“ਭਾਰਤ ਦਾ ਜੋ ਬੱਜਟ ਖੇਡਾਂ ਲਈ ਰੱਖਿਆ ਗਿਆ ਹੈ, ਉਹ ਨਵੀਨ ਪਟਨਾਇਕ ਦੇ ...”
(15 ਅਗਸਤ 2021)
ਹਫ਼ਤਾ ਕੁ ਪਹਿਲਾਂ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਇਤਿਹਾਸ ਦੀਆਂ ਸਭ ਤੋਂ ਵਿਸ਼ੇਸ਼ ਖੇਡਾਂ ਦੀ ਸਮਾਪਤੀ ਬੜੀ ਧੂਮਧਾਮ ਨਾਲ ਹੋਈ, ਜਿਸ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਯਾਦ ਕਰਦੇ ਹੋਏ ਅੱਗੇ ਵਧਣ ਦੇ ਸੰਦੇਸ਼ ਨਾਲ ਉਲੰਪਿਕ ਝੰਡਾ ਪੈਰਿਸ ਨੂੰ ਸੌਂਪਿਆ ਗਿਆ। ਹੁਣ ਅਗਲੀਆਂ ਉਲੰਪਿਕ ਖੇਡਾਂ ਉੱਥੇ ਖੇਡੀਆਂ ਜਾਣਗੀਆਂ।
ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਖੇਡਦਿਆਂ ਵੇਟਲਿਫਟਰ ਮੀਰਬਾਈ ਚਾਨੂੰ ਦੇ ਚਾਂਦੀ ਤਮਗੇ ਨਾਲ ਵਧੀਆ ਸ਼ੁਰੂਆਤ ਕੀਤੀ, ਜਿਸ ਦੇ ਬਾਅਦ ਅਤੇ ਸੋਨ ਤਮਗਾ ਜਿੱਤਣ ਵਿਚਕਾਰ ਕੁਝ ਕਾਂਸੀ ਦੇ ਤਮਗੇ ਖਿਡਾਰੀ ਜਿੱਤਦੇ ਰਹੇ/ ਇਸ ਨਾਲ ਭਾਰਤੀ ਤਮਗਿਆਂ ਦੀ ਗਿਣਤੀ ਅਖੀਰ ਸੱਤ ਤੱਕ ਪਹੁੰਚ ਗਈ, ਜਿਸ ’ਤੇ ਸਮੁੱਚੇ ਭਾਰਤ ਨੇ ਤਸੱਲੀ ਪ੍ਰਗਟਾਈ ਅਤੇ ਜਸ਼ਨ ਮਨਾਉਣੇ ਸ਼ੁਰੂ ਕੀਤੇ। ਇਹ ਜਸ਼ਨ ਅੱਜ ਤੱਕ ਚਾਲੂ ਹਨ। ਭਾਰਤੀ ਖਿਡਾਰੀਆਂ ਨੂੰ ਇੱਥੋਂ ਤੱਕ ਪਹੁੰਚਣ ਵਿੱਚ ਆਪ ਬਹੁਤ ਮਿਹਨਤ ਕਰਨੀ ਪਈ। ਖਿਡਾਰੀਆਂ ਦੀ ਮਿਹਨਤ ਸਦਕਾ ਹੀ ਦੇਸ਼ ਨੇ 41 ਸਾਲਾਂ ਤੋਂ ਚਲਿਆ ਆ ਰਿਹਾ ਤਮਗੇ ਦਾ ਸੋਕਾ ਵੀ ਖ਼ਤਮ ਕੀਤਾ। ਜਿਸ ਮਿਹਨਤ ਸਦਕਾ ਲੜਕਿਆਂ ਨੇ ਆਪਣੀ ਜਾਨ ਮਾਰ ਕੇ ਤਮਗਾ ਹਾਸਲ ਕੀਤਾ, ਉਹ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਇਸੇ ਤਰ੍ਹਾਂ ਹੀ ਭਾਰਤੀ ਕੰਜਕਾਂ (ਕੁੜੀਆਂ) ਨੇ ਆਪਣੀ ਖੇਡ ਵਿੱਚ ਜਿਵੇਂ ਆਪਣੇ ਕਰਤੱਵ ਦਿਖਾਏ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਹ ਭਾਵੇਂ ਤਮਗੇ ਦੇ ਨੇੜੇ ਪਹੁੰਚ ਕੇ ਹਾਰ ਗਈਆਂ, ਪਰ ਉਨ੍ਹਾਂ ਨੇ ਸਭ ਭਾਰਤੀਆਂ ਦਾ ਦਿਲ ਜਿੱਤ ਲਿਆ, ਜਿਸ ਕਰਕੇ ਉਨ੍ਹਾਂ ਦਾ ਪੂਰੇ ਦੇਸ਼ ਵਿੱਚ ਜੇਤੂਆਂ ਵਾਂਗ ਸਵਾਗਤ ਹੋ ਰਿਹਾ ਹੈ ਅਤੇ ਹੋਣਾ ਵੀ ਚਾਹੀਦਾ ਹੈ।
ਭਾਰਤੀ ਹਾਕੀ ਦੀਆਂ ਦੋਵੇਂ ਟੀਮਾਂ ਨੇ ਜਿਵੇਂ ਚਾਰ ਦਹਾਕੇ ਤੋਂ ਵੱਧ ਦੇ ਸਮੇਂ ਦੀ ਔੜ ਨੂੰ ਖ਼ਤਮ ਕੀਤਾ ਹੈ, ਉਹ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸਭ ਖਿਡਾਰੀਆਂ ’ਤੇ ਜਿੱਤਣ-ਹਾਰਨ ਤੋਂ ਬਾਅਦ ਜੋ ਪੈਸਿਆਂ, ਮਾਇਆ ਦੀ ਬਰਸਾਤ ਹੋ ਰਹੀ ਹੈ, ਉਹ ਵੀ ਇੱਕ ਚੰਗੀ ਗੱਲ ਹੈ। ਪਰ ਜੇਕਰ ਹੁਣ ਦਿੱਤੇ ਇਨਾਮਾਂ ਦੀ ਸ਼ਕਲ ਵਿੱਚ, ਕੁੱਲ ਦਿੱਤੇ ਪੈਸੇ ਨਾਲੋਂ ਚੌਥਾ ਹਿੱਸਾ ਵੀ ਇਨ੍ਹਾਂ ਖਿਡਾਰੀਆਂ ਉੱਤੇ ਇਨ੍ਹਾਂ ਦੀ ਤਿਆਰੀ ’ਤੇ, ਇਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ’ਤੇ, ਇਨ੍ਹਾਂ ਦੀ ਪ੍ਰੈਕਟਿਸ ਕਰਾਉਣ ’ਤੇ, ਕੋਚ ਸਹੂਲਤਾਂ ’ਤੇ ਉਡੀਸਾ ਦੇ ਮੁੱਖ ਮੰਤਰੀ ਵਾਂਗ ਖਰਚਿਆ ਹੁੰਦਾ ਤਾਂ ਅੱਜ ਦੇ ਨਤੀਜੇ ਹੋਰ ਵੀ ਸ਼ਾਨਦਾਰ ਹੁੰਦੇ।
ਹੋ ਸਕਦਾ ਹੈ ਕਿ ਹੁਣ ਤੱਕ ਤੁਸੀਂ ਸਭ ਜਾਣ ਚੁੱਕੇ ਹੋਵੋਗੇ ਕਿ ਜੋ ਹਾਕੀ ਦੀਆਂ ਦੋਹਾਂ ਟੀਮਾਂ ਨੇ ਅੰਤਰਰਾਸ਼ਟਰੀ ਗਰਾਊਂਡਾਂ ਵਿੱਚ ਕਰ ਦਿਖਾਇਆ ਹੈ, ਉਸ ਸਭ ਦਾ ਸਿਹਰਾ ਉਡੀਸਾ ਦੇ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਨੂੰ ਜਾਂਦਾ ਹੈ, ਜਿਸ ਨੇ ਆਪਣੇ ਸੂਬੇ ਵਿੱਚ ਜਿਹੜਾ ਪੰਜਾਬ ਨਾਲੋਂ ਕਾਫ਼ੀ ਗਰੀਬ ਹੁੰਦਾ ਹੋਇਆ ਵੀ ਅੱਗੇ ਆਇਆ, ਜਿਸ ਨੇ ਹਾਕੀ ਖਿਡਾਰੀਆਂ ਲਈ ਸਟੇਡੀਅਮ ਆਦਿ ਤਿਆਰ ਕਰਵਾ ਕੇ ਟ੍ਰੇਨਿੰਗ ਦਿੱਤੀ। ਇਸ ਉੱਤੇ 500 ਕਰੋੜ ਦੇ ਕਰੀਬ ਦਾ ਬੱਜਟ ਖਰਚ ਕੀਤਾ ਅਤੇ 90 ਕਰੋੜ ਤੋਂ ਜ਼ਿਆਦਾ ਖਰਚ ਕੇ ਖਿਡਾਰੀਆਂ ਨੂੰ ਫਾਈਵ ਸਟਾਰ ਸਹੂਲਤਾਂ ਪ੍ਰਦਾਨ ਕੀਤੀਆਂ। ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਜਦ ਉਸ ਦੇ ਸੂਬੇ ਦੇ ਸਿਰਫ ਤਿੰਨ ਖਿਡਾਰੀ ਹੀ ਇਨ੍ਹਾਂ ਟੀਮਾਂ ਵਿੱਚ ਸ਼ਾਮਲ ਸਨ। ਇਸ ਕਰਕੇ ਹਾਕੀ ਖਿਡਾਰੀਆਂ ਦਾ ਅਸਲ ਅਤੇ ਛੁਪਿਆ ਹੋਇਆ ਹੀਰੋ ਨਵੀਨ ਪਟਨਾਇਕ ਹੈ, ਨਾ ਕਿ ਕੋਈ ਹੋਰ। ਬਾਕੀ ਜੋ ਫਜ਼ੂਲ ਦੇ ਦਮਗਜ਼ੇ ਮਾਰ ਕੇ ਸਰਕਾਰੀ ਪੈਸੇ ਨਾਲ ਇਸ਼ਤਿਹਾਰਬਾਜ਼ੀ ਕਰ ਰਹੇ ਹਨ, ਉਹ ਅੱਜ ਤੱਕ, ਸਣੇ ਪ੍ਰਧਾਨ ਮੰਤਰੀ ਦੇ, ਨਵੀਨ ਨੂੰ ਵਧਾਈ ਤੱਕ ਨਹੀਂ ਦੇ ਸਕੇ।
ਭਾਰਤ ਦਾ ਜੋ ਬੱਜਟ ਖੇਡਾਂ ਲਈ ਰੱਖਿਆ ਗਿਆ ਹੈ, ਉਹ ਨਵੀਨ ਪਟਨਾਇਕ ਦੇ ਬੱਜਟ ਨਾਲੋਂ ਵੀ ਘੱਟ ਖਰਚਿਆ ਜਾਂਦਾ ਹੈ। ਇਸ ਬਾਰੇ 2017-18 ਵਿੱਚ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਸੰਸਦ ਵਿੱਚ ਦੱਸਿਆ ਸੀ ਕਿ ਜਿੱਥੇ ਦੇਸ਼ ਵਿੱਚ ਖੇਡਾਂ ’ਤੇ 3 ਪੈਸੇ ਪ੍ਰਤੀ ਦਿਨ ਪ੍ਰਤੀ ਵਿਅਕਤੀ ਖਰਚ ਹੁੰਦੇ ਹਨ, ਉੱਥੇ ਦੂਜੇ ਪਾਸੇ ਚੀਨ ਵਿੱਚ ਖੇਡਾਂ ’ਤੇ 6.10 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਦਿਨ ਖਰਚ ਰਿਹਾ ਹੈ। ਦੇਖਿਆ ਜਾਵੇ ਤਾਂ ਇਹ ਖਰਚ ਭਾਰਤ ਦੇ ਖਰਚ ਨਾਲੋਂ 200 ਫ਼ੀਸਦੀ ਵੱਧ ਹੈ। ਇਸੇ ਕਰਕੇ ਜੇਕਰ ਅਸੀਂ ਅੱਜ ਦੇ ਦਿਨ ਚੀਨ ਨਾਲ ਮੁਕਾਬਲਾ ਕਰੀਏ ਤਾਂ ਚੀਨ ਇਨ੍ਹਾਂ ਓਲੰਪਿਕ ਖੇਡਾਂ ਵਿੱਚ ਸੋਨੇ ਦੇ 38 ਤਮਗੇ ਲੈ ਕੇ ਕੁਲ 88 ’ਤੇ ਕਾਬਜ਼ ਹੈ ਅਤੇ ਸੂਚੀ ਵਿੱਚ ਦੂਜੇ ਨੰਬਰ ’ਤੇ ਹੈ। ਜਦ ਕਿ ਭਾਰਤ ਸਿਰਫ਼ ਇੱਕ ਸੋਨੇ ਦਾ ਲੈ ਕੇ 7 ਤਮਗਿਆਂ ’ਤੇ ਕਾਬਜ਼ ਹੋ ਸਕਿਆ ਹੈ। ਇਸ ਤਰ੍ਹਾਂ ਅੱਜ ਦੇ ਦਿਨ ਭਾਰਤ 48 ਨੰਬਰ ’ਤੇ ਜਾ ਚੁੱਕਾ ਹੈ ਬਾਵਜੂਦ ਕਰੋੜਾਂ ਦੇਵੀ-ਦੇਵਤਿਆਂ ਦੇ ਅਸ਼ੀਰਵਾਦ ਦੇ।
ਫੋਕੀਆਂ ਫੜ੍ਹਾਂ ਮਾਰ ਕੇ ਵਿਸ਼ਵ ਗੁਰੂ ਬਨਣ ਦੇ ਰਾਹ ਪਿਆ ਭਾਰਤ ਅੱਜ ਕਿਸ ਹਾਲਤ ਨੂੰ ਪਹੁੰਚ ਚੁੱਕਾ ਹੈ, ਉਹ ਕਿਸੇ ਭਾਰਤੀ ਤੋਂ ਛੁਪਿਆ ਹੋਇਆ ਨਹੀਂ। ਜੋ ਗੱਲਾਂਬਾਤਾਂ ਵਿੱਚ ਆਪਣਾ ਮੁਕਾਬਲਾ ਸੰਸਾਰ ਦੇ ਪੰਜਾਂ ਦੇਸ਼ਾਂ ਨਾਲ ਕਰ ਰਿਹਾ ਹੈ, ਕਿਰਦਾਰ ਦੇ ਪੱਖੋਂ ਕਿੱਥੇ ਖੜ੍ਹਾ ਹੈ? ਭਾਰਤੀ ਗੋਦੀ ਮੀਡੀਆ ਹਮੇਸ਼ਾ ਹਰ ਕੰਮ ਵਿੱਚ ਆਪਣੀ ਤੁਲਨਾ ਪਾਕਿਸਤਾਨ ਨਾਲ ਕਰਦਾ ਹੈ, ਤਾਹੀਉਂ ਤਾਂ ਇਸ ਹਾਲਾਤ ਨੂੰ ਪਹੁੰਚਿਆ ਹੈ। ਚਿੜੀ ਦੇ ਪੌਂਚੇ ਜਿੰਨਾ ਕਿਊਬਾ ਦੇਸ਼ ਅੱਜ ਭਾਰਤ ਦੇ ਕੁੱਲ ਤਗਿਮਆਂ ਤੋਂ ਜ਼ਿਆਦਾ ਸੋਨੇ ਦੇ ਤਮਗੇ ਜਿੱਤ ਕੇ ਅੱਗੇ ਹੈ।
ਸੰਸਾਰ ਖੇਡਾਂ ਵਿੱਚ ਜੇਕਰ ਕੁਝ ਕਰ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰਾਇਮਰੀ ਸਕੂਲਾਂ ਤੋਂ ਬੱਚਿਆਂ ਦੀਆਂ ਰੁਚੀਆਂ ਨੋਟ ਕਰਨੀਆਂ ਪੈਣਗੀਆਂ। ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਸਮੇਤ ਪ੍ਰਾਈਵੇਟ ਅਦਾਰਿਆਂ ਦੇ ਖੇਡਾਂ ਲਾਜ਼ਮੀ ਕਰਨੀਆਂ ਪੈਣਗੀਆਂ। ਹੁਨਰ ਵਾਲੀਆਂ ਬਰਾਦਰੀਆਂ ਵਿੱਚੋਂ ਬੱਚਿਆਂ ਦੀ ਚੋਣ ਕਰਨੀ ਪਵੇਗੀ। ਖੇਡਾਂ ਵਿੱਚ ਚੋਣ ਸਮੇਂ ਭਾਈ-ਭਤੀਜਾਵਾਦ ਛੱਡਣਾ ਪਵੇਗਾ। ਹਰ ਖਿਡਾਰੀ ਦੀ ਬਿਨਾਂ ਕਿਸੇ ਭਿੰਨ-ਭੇਦ ਅਤੇ ਬਿਨਾਂ ਕਿਸੇ ਸਿਫ਼ਾਰਸ਼ ’ਤੇ ਚੋਣ ਕਰਨੀ ਹੋਵੇਗੀ। ਚੁਣੇ ਗਏ ਖਿਡਾਰੀਆਂ ਨੂੰ ਸ਼ੁਰੂ ਤੋਂ ਹੀ ਟਰੇਨਿੰਗ ਸਮੇਤ ਸਾਰੀਆਂ ਸਹੂਲਤਾਂ ਦਾ ਬੱਜਟ ਰੱਖ ਕੇ ਪ੍ਰਬੰਧ ਕਰਨਾ ਹੋਵੇਗਾ। ਸਾਰੇ ਸੂਬਿਆਂ ਵਿੱਚੋਂ ਇੱਕ ਗੇਮ ਲਈ ਨੁਮਾਇੰਦਗੀ ਛੱਡਣੀ ਪਵੇਗੀ। ਸਿਰਫ਼ ਕਾਬਲ ਖਿਡਾਰੀਆਂ ਦੀ ਚੋਣ ਹੀ ਮਨੋਰਥ ਹੋਣਾ ਚਾਹੀਦਾ ਹੈ।
ਹੁਣ ਤੁਸੀਂ 1968 ਦੀ ਇਸ ਗੱਲ ਵੱਲ ਧਿਆਨ ਦਿਓ ਅਤੇ ਸਮਝੋ। 1968 ਵਿੱਚ ਮੈਕਸੀਕੋ ਉਲੰਪਿਕ ਵਿੱਚ ਜਿਹੜੀ ਹਾਕੀ ਟੀਮ ਖੇਡੀ ਸੀ, ਉਸ ਟੀਮ ਵਿੱਚ ਇੱਕ ਹੀ ਜ਼ਿਲ੍ਹੇ ਦੇ ਇੱਕ ਹੀ ਪਿੰਡ ਦੇ 7 ਖਿਡਾਰੀ ਖੇਡੇ ਸਨ। ਉਹ ਸਾਰੇ ਪਿੰਡ ਦੀ ਇੱਕ ਹੀ ਗਲੀ ਦੇ ਹੀ ਰਹਿਣ ਵਾਲੇ ਸਨ। ਉਨ੍ਹਾਂ ਸਾਰਿਆਂ ਦਾ ਇੱਕ ਹੀ ਗੋਤ ਸੀ। ਉਹ ਗੋਤ ਸੀ ‘ਕੁਲਾਰ’। ਹੁਣ ਤੁਸੀਂ ਉਸ ਪਿੰਡ ਨੂੰ ਜਾਣ ਚੁੱਕੇ ਹੋਵੋਗੇ, ਜਿਸ ਨੂੰ ਅੱਜ ਦੀਆਂ ਸਰਕਾਰਾਂ ਨੇ ਅਣਗੌਲਿਆ ਕਰ ਰੱਖਿਆ ਹੈ। ਜੇਕਰ ਅੱਜ ਵੀ ਇਸ ਪਿੰਡ ਅਤੇ ਇਸ ਦੇ ਆਸ-ਪਾਸ ਪਿੰਡਾਂ ਵਿੱਚ ਮਿਹਨਤ ਕੀਤੀ ਜਾਵੇ ਤਾਂ ਕਾਫ਼ੀ ਵਧੀਆ ਪਨੀਰੀ ਮਿਲ ਸਕਦੀ ਹੈ। ਪਰ ਅੱਜ ਸਰਕਾਰਾਂ ਦਾ ਇਹ ਹਾਲ ਹੈ ਕਿ ਪੰਜਾਬ ਦੇ ਜੋ ਹਾਕੀ ਖਿਡਾਰੀ ਅਜੋਕੀ ਓਲੰਪਿਕ ਵਿੱਚ ਖੇਡੇ, 11 ਖਿਡਾਰੀਆਂ ਵਿੱਚੋਂ 9 ਖਿਡਾਰੀ ਬਾਹਰੀ ਸੂਬਿਆਂ ਵਿੱਚ ਨੌਕਰੀ ਕਰਨ ਲਈ ਮਜਬੂਰ ਹਨ। ਹੁਣ ਤੁਸੀਂ ਹੀ ਫ਼ੈਸਲਾ ਕਰੋ ਕਿ ਇਹ ਮਾਣ ਵਾਲੀ ਗੱਲ ਹੈ ਜਾਂ ਅਪਮਾਨ ਵਾਲੀ ਗੱਲ।
ਹੁਣ ਅਸੀਂ ਆਖਰ ਵਿੱਚ ਉਸ ਹੋਣਹਾਰ ਖਿਡਾਰੀ ਦੀ ਗੱਲ ਕਰਾਂਗੇ, ਜੋ 24 ਦਸੰਬਰ 1997 ਨੂੰ ਪਾਣੀਪਤ, ਹਰਿਆਣਾ ਦੇ ਇੱਕ ਵੱਡੇ ਸਾਂਝੇ ਪਰਵਾਰ ਵਿੱਚ ਜਨਮਿਆਂ, ਪ੍ਰਾਇਮਰੀ, ਹਾਈ ਸਕੂਲ ਦੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਡੀ ਏ ਵੀ ਕਾਲਜ ਵਿੱਚ ਪੜ੍ਹਦਾ ਹੋਇਆ ਇੰਡੀਅਨ ਆਰਮੀ ਵਿੱਚ ਭਰਤੀ ਹੋ ਕੇ 2016 ਤੋਂ ਸੂਬੇਦਾਰ ਦੀ ਪੋਸਟ ’ਤੇ ਡਿਊਟੀ ਦਿੰਦਾ ਹੋਇਆ, ਰਾਇਲ ਇਨਫੀਲਡ ਮੋਟਰ ਸਾਈਕਲ ਦਾ ਸ਼ੌਕੀਨ, ਪੰਜਾਬੀ ਗਾਇਕ ਬੱਬੂ ਮਾਨ ਦੇ ਗੀਤਾਂ ਦਾ ਸ਼ੌਕੀਨ/ਸੌਦਾਈ 2018 ਵਿੱਚ ਏਸ਼ੀਅਨ ਗੇਮਾਂ ਵਿੱਚ 88.06 ਮੀਟਰ ਸੁੱਟ ਕੇ ਨੈਸ਼ਨਲ ਰਿਕਾਰਡ ਬਣਾਉਣ ਵਾਲਾ ਅਤੇ 2021 ਵਿੱਚ 88.07 ਮੀਟਰ ਸੁੱਟ ਕੇ ਆਪਣਾ ਏਸ਼ੀਆ ਦਾ ਰਿਕਾਰਡ ਆਪ ਹੀ ਤੋੜਨ ਵਾਲਾ, ਅੱਤ ਦਾ ਸ਼ਰਮੀਲਾ, ਜਿਹੜਾ ਘਰੋਂ ਤੁਰਨ ਲੱਗਿਆਂ ਆਪਣੇ ਬਾਪੂ ਨੂੰ ਕਹਿ ਕੇ ਗਿਆ ਸੀ ਕਿ ਇੱਕ ਵਾਅਦਾ ਕਰਦਾ ਹਾਂ ਕਿ ਟੋਕੀਓ ਉਲੰਪਿਕ ਵਿੱਚੋਂ ਮੈਡਲ ਜ਼ਰੂਰ ਲੈ ਕੇ ਆਵਾਂਗਾ, ਪਰ ਉਸ ਦਾ ਰੰਗ ਕਿਹੜਾ ਹੋਵੇਗਾ, ਉਹ ਮੈਂ ਅੱਜ ਦੇ ਦਿਨ ਦੱਸ ਨਹੀਂ ਸਕਦਾ, ਜੋ ਇਸ ਗੱਲੋਂ ਵੀ ਅਣਜਾਣ ਕਿ ਉਲੰਪਿਕ ਦੀ ਵਾਪਸੀ ’ਤੇ ਉਹ ਦੋਸਤਾਂ ਵੱਲੋਂ ਦਿੱਤੇ ਨਾਮ ‘ਮੋਗਲੀ’ ਤੋਂ ‘ਗੋਲਡਨ ਬੁਆਏ’ ਬਣ ਕੇ ਪਰਤੇਗਾ, ਜਿਸ ਨੇ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਲਈ ਓਲੰਪਿਕ ਗੇਮਾਂ ਲਈ ਰਸਤਾ ਅਸਾਨ ਕਰ ਦਿੱਤਾ, ਜਿਸ ਨੇ ਸੋਨ ਤਮਗਾ ਜਿੱਤਦੇ ਸਾਰ ਹੀ ਆਪਣਾ ਮੈਡਲ ਮਰਹੂਮ ਵਿਸ਼ਵ ਖਿਡਾਰੀ ਮਿਲਖਾ ਸਿੰਘ ਦੇ ਨਾਂਅ ਸਮਰਪਤ ਕਰਕੇ ਜਿੱਥੇ ਆਪਣੀ ਲਿਆਕਤ ਦਾ ਸਬੂਤ ਦਿੱਤਾ, ਉੱਥੇ ਸਭ ਨੂੰ ਹੈਰਾਨ ਕਰ ਦਿੱਤਾ। ਬਿਲਕੁਲ ਤੁਸੀਂ ਠੀਕ ਸਮਝਿਆ, ਅਸੀਂ ਉਸ ਗੋਲਡਨ ਬੁਆਏ ਦੀ ਗੱਲ ਕਰ ਰਹੇ ਹਾਂ, ਜੋ ਪਹਿਲਾਂ ਨੀਰਜ ਚੋਪੜਾ ਕਰਕੇ ਜਾਣਿਆ ਜਾਂਦਾ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨੇ ਫੋਨ ’ਤੇ ਵਧਾਈ ਦਿੰਦਿਆਂ ਆਖਿਆ ਕਿ ਆਖਰ ਪਾਣੀਪਤ ਦੇ ਪਾਣੀ ਨੇ ਆਪਣਾ ਜਲਵਾ ਦਿਖਾ ਦਿੱਤਾ।
ਅਖੀਰ ਇਸ ਆਸ ਨਾਲ ਕਿ ਹੁਣ ਤੋਂ ਹੀ ਸਰਕਾਰਾਂ ਨੂੰ ਆਉਣ ਵਾਲੀਆਂ ਪੈਰਿਸ ਉਲੰਪਿਕ ਲਈ ਆਪਣੀਆਂ ਪਿਛਲੀਆਂ ਭੁੱਲਾਂ ਸੋਧਦੇ ਹੋਏ ਖਿਡਾਰੀਆਂ ਪ੍ਰਤੀ ਆਪਣੇ ਫਰਜ਼ ਪੂਰਾ ਕਰਨਗੀਆਂ, ਉੱਥੇ ਪ੍ਰਧਾਨ ਮੰਤਰੀ ਸਾਹਿਬ ਵੀ ਆਪਣੇ ਜੱਦੀ ਸੂਬੇ ਵਿੱਚ ਉਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਦੋ ਤੋਂ ਵਧਾ ਕੇ ਸੂਬੇ ਨੂੰ ਅੱਗੇ ਤੋਰਨ ਵਿੱਚ ਆਪਣਾ ਯੋਗਦਾਨ ਪਾਉਣਗੇ। ਇਹ ਜਾਨਣ ਲਈ ਕਿ ਮੋਦੀ ਜੀ ਕਿੰਨੇ ਖੇਡ ਪ੍ਰੇਮੀ ਹਨ, ਪਾਠਕਾਂ ਦੀਆਂ ਨਜ਼ਰਾਂ ਆਉਣ ਵਾਲੀਆਂ ਪੈਰਿਸ ਉਲੰਪਿਕ ’ਤੇ ਰਹਿਣਗੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2954)
(ਸਰੋਕਾਰ ਨਾਲ ਸੰਪਰਕ ਲਈ: