“ਪ੍ਰਧਾਨ ਮੰਤਰੀ ਦੀ ਤੇਜ਼ੀ ਨਾਲ ਘਟ ਰਹੀ ਲੋਕਪ੍ਰਿਅਤਾ, ਜੋ ਕਾਫੀ ਹੱਦ ਤਕ ਗਿਰ ਗਈ ਹੈ ...”
(16 ਮਈ 2021)
ਦੂਜੇ ਦੌਰ ਦੇ ਕਰੋਨਾ ਲਹਿਰ ਦੇ ਕਹਿਰ ਦੌਰਾਨ ਦੇਸ਼ ਦੀ ਸਿਹਤ ਸੰਬੰਧੀ ਸਥਿਤੀ ਏਨੀ ਤੇਜ਼ੀ ਨਾਲ ਨਿਵਾਣਾਂ ਨੂੰ ਛੂਹ ਰਹੀ ਹੈ, ਜਿਸ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਨਿਕੰਮੀ, ਗਪੌੜੀ ਤੇ ਭ੍ਰਿਸ਼ਟ ਸਰਕਾਰ ਤੋਂ ਸਥਿਤੀ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ। ਸਿਹਤ ਸੰਬੰਧੀ ਲੋੜੀਂਦੀਆਂ ਚੀਜ਼ਾਂ ਦੀ ਹਰ ਫਰੰਟ ’ਤੇ ਥੁੜ ਹੀ ਥੁੜ ਮਹਿਸੂਸ ਹੋ ਰਹੀ ਹੈ। ਅੱਜ ਤਕ ਓਨੀਆਂ ਮੌਤਾਂ ਬਿਮਾਰੀ ਕਾਰਨ ਨਹੀਂ ਹੋਈਆਂ, ਜਿੰਨੀਆਂ ਸੰਬੰਧਤ ਦਵਾਈਆਂ, ਲੋੜਵੰਦ ਸਹੂਲਤਾਂ ਦੀ ਥੁੜ ਅਤੇ ਨਾ ਮਿਲਣ ਕਰਕੇ ਹੋਈਆਂ ਹਨ। ਅਜਿਹੀਆਂ ਮੌਤਾਂ ਨੂੰ ਆਖਿਰ ਤੁਸੀਂ ਕਿਸ ਕੈਟਾਗਿਰੀ ਵਿੱਚ ਪਾਓਗੇ?
ਵਿਸ਼ਵ ਗੁਰੂ ਬਣਨ ਦਾ ਸੁਪਨਾ ਪਾਲ ਰਹੀ ਸਰਕਾਰ ਕਿਸੇ ਵੀ ਘਾਟ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ, ਜਿਸ ਕਰਕੇ ਅੱਜ ਅਖੌਤੀ ਆਤਮ ਨਿਰਭਰ ਦੇਸ਼ ਮੰਗਤਿਆਂ ਵਾਂਗ ਦੂਜੇ ਦੇਸ਼ਾਂ ਦੀ ਮਦਦ ਕਬੂਲ ਕਰਨ ਨੂੰ ਮਜਬੂਰ ਹੋਇਆ ਪਿਆ ਹੈ। ਇਹ ਸਭ ਇਸ ਕਰਕੇ ਵਾਪਰ ਰਿਹਾ ਹੈ ਕਿ ਇਸ ਕਰੋਨਾ ਕਹਿਰ ਨਾਲ ਲੜਨ ਲਈ ਅੱਜ ਦੇ ਦਿਨ ਤਕ ਇਸ ਪਾਸ ਪਿੰਡਾਂ ਅਤੇ ਸ਼ਹਿਰਾਂ ਵਿੱਚ ਓਨੇ ਹਸਪਤਾਲ ਨਹੀਂ, ਜਿੰਨਿਆਂ ਦੀ ਇਸ ਨੂੰ ਲੋੜ ਹੈ। ਮਰੀਜ਼ਾਂ ਮੁਤਾਬਕ ਬੈੱਡ ਜਾਂ ਮੰਜਿਆਂ ਦੀ ਘਾਟ ਹੈ। ਵੈਟੀਲੇਟਰਾਂ ਦੀ ਘਾਟ ਹੈ, ਆਕਸੀਜਨ ਦੀ ਘਾਟ ਹੈ। ਆਈ ਸੀ ਯੂ ਤੇ ਦਵਾਈਆਂ ਦੀ ਘਾਟ ਹੈ। ਟੀਕੇ ਮਿਲ ਨਹੀਂ ਰਹੇ, ਜਿਸ ਕਰਕੇ ਸੰਬੰਧਤ ਸੂਬਿਆਂ ਨੂੰ ਆਪ ਖਰੀਦਣ ਦੇ ਹੁਕਮ ਹੋ ਰਹੇ ਹਨ। ਐਂਬੂਲੈਂਸਾਂ ਦੀ ਘਾਟ ਰੜਕਦੀ ਹੈ। ਸਰਕਾਰੀ ਹਸਪਤਾਲਾਂ ਦੀ ਥੁੜ ਕਾਰਨ ਪ੍ਰਾਈਵੇਟ ਹਸਪਤਾਲ ਕਰੋਨਾ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਆਨਾਕਾਨੀ ਕਰ ਰਹੇ ਹਨ। ਡਾਕਟਰਾਂ ਦੀ ਘਾਟ ਹੋਣ ਕਰਕੇ ਡਾਕਟਰ ਵੀਹ-ਵੀਹ ਘੰਟੇ ਡਿਊਟੀ ਕਰ ਰਹੇ ਹਨ। ਉਨ੍ਹਾਂ ਨੂੰ ਵੇਲੇ ਸਿਰ ਪੂਰੀਆਂ ਤਨਖਾਹਾਂ ਵੀ ਨਹੀਂ ਮਿਲ ਰਹੀਆਂ। ਕਈ ਥਾਂਈਂ ਉਹ ਦੁਖੀ ਹੋ ਕੇ ਇਸਤੀਫੇ ਦੇ ਰਹੇ ਹਨ। ਫਿਰ ਮਨਾਇਆ ਜਾ ਰਿਹਾ। ਬੈੱਡਾਂ ਦੀ ਘਾਟ ਕਰਕੇ ਮਰੀਜ਼ ਬੈੱਡਾਂ ਦੀ ਖੋਜ ਵਿੱਚ ਆਪ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ, ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਚੱਕਰ ਮਾਰਦੇ-ਮਾਰਦੇ ਅਖੀਰ ਆਪ ਹੀ ਮਰ ਰਹੇ ਹਨ। ਸਭ ਪਾਸੇ ਅਜਿਹੀ ਹਫ਼ੜਾ-ਦਫ਼ੜੀ ਹੈ, ਜਿਸ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜਾ ਸਕਦਾ।
ਅਜਿਹੀ ਉਪਰੋਕਤ ਵਿਸਫੋਟਕ ਸਥਿਤੀ ਵਿੱਚ ਵੀ ਸਰਕਾਰ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੀ ਖਾਤਰ ਅਤੇ ਜਨਤਾ ਵਿੱਚ ਆਪਣੇ ਧੁੰਦਲੇ ਅਕਸ ਨੂੰ ਸਾਫ਼ ਕਰਨ ਲਈ ਮੌਤਾਂ ਦੇ ਅੰਕੜਿਆਂ ਨੂੰ ਜਾਦੂਗਰ ਵਾਂਗ ਛੁਪਾ ਅਤੇ ਘੱਟ ਦਿਖਾ ਰਹੀ ਹੈ ਤਾਂ ਕਿ ਪ੍ਰਧਾਨ ਮੰਤਰੀ ਦੀ ਤੇਜ਼ੀ ਨਾਲ ਘਟ ਰਹੀ ਲੋਕਪ੍ਰਿਅਤਾ, ਜੋ ਕਾਫੀ ਹੱਦ ਤਕ ਗਿਰ ਗਈ ਹੈ, ਨੂੰ ਕੁਝ ਹੱਦ ਤਕ ਨੱਥ ਪਾਈ ਜਾ ਸਕੇ। ਇਸ ਕਰਕੇ ਮੌਤ ਸੰਬੰਧੀ ਅੰਕੜੇ ਦੱਸਣ ਤੋਂ ਪਹਿਲਾਂ ਇਨ੍ਹਾਂ ਨੇ ਮੌਤਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਰੋਨਾ ਮੌਤਾਂ, ਹਾਰਟ ਅਟੈਕਾਂ ਨਾਲ ਮੌਤਾਂ, ਸਧਾਰਨ ਤਰੀਕੇ ਨਾਲ ਹੋਈਆਂ ਮੌਤਾਂ, ਐਕਸੀਡੈਂਟਾਂ ਨਾਲ ਹੋਈਆਂ ਮੌਤਾਂ, ਘਰਾਂ ਵਿੱਚ ਹੋਈਆਂ ਮੌਤਾਂ, ਹਸਪਤਾਲਾਂ ਵਿੱਚ ਹੋਈਆਂ ਮੌਤਾਂ, ਲਾਵਾਰਸ ਮੌਤਾਂ, ਵਗੈਰਾ-ਵਗੈਰਾ। ਸਰਕਾਰੀ ਅੰਕੜੇ ਜੋ ਦੱਸੇ ਜਾਂਦੇ ਹਨ, ਉਹ ਅਸਲੀਅਤ ਤੋਂ ਕਿਤੇ ਘੱਟ ਹੁੰਦੇ ਹਨ। ਕੁਝ ਪਰਿਵਾਰ ਵੀ ਆਪਣੇ ਪਰਿਵਾਰ ਵਿੱਚ ਹੋਈ ਕਰੋਨਾ ਨਾਲ ਮੌਤ ਨੂੰ ਲੁਕਾਅ ਕੇ ਸਰਕਾਰ ਦੀ ਜਾਣੇ-ਅਣਜਾਣੇ ਮਦਦ ਕਰਦੇ ਹਨ। ਇਨ੍ਹਾਂ ਦੀ ਜੋ ਅਸਲੀਅਤ ਹੈ, ਉਹ ਸਿਵਿਆਂ-ਕਬਰਸਥਾਨਾਂ ’ਤੇ ਜਾ ਕੇ ਹੀ ਜਾਣੀ ਜਾ ਸਕਦੀ ਹੈ। ਸਰਕਾਰੀ ਰਜਿਸਟਰ ਕੁਝ ਹੋਰ ਬਿਆਨ ਕਰ ਰਹੇ ਹਨ ਅਤੇ ਸਿਵਿਆਂ, ਸ਼ਮਸ਼ਾਨਘਾਟਾਂ ਅਤੇ ਕਬਰਸਥਾਨਾਂ ਦੇ ਰਜਿਸਟਰ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਅੱਜ ਤਕ ਇਨ੍ਹਾਂ ਦਾ ਕੁਲ ਫ਼ਰਕ ਲੱਖਾਂ ਤਕ ਪਹੁੰਚ ਚੁੱਕਾ ਹੋਵੇਗਾ। ਇਹ ਵੱਧ ਮੌਤਾਂ ਕਰਕੇ ਹੀ ਸ਼ਮਸ਼ਾਨਘਾਟਾਂ ਦੀ ਘਾਟ ਮਹਿਸੂਸ ਹੋਈ, ਜਿਸ ਕਰਕੇ ਸਰਕਾਰ ਤੋਂ ਇਲਾਵਾ ਦਾਨੀ ਸੱਜਣਾਂ, ਐੱਨ ਜੀ ਓ, ਧਾਰਮਿਕ ਜਥੇਬੰਦੀਆਂ ਵੱਲੋਂ ਖੜ੍ਹੇ ਪੈਰ ਤਿਆਰ ਕੀਤੇ ਅਤੇ ਤਿਆਰ ਹੋ ਰਹੇ ਹਨ। ਇਸ ਕਰਕੇ ਹੀ ਲਾਲੂ ਪ੍ਰਸ਼ਾਦ ਦਾ ਇੱਕ ਬਿਆਨ ਆਇਆ ਹੈ ਕਿ ਸਮੁੱਚੇ ਪ੍ਰਬੰਧਾਂ ਦੀ ਘਾਟ ਕਰਕੇ ਹਿੰਦੂ ਲਾਸ਼ਾਂ ਨੂੰ ਅਗਨ ਭੇਟ ਕਰਨ ਦੀ ਬਜਾਏ ਦਫ਼ਨਾਇਆ ਜਾ ਰਿਹਾ ਹੈ, ਜੋ ਹਿੰਦੂਆਂ ਲਈ ਅਪਮਾਨਜਨਕ ਹੈ।
ਸਰਕਾਰ ਦੇ ਅੰਤਿਮ ਸੰਸਕਾਰ ਸੰਬੰਧੀ ਅਧੂਰੇ ਪ੍ਰਬੰਧ ਕਰਕੇ ਹੀ ਲੋਕ ਲਾਸ਼ਾਂ ਨੂੰ ਗੰਗਾ ਨਦੀ ਅਤੇ ਬਾਕੀ ਨਦੀਆਂ ਵਿੱਚ ਰੋੜ੍ਹ ਰਹੇ ਹਨ। ਲੱਕੜ ਦੀ ਘਾਟ ਕਰਕੇ ਉਨ੍ਹਾਂ ਨੂੰ ਨਦੀਆਂ ਦੇ ਕੰਢੇ ਦਫ਼ਨਾਅ ਰਹੇ ਹਨ। ਇਹ ਉਹੀ ਗੰਗਾ ਹੈ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਆਰਤੀ ਕਰਕੇ ਗੰਗਾ ਮਾਂ ਤੋਂ ਆਸ਼ੀਰਵਾਦ ਲਿਆ ਕਰਦੇ ਸਨ। ਜਿਸ ਗੰਗਾ ਮਾਈ ਨੂੰ ਸਾਧਵੀ ਵਰਗੀਆਂ ਨੇ ਸਾਫ਼ ਕਰਨ ਲਈ ਸੌਹਾਂ ਚੁੱਕੀਆਂ ਸਨ, ਅੱਜ ਇਹ ਰਾਮ ਦੀ ਗੰਗਾ ਅਤਿ ਪਲੀਤ ਹੋ ਚੁੱਕੀ ਹੈ।
ਤੁਸੀਂ ਜ਼ਰਾ ਸੋਚ ਕੇ ਦੇਖੋ ਅਗਰ ਇਹ ਲਾਸ਼ਾਂ ਮਨੁੱਖਾਂ ਦੀ ਬਜਾਏ ਗਊ ਮਾਤਾਵਾਂ ਦੀਆਂ ਹੁੰਦੀਆਂ ਤਾਂ ਫਿਰ ਅੱਜ ਭਗਤਾਂ ਨੇ ਕਿਸ ਹਾਲ ਨੂੰ ਪਹੁੰਚਣਾ ਸੀ ਜੋ ਹੁਣ ਮੂਰਛਤ ਹੋਏ ਲੱਗਦੇ ਹਨ। ਅਜਿਹੇ ਹਰ ਤਰ੍ਹਾਂ ਦੇ ਸਸਕਾਰਾਂ ਸੰਬੰਧੀ ਜਿੱਥੇ ਸੰਬੰਧਤ ਮੁਲਾਜ਼ਮ ਪੇਟ ਦੀ ਖਾਤਰ ਦਿਨ-ਰਾਤ ਆਪਣੀ ਡਿਊਟੀ ਦੇ ਰਹੇ ਹਨ, ਉੱਥੇ ਅਜਿਹੇ ਗੁਮਨਾਮ ਦਰਵੇਸ਼ ਵੀ ਸਰਗਰਮ ਹਨ, ਜਿਹੜੇ ਇਨਸਾਨੀਅਤ ਨੂੰ ਆਪਣਾ ਧਰਮ ਸਮਝਦੇ ਹੋਏ ਅਜਿਹੇ ਪਰਉਪਕਾਰੀ ਕੰਮਾਂ ਵਿੱਚ ਦਿਨ-ਰਾਤ ਇੱਕ ਕਰ ਰਹੇ ਹਨ, ਜਿਨ੍ਹਾਂ ਦੀਆਂ ਸਮੇਂ-ਸਮੇਂ ਸਿਰ ਟੈਲੀਵਿਜ਼ਨਾਂ ਤੋਂ ਇੰਟਰਵਿਊਆਂ ਆਉਂਦੀਆਂ ਰਹਿੰਦੀਆਂ ਹਨ। ਜੋ ਆਪਣਾ ਨਾਂਅ ਪਤਾ ਧਰਮ ਅਤੇ ਜਾਤ ਤਕ ਨਹੀਂ ਦੱਸਦੇ। ਅਜਿਹੇ ਬਹੁਤੇ ਅਜੇ ਤਕ ਆਪਣੇ ਘਰਾਂ ਵੱਲ ਫੇਰਾ ਮਾਰਨ ਵੀ ਨਹੀਂ ਗਏ। ਉਹ ਬਿਨਾਂ ਤਨਖ਼ਾਹ ਕੰਮ ਕਰ ਰਹੇ ਹਨ। ਉਹ ਅਜਿਹੇ ਔਖੇ ਵੇਲੇ ਕੰਮ ਕਰਕੇ ਆਪਣਾ ਫ਼ਰਜ਼ ਨਿਭਾ ਰਹੇ ਹਨ। ਜਿਸ ਵਕਤ ਬਹੁਤਿਆਂ ਨੇ ਆਪਣਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਅਜਿਹੇ ਫਰਿਸ਼ਤੇ ਆਪਣੇ ਗਰੁੱਪਾਂ- ਐੱਨ ਜੀ ਓ ਨਾਲ ਜੁੜੇ ਹੋਏ ਹੋ ਸਕਦੇ ਹਨ। ਇਹ ਭਲੇ ਲੋਕ ਲੋੜ ਪੈਣ ’ਤੇ ਆਕਸੀਜਨ ਦਾ ਪ੍ਰਬੰਧ ਵੀ ਕਰਦੇ ਹਨ। ਟੈਕਸੀ ਦਾ ਪ੍ਰਬੰਧ ਕਰਦੇ ਹਨ। ਇਹ ਲੋੜ ਪੈਣ ’ਤੇ ਸ਼ਮਸ਼ਾਨ ਘਾਟ ਵੀ ਤਿਆਰ ਕਰਦੇ ਹਨ। ਕੋਈ ਚਿਤਾ ਚਿਣ ਰਿਹਾ ਹੈ। ਕੋਈ ਉਹਨਾਂ ਦਾ ਬਣ ਕੇ ਅਗਨੀ ਦੇ ਰਿਹਾ, ਕੋਈ ਉਹਨਾਂ ਦੇ ਅਸਤ ਚੁਗ ਰਿਹਾ ਹੈ, ਕੋਈ ਲੱਕੜਾਂ ਢੋਅ ਰਿਹਾ ਹੈ, ਕੋਈ ਦਫ਼ਨਾਉਣ ਦਾ ਕੰਮ ਕਰ ਰਿਹਾ ਹੈ। ਅਜਿਹੇ ਅਣਪਛਾਤੇ ਦਰਵੇਸ਼ਾਂ ਨੂੰ ਸਲਾਮ ਕਰਨਾ ਬਣਦਾ ਹੈ।
ਅੱਜਕੱਲ੍ਹ ਹੌਲੀ-ਹੌਲੀ ਲੋਕ ਦਬਾਅ ਵਧ ਰਿਹਾ ਹੈ, ਜਿਸ ਕਰਕੇ ਮੋਦੀ ਨਾਇਕ ਦੀ ਬਜਾਏ ਘਿਰਨਾ ਦਾ ਪਾਤਰ ਬਣ ਗਿਆ। ਲੋਕ ਅਤੇ ਵਿਰੋਧੀ ਪਾਰਟੀਆਂ ਸਵਾਲ ਕਰ ਰਹੇ ਹਨ, ਜਿਸ ਕਰਕੇ ਮੋਦੀ ਦਾ ਦਿਨ-ਰਾਤ ਨਾਮ ਜਪਣ ਵਾਲੇ ਅਨੁਪਮ ਖੇਰ ਅਤੇ ਖੰਨਾ ਵਰਗੇ ਐਕਟਰਾਂ ਨੇ ਮੋਦੀ ਦੇ ਮਾੜੇ ਪ੍ਰਬੰਧ ’ਤੇ ਉਂਗਲੀ ਉਠਾਈ ਹੈ। ਅੰਦਰੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬੰਗਾਲ ਝਟਕੇ ਤੋਂ ਬਾਅਦ ਮੌਜੂਦਾ ਕਰੋਨਾ ਕਰਕੇ ਮੌਤਾਂ ਦੀ ਵਧ ਰਹੀ ਗਿਣਤੀ ਦਾ ਝਟਕਾ ਲੱਗਾ ਹੈ। ਯੂ ਪੀ ਪੰਚਾਇਤ ਚੋਣਾਂ ਵਿੱਚ ਹਾਰ, ਕਰੋਨਾ ਨਾਲ ਇੱਕਦਮ ਯੂ ਪੀ ਵਿੱਚ ਵਧ ਰਹੀਆਂ ਮੌਤਾਂ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿੱਪ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਵਾਈਆਂ ਅਤੇ ਟੀਕਿਆਂ ਦੀ ਸਰਕਾਰ ਤੋਂ ਪੂਰਤੀ ਨਹੀਂ ਹੋ ਰਹੀ। ਟੀਕੇ ਦੀ ਦੂਜੀ ਡੋਜ਼ ਲਈ ਨਵੀਂਆਂ ਲੰਬੀਆਂ ਡੇਟਾਂ ਨੇ ਵੀ ਜਨਤਾ ਨੂੰ ਨਿਰਾਸ਼ ਕੀਤਾ ਹੈ। ਪੀ ਐੱਮ ਕੇਅਰ ਫੰਡ ਵਿੱਚੋਂ ਖਰੀਦ ਕੀਤੇ ਅਤੇ ਸੂਬਿਆਂ ਨੂੰ ਭੇਜੇ ਗਏ ਵੈਂਟੀਲੇਟਰ, ਸੰਬੰਧਤ ਸੂਬਿਆਂ ਵਿੱਚ ਮੂਰਛਤ ਹੋਏ ਪਏ ਹਨ। ਮਾੜੀਆਂ ਕੰਪਨੀਆਂ ਤੋਂ ਖਰੀਦੇ ਹੋਣ ਕਰਕੇ ਉਹ ਵਰਕਿੰਗ ਕੰਡੀਸ਼ਨ ਵਿੱਚ ਨਹੀਂ ਹਨ। ਉਹਨਾਂ ਨੂੰ ਕੰਪਨੀ ਜਾਂ ਸੰਬੰਧਤ ਸੂਬਾ ਸਰਕਾਰਾਂ ਨੇ ਬਣਾਉਣਾ ਹੈ, ਇਸਦਾ ਫੈਸਲਾ ਨਹੀਂ ਹੋ ਸਕਿਆ। ਇਸ ਕਰਕੇ ਕਿੰਤੂ-ਪ੍ਰੰਤੂ ਹੋਣਾ ਸੁਭਾਵਕ ਹੈ।
ਉੱਧਰ ਬਾਰਾਂ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੇ ਵੀ ਇਕੱਠੇ ਹੋ ਕੇ ਸੈਂਟਰ ਸਰਕਾਰ ਅਤੇ ਸਮੁੱਚੇ ਸਿਸਟਮ ’ਤੇ ਬੜੇ ਸਖ਼ਤ ਲਹਿਜ਼ੇ ਵਿੱਚ ਸਵਾਲ ਉਠਾਏ ਹਨ। ਬਿਮਾਰੀ ਪਿੰਡਾਂ ਵਿੱਚ ਬੱਚਿਆਂ ਤਕ ਪਹੁੰਚ ਗਈ ਹੈ। ਇਸ ਬਿਮਾਰੀ ’ਤੇ ਕਾਬੂ ਪਾਉਣ ਲਈ ਜਿੱਥੇ ਦੇਸ਼ ਦੇ ਮੁਖੀ ਨੂੰ, ਇਸ ਵਾਸਤੇ ਫੰਡਾਂ ਦਾ ਖੁੱਲ੍ਹੇ ਦਿਲ ਨਾਲ ਪ੍ਰਬੰਧ ਕਰਨਾ ਚਾਹੀਦਾ ਹੈ, ਉੱਥੇ ਉਹ ਅੱਜ ਦੇ ਦਿਨ ਵੀ ਨਵਾਂ ਪਾਰਲੀਮੈਂਟ ਹਾਊਸ ਬਣਾਉਣ ਲਈ ਬਾਵਜੂਦ ਸਮੁੱਚੀ ਆਪੋਜ਼ੀਸ਼ਨ ਦੇ ਰੋਕਣ ਦੇ ਬਜ਼ਿੱਦ ਹੈ। ਹਾਲ ਦੀ ਘੜੀ ਅਜਿਹੀ ਜ਼ਿੱਦ ਉਸ ਨੂੰ ਦੇਸ਼ ਹਿਤ ਵਿੱਚ ਤਿਆਗਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਛਤੀਸਗੜ੍ਹ ਦੀ ਸਰਕਾਰ ਨੇ ਇੱਕ ਸ਼ਲਾਘਾਯੋਗ ਫੈਸਲਾ ਲਿਆ ਹੈ। ਉਨ੍ਹਾਂ ਉੱਥੇ ਬਣ ਰਹੀ ਨਵੀਂ ਅਸੰਬਲੀ ਦੀ ਬਿਲਡਿੰਗ ਨੂੰ ਅਤੇ ਬਾਕੀ ਸਰਕਾਰੀ ਉਸਾਰੀਆਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਮੋਦੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਕਰੋਨਾ-ਮਹਾਂਮਾਰੀ ਤੋਂ ਦੇਸ਼ ਬਚੇਗਾ, ਅਸੀਂ ਸਭ ਬਚਾਂਗੇ ਤਾਂ ਹੀ ਪਾਰਲੀਮੈਂਟ ਦੀ ਲੋੜ ਹੋਵੇਗੀ। ਇਸ ਸੰਬੰਧੀ ਬਦੇਸ਼ੀ ਮੀਡੀਏ ਨੇ ਵੀ ਬੀਜੇਪੀ ਸਮੇਤ ਪ੍ਰਧਾਨ ਮੰਤਰੀ ਨੂੰ ਕਟਹਿਰੇ ਵਿੱਚ ਮੁਜਰਮਾਂ ਵਾਂਗ ਖੜ੍ਹਾ ਕੀਤਾ ਹੈ। ਆਓ ਅਸੀਂ ਸਭ ਵੀ ਰਲ ਕੇ ਪਹਿਲਾਂ ਇਸ ਮਹਾਂਮਾਰੀ ਤੋਂ ਦੇਸ਼ ਨੂੰ ਬਚਾਉਣ ਲਈ ਦਿਨ-ਰਾਤ ਇੱਕ ਕਰ ਦੇਈਏ। ਜਿਵੇਂ ਕਰੋਨਾ ਬਿਨਾਂ ਭੇਦਭਾਵ ਦੇ ਸਭ ਵਿਚਕਾਰ ਫੈਲਿਆ ਹੈ, ਉਵੇਂ ਹੀ ਸਾਨੂੰ ਸਭ ਨੂੰ ਵੀ ਬਿਨਾਂ ਭੇਦ-ਭਾਵ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਕਰੋਨਾ ਜੰਗ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਜਿਸ ਨਾਲ ਆਪਸੀ ਸਾਂਝ ਮਜ਼ਬੂਤ ਹੋਵੇਗੀ ਅਤੇ ਅਜਿਹੀ ਮਜ਼ਬੂਤ ਸਾਂਝ ਹੀ ਮੌਜੂਦਾ ਭ੍ਰਿਸ਼ਟ ਸਰਕਾਰ ਨੂੰ ਚੱਲਦਾ ਕਰਨ ਲਈ ਆਪਣਾ ਯੋਗਦਾਨ ਪਾਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2783)
(ਸਰੋਕਾਰ ਨਾਲ ਸੰਪਰਕ ਲਈ: