“ਇਹ ਵੀ ਇੱਕ ਬੜੀ ਅਜੀਬ ਵਿਡੰਬਨਾ ਹੈ ਕਿ ਮੌਜੂਦਾ ਸਰਕਾਰ ਨੂੰ ਅੱਜ ਤਕ ...”
(28 ਜੂਨ 2021)
ਤਕਰੀਬਨ ਸਾਢੇ ਚਾਰ ਸਾਲ ਪਹਿਲਾਂ ਜਿਵੇਂ ਪੰਜਾਬ ਦੀ ਜਨਤਾ ਨੇ ਆਪਣੇ ਵੱਲੋਂ ਕਾਂਗਰਸੀਆਂ ਦੀ ਸਰਕਾਰ ਬਹੁ-ਸੰਮਤੀ ਵਿੱਚ ਬਣਾ ਕੇ ਪੰਜਾਬ ਅਸੰਬਲੀ ਵਿੱਚ ਜਿਸ ਉਤਸ਼ਾਹ ਨਾਲ ਭੇਜੀ, ਅੱਜ ਜਨਤਾ ਇਨ੍ਹਾਂ ਦੇ ਕੰਮਾਂ-ਕਾਰਾਂ ਤੋਂ ਨਾਖੁਸ਼ ਹੋ ਕੇ ਨਿਰਾਸ਼ਾ ਦੇ ਆਲਮ ਵਿੱਚ ਹੈ। ਰਹਿੰਦੀ ਕਸਰ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਹਾਈਕਮਾਂਡ ਨੇ ਜੁਰਅਤ ਨਾਲ ਫੈਸਲਾ ਨਾ ਲੈ ਕੇ ਕੱਢ ਦਿੱਤੀ ਹੈ।
ਜਮਹੂਰੀਅਤ ਵਿੱਚ ਜਨਤਾ ਆਪਣੇ ਵੱਲੋਂ ਆਪੋ-ਆਪਣੇ ਉਮੀਦਵਾਰ ਜਿਤਾ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਅਤੇ ਆਪਣੇ ਸਾਰੇ ਟੈਕਸ ਇਨ੍ਹਾਂ ਹਵਾਲੇ ਕਰ ਦਿੰਦੀ ਹੈ। ਜਨਤਾ ਆਪਣੇ ਚੰਗੇ ਭਵਿੱਖ ਲਈ ਸਰਕਾਰ ਤੋਂ ਉਮੀਦ ਕਰਨਾ ਸ਼ੁਰੂ ਕਰ ਦਿੰਦੀ ਹੈ। ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਨੂੰ ਵੋਟਾਂ ਪੈਂਦੀਆਂ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਸਰਕਾਰ ਨੇ ਸਮੁੱਚੇ ਰੂਪ ਵਿੱਚ ਆਪਣੀ ਤਰਜੀਹ ਮੁਤਾਬਕ ਪੂਰਾ ਕਰਨਾ ਹੁੰਦਾ ਹੈ। ਇਸੇ ਕਰਕੇ ਮੌਜੂਦਾ ਸਰਕਾਰ ਆਪਣੇ ਵਾਅਦੇ ਪੂਰੇ ਨਾ ਕਰਕੇ ਅਜੋਕੇ ਹਾਲਾਤ ਨੂੰ ਪਹੁੰਚੀ ਹੈ।
ਇਸ ਵਾਰ ਕਾਂਗਰਸ ਸਰਕਾਰ ’ਤੇ ਉੰਨਾ ਅਟੈਕ ਬਾਹਰੋਂ ਨਹੀਂ ਹੋਇਆ, ਜਿੰਨਾ ਕਾਂਗਰਸ ਦੇ ਅੰਦਰੋਂ ਹੀ ਹੋ ਰਿਹਾ ਹੈ। ਇਸਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਹਨ ਪਰ ਇੱਕ ਮੁੱਖ ਕਾਰਨ ਇਹ ਹੈ ਕਿ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਜਿਹੜੇ ਵਾਅਦੇ ਇਨ੍ਹਾਂ ਬਿਨਾਂ ਕਿਸੇ ਦਬਾਅ ਦੇ, ਗੁਟਕੇ ਦੀ ਸਹੁੰ ਖਾ ਕੇ ਕੀਤੇ ਸਨ, ਜਿਸ ’ਤੇ ਜਨਤਾ ਨੇ ਸਹੁੰ ਕਰਕੇ ਇਤਬਾਰ ਕਰ ਲਿਆ - ਉਹ ਵਾਅਦੇ ਵੀ ਦੂਜੇ ਵਾਅਦਿਆਂ ਵਾਂਗ ਮਿੱਟੀ ਵਿੱਚ ਰੁਲ ਗਏ। ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਵੋਟਾਂ ਬਟੋਰੀਆਂ ਗਈਆਂ ਪਰ ਜਦ ਨੌਕਰੀ ਦੇਣ ਦਾ ਮੌਕਾ ਆਇਆ ਤਾਂ ਉਸ ਵਕਤ ਵੀ ਅੰਨ੍ਹੇ ਵਾਂਗ ਨੌਕਰੀਨੁਮਾ ਰਿਉੜੀਆਂ ਆਪਣਿਆਂ ਨੂੰ ਹੀ ਵੰਡੀਆਂ ਗਈਆਂ, ਜਿਨ੍ਹਾਂ ਦੀ ਚਰਚਾ ਅੱਜ-ਕੱਲ੍ਹ ਜ਼ੋਰਾਂ ’ਤੇ ਹੈ। ਸਰਕਾਰ ਪਾਸ ਇਸਦਾ ਕੋਈ ਢੁੱਕਵਾਂ ਜਵਾਬ ਨਹੀਂ ਹੈ। ਜਨਤਾ ਪੁੱਛ ਰਹੀ ਹੈ ਕਿ ਜੇਕਰ ਤਰਸ ਦੇ ਅਧਾਰ ’ਤੇ ਦੇਸ਼ ਲਈ ਕੁਰਬਾਨੀ ਵਾਲਿਆਂ ਦੇ ਪਰਿਵਾਰਾਂ ਨੌਕਰੀ ਦੇਣੀ ਸੀ ਤਾਂ ਫਿਰ ਉਸ ਵਕਤ ਸਰਕਾਰ ਨੂੰ ਉਹ ਯਤੀਮ ਚੇਤੇ ਕਿਉਂ ਨਹੀਂ ਆਇਆ, ਜਿਸ ਨੇ ਯਤੀਮ ਹੁੰਦਿਆਂ, ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਸੀ ਤੇ ਸ਼ਹੀਦੀ ਪਾਈ ਸੀ। ਮੌਜੂਦਾ ਸਰਕਾਰ ਉਸ ਯਤੀਮ ਦੇ ਪਰਿਵਾਰਕ ਮੈਂਬਰਾਂ ਨੂੰ ਕਿਉਂ ਭੁੱਲ ਗਈ, ਜੋ ਅੱਜ-ਕੱਲ੍ਹ ਦਿਹਾੜੀ ਕਰਨ ਲਈ ਮਜਬੂਰ ਹਨ ਅਤੇ ਗੁੰਮਨਾਮੀ ਦੀ ਜ਼ਿੰਦਗੀ ਜਿਊਂ ਰਹੇ ਹਨ।
ਅੱਜ ਹਰ ਦੇਸ਼ ਪ੍ਰੇਮੀ ਉਸ ਸ਼ਹੀਦ ਊਧਮ ਸਿੰਘ ਨੂੰ ਜਾਣਦਾ ਹੈ, ਜਿਸ ਨੇ ਯਤੀਮਖਾਨੇ ਵਿੱਚ ਪਲ ਕੇ, ਜਲ੍ਹਿਆਂਵਾਲੇ ਬਾਗ ਵਿੱਚ ਹੋਏ ਸ਼ਹੀਦਾਂ ਅਤੇ ਉਸ ਘਟਨਾ ਵਿੱਚ ਹੋਏ ਯਤੀਮਾਂ ਦਾ ਬਦਲਾ 20-21 ਸਾਲ ਬਾਅਦ ਇੰਗਲੈਂਡ ਵਿੱਚ ਜਾ ਕੇ ਸਰ ਮਾਈਕਲ ਉਡਵਾਇਰ ਜੋ ਪੰਜਾਬ ਦਾ ਸਾਬਕਾ ਗਵਰਨਰ ਸੀ ਨੂੰ ਮਾਰ ਕੇ ਅਤੇ ਉਸ ਦੇ ਪਰਿਵਾਰ ਨੂੰ ਯਤੀਮ ਬਣਾ ਕੇ ਲਿਆ ਸੀ। ਯਾਦ ਰਹੇ ਜਨਰਲ ਡਾਇਰ ਪਹਿਲਾਂ ਹੀ ਕੁਦਰਤੀ ਮੌਤ ਮਰ ਚੁੱਕਾ ਸੀ। ਇਹ ਸਾਰਾ ਪਰਿਵਾਰ ਮੁੱਖ ਮੰਤਰੀ ਸਾਹਿਬ ਤੁਹਾਡੇ ਮਾਲਵੇ ਨਾਲ ਸੰਬੰਧ ਰੱਖਦਾ ਹੈ। ਅੱਜ ਦੇ ਦਿਨ ਵੀ ਜਨਤਾ ਤੁਹਾਡੇ ’ਤੇ ਆਸ ਰੱਖਦੀ ਹੈ ਕਿ ਤੁਸੀਂ ਛੇਤੀ ਹੀ ਆਉਣ ਵਾਲੇ ਸਮੇਂ ਵਿੱਚ ਉਸ ਸ਼ਹੀਦ ਪਰਿਵਾਰ ਦੀ ਬਾਂਹ ਫੜੋਗੇ।
ਸਰਕਾਰ ਅਤੇ ਇਸਦੀ ਕੈਬਨਿਟ ਨੇ ਆਪਣੇ ਵੱਲੋਂ 84 ਤੋਂ 86 ਫ਼ੀਸਦੀ ਵਾਅਦੇ ਪੂਰੇ ਕਰਨ ਦਾ ਐਲਾਨ ਕੀਤਾ ਹੈ, ਜਿਸ ਤੋਂ ਕਾਂਗਰਸ ਦੀ ਹਾਈ ਕਮਾਂਡ ਸੰਤੁਸ਼ਟ ਨਹੀਂ ਲਗਦੀ। ਇਸ ਕਰਕੇ ਉਸ ਨੇ ਮੌਜੂਦਾ ਸਰਕਾਰ ਦੀ, ਸਮੇਤ ਕੈਬਨਿਟ, ਬਾਂਹ ਮਰੋੜ ਕੇ 18 ਕੰਮ ਹੋਰ ਜਲਦੀ ਕਰਨ ਨੂੰ ਆਖਿਆ ਹੈ, ਕਿਉਂਕਿ ਹਾਈ ਕਮਾਂਡ ਸਮਝਦੀ ਹੈ ਕਿ ਜੇਕਰ ਇਹ ਵਾਅਦੇ ਪੂਰੇ ਕਰ ਦਿੱਤੇ ਜਾਣ ਤਾਂ ਉਹ ਜਨਤਾ ਵਿੱਚ ਜਾਣ ਜੋਗੀ ਹੋ ਸਕਦੀ ਹੈ। ਲਗਦਾ ਹੈ, ਇਸ ’ਤੇ ਅਮਲ ਸ਼ੁਰੂ ਹੋ ਚੁੱਕਾ ਹੈ।
ਜਨਤਾ ਅਤੇ ਸਣੇ ਟਕਸਾਲੀ ਕਾਂਗਰਸੀ ਸਮਝਦੇ ਹਨ ਕਿ ਜੇਕਰ ਇਮਾਨਦਾਰੀ ਨਾਲ ਸੋਚਿਆ ਜਾਵੇ ਤਾਂ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ, ਚਿੱਟਾ ਮਾਫ਼ੀਆ ਆਦਿ ਉਵੇਂ ਦਾ ਉਵੇਂ ਹੀ ਕੰਮ ਕਰ ਰਿਹਾ ਹੈ, ਜਿਵੇਂ ਉਨ੍ਹਾਂ ਨੂੰ ਕਿਸੇ ਹੱਥ ਨਾ ਪਾਇਆ ਹੋਵੇ।
ਡਾਕਟਰ, ਨਰਸਾਂ, ਟੀਚਰ, ਬਿਜਲੀ ਮੁਲਾਜ਼ਮ, ਰੋਡਵੇਜ਼ ਮੁਲਾਜ਼ਮ, ਪੀ ਆਰ ਟੀ ਸੀ ਦੇ ਮੁਲਾਜ਼ਮ ਅਤੇ ਸਮੇਤ ਅਪੰਗ ਖਿਡਾਰੀਆਂ ਦੇ ਜਿਉਂ ਦੇ ਤਿਉਂ ਸੜਕਾਂ ’ਤੇ ਮੁਜ਼ਾਹਰੇ ਕਰਕੇ ਆਪਣੇ ਹੱਕਾਂ ਲਈ ਅਵਾਜ਼ ਉਠਾ ਰਹੇ ਹਨ। ਸਰਕਾਰ ਗੱਲਬਾਤ ਦਾ ਰਸਤਾ ਛੱਡ ਕੇ ਡਾਂਗਾਂ ਵਾਲਾ ਰਾਹ ਇਖਤਿਆਰ ਕਰ ਰਹੀ ਹੈ, ਜੋ ਸਰਕਾਰ ਨੂੰ ਮਹਿੰਗਾ ਪਵੇਗਾ। ਸਰਕਾਰ ਦਾ ਮੁਲਾਜ਼ਮਾਂ ਸੰਬੰਧੀ ਜੋ ਫ਼ਰਜ਼ ਬਣਦਾ ਹੈ, ਉਹ ਪੂਰੀ ਇਮਾਨਦਾਰੀ ਨਾਲ ਨਿਭਾਵੇ, ਗੱਲਬਾਤ ਦਾ ਰਾਹ ਇਖਤਿਆਰ ਕਰਕੇ ਹੱਲ ਕੱਢੇ ਜਾਣ। ਬਣਦੇ ਬਕਾਏ ਬਾਅਦ ਵਿੱਚ ਵੀ ਦਿੱਤੇ ਜਾ ਸਕਦੇ ਹਨ। ਲੋੜ ਦੋਹਾਂ ਪਾਸਿਓਂ ਤੋਂ ਇੱਕ ਭਰੋਸੇ ਦੀ ਹੈ, ਜੋ ਸਰਕਾਰ ਨੂੰ ਬਹਾਲ ਕਰਨਾ ਚਾਹੀਦਾ ਹੈ।
ਇਹ ਵੀ ਇੱਕ ਬੜੀ ਅਜੀਬ ਵਿਡੰਬਨਾ ਹੈ ਕਿ ਮੌਜੂਦਾ ਸਰਕਾਰ ਨੂੰ ਅੱਜ ਤਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਅਤੇ ਗੋਲੀ ਚਲਾਉਣ ਵਾਲਿਆਂ ਬਾਰੇ ਪਤਾ ਨਹੀਂ ਚੱਲ ਸਕਿਆ। ਸਰਕਾਰਾਂ, ਇਸਦੀਆਂ ਸੂਹੀਆ ਏਜੰਸੀਆਂ, ਵੱਡੇ-ਵੱਡੇ ਲਾਅ ਐਂਡ ਆਰਡਰ ਦੇ ਮਹਿਕਮੇ ਕਿਸ ਵਾਸਤੇ ਹੁੰਦੇ ਹਨ? ਜੇਕਰ ਸਰਕਾਰ ਨੂੰ ਵਾਕਿਆ ਹੀ ਪਤਾ ਨਹੀਂ ਚੱਲ ਸਕਿਆ ਤਾਂ ਉਸ ਨੂੰ ਕੁਰਸੀ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਸਭ ਜਾਣਦੇ ਹਨ ਭੀੜਾਂ ਦੇ ਬੇਕਾਬੂ ਹੋ ਜਾਣ ’ਤੇ ਮੌਕੇ ਦਾ ਡਿਊਟੀ ਮੈਜਿਸਟਰੇਟ ਗੋਲੀ ਚਲਾਉਣ ਦਾ ਹੁਕਮ ਦਿੰਦਾ ਹੈ। ਕੀ ਸਰਕਾਰ ਨੂੰ ਉਸ ਮੈਜਿਸਟ੍ਰੇਟ ਦਾ ਪਤਾ ਨਹੀਂ? ਕੀ ਉਸ ਨੂੰ ਪੁਲਿਸ ਮੁਖੀ ਦਾ ਵੀ ਪਤਾ ਨਹੀਂ ਚੱਲਿਆ? ਇਸ ਕਰਕੇ ਜਿਹੜਾ ਆਪਣੀ ਡਿਊਟੀ ਨਿਭਾਅ ਨਹੀਂ ਸਕਦਾ, ਉਸ ਨੂੰ ਆਪਣਾ ਅਹੁਦਾ ਛੱਡ ਕੇ ਆਪ ਲਾਂਭੇ ਹੋ ਜਾਣਾ ਚਾਹੀਦਾ ਹੈ ਜਾਂ ਕਰ ਦੇਣਾ ਚਾਹੀਦਾ ਹੈ।
ਪੰਜਾਬ ਸਰਕਾਰ ਜੀ! ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ। ਕੰਮ ਤੁਹਾਡੇ ਅੱਗੇ-ਅੱਗੇ ਦੌੜੇ ਫਿਰਦੇ ਹਨ। ਜ਼ਰਾ ਪੰਜਾਬ ਦੇ ਸਵਰਗੀ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਬਾਰੇ ਖਿਆਲ ਕਰੋ। ਜੋ ਅਨਪੜ੍ਹ ਹੋਣ ਦੇ ਬਾਵਜੂਦ ਉਹ ਕੰਮ ਕਰ ਗਿਆ, ਜਿਨ੍ਹਾਂ ਬਾਰੇ ਉਦੋਂ ਸੋਚਣਾ ਵੀ ਅਸੰਭਵ ਸੀ। ਉਹ ਪੰਜਾਬ ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਬਣਾ ਗਿਆ। ਸਖ਼ਤੀ ਨਾਲ ਲਾਗੂ ਕਰ ਗਿਆ। ਹੋਰ ਕਈ ਕੰਮਾਂ ਤੋਂ ਇਲਾਵਾ ਪਿੰਡਾਂ ਦੀਆਂ ਲਿੰਕ ਰੋਡਾਂ, ਜਿਨ੍ਹਾਂ ਦਾ ਅੱਜਕੱਲ੍ਹ ਜਾਲ ਵਿਛਿਆ ਪਿਆ ਹੈ, ਇਹ ਕੰਮ ਵੀ ਉਸ ਦੀ ਹੀ ਦੇਣ ਹੈ। ਕਈ ਕਾਰਨਾਂ ਕਰਕੇ ਉਸ ਦੀ ਸਰਕਾਰ ਭਾਵੇਂ ਬਹੁਤਾ ਚਿਰ ਨਹੀਂ ਚੱਲੀ, ਪਰ ਉਸ ਦੇ ਕੰਮ ਜਨਤਾ ਦੇ ਦਿਲਾਂ ਵਿੱਚ ਘਰ ਕਰ ਗਏ ਹਨ।
ਸਭ ਜਾਣਦੇ ਹਨ, ਪਰ ਇਹ ਕਿਸੇ ਹੱਦ ਤਕ ਹੈ ਵੀ ਸੱਚ ਕਿ ਅੱਤਵਾਦ ਫੈਲਣ ਵਿੱਚ ਕਾਂਗਰਸ ਸਰਕਾਰ ਦਾ ਵੀ ਰੋਲ ਸੀ। ਮਰਹੂਮ ਗਿਆਨੀ ਜ਼ੈਲ ਸਿੰਘ ਨੇ ਜੋ ਉਸ ਵਕਤ ਗ੍ਰਹਿ ਮੰਤਰੀ ਸਨ, ਦਿੱਲੀ ਦੇ ਇੱਕ ਗੁਰਦਵਾਰੇ ਵਿੱਚ ਭਿੰਡਰਾਂਵਾਲੇ ਸੰਤਾਂ ਦੇ ਗੋਡੀਂ ਹੱਥ ਲਾ ਕੇ ਪਤਾ ਨਹੀਂ ਆਸ਼ੀਰਵਾਦ ਲਿਆ ਸੀ ਜਾਂ ਦਿੱਤਾ ਸੀ, ਜਿਸ ਕਹਾਣੀ ਦਾ ਅੰਤ ਜੂਨ 1984 ਵਿੱਚ ਹੋਇਆ ਸੀ। ਇਸ ਵਿੱਚ ਪੰਜਾਬ ਦੀ ਜਵਾਨੀ ਵੱਡੀ ਪੱਧਰ ’ਤੇ ਖ਼ਤਮ ਹੋਈ, ਜਿਸ ਤੋਂ ਬਾਅਦ ਅੱਤਵਾਦ ਦਾ ਦੌਰ ਬਹੁਤ ਲੰਬਾ ਸਮਾਂ ਚੱਲਿਆ। ਇਸ ਦੌਰ ਨੂੰ ਵੀ ਬੇਅੰਤ ਸਿੰਘ ਕਾਂਗਰਸੀ ਨੇ ਹੀ ਆਪਣੀ ਦਲੇਰੀ, ਆਪਣੀਆਂ ਪਾਲਸੀਆਂ ਨਾਲ ਖ਼ਤਮ ਕੀਤਾ ਸੀ।
ਮੁੱਖ ਮੰਤਰੀ ਜੀ, ਤੁਸੀਂ ਵੀ ਉੱਠੋ, ਜਾਗੋ, ਜਾਗੋਗੇ ਤਾਂ ਹੀ ਸਵੇਰਾ ਹੋਵੇਗਾ। ਛੇ ਮਹੀਨੇ ਬਹੁਤ ਹੁੰਦੇ ਹਨ। ਤੁਸੀਂ ਬਹੁਤ ਕੁਝ ਪੰਜਾਬ ਲਈ ਚੰਗਾ ਕਰ ਸਕਦੇ ਹੋ, ਜਿਸ ਨਾਲ ਤੁਸੀਂ ਆਪਣਾ ਪਿਛਲਾ ਧੋਣਾ ਧੋ ਸਕਦੇ ਹੋ, ਬੱਸ ਇੱਕ ਸੰਕਲਪ ਚਾਹੀਦਾ ਹੈ, ਇੱਕ ਦਲੇਰੀ ਦੀ ਲੋੜ ਹੈ। 75/25 ਦਾ ਧੋਣਾ ਧੋ ਦਿਓ। ਇਸ ਵਾਰ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਗੱਲ ਨਹੀਂ ਬਣਨੀ। ਜਨਤਾ ਸਿੱਧੂ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੀ ਤੁਹਾਡੇ ਤੋਂ ਆਸ ਰੱਖਦੀ ਹੈ। ਉਂਜ ਵੀ ਅੱਜ-ਕੱਲ੍ਹ ਜਨਤਾ ਸਰਕਾਰ ਦੀ ਬੇਰੁਖੀ ਕਰਕੇ ਕਾਫ਼ੀ ਸਿਆਣੀ ਹੋ ਚੁੱਕੀ ਹੈ। ਜਨਤਾ ਜਿਸ ਕੁਰਸੀ ’ਤੇ ਬਿਠਾਉਣਾ ਜਾਣਦੀ ਹੈ, ਉਸ ਤੋਂ ਉਤਾਰਨਾ ਵੀ ਜਾਣਦੀ ਹੈ। ਆਪਣੇ ਸੁਭਾਅ ਮੁਤਾਬਕ ਜਿਸ ਪਾਰਟੀ ਨੂੰ ਤੁਸੀਂ ਟਿੱਚ ਸਮਝਦੇ ਹੋ, ਜਨਤਾ ਨੇ ਬਦਲ ਵਜੋਂ ਉਸ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਅੱਜ ਤਕ ਤਾਂ ਠੀਕ ਹੈ, ਕੱਲ੍ਹ ਤਕ ਕਾਫ਼ੀ ਦੇਰ ਹੋ ਚੁੱਕੀ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2868)
(ਸਰੋਕਾਰ ਨਾਲ ਸੰਪਰਕ ਲਈ: