਰਾਹਟ ਵਿੱਚ ਹੈ। ਹੋਰਨਾਂ ਕਾਰਨਾਂ ਤੋਂ ਇਲਾਵਾ ਨਿਤਿਸ਼ ਕੁਮਾਰ ਦਾ ਪਿਛਲੇ ਪੰਜ ਸਾਲਾਂ ਦਾ ਕਿਰਦਾਰ ਹੈ, ਜਿਹੜਾ ਜਨਤਾ ਨੂੰ ਮਾਫ਼ਿਕ ਨਹੀਂ ਬੈਠਿਆ। ਕੋਰੋਨਾ ਦੀ ਮਹਾਂਮਾਰੀ ਦੌਰਾਨ, ਜੋ ਉਸ ਦਾ ਮਜ਼ਦੂਰਾਂ ਪ੍ਰਤੀ ਰਵੱਈਆ ਰਿਹਾ, ਖਾਸ ਕਰ ਉਨ੍ਹਾਂ ਦੁਖਿਆਰੇ ਮਜ਼ਦੂਰਾਂ ਅਤੇ ਪਰਿਵਾਰਾਂ ਪ੍ਰਤੀ, ਜਿਹੜੇ ਦੂਜੇ ਸੂਬਿਆਂ ਤੋਂ ਉੱਜੜ ਕੇ ਖਾਲੀ ਹੱਥ ਪੈਦਲ ਤੁਰ ਕੇ ਆਪਣੀ ਸਾਰੀ ਪੂੰਜੀ ਰਸਤੇ ਵਿੱਚ ਖ਼ਤਮ ਕਰਕੇ ਮਸਾਂ ਪਹੁੰਚੇ ਸਨ। ਉਸ ਤੋਂ ਝੱਟ ਬਾਅਦ ਬਰਸਾਤ ਅਤੇ ਰਹਿੰਦੀ ਕਸਰ ਹੜ੍ਹਾਂ ਨੇ ਕੱਢ ਦਿੱਤੀ। ਮੁੱਖ ਮੰਤਰੀ ਸਮੇਤ ਉਪ ਮੁੱਖ ਮੰਤਰੀ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਗਰੀਬ ਜਨਤਾ ਦੇ ਦੁੱਖ ਵਿੱਚ ਸਹਾਇਕ ਨਹੀਂ ਬਣੇ।
ਅੱਜ ਤਕ ਦੀਆਂ ਰਿਪੋਰਟਾਂ ਮੁਤਾਬਕ ਮਹਾਂ-ਗੱਠਜੋੜ ਬੜੀ ਸਾਵਧਾਨੀ ਨਾਲ, ਆਪਣੀ ਸਿਆਣਪ ਨਾਲ, ਜਨਤਾ ਦੇ ਮੁੱਦਿਆਂ ਦੀ ਅਵਾਜ਼ ਚੁੱਕ ਕੇ ਉਸ ਦੀ ਆਵਾਜ਼ ਬਣ ਕੇ ਅੱਗੇ ਵਧ ਰਿਹਾ ਹੈ। ਸਹਿਜ ਅਤੇ ਲੰਮੇ ਸਾਹਸ ਦੀ ਜ਼ਰੂਰਤ ਹੈ। ਅਗਰ ਸਭ ਕੁਝ ਇਸੇ ਤਰ੍ਹਾਂ ਠੀਕ-ਠਾਕ ਰਿਹਾ ਤਾਂ ਲਗਦਾ ਹੈ ਕਿ ਮਹਾਂ-ਗੱਠਜੋੜ ਜਿੱਤਣ ਲਈ ਹੰਧਿਆਂ ਤੱਕ ਪਹੁੰਚ ਜਾਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2402)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)