“ਜਿੰਨਾ ਬੁਰਾ ਹਾਲ ਅਜੋਕੇ ਭਾਰਤ ਨੂੰ ਬਣਾਉਣ ਵਾਲੇ ਮਜ਼ਦੂਰਾਂ ਦਾ ਅੱਜਕੱਲ੍ਹ ਹੋਇਆ ਹੈ ...”
(31 ਮਈ 2020)
ਅੱਜ ਵੀ ਮੁੰਬਈ ਦੇ ਵਾਸਈ ਤੋਂ ਆਪਣੇ ਮਾਂ-ਬਾਪ ਵਾਲੇ ਪਿੰਡ ਨੂੰ ਜਾਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ, ਰੇਲ ਰਾਹੀਂ ਜਾਣ ਲਈ ਆਪਣਾ ਮੈਡੀਕਲ ਚੈੱਕਅੱਪ ਕਰਾਉਣ ਲਈ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਮੁਤਾਬਕ ਅਗਰ ਮੈਡੀਕਲ ਚੈੱਕਅੱਪ ਹੋਵੇਗਾ, ਚੈੱਕਅੱਪ ਤੋਂ ਬਾਅਦ ਨਤੀਜਾ ਨੈਗੇਟਿਵ ਆਉਣ ’ਤੇ ਹੀ ਰੇਲ ਵਿੱਚ ਬੈਠਣ ਦੀ ਇਜਾਜ਼ਤ ਮਿਲੇਗੀ, ਫਿਰ ਹੀ ਆਪੋ-ਆਪਣੇ ਪਿੱਤਰੀ ਪਿੰਡਾਂ ਵਿੱਚ ਪਹੁੰਚਿਆ ਜਾ ਸਕਦਾ ਹੈ।
ਅਜ਼ਾਦੀ ਤੋਂ ਬਾਅਦ, ਅਜ਼ਾਦ ਭਾਰਤ ਵਿੱਚ, ਜਿੰਨਾ ਬੁਰਾ ਹਾਲ ਅਜੋਕੇ ਭਾਰਤ ਨੂੰ ਬਣਾਉਣ ਵਾਲੇ ਮਜ਼ਦੂਰਾਂ ਦਾ ਅੱਜਕੱਲ੍ਹ ਹੋਇਆ ਹੈ, ਅਜਿਹਾ ਬੁਰਾ ਹਾਲ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਹਾਂ, ਕਈ ਦੇਸ਼ਾਂ ਵਿੱਚ ਗੁਲਾਮਾਂ ਨਾਲ ਅਜਿਹਾ ਹੁੰਦਾ ਸੁਣਿਆ ਅਤੇ ਪੜ੍ਹਿਆ ਜ਼ਰੂਰ ਸੀ।
ਅੱਜ ਅਸੀਂ ਉਸ ਭਾਰਤ ਦੀ ਗੱਲ ਕਰ ਰਹੇ ਹਾਂ, ਜਿਸ ਪਾਸ ਇੰਨਾ ਅੰਨ ਦਾ ਭੰਡਾਰ ਜਮ੍ਹਾਂ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਮੁੱਕਣ ਵਾਲਾ ਨਹੀਂ ਹੈ, ਪਰ ਮੌਜੂਦਾ ਮੋਦੀ ਸਰਕਾਰ ਨੇ ਇਸ ਨੂੰ ਵੰਡਣ ਦੀ ਨਾ ਪਹਿਲਾਂ ਗਲਤੀ ਕੀਤੀ ਹੈ ਨਾ ਹੀ ਹੁਣ ਲਾਕਡਾਊਨ ਦੇ ਔਖੇ ਵਕਤ ਅਜਿਹਾ ਸੋਚਿਆ ਹੈ। ਅਜਿਹਾ ਇਸ ਕਰਕੇ ਨਹੀਂ ਹੋਇਆ, ਕਿਉਂਕਿ ਅਜਿਹਾ ਕਰਨਾ ਸਰਕਾਰ ਦੀ ਪਾਲਿਸੀ ਵਿੱਚ ਦਰਜ ਨਹੀਂ ਹੈ। ਮੋਦੀ ਜੀ ਜ਼ਬਾਨੀ-ਕਲਾਮੀ ਅਜਿਹਾ ਜਮ੍ਹਾਂ-ਜੋੜ ਕਰਦੇ ਰਹਿੰਦੇ ਹਨ ਕਿ ਕਿਸੇ ਦੇ ਪੱਲੇ ਕੁਝ ਨਹੀਂ ਪੈਂਦਾ, ਜਿਸ ਨੂੰ ਅਰਥ-ਸ਼ਸਤਰ ਦਾ ਗਿਆਨ ਨਹੀਂ, ਉਸ ਨੂੰ ਫਾਇਨੈਂਸ ਮਨਿਸਟਰ ਬਣਾਇਆ ਗਿਆ ਹੈ। ਉਹ ਛੇ ਸੱਤ ਪ੍ਰੈੱਸ ਕਾਨਫਰੰਸਾਂ ਕਰਨ ਤੋਂ ਬਾਅਦ ਵੀ ਜਨਤਾ ਦੀ ਤਸੱਲੀ ਨਹੀਂ ਕਰਵਾ ਸਕੀ।
ਇਹ ਸਰਕਾਰ ਤਕਰੀਬਨ ਹਰ ਮੋਰਚੇ ’ਤੇ ਫੇਲ ਹੋਈ ਹੈ। ਕੋਰੋਨਾ ਜਦੋਂ ਛਾਲਾਂ ਮਾਰ ਕੇ ਵਧ ਰਿਹਾ ਹੈ ਤਾਂ ਕਾਫ਼ੀ ਖੁੱਲ੍ਹਾਂ ਦਿੱਤੀਆਂ ਹਨ। ਲੋਕਾਂ ਨੂੰ ਉਨ੍ਹਾਂ ਦੇ ਰਹਿਮ ’ਤੇ ਛੱਡ ਦਿੱਤਾ ਗਿਆ ਹੈ। ਅਜੋਕੀ ਸਰਕਾਰ ਦਾ ਪੂਰਾ ਜ਼ੋਰ ਇਸ ਗੱਲ ’ਤੇ ਹੀ ਲੱਗਿਆ ਹੋਇਆ ਸੀ ਕਿ ਗੁਜਰਾਤ ਮਾਡਲ ਦੀ ਬੱਲੇ-ਬੱਲੇ ਹੋਵੇ। ਹੁਣ ਜਦ ਗੁਜਰਾਤ ਹਾਈ ਕੋਰਟ ਨੇ ਆਪ ਕੋਰੋਨਾ ਬਾਰੇ ਨੋਟਿਸ ਲਿਆ ਹੈ ਅਤੇ ਕੋਰੋਨਾ ਦੀਆਂ ਖਾਮੀਆਂ ਅਤੇ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜੋ ਫ਼ਰਕ ਕਰ ਕੇ ਦੱਸਿਆ ਹੈ, ਸਰਕਾਰ ਬੈਕ ਫੁੱਟ ’ਤੇ ਚਲੀ ਗਈ ਹੈ। ਗੁਜਰਾਤ ਦੀ ਹਾਈ ਕੋਰਟ ਨੇ ਸਰਕਾਰੀ ਹਸਪਤਾਲਾਂ ਦਾ ਜੋ ਨਕਸ਼ਾ ਪੇਸ਼ ਕੀਤਾ ਹੈ, ਜਿੱਥੇ ਹਰ ਭਰਤੀ ਹੋਣ ਵਾਲਾ ਮਰੀਜ਼ ਹਰ ਚੌਥੇ ਦਿਨ ਮਰਦਾ ਰਿਹਾ ਹੈ। ਸਫ਼ਾਈ ਬਾਰੇ ਜੋ ਕਿਹਾ ਗਿਆ ਹੈ, ਉਸ ਨੂੰ ਕਲਮ ਹੂ-ਬ-ਹੂ ਲਿਖਣ ਤੋਂ ਵੀ ਇਨਕਾਰੀ ਹੈ। ਹਸਪਤਾਲ ਬਦਬੂ ਛੱਡ ਰਹੇ ਹਨ। ਹੁਣ ਤਕ ਇੱਕ ਅੰਦਾਜ਼ੇ ਮੁਤਾਬਕ ਤਕਰੀਬਨ ਇਕੱਲੇ ਗੁਜਰਾਤ ਵਿੱਚ 900 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਅਸਲ ਮੌਤਾਂ ਬਾਰੇ ਸਰਕਾਰ ਬਹੁਤ ਕੁਝ ਛੁਪਾ ਰਹੀ ਹੈ, ਜਿਸ ਕਰਕੇ ਗੁਜਰਾਤ ਦੀ ਹਾਈ ਕੋਰਟ ਨੇ ਅਚਾਨਕ ਚੈੱਕ ਕਰਨ ਲਈ ਵੀ ਆਖਿਆ ਹੈ। ਸਰਕਾਰ ਹੈ ਕਿ ਉਸ ਦੇ ਸਿਰ ’ਤੇ ਜੂੰ ਤਕ ਨਹੀਂ ਸਰਕ ਰਹੀ। ਇਹ ਤਾਂ ਸਭ ਸਰਕਾਰ ਦਾ ਕੋਰੋਨਾ ਪ੍ਰਤੀ ਰਵੱਈਆ ਹੈ।
ਦੇਸ਼ ਵਿੱਚ ਕੋਰੋਨਾ ਦੀ ਦਹਿਸ਼ਤ ਇਸ ਕਦਰ ਫੈਲ ਚੁੱਕੀ ਹੈ ਕਿ ਭੁਬਨੇਸ਼ਵਰ ਦੇ ਇੱਕ ਪੁਜਾਰੀ ਨੇ ਕੋਰੋਨਾ ਰੋਕਣ ਲਈ ਇੱਕ ਮਨੁੱਖ ਦੀ ਬਲੀ ਦਿੱਤੀ ਹੈ। ਹੁਣ ਦੋਸ਼ੀ ਪੁਲਿਸ ਹਿਰਾਸਤ ਵਿੱਚ ਹੈ।
ਦੂਜੇ ਪਾਸੇ ਮੌਜੂਦਾ ਸਰਕਾਰ ਦਾ ਜੋ ਜ਼ਾਲਮ ਰਵੱਈਆ ਮਜ਼ਦੂਰਾਂ ਪ੍ਰਤੀ ਹੈ, ਉਸ ਬਾਰੇ ਤਾਂ ਆਜ਼ਾਦ ਭਾਰਤ ਵਿੱਚ ਸੋਚਿਆ ਹੀ ਨਹੀਂ ਜਾ ਸਕਦਾ ਹੈ। ਕਦੇ ਮੋਦੀ ਸਰਕਾਰ ਆਪਣੇ ਗੋਦੀ ਮੀਡੀਆ ਰਾਹੀਂ ਵੱਖ-ਵੱਖ ਸਟੋਰੀਆਂ ਚਲਾ ਕੇ ਹਿੰਦੂਆਂ ਪ੍ਰਤੀ ਇੰਨਾ ਹੇਜ ਜਿਤਾਉਂਦੀ ਹੈ ਕਿ ਸਭ ਹੈਰਾਨ ਰਹਿ ਜਾਂਦੇ ਹਨ। ਸਭ ਨੂੰ ਲਗਦਾ ਹੈ ਕਿ ਜੇ ਮੌਜੂਦਾ ਸਰਕਾਰ ਨਾ ਹੋਵੇ ਤਾਂ ਹਿੰਦੂਆਂ ਬਾਰੇ ਇੰਨਾ ਕੌਣ ਸੋਚੇ? ਇਹ ਭਰਮ ਵੀ ਉਸ ਬੁਲਬੁਲੇ ਵਾਂਗ ਸਾਬਤ ਹੋਇਆ, ਜਿਸ ਦੀ ਕੋਈ ਬਾਹਲੀ ਹੋਂਦ ਹੁੰਦੀ ਹੀ ਨਹੀਂ।
ਤੁਸੀਂ ਰੋਜ਼ਾਨਾ ਦੇਖ ਰਹੇ ਹੋ ਜੋ ਨੰਗੇ ਪੈਰੀਂ, ਭੁੱਖੇ ਢਿੱਡ ਆਪਣੇ ਪਿੱਤਰੀ ਪਿੰਡਾਂ ਨੂੰ ਵਾਪਸ ਜਾ ਰਹੇ ਹਨ, ਉਨ੍ਹਾਂ ਨਾਲ ਕੀ ਬੀਤਦੀ ਹੈ? ਕਿਵੇਂ ਉਹ ਰੇਲਵੇ ਦੀਆਂ ਲਾਈਨਾਂ ’ਤੇ ਕੱਟੇ ਜਾ ਰਹੇ ਹਨ? ਕਿਵੇਂ ਉਹ ਸੜਕਾਂ ’ਤੇ ਨੰਗੇ ਪੈਰੀਂ ਜਾਂ ਮੋਦੀ ਜੀ ਦੀਆਂ ਹਵਾਈ ਚੱਪਲਾਂ ਪਾ ਕੇ ਐਕਸੀਡੈਂਟਾਂ ਵਿੱਚ ਮਾਰੇ ਜਾ ਰਹੇ ਹਨ। ਉਹ ਨਾ ਬੱਸਾਂ ਵਿੱਚ ਸਲਾਮਤ ਪਹੁੰਚ ਰਹੇ ਹਨ, ਨਾ ਹੀ ਟਰੱਕਾਂ ਵਿੱਚ। ਉਹ ਆਪਣੇ ਸਾਈਕਲਾਂ ’ਤੇ ਵੀ ਅਤੇ ਆਪਣੇ ਰਿਕਸ਼ਿਆਂ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ।
ਬਹੁਤ ਦੇਰ ਬਾਅਦ ਕਈ ਸਰਕਾਰਾਂ ਨੇ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਲਿਆ, ਜਿਨ੍ਹਾਂ ਨੂੰ ਸਪੈਸ਼ਲ ਗੱਡੀਆਂ ਦਾ ਨਾਂਅ ਦਿੱਤਾ ਗਿਆ, ਜਿਨ੍ਹਾਂ ਨੇ ਆਪਣੇ ਮਿਥੇ ਪ੍ਰੋਗਰਾਮ ਅਨੁਸਾਰ ਚੱਲ ਕੇ ਆਪਣੇ ਮਿਥੇ ਸਮੇਂ ’ਤੇ ਆਪਣੀ ਮੰਜ਼ਲ ਤਕ ਪਹੁੰਚਣਾ ਸੀ। ਪਰ ਕੁਫ਼ਰ ਖੁਦਾ ਦਾ ਕਿ ਇਹ ਸਪੈਸ਼ਲ ਗੱਡੀਆਂ ਵੀ ਆਪਣੇ ਮਿਥੇ ਪ੍ਰੋਗਰਾਮ ਤੋਂ 60/70 ਘੰਟੇ ਲੇਟ ਚੱਲ ਰਹੀਆਂ ਹਨ। ਕੋਈ ਪੁੱਛਣ ਵਾਲਾ ਨਹੀਂ। ਐਨੇ ਘੰਟੇ ਲੇਟ ਚੱਲਣ ’ਤੇ ਨਾ ਰੋਟੀ ਦਾ ਕੋਈ ਖਾਸ ਪ੍ਰਬੰਧ ਹੈ ਨਾ ਹੀ ਪੀਣ ਵਾਲੇ ਪਾਣੀ ਦਾ। ਅੱਤ ਦੀ ਗਰਮੀ ਵਿੱਚ ਸਰਕਾਰ ਨੇ ਆਪਣੀ ਅੱਤ ਮਚਾਈ ਹੋਈ ਹੈ। ਅਰਚਨਾ ਨਾਂਅ ਦੀ ਔਰਤ (ਜੋ ਕਿਸੇ ਦੀ ਮਾਂ-ਭੈਣ ਅਤੇ ਧੀ ਵੀ ਹੋ ਸਕਦੀ ਹੈ)। ਗੁਜਰਾਤ ਤੋਂ ਚੱਲੀ, ਪਰ ਮੁਜ਼ੱਫਰਪੁਰ ਪਹੁੰਚਣ ’ਤੇ ਉਸ ਦੀ ਮੌਤ ਹੋ ਜਾਂਦੀ ਹੈ, ਪਰ ਉਸ ਦੇ ਬੱਚੇ ਨੂੰ ਮਾਂ ਦੀ ਮੌਤ ਬਾਰੇ ਪਤਾ ਨਹੀਂ। ਕਦੀ ਉਹ ਬੱਚਾ ਮਾਂ ਦੇ ਸਰੀਰ ਉੱਪਰੋਂ ਕੱਪੜਾ ਖਿੱਚਦਾ ਹੈ, ਕਦੇ ਪਾਣੀ ਵੱਲ ਦੌੜਦਾ ਹੈ। ਕਈ ਵਾਰ ਤਾਂ ਇਹ ਸਭ ਕੁਝ ਸੁਣ ਕੇ, ਦੇਖ ਕੇ, ਪੜ੍ਹ ਕੇ ਅਜਿਹਾ ਲਗਦਾ ਹੈ ਕਿ ਇਹ ਸਭ ਇਸ ਕਰਕੇ ਹੋ ਰਿਹਾ ਹੈ, ਕਿਉਂਕਿ ਸਰਕਾਰ ਬੇਔਲਾਦ ਹੈ।
ਹੁਣ ਜਾ ਕੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮਜ਼ਦੂਰਾਂ ਦਾ ਕਿਰਾਇਆ ਅਤੇ ਖਾਣਾ ਸੰਬੰਧਤ ਸੂਬਾ ਸਰਕਾਰਾਂ ਦੇਣ। ਸੁਪਰੀਮ ਕੋਰਟ ਨੇ ਇਹ ਵੀ ਨੋਟ ਕੀਤਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਰਜਿਸਟਰੇਸ਼ਨ ਤੋਂ ਲੈ ਕੇ ਖਾਣੇ ਤਕ ਹਰ ਜਗ੍ਹਾ ਖਾਮੀਆਂ ਹੀ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੋ ਮਜ਼ਦੂਰ ਮਜਬੂਰੀਵੱਸ ਭੁੱਖਾ-ਨੰਗਾ ਪੈਦਲ ਤੁਰ ਰਿਹਾ ਹੈ, ਉਹ ਸਾਈਕਲ ’ਤੇ ਵੀ ਜਾ ਰਿਹਾ ਹੈ। ਉਹ ਬੈਠ ਕੇ ਵਾਰੋ-ਵਾਰੀ ਰਿਕਸ਼ਾ ਵੀ ਚਲਾ ਰਹੇ ਹਨ। ਉਹ ਟਰੱਕਾਂ ਵਿੱਚ ਵੀ ਤੁੰਨ ਹੋ ਕੇ ਪੂਰੇ ਪੈਸੇ ਦੇ ਕੇ ਜਾ ਰਿਹਾ ਹੈ। ਉਹ ਟਿਕਟ ਕਟਾ ਕੇ ਬੱਸ ਵਿੱਚ ਸਫ਼ਰ ਕਰ ਰਿਹਾ ਹੈ। ਉਹ ਆਪਣੀ ਪੂਰੀ ਚੈੱਕਅੱਪ ਕਰਵਾ ਕੇ ਗੱਡੀਆਂ ’ਤੇ ਵੀ ਸਵਾਰ ਹੋ ਰਿਹਾ ਹੈ। ਕੀ ਉਹ ਹਿੰਦੂ ਨਹੀਂ ਹੈ? ਉਹ ਹਿੰਦੂ ਹੈ, ਪਰ ਗ਼ਰੀਬ ਹਿੰਦੂ ਹੋ ਸਕਦਾ ਹੈ। ਹਿੰਦੂਆਂ ਦੀ ਆਪਣੇ ਆਪ ਨੂੰ ਰਖਵਾਲੀ ਸਮਝਣ ਵਾਲੀ ਪਾਰਟੀ ਜਾਂ ਸਰਕਾਰ ਅੱਜ ਦੇ ਦਿਨ ਕਿਸ ਸਿਰਨਾਵੇਂ ’ਤੇ ਰਹਿ ਰਹੀ ਹੈ? ਉਹ ਗਰੀਬ ਹਿੰਦੂਆਂ ਦੀ ਬਾਂਹ ਕਿਉਂ ਨਹੀਂ ਫੜ ਰਹੀ? ਇਸ ਸਭ ਦਾ ਜਵਾਬ ਸ਼ਾਇਦ ਭਵਿੱਖ ਦੀ ਕੁੱਖ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ, ਲੋੜ ਪੈਣ ’ਤੇ ਜਾਂ ਚੋਣਾਂ ਸਮੇਂ ਜੇ ਅੱਜ ਦਾ ਮਜ਼ਦੂਰ ਆਪਣੀ ਉਂਗਲੀ ਉਠਾ ਕੇ ਸਰਕਾਰ ਨੂੰ ਅੱਜ ਵਾਲੇ ਬਣਦੇ ਸਵਾਲ ਕਰੇਗਾ ਤਾਂ ਹੀ ਕਿਸੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ। ਜੇ ਹਿੰਦੂਆਂ ਨੂੰ ਵੀ ਅਮੀਰੀ-ਗਰੀਬੀ ਦੇ ਗਜ਼ ਨਾਲ ਮਿਣਿਆ ਜਾਵੇਗਾ ਤਾਂ ਫਿਰ ਰੱਬ ਹੀ ਰਾਖਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2168)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)