“ਸਾਡੇ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਮਾਰੀ ਬੜ੍ਹਕ ਆਖਰ ਫੋਕੀ ਬੜ੍ਹਕ ਹੀ ਸਾਬਤ ਹੋਵੇਗੀ। ਕਦੋਂ? ਜਦੋਂ ਤੁਸੀਂ ...”
(21 ਅਗਸਤ 2023)
ਪਾਰਲੀਮੈਂਟ ਵਿੱਚ ਮਨੀਪੁਰ ਬਾਰੇ ਚੁੱਪ ਤੋੜਨ ਵਾਲਾ ਪ੍ਰਧਾਨ ਮੰਤਰੀ ਫਿਰ ਪੰਦਰਾਂ ਅਗਸਤ ਨੂੰ ਝੰਡਾ ਲਹਿਰਾਉਂਦੇ ਹੋਏ ਮਨੀਪੁਰ ਬਾਰੇ ਉਹੋ ਘਸੇ ਪਿਟੇ ਸ਼ਬਦ ਕਿ “ਸਾਰਾ ਦੇਸ਼ ਮਨੀਪੁਰ ਨਾਲ ਖੜ੍ਹਾ ਹੈ”, ਹੋਰ ਜ਼ਿਆਦਾ ਨਾ ਬੋਲ ਸਕਿਆ। ਮਨੀਪੁਰ ਦੀ ਸਰਕਾਰ ਜੋ ਡਬਲ ਇੰਜਣ ਨਾਲ ਚਲਦੀ ਹੈ, ਉਸਦੇ ਗੈਰ ਜ਼ਿੰਮੇਵਾਰ ਸਾਬਤ ਹੋਏ ਮੁੱਖ ਮੰਤਰੀ ਬਾਰੇ ਪ੍ਰਧਾਨ ਮੰਤਰੀ ਜੀ ਇੱਕ ਵੀ ਸ਼ਬਦ ਆਪਣੇ ਮੁੱਖ ਦੁਆਰ ਵਿੱਚੋਂ ਨਹੀਂ ਕੱਢ ਸਕੇ। ਇਹ ਦੱਸਣ ਅਤੇ ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਸਕੇ ਕਿ ਸਾਰਾ ਦੇਸ਼ ਮਨੀਪੁਰ ਨਾਲ ਕਿਵੇਂ ਅਤੇ ਕਿੱਦਾਂ ਖੜ੍ਹਾ ਹੈ? ਰੁਕ-ਰੁਕ ਹਮਲੇ ਅਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਹੁਕਮਰਾਨ ਪਾਰਟੀ ਦੇ ਤਿੰਨ ਦਰਜਨ ਤੋਂ ਵੱਧ ਵਿਧਾਇਕ ਫ਼ੌਜ ਹਟਾਉਣ ਦੀ ਮੰਗ ਕਰ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਅਤੇ ਮੌਜੂਦਾ ਗਵਰਨਰ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਆਖ ਰਹੇ। ਨਿਰਵਸਤਰ ਕੀਤੀਆਂ ਗਈਆਂ ਔਰਤਾਂ ਲਈ ਕੀ ਅਤੇ ਕਿਹੜੀ ਮੱਲ੍ਹਮ ਲਾਈ ਗਈ? ਉਨ੍ਹਾਂ ਦਰਜਨ ਭਰ ਦਰਿੰਦਿਆਂ ਨਾਲ ਅੱਜ ਤਕ ਕਿਹੜੀ ਕਿਹੜੀ ਬਣਦੀ ਕਾਰਵਾਈ ਕੀਤੀ ਗਈ, ਜਿਹੜੀ ਆਉਣ ਵਾਲੇ ਸਮੇਂ ਲਈ ਮਿਸਾਲ ਬਣ ਸਕੇ?
ਮੁੜ ਅਜ਼ਾਦੀ ਦਾ ਝੰਡਾ ਲਹਿਰਾਉਣ ਵਾਲੇ ਪ੍ਰਧਾਨ ਮੰਤਰੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਜਿਨ੍ਹਾਂ ਐੱਮ ਐੱਸ ਪੀ ਦੇ ਹੱਕ ਵਿੱਚ ਜ਼ੋਰਦਾਰ ਅਵਾਜ਼ ਉਠਾਈ ਸੀ, ਅੱਜ ਭਾਰਤ ਦੀ ਸਮੁੱਚੀ ਕਿਸਾਨੀ ਦੇ ਘੋਲ ਤੋਂ ਚਿੱਤ ਹੋ ਕੇ ਸਭ ਕੁਝ ਮੰਨਣ ਤੋਂ ਬਾਅਦ ਅੱਜ ਦੇ ਦਿਨ ਫਿਰ ਐੱਮ ਐੱਸ ਪੀ ਤੋਂ ਪਿੱਛੇ ਹਟ ਰਹੇ ਹਨ। ਕਿਉਂ? ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੋਂ ਝੂਠੇ ਪਏ ਪ੍ਰਧਾਨ ਮੰਤਰੀ ਕਾਰਨ ਦੱਸਣ ਤੋਂ ਇਨਕਾਰੀ ਹਨ। ਚੋਣਵੇਂ ਅਤੇ ਖਾਸ ਸੂਬਿਆਂ ਦੇ ਕਿਸਾਨਾਂ ਨੂੰ ਭੀਖ ਦੇ ਰੂਪ ਵਿੱਚ ਛੇ ਹਜ਼ਾਰ ਸਲਾਨਾ ਦੇ ਕੇ ਆਪਣੇ ਭਾਸ਼ਣਾਂ ਵਿੱਚ ਚਿਤਾਰ ਰਹੇ ਹਨ ਪਰ ਜਨਾਬ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਗਰੀਬ ਅਤੇ ਦੁਖੀ ਕਿਸਾਨ ਭੁੱਲਣਹਾਰ ਨਹੀਂ ਹਨ। ਸਮਾਂ ਆਉਣ ’ਤੇ ਬਣਦਾ ਢੁਕਵਾਂ ਜਵਾਬ ਜ਼ਰੂਰ ਦੇਣਗੇ। ਕਾਰਨ! ਨਾ ਤਾਂ ਉਹ ਕਿਸਾਨੀ ਸੰਘਰਸ਼ ਵਿੱਚ ਆਪਣੇ ਸ਼ਹੀਦਾਂ ਨੂੰ ਭੁੱਲੇ ਹਨ ਅਤੇ ਨਾ ਹੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਭੁੱਲੇ ਹਨ। ਸਮੁੱਚੀ ਜਨਤਾ ਮਹਿੰਗਾਈ ਤੋਂ ਇੰਨੀ ਤੰਗ ਹੈ ਕਿ ਇਸਦਾ ਇਲਾਜ ਸਰਕਾਰਾਂ ਤੋਂ ਬਿਨਾਂ ਹੋਰ ਕਿਸੇ ਪਾਸ ਨਹੀਂ ਹੈ। ਸਰਕਾਰਾਂ ਨੇ ਮਹਿੰਗਾਈ ਦੇ ਇਲਾਜ ਲਈ ਅੰਧ-ਭਗਤਾਂ ਦੀ ਇੱਕ ਫੌਜ ਤਿਆਰ ਕਰ ਰੱਖੀ ਹੈ, ਜਿਹੜੀ ਹਿੰਦੂ-ਮੁਸਲਮਾਨ ਦੇ ਨਾਅਰੇ ਨਾਲ ਸੰਤੁਸ਼ਟ ਹੋ ਜਾਂਦੀ ਹੈ। ਇਸ ਕਰਕੇ ਸਰਕਾਰ ਮੁਤਾਬਕ ਵਿਸ਼ਵ ਦੀ ਪੰਜਵੀਂ ਮਹਾਂ-ਸ਼ਕਤੀ ਬਣਨ ਤੋਂ ਬਾਅਦ ਵੀ ਆਪਣਾ ਮੁਕਾਬਲਾ ਪਾਕਿਸਤਾਨ ਨਾਲ, ਜੋ ਭਾਰਤ ਤੋਂ ਕਾਫ਼ੀ ਕੱਦ-ਕਾਠ ਵਿੱਚ ਛੋਟਾ ਹੈ, ਨਾਲ ਗੋਦੀ ਮੀਡੀਆ ਰਾਹੀਂ ਲਗਾਤਾਰ ਕਰਦੀ ਰਹਿੰਦੀ ਹੈ, ਜਿਸ ’ਤੇ ਅੰਧ-ਭਗਤ ਸਭ ਦੁੱਖ ਭੁੱਲ ਕੇ ਤਾੜੀਆਂ ਮਾਰਦੇ ਰਹਿੰਦੇ ਹਨ।
ਦਰਅਸਲ ਭਾਰਤ ਵਿੱਚ ਇਸ ਵਾਰੀ ਭਾਰਤ ਦੀਆਂ ਸੂਬਿਆਂ ਸਮੇਤ ਸਭ ਸਿਆਸੀ ਪਾਰਟੀਆਂ ਦੋ ਗੱਠਜੋੜਾਂ ਵਿੱਚ ਵੰਡੀਆਂ ਗਈਆਂ ਹਨ। ਐੱਨ ਡੀ ਏ ਅਤੇ ਇੰਡੀਆ ਮਹਾਂ ਗੱਠਜੋੜ ਹੋਂਦ ਵਿੱਚ ਆ ਚੁੱਕੇ ਹਨ, ਜਿਸ ਤੋਂ ਭਾਜਪਾ ਇਸ ਵਾਰ ਕਾਫ਼ੀ ਘਬਰਾਹਟ ਵਿੱਚ ਹੈ। ਇਸ ਕਰਕੇ ਉਹ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਜਨਮ ਦੇ ਰਹੀ ਹੈ, ਜਿਸਦੀ ਕੜੀ ਵਜੋਂ ਉਹ ਮਨੀਪੁਰ ਤੋਂ ਬਾਅਦ ਹਰਿਆਣੇ ਦੇ ਨੂਹ ਦੇ ਇਲਾਕੇ ਵਿੱਚ ਅੱਗ ਨਾਲ ਖੇਡ ਰਹੀ ਹੈ, ਜਿਸ ਸੂਬੇ ਦਾ ਮੁਖੀਆ ਯੋਗੀ ਤੋਂ ਰੌਸ਼ਨੀ ਲੈ ਕੇ ਇੱਕੋ ਫਿਰਕੇ ਦੇ ਤਿੰਨ ਤਿੰਨ ਮੰਜ਼ਲਾਂ ਦੇ ਘਰਾਂ ਨੂੰ ਬੁਲਡੋਜ਼ਰ ਦੀ ਖੁਰਾਕ ਬਣਾ ਰਿਹਾ ਹੈ। ਉਹ ਵੀ ਬਿਨਾਂ ਕਿਸੇ ਅਦਾਲਤ ਦੇ ਦੋਸ਼ੀ ਠਹਿਰਾਉਣ ਤੋਂ। ਫਿਰ ਸਰਕਾਰ ਦੀ ਬਜਾਏ ਅੱਤ ਦੁਖੀ ਪਰਿਵਾਰ ਅਦਾਲਤ ਦੀ ਸਹਾਇਤਾ ਲੈਣ ਲਈ ਜਾ ਦਰਵਾਜ਼ਾ ਖੜਕਾਉਂਦੇ ਹਨ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਡਬਲ ਬੈਂਚ ਇਸ ਵਰਤਾਰੇ ’ਤੇ ਇਕਦਮ ਰੋਕ ਲਾਉਂਦਾ ਹੈ। ਇਸ ਤੋਂ ਬਾਅਦ ਉਸ ਡਬਲ ਬੈਂਚ ਮੈਂਬਰਾਂ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ। ਸਾਬਕਾ ਗਵਰਨਰ ਸੱਤਪਾਲ ਮਲਕ ਨੇ ਬਹੁਤ ਚਿਰ ਪਹਿਲਾਂ ਹੀ ਆਖ ਦਿੱਤਾ ਸੀ ਕਿ ਮੌਜੂਦਾ ਸਰਕਾਰ ਮੁੜ ਸੱਤਾ ਵਿੱਚ ਆਉਣ ਲਈ ਕੁਝ ਵੀ ਕਰ ਸਕਦੀ ਹੈ। ਠੀਕ ਉਵੇਂ ਹੀ ਹੋ ਰਿਹਾ ਹੈ। ਹੁਣ ਤੁਸੀਂ ਸੋਚਣਾ ਹੈ ਕਿ ਅਜ਼ਾਦੀ ਦੇ ਛਿਹੱਤਰ ਸਾਲ ਬਾਅਦ ਵੀ ਤੁਸੀਂ ਕਿਸ ਪਾਸੇ ਖੜੋਣਾ ਹੈ। ਯਾਦ ਕਰੋ, ਜਿਹੜਾ ਕਹਿੰਦਾ ਹੁੰਦਾ ਸੀ ਕਿ “ਏਕ ਇਕੱਲਾ ਸਭ ਪੇ ਭਾਰੀ”, ਉਹ ਹੁਣ ਅੰਦਰੋਂ ਡਰਿਆ ਹੋਇਆ ਤਿੰਨ ਦਰਜਨ ਪਾਰਟੀਆਂ ਦਾ ਹੱਥ ਘੁੱਟ ਕੇ ਫੜੀ ਬੈਠਾ ਹੈ। ਜਿਹੜਾ ਅਜੀਤ ਪਵਾਰ ਤੇ ਉਸ ਦੇ ਸਾਥੀਆਂ ਬਾਰੇ ਕਰੋੜਾਂ ਦੇ ਘਪਲਿਆਂ ਦੀ ਪਬਲਿਕ ਤੌਰ ’ਤੇ ਘੋਸ਼ਣਾ ਕਰਦਾ ਸੀ ਅਤੇ ਭ੍ਰਿਸ਼ਟਾਚਾਰ ਨਾਲ “ਨੋ ਕੰਪਰੋਮਾਈਜ਼” ਦੀ ਗੱਲ ਕਰਦਾ ਸੀ, ਉਹ ਉਨ੍ਹਾਂ ਨੂੰ ਛੱਤੀ ਘੰਟਿਆਂ ਦੇ ਅੰਦਰ ਅੰਦਰ ਹੀ ਛਾਤੀ ਨਾਲ ਲਾ ਲੈਂਦਾ ਹੈ। ਇਹ ਉਸ ਦੀ ਵਿਸ਼ਾਲ ਦਿਲੀ ਨਹੀਂ, ਬਲਕਿ ਅੰਦਰਲੀ ਘਬਰਾਹਟ ਕਰਕੇ ਹੈ।
ਮੋਦੀ ਅਜਿਹਾ ਚਤੁਰ ਪ੍ਰਧਾਨ ਮੰਤਰੀ ਹੈ ਜੋ ਆਪਣੀ ਜਿੱਤ ਨਿਸ਼ਚਿਤ ਕਰਨ ਲਈ ਸਮੇਂ ਸਮੇਂ ਤਰ੍ਹਾਂ ਤਰ੍ਹਾਂ ਦੇ ਸਾਧ ਸੰਤ ਅੱਗੇ ਕਰਦਾ ਰਹਿੰਦਾ ਹੈ, ਜੋ ਜਨਤਾ ਨੂੰ ਧਰਮ ਦੇ ਨਾਂਅ ’ਤੇ ਲਗਾਤਾਰ ਬੁੱਧੂ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਬਾਬਾ ਰਾਮਦੇਵ ਅਤੇ ਗੁਰਮੀਤ ਰਾਮ ਰਹੀਮ ਵਰਗੇ ਅਖੌਤੀ ਬਾਬਿਆਂ ਦੀ ਗਿਣਤੀ ਤੁਸੀਂ ਕਰ ਸਕਦੇ ਹੋ। ਜਿੱਤ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਮੌਕੇ ’ਤੇ ਰਿਆਤਾਂ ਦਿੱਤੀਆਂ ਜਾਂਦੀਆਂ ਹਨ। ਅਜਿਹੇ ਵਰਤਾਰੇ ’ਤੇ ਵੀ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੋਵੇਗਾ। ਆਪਣੀਆਂ ਦਰਜਨਾਂ ਯੋਜਨਾਵਾਂ ਦਾ ਨਾਂਅ ਇੰਡੀਆ ਤੋਂ ਸ਼ੁਰੂ ਕਰਨ ਵਾਲਾ ਅੱਜ ਇੰਡੀਆ ਗੱਠਜੋੜ ਤੋਂ ਭੈਭੀਤ ਹੋ ਗਿਆ ਲਗਦਾ ਹੈ। ਅਜੇ ਤਕ ਹਿਮਾਚਲ, ਕਰਨਾਟਕ ਤੋਂ ਬਾਅਦ ਬਾਕੀ ਸੂਬਿਆਂ ਨੇ ਆਪਣੀ ਮੁਹੱਬਤ ਰਾਹੀਂ “ਭਾਰਤ ਜੋੜੋ” ਯਾਤਰਾ ਦਾ ਸਬੂਤ ਪੇਸ਼ ਕਰਨਾ ਹੈ। ਅਜੇ ਤਾਂ ਬਾਕੀ ਸੂਬਿਆਂ ਵਿੱਚ ਕਈ ਲੀਡਰਾਂ ਨੂੰ ਹਿਮਾਚਲ ਦੇ ਅਨੁਰਾਗ ਠਾਕੁਰ ਵਜ਼ੀਰ ਤੇ ਭਾਜਪਾ ਦੇ ਪ੍ਰਧਾਨ ਵਾਂਗ ਉਨ੍ਹਾਂ ਦੇ ਸੂਬਿਆਂ ਵਿੱਚ ਬਾਕੀਆਂ ਨੂੰ ਸੁਆਦ ਚਖਾਉਣਾ ਹੈ।
ਸਾਡੇ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਮਾਰੀ ਬੜ੍ਹਕ ਆਖਰ ਫੋਕੀ ਬੜ੍ਹਕ ਹੀ ਸਾਬਤ ਹੋਵੇਗੀ। ਕਦੋਂ? ਜਦੋਂ ਤੁਸੀਂ ਸਭ ਛੋਟੀਆਂ-ਮੋਟੀਆਂ ਘਾਟਾਂ ਨੂੰ ਨਜ਼ਰ ਅੰਦਾਜ਼ ਕਰਕੇ ਅੱਗੇ ਕਦਮ ਪੁੱਟਣਾ ਸ਼ੁਰੂ ਕਰੋਗੇ। ਆਪਣੀ ਪਾਰਟੀ ਤੋਂ ਵੱਧ ਗੱਠਜੋੜ ਦੇ ਉਮੀਦਵਾਰਾਂ ਨੂੰ ਬਿਨਾਂ ਕਿਸੇ ਮਤਭੇਦ ਦੇ ਅਪਣਾਉਗੇ। ਸਭ ਨੂੰ ਇਹ ਸਮਝਣਾ ਹੋਵੇਗਾ ਕਿ ਅੱਜ ਦਾ ਯੁਗ ਗੱਠਜੋੜ ਵਾਲਾ ਯੁਗ ਹੈ। ਤਜਰਬੇ ਦੀ ਘਾਟ ਅਤੇ ਹੰਕਾਰ ਵਿੱਚੋਂ “ਹਮ ਇਕੇਲੇ ਚਲੇਂਗੇ” ਨਿਕਲਦਾ ਹੈ। ਆਉਣ ਵਾਲੇ ਸਮੇਂ ਵਿੱਚ ਗੱਠਜੋੜ ਵਿੱਚ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ, ਜਿਨ੍ਹਾਂ ਦਾ ਇਲਾਜ ਤੁਹਾਡਾ ਏਕਾ ਹੋਵੇਗਾ। ਤੁਸੀਂ ਆਪਣੇ ਬੀਤੇ ਨੂੰ ਚੇਤੇ ਕਰਕੇ ਆਪਣੇ ਸਭ ਸਹਿਯੋਗੀਆਂ ਨੂੰ ਦੱਸਣਾ ਹੋਵੇਗਾ ਕਿ ਮੌਜੂਦਾ ਪ੍ਰਧਾਨ ਮੰਤਰੀ ਨੇ ਅਤੇ ਉਸ ਦੀ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਕਿਹੜੇ ਝੂਠੇ ਵਾਅਦੇ ਕੀਤੇ ਹਨ? ਕਿਹੜੇ ਵਾਅਦਿਆਂ ਤੋਂ ਮੁੱਕਰਿਆ ਹੈ? ਕਿਹੜੇ ਵਾਅਦਿਆਂ ਅਤੇ ਨਾਅਰਿਆਂ ਨੂੰ ਜੁਮਲਾ ਦੱਸਿਆ ਗਿਆ? ਕਿਵੇਂ ਘੱਟ ਗਿਣਤੀਆਂ ਨੂੰ ਸਮੇਂ ਸਮੇਂ ਸਿਰ ਨਿਸ਼ਾਨਾ ਬਣਾਉਂਦੇ ਰਹੇ? ਕਿਵੇਂ ਫੌਜ ਦਾ ਦੁਰਉਪਯੋਗ ਕਰਦੇ ਰਹੇ? ਕਿਵੇਂ ਜੱਜਾਂ ਦੀਆਂ ਨਿਯੁਕਤੀਆਂ ਸਮੇਂ ਸਰਕਾਰ ਆਪਣਾ ਦਖ਼ਲ ਚਾਹੁੰਦੀ ਹੈ? ਕਿਵੇਂ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਦੇ ਪੈਨਲ ਵਿੱਚੋਂ ਸੁਪਰੀਮ ਕੋਰਟ ਦੇ ਜੱਜ ਨੂੰ ਲਾਂਭੇ ਕਰਨ ਲਈ ਮੌਜੂਦਾ ਸਰਕਾਰ ਕੋਸ਼ਿਸ਼ ਕਰ ਰਹੀ ਹੈ? ਕਿਵੇਂ ਹੁਣੇ ਹੁਣੇ ਪ੍ਰਧਾਨ ਮੰਤਰੀ ਨੇ ਆਪਣੇ ਪਿਆਦੇ ਤੋਂ ਅਜੋਕਾ ਸੰਵਿਧਾਨ ਬਦਲਣ ਦੀ ਗੱਲ ਅਖਵਾ ਕੇ ਨਵੀਂ ਚਰਚਾ ਛੇੜ ਦਿੱਤੀ ਹੈ? ਅਗਰ ਅਜਿਹੇ ਸਵਾਲਾਂ ਦਾ ਸਹੀ ਜਵਾਬ ਤੁਹਾਡੇ ਪਾਸ ਹੋਵੇਗਾ ਤਾਂ ਹੀ ਸਮਝਿਆ ਜਾਵੇਗਾ ਕਿ ਤੁਸੀਂ ਮੁਕਾਬਲੇ ਲਈ ਤਿਆਰ ਹੋ। ਮੌਜੂਦਾ ਸੰਵਿਧਾਨ, ਜਿਸ ਨੂੰ ਡਾਕਟਰ ਅੰਬੇਦਕਰ ਸਾਹਿਬ ਦੀ ਪ੍ਰਧਾਨਗੀ ਹੇਠ ਪਾਸ ਕੀਤਾ ਗਿਆ, ਜੇ ਬਚਿਆ ਰਹੇਗਾ ਤਾਂ ਚੋਣਾਂ ਵੀ ਸਮੇਂ ਸਮੇਂ ਸਿਰ ਹੁੰਦੀਆਂ ਰਹਿਣਗੀਆਂ, ਨਹੀਂ ਤਾਂ ਰਾਮ ਨਾਮ ਸੱਤ ਹੋ ਜਾਵੇਗਾ। ਫਿਰ 2024 ਦੀ ਚੋਣ ਆਖਰੀ ਚੋਣ ਵੀ ਸਾਬਤ ਹੋ ਸਕਦੀ ਹੈ। ‘ਇੰਡੀਆ’ ਨੂੰ ਘਮੰਡੀ ਕਹਿਣ ਵਾਲੇ ਨੇ ਭਾਰਤ ਦੇ ਪਾਰਲੀਮੈਂਟ ਦੇ ਇਤਿਹਾਸ ਵਿੱਚ ਆਪਣੇ ਘਮੰਡ ਨਾਲ ਪਹਿਲੀ ਵਾਰ ਆਖਿਆ ਹੈ ਕਿ ਮੈਂ ਅਗਲਾ ਤਿਰੰਗਾ ਵੀ ਝੁਲਾਵਾਂਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4166)
(ਸਰੋਕਾਰ ਨਾਲ ਸੰਪਰਕ ਲਈ: (