“ਅੱਜਕੱਲ ਮਹਿੰਗਾਈ ਵਿੱਚ ਪਿਸ ਰਹੀ ਜਨਤਾ ਵੀ ਕਾਫ਼ੀ ਸਿਆਣੀ ਹੋ ਚੁੱਕੀ ਹੈ। ਹੁਣ ਉਹ ਅੱਖਾਂ ਮੀਟ ਕੇ ...”
(29 ਅਗਸਤ 2021)
ਚੋਣਾਂ ਵਿੱਚ ਘਟਦੇ ਸਮੇਂ ਨੇ ਚੋਣਾਂ ਲੜਨ ਵਾਲੀਆਂ ਪਾਰਟੀਆਂ ਨੂੰ ਚੌਕੰਨੀਆਂ ਅਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪੋ-ਆਪਣੇ ਵਿੱਤ ਮੁਤਾਬਕ ਤਕਰੀਬਨ ਇੱਕ ਦਰਜਨ ਪਾਰਟੀਆਂ ਪੰਜਾਬ ਵਿੱਚ ਹਿੱਸਾ ਲੈਣ ਲਈ ਕਮਰ-ਕੱਸ ਰਹੀਆਂ ਹਨ। ਕਈ ਪਾਰਟੀਆਂ ਨੇ ਚੋਣਾਂ ਸੰਬੰਧੀ ਕਾਫ਼ੀ ਸਫ਼ਰ ਵੀ ਤੈਅ ਕਰ ਲਿਆ ਹੈ, ਪਰ ਕਈ ਪਾਰਟੀਆਂ ਅਜੇ ਤਕ ਜੱਕੋ-ਤੱਕੀ ਵਿੱਚ ਹੀ ਹਨ। ਅੱਜ ਦੇ ਦਿਨ ਅਕਾਲੀ-ਬਸਪਾ ਗੱਠਜੋੜ ਆਪਣਾ ਅਗੇਤਾ ਗਠਜੋੜ ਕਰਕੇ ਮੁਹਿੰਮ ’ਤੇ ਨਿਕਲ ਚੁੱਕਾ ਹੈ। ਉਹ ਭਾਜਪਾ ਤੋਂ ਨਰਾਜ਼ ਚੱਲ ਰਹੇ ਕਾਰਕੁਨਾਂ, ਭਾਜਪਾ ਦੀਆਂ ਕਮਜ਼ੋਰ ਕੜੀਆਂ ਨੂੰ ਤੋੜ ਕੇ ਆਪਣੇ ਗੱਠਜੋੜ ਵਿੱਚ ਰਲਾ ਕੇ, ਟਿਕਟਾਂ ਵਿੱਚ ਪਹਿਲ ਕਰਕੇ, ਤਕਰੀਬਨ ਸੌ ਹਲਕਿਆਂ ਵਿੱਚ ਜਾਣ ਦੇ ਪ੍ਰਣ ਨਾਲ ਸਰਗਰਮੀ ਫੜ ਚੁੱਕਾ ਹੈ। ਵੱਡੇ-ਵੱਡੇ ਜਲੂਸਾਂ ਦੀ ਸ਼ਕਲ ਵਿੱਚ ਸੜਕਾਂ ’ਤੇ ਮਾਰਚ ਕਰ ਰਿਹਾ ਹੈ। ਭਾਜਪਾ ਵੀ ਅੱਜ ਦੇ ਦਿਨ ਪੰਜਾਬ ਦੀਆਂ ਇੱਕ ਸੌ ਸਤਾਰਾਂ ਸੀਟਾਂ ’ਤੇ ਚੋਣ ਲੜਨ ਲਈ ਦ੍ਰਿੜ੍ਹ ਹੈ। ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਉਨ੍ਹਾਂ ਦੀ ਸੰਪਰਕ ਮੁਹਿੰਮ ਚਾਲੂ ਹੈ।
ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਵਿਰੋਧ ਦੇ ਬਾਵਜੂਦ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਵਿੱਚ ਸਫ਼ਲ ਹੋ ਗਈ। ਨਾਂਹ-ਨਾਂਹ ਹੋਣ ਦੇ ਬਾਵਜੂਦ ਦੋਹਾਂ ਵਿਚਕਾਰ ਦੋ-ਤਿੰਨ ਮੀਟਿੰਗਾਂ ਵੀ ਹੋਈਆਂ, ਜਿਸ ਤੋਂ ਸਮੁੱਚੀ ਕਾਂਗਰਸ ਵਿੱਚ ਇੱਕ ਚੰਗਾ ਸੰਕੇਤ ਗਿਆ, ਕਾਂਗਰਸ ਨੂੰ ਮੁੜ ਸੱਤਾ ’ਤੇ ਜੇਤੂ ਹੋਣ ਦੀਆਂ ਸੰਭਾਵਨਾਵਾਂ ਨੂੰ ਵਧਾਇਆ। ਲੱਗਿਆ ਕਿ ਸਮੁੱਚੀ ਕਾਂਗਰਸ ਰਲ ਕੇ ਰਹਿੰਦੇ ਸਮੇਂ ਵਿੱਚ ਪੰਜਾਬ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰ ਦੇਵੇਗੀ, ਪਰ ਪਿਛਲੇ ਦਿਨੀਂ ਜੋ ਮਾਝੇ ਦੇ ਜਰਨੈਲਾਂ ਸਮੇਤ ਕੈਪਟਨ ਖ਼ਿਲਾਫ਼ ਬਗਾਵਤ ਦੀ ਅਵਾਜ਼ ਬੁਲੰਦ ਹੋਈ ਹੈ, ਜਿਸ ਕਰਕੇ ਇੱਕ ਡੈਪੂਟੇਸ਼ਨ ਪੰਜਾਬ ਦੇ ਇੰਚਾਰਜ ਨੂੰ ਮਿਲਣ ਦੇਹਰਾਦੂਨ ਜਾ ਪਹੁੰਚਿਆ। ਹੁਣ ਉਹੀ ਡੈਪੂਟੇਸ਼ਨ ਦਿੱਲੀ ਪਹੁੰਚਿਆ ਹੋਇਆ ਹੈ, ਜਿੱਥੇ ਹਰੀਸ਼ ਰਾਵਤ ਵੀ ਮੌਜੂਦ ਹੈ। ਊਠ ਕਿਸ ਕਰਵਟ ਬੈਠੇਗਾ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਸਭ ਕੁਝ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹੈ।
ਉੱਧਰ ਦੂਜੇ ਪਾਸੇ ਕੈਪਟਨ ਦੇ ਇਸ਼ਾਰੇ ’ਤੇ ਰਾਣਾ ਸੋਢੀ ਨੇ ਆਪਣੇ ਘਰ ਕਾਂਗਰਸੀਆਂ ਨੂੰ ਖਾਣੇ ’ਤੇ ਬੁਲਾ ਕੇ ਕੈਪਟਨ ਧੜੇ ਦਾ ਪ੍ਰਦਰਸ਼ਨ ਕਰਵਾਇਆ ਹੈ, ਜਿਸ ਵਿੱਚ ਰਿਪੋਰਟਾਂ ਮੁਤਾਬਕ ਪੰਜ ਦਰਜਨ ਦੇ ਕਰੀਬ 58 ਐੱਮ ਐੱਲ ਏ ਸਮੇਤ ਵਜ਼ੀਰਾਂ ਦੇ ਅਤੇ ਦਸ ਦੇ ਕਰੀਬ ਮੈਂਬਰ ਪਾਰਲੀਮੈਂਟ ਸ਼ਾਮਲ ਹੋਏ। ਉਂਝ ਇੰਨੇ ਹੀ ਐੱਮ ਐੱਲ ਏ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਸ ਪਿੱਛੇ ਘੁੰਮ ਰਹੇ ਸਨ। ਅਜੋਕੇ ਕਈ ਐੱਮ ਐੱਲ ਏ ਕਈ ਕਾਰਨਾਂ ਕਰਕੇ ਆਪਣੀਆਂ ਮਜਬੂਰੀਆਂ ਵੱਸ ਕੈਪਟਨ ਨਾਲ ਜੁੜੇ ਹੋਏ ਹਨ। ਦੂਜੇ ਪਾਸੇ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਦਾ ਰਹਿੰਦਾ 18 ਨੁਕਾਤੀ ਪ੍ਰੋਗਰਾਮ ਲਾਗੂ ਕਰਾਉਣ ਲਈ ਪੂਰੀ ਖੁੱਲ੍ਹ ਮੰਗ ਰਿਹਾ ਹੈ, ਖੁੱਲ੍ਹ ਨਾ ਮਿਲਣ ਦੀ ਸ਼ਕਲ ਵਿੱਚ ਸਿੱਧੂ ਨੇ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕੀਤੀ ਹੈ। ਇਸਦੇ ਅਸਲ ਅਰਥ ਕੀ ਹਨ, ਇਹ ਸਭ ਆਉਣ ਵਾਲੇ ਸਮੇਂ ਵਿੱਚ ਸਪਸ਼ਟ ਹੋ ਜਾਵੇਗਾ। ਹੁਣ ਦੁਬਾਰਾ ਗੇਂਦ ਕਾਂਗਰਸ ਹਾਈ ਕਮਾਂਡ ਦੇ ਖੇਮੇ ਵਿੱਚ ਹੈ। ਹਾਈ ਕਮਾਂਡ ਵੀ ਇਸ ’ਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਕਰਦੀ ਹੈ, ਕੀ ਸਿੱਧੂ ਹੋਰ ਮਜ਼ਬੂਤ ਹੋ ਕੇ ਨਿਕਲੇਗਾ ਜਾਂ ਪੁਰਾਣੀ ਤਨਖਾਹ ’ਤੇ ਹੀ ਕੰਮ ਕਰੇਗਾ ਜਾਂ ਕਿਨਾਰਾ ਕਰੇਗਾ, ਅਮਰਿੰਦਰ ਅਤੇ ਭੱਠਲ ਦੀ ਮੁਲਾਕਾਤ ਕੀ ਅਸਰ ਵਿਖਾਉਂਦੀ ਹੈ, ਇਹ ਵੀ ਅੱਜ ਦੇ ਦਿਨ ਭਵਿੱਖ ਦੀ ਬੁੱਕਲ ਵਿੱਚ ਹੈ। ਅਜੋਕੀ ਸਥਿਤੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਜੋਕੀ ਕਾਂਗਰਸ ਵਿੱਚ ਟਿਕਟਾਂ ਦੇਣ ਸਮੇਂ ਕਿੰਨਾ ਘਮਸਾਨ ਮਚਣ ਵਾਲਾ ਹੈ, ਉਸ ਦਾ ਅੰਦਾਜ਼ਾ ਲਾਉਣਾ ਵੀ ਅੱਜ ਦੇ ਦਿਨ ਮੁਸ਼ਕਲ ਹੈ।
ਅਗਲੀ ਜਿਸ ਸਿਆਸੀ ਪਾਰਟੀ ਬਾਰੇ ਅਸੀਂ ਗੱਲ ਕਰਨ ਲੱਗੇ ਹਾਂ, ਉਸ ਵਿੱਚ ਵੀ ਅੱਜਕੱਲ ਸਭ ਅੱਛਾ ਨਹੀਂ ਚੱਲ ਰਿਹਾ। ਆਮ ਆਦਮੀ ਪਾਰਟੀ ਵੱਲੋਂ ਵੀ ਅੱਜਕੱਲ ਦਲ ਬਦਲੂਆਂ ਨੂੰ ‘ਆਪ’ ਦੀ ਵਾਸ਼ਿੰਗ ਮਸ਼ੀਨ ਵਿੱਚ ਪਾ ਕੇ ਉਨ੍ਹਾਂ ਨੂੰ ਮਿਸਟਰ ਕਲੀਨ ਬਣਾਇਆ ਜਾ ਰਿਹਾ। ਨਿਰੋਲ ਆਪਣੇ ਕੇਡਰ ਨੂੰ ਟਿਕਟਾਂ ਦੇਣ ਦਾ ਵਾਅਦਾ ਕਰਨ ਵਾਲੇ ਅੱਜਕੱਲ ਦੂਜੀਆਂ ਪਾਰਟੀਆਂ ਵਿੱਚੋਂ ਦਲ-ਬਦਲੀ ਕਰਾ ਕੇ ਆਪਣੇ ਵਿੱਚ ਰਲਾ ਰਹੇ ਹਨ, ਜਦ ਕਿ ਪਾਰਟੀ ਵਿੱਚ ਕੰਮ ਕਰ ਰਹੇ ਕੇਡਰ ਵੱਲ ਧਿਆਨ ਘੱਟ ਦਿੱਤਾ ਜਾ ਰਿਹਾ ਹੈ। ਇਸ ਪਾਰਟੀ ਨੇ ਪਿਛਲੀ ਵਾਰ ਬਾਕੀ ਘਾਟਾਂ ਤੋਂ ਇਲਾਵਾ ਮੁੱਖ ਮੰਤਰੀ ਦਾ ਚਿਹਰਾ ਨਾ ਅਨਾਊਂਸ ਕਰਕੇ ਜੋ ਹਾਰ ਦਾ ਮੂੰਹ ਦੇਖਿਆ ਸੀ, ਅੱਜ ਤਕ ਚਿਹਰੇ ਦੀ ਖੋਜ ਵਿੱਚ ਭਟਕ ਰਹੀ ਹੈ। ਪਾਰਟੀ ਵਿੱਚ ਮੌਜੂਦ ਅਤੇ ਯੋਗ ਚਿਹਰਾ ਮਾਯੂਸੀ ਦੇ ਆਲਮ ਵਿੱਚ ਹੈ। ਦਰਅਸਲ ‘ਆਪ’ ਦਾ ਸੁਪਰੀਮੋ ਆਪਣੇ ਕੱਦ ਤੋਂ ਵੱਡਾ ਚਿਹਰਾ ਦਿੱਲੀ ਵਾਂਗ ਬਰਦਾਸ਼ਤ ਕਰਨ ਦੇ ਹੱਕ ਵਿੱਚ ਨਹੀਂ। ਦਿੱਲੀ ਦੀ ਵਸੋਂ ਲਗਭਗ ਦੋ ਕਰੋੜ ਹੈ। ਪੰਜਾਬ ਦੀ ਅਬਾਦੀ ਤਿੰਨ ਕਰੋੜ ਤੋਂ ਜ਼ਿਆਦਾ ਹੈ। ਸੁਭਾਵਕ ਹੀ, ਸਦਾ ਹੀ ਪੰਜਾਬ ਦਾ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਰਹੇਗਾ। ਕੇਜਰੀਵਾਲ ਨੂੰ ਪੰਜਾਬ ਦਾ ਪੰਜਾਬੀ ਬਤੌਰ ਮੁੱਖ ਮੰਤਰੀ ਚਾਹੁੰਦਾ ਨਹੀਂ ਹੈ। ਨਾ ਹੀ ਪੰਜਾਬੀ ਦਿੱਲੀ ਦੇ ਠੋਸੇ ਹੋਏ ਮੁੱਖ ਮੰਤਰੀ ਨੂੰ ਪਸੰਦ ਕਰਨਗੇ। ਇਸ ਕਰਕੇ ਕੇਜਰੀਵਾਲ ਪੰਜਾਬ ਵਿੱਚ ਆਪਣਾ ਕਠਪੁਤਲੀ ਵਾਲਾ ਮੁੱਖ ਮੰਤਰੀ ਚਾਹੁੰਦਾ ਹੈ, ਜਿਸ ਨੂੰ ਉਹ ਰੀਮੋਟ ਨਾਲ ਕੰਟਰੋਲ ਕਰ ਸਕੇ। ਸਭ ਜਾਣਦੇ ਹਨ, ਜਿਸ ਨੂੰ ਪੰਜਾਬੀ ਚਾਹੁੰਦੇ ਹਨ, ਉਹ ਵਾਕਿਆ ਹੀ ਵਧੀਆ ਪਾਰਲੀਮੈਂਟੇਰੀਅਨ ਸਾਬਤ ਹੋ ਚੁੱਕਾ ਹੈ। ਉਹ ਪੰਜਾਬ ਦੇ ਮੁੱਦਿਆਂ ਤੋਂ ਕਾਫ਼ੀ ਹੱਦ ਤਕ ਜਾਣੂ ਹੋ ਚੁੱਕਿਆ ਹੈ ਅਤੇ ਉਹਨਾਂ ਮੁੱਦਿਆਂ ’ਤੇ ਲੜ ਚੁੱਕਾ ਹੈ ਅਤੇ ਲੜਨ ਲਈ ਗਤੀਸ਼ੀਲ ਰਹਿੰਦਾ ਹੈ। ਉਹ ਸਾਦਗੀ ਅਤੇ ਇਮਾਨਦਾਰੀ ਦਾ ਠੱਪਾ ਜਨਤਾ ਤੋਂ ਆਪਣੇ ’ਤੇ ਲੁਆ ਚੁੱਕਿਆ ਹੈ। ਆਉਣ ਵਾਲੇ ਸਮੇਂ ਵਿੱਚ ‘ਆਪ’ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਘਮਸਾਨ ਸ਼ੁਰੂ ਹੋ ਸਕਦਾ ਹੈ।
ਦਰਅਸਲ ਸੱਚ ਇਹ ਹੈ ਕਿ ਪੰਜਾਬ ਵਿੱਚ ਕਾਂਗਰਸ ਅਤੇ ‘ਆਪ’ ਵਿੱਚ ਚੋਣਾਂ ਦੌਰਾਨ ਯੁੱਧ ਹੋਣ ਵਾਲਾ ਹੈ। ਅੱਜ ਵੀ ਅਸੀਂ ਇਸ ਪੱਕੀ ਰਾਏ ਦੇ ਹਾਂ ਕਿ ਜੇਕਰ ਜਨਤਾ ਜਨਾਰਦਨ ਨੇ ਕਾਂਗਰਸ ਨੂੰ ਦੁਬਾਰਾ ਮੌਕਾ ਦੇਣ ਦਾ ਮਨ ਬਣਾਇਆ ਤਾਂ ਉਹ ਨਵਜੋਤ ਸਿੱਧੂ ਕਰਕੇ ਹੋਵੇਗਾ, ਜਿਸਦੇ ਪ੍ਰਧਾਨ ਬਣਨ ਸਦਕਾ ਕਾਂਗਰਸ ਕੇਡਰ ਦੁਬਾਰਾ ਹਰਕਤ ਵਿੱਚ ਆਇਆ ਹੈ।
ਇਹ ਗੱਲ ਵੀ ਜਨਤਾ ਜਾਣ ਚੁੱਕੀ ਹੈ ਕਿ ਲੋਕਾਂ ਨੇ 75/25 ਵਾਲਾ ਫਾਰਮੂਲਾ ਰੱਦ ਕਰ ਦਿੱਤਾ ਹੈ। ਇਸ ਕਰਕੇ ਜਨਤਾ ਨਵੀਂ ਧਿਰ ਨੂੰ ਅਜ਼ਮਾਉਣ ਖਾਤਰ ‘ਆਪ’ ਬਾਰੇ ਸੋਚ ਸਕਦੀ ਹੈ, ਜਿਹੜੀ 2017 ਤੋਂ ਲਗਾਤਾਰ ਪੰਜਾਬ ਅਸੰਬਲੀ ਵਿੱਚ ਵਿਰੋਧੀ ਧਿਰ ਦਾ ਰੋਲ ਆਪਣੇ ਵਿੱਤ ਮੁਤਾਬਕ ਨਿਭਾ ਰਹੀ ਹੈ। ਬਹੁਤੇ ਪੰਜਾਬੀ ਖਾਸ ਕਰਕੇ ਐੱਨ ਆਰ ਆਈ ਅੱਜ ਦੇ ਦਿਨ ਵੀ ਦਿੱਲੀ ਵਿੱਚ ਕੇਜਰੀਵਾਲ ਦੇ ਕੰਮ ਤੋਂ ਪ੍ਰਭਾਵਤ ਹਨ। ਜਨਤਾ ਦਾ ਇੱਕ ਹਿੱਸਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਇਸ ਨੂੰ ਪੰਜਾਬ ਵਿੱਚ ਰਾਜ ਕਰਦੀ ਪਾਰਟੀ ਦੇਖਣਾ ਚਾਹੁੰਦਾ ਹੈ।
ਅੱਜ ਦੇ ਦਿਨ ਦੋਵੇਂ ਉਪਰੋਕਤ ਪਾਰਟੀਆਂ ਆਪਣੇ-ਆਪ ਨੂੰ ਪੰਜਾਬ ਵਿੱਚ ਜੇਤੂ ਮੁਦਰਾ ਵਿੱਚ ਸਮਝ ਰਹੀਆਂ ਹਨ। ਪਰ ਨਾਲ ਹੀ ਉਹ ਇਹ ਵੀ ਭੁੱਲ ਬੈਠੀਆਂ ਹਨ ਕਿ ਅਜੇ ਤਕ ਤਾਂ ਤੁਸੀਂ ਆਪੋ ਆਪਣੀ ਪਾਰਟੀ ਅੰਦਰ ਹੀ ਲੜ ਰਹੀਆਂ ਹੋ, ਜਨਤਾ ਦੇ ਮੈਦਾਨ ਵਿੱਚ ਇੱਕ-ਦੂਜੇ ਦੇ ਖ਼ਿਲਾਫ਼ ਲੜਾਈ ਦੇ ਕੇ ਕਿਵੇਂ ਜਿੱਤ ਪ੍ਰਾਪਤ ਕਰੋਗੇ? ਜਿਵੇਂ ਸਭ ਜਾਣਦੇ ਹਨ ਅੱਜਕੱਲ ਮਹਿੰਗਾਈ ਵਿੱਚ ਪਿਸ ਰਹੀ ਜਨਤਾ ਵੀ ਕਾਫ਼ੀ ਸਿਆਣੀ ਹੋ ਚੁੱਕੀ ਹੈ। ਹੁਣ ਉਹ ਅੱਖਾਂ ਮੀਟ ਕੇ ਵੋਟਾਂ ਪਾਉਣ ਵਾਲੀ ਨਹੀਂ ਰਹੀ। ਇਸ ਕਰਕੇ ਜਨਤਾ ਦੀ ਕਚਹਿਰੀ ਵਿੱਚ ਜਾਣ ਤੋਂ ਪਹਿਲਾਂ ਆਪੋ-ਆਪਣੀ ਪਾਰਟੀ ਅੰਦਰ ਆਪਣੀ ਲੜਾਈ ਖ਼ਤਮ ਕਰੋ। ਇੱਕਮੁੱਠ ਹੋ ਕੇ ਜਨਤਾ ਦੀ ਕਚਹਿਰੀ ਵਿੱਚ ਲੋਕ ਪੱਖੀ ਮੰਗਾਂ, ਜੋ ਪੂਰੀਆਂ ਹੋ ਸਕਣ, ਜੋ ਪੂਰੀਆਂ ਕਰ ਸਕੋ, ਲੈ ਕੇ ਪਹੁੰਚੋ, ਚੰਗੇ, ਇਮਾਨਦਾਰ ਅਤੇ ਪੜ੍ਹਿਆਂ-ਲਿਖਿਆਂ ਨੂੰ ਟਿਕਟਾਂ ਦਿਓ, ਤਾਂ ਕਿ ਪੰਜਾਬ ਦਾ ਭਵਿੱਖ ਹੋਰ ਸੁਰੱਖਿਅਤ ਹੋ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2978)
(ਸਰੋਕਾਰ ਨਾਲ ਸੰਪਰਕ ਲਈ: