GurmitShugli7ਲੋਕਾਂ ਨੇ ਵੋਟਾਂ ਤਮਾਸ਼ਾ ਦੇਖਣ ਲਈ ਨਹੀਂਕੰਮ ਕਰਨ ਲਈ ਪਾਈਆਂ ਸਨਪਰ ਦੁੱਖ ਦੀ ਗੱਲ ਹੈ ਕਿ ...
(28 ਮਾਰਚ 2018)

 

ਦਿੱਲੀ ਵਿੱਚ ਲੋਕ ਸਭਾ, ਰਾਜ ਸਭਾ ਅਤੇ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਵਿਧਾਨ ਸਭਾ ਦਾ। ਇੱਕ ਦਿਨ ਵੀ ਦੋਹਾਂ ਪਾਸਿਆਂ ਤੋਂ ਇਹੋ ਜਿਹੀ ਖ਼ਬਰ ਨਹੀਂ ਆਈ, ਜਦੋਂ ਜਾਪੇ ਕਿ ਸਾਡੇ ਚੁਣੇ ਹੋਏ ਪ੍ਰਤੀਨਿਧੀਆਂ ਨੇ ਲੋਕ ਪੱਖੀ, ਸੂਬਾ ਪੱਖੀ ਜਾਂ ਦੇਸ਼ ਪੱਖੀ ਕੋਈ ਗੱਲ ਕੀਤੀ ਹੋਵੇ। ਕੁੱਕੜਾਂ ਵਾਂਗ ਲੜ-ਲੜ ਕੇ ਇਹ ਲੋਕ ਵਕਤ ਜ਼ਾਇਆ ਕਰ ਰਹੇ ਹਨ। ਅਗਲੇ ਦਿਨ ਦੀਆਂ ਖ਼ਬਰਾਂ ਵਾਕ ਆਊਟ, ਨਾਅਰੇਬਾਜ਼ੀ, ਵੈੱਲ ਵਿੱਚ ਆ ਕੇ ਸ਼ੋਰ ਮਚਾਉਣ ਜਾਂ ਨਿੱਜੀ ਕਿੜਾਂ ਕੱਢਣ ਵਾਲੀਆਂ ਹੁੰਦੀਆਂ ਹਨ। ਨਾ ਸੂਬਾਈ ਆਗੂ ਸੋਚਦੇ ਹਨ ਕਿ ਵਿਧਾਨ ਸਭਾ ਲੋਕਾਂ ਦੇ ਪੈਸੇ ਨਾਲ ਚੱਲਦੀ ਹੈ ਅਤੇ ਨਾ ਹੀ ਕੇਂਦਰੀ ਆਗੂਆਂ ਕੋਲ ਸੋਚਣ ਦੀ ਇੰਨੀ ਫੁਰਸਤ ਹੈ। ਵੋਟਾਂ ਮੌਕੇ ਲੋਕਾਂ ਨੂੰ ਭਿੱਜੀਆਂ ਬਿੱਲੀਆਂ ਬਣ ਕੇ ਮਿਲਣ ਵਾਲੇ ਇਹ ਲੀਡਰ ਇੱਕ ਸਭਾਵਾਂ ਵਿੱਚ ਜਾਣ ਵੇਲੇ ਇਹੋ ਜਿਹਾ ਰੂਪ ਕਿਵੇਂ ਅਖਤਿਆਰ ਕਰ ਲੈਂਦੇ ਹਨ, ਗੱਲ ਸਮਝਣੀ ਵੱਸੋਂ ਬਾਹਰ ਹੈ। 5 ਮਾਰਚ ਤੋਂ ਸ਼ੁਰੂ ਹੋਏ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਬਾਰੇ ਪਿਛਲੇ ਦਿਨੀਂ ਰਿਪੋਰਟ ਆਈ ਕਿ ਇੱਥੇ 11 ਕਰੋੜ 10 ਲੱਖ ਰੁਪਇਆ ਹੰਗਾਮਿਆਂ ਦੀ ਭੇਟ ਚੜ੍ਹ ਗਿਆ ਹੈ, ਕਿਉਂਕਿ ਸਦਨ ਦੀ ਇੱਕ ਮਿੰਟ ਦੀ ਕਾਰਵਾਈ ’ਤੇ ਤਕਰੀਬਨ ਢਾਈ ਲੱਖ ਰੁਪਇਆ ਖ਼ਰਚ ਆਉਂਦਾ ਹੈ।

ਪੰਜਾਬ ਵਿਧਾਨ ਸਭਾ ਦਾ ਵੀ ਹਰ ਰੋਜ਼ ਲੱਖਾਂ ਰੁਪਏ ਦਾ ਖਰਚ ਹੈ। 20 ਮਾਰਚ ਤੋਂ ਸ਼ੁਰੂ ਹੋਇਆ ਇਹ ਬੱਜਟ ਸੈਸ਼ਨ 26 ਮਾਰਚ ਤੱਕ ਚੱਲਣਾ ਹੈ, ਪਰ ਕਮਾਲ ਦੀ ਗੱਲ ਹੈ ਕਿ ਜਿਹੜੀਆਂ ਧਿਰਾਂ ਕਹਿੰਦੀਆਂ ਕਿ ਇੰਨੇ ਥੋੜ੍ਹੇ ਦਿਨਾਂ ਵਿੱਚ ਪੰਜਾਬ ਦੇ ਮਸਲੇ ਖੁੱਲ੍ਹ ਕੇ ਵਿਚਾਰੇ ਨਹੀਂ ਜਾ ਸਕਦੇ, ਉਹ ਇਨ੍ਹਾਂ ਅੱਠ ਦਿਨਾਂ ਦੇ ਸੈਸ਼ਨ ਵਿੱਚ ਵੀ ਸਿਵਾਏ ਵਾਕ ਆਊਟ ਤੋਂ ਕੁਝ ਨਹੀਂ ਕਰ ਰਹੀਆਂ। ਜੇ ਇਹ ਸੈਸ਼ਨ ਮਹੀਨੇ ਦਾ ਵੀ ਕਰ ਦਿੱਤਾ ਤਾਂ ਕਿਹੜਾ ਇੱਥੇ ਸਿਰ ਜੋੜ ਕੇ ਪੰਜਾਬ ਬਾਰੇ ਵਿਚਾਰਾਂ ਹੋਣੀਆਂ ਹਨ। ਫੇਰ ਵੀ ਤਾਂ ਇਹੀ ਡੌਂਡੀ ਪਿੱਟੀ ਜਾਣੀ ਹੈ ਅਤੇ ਜਨਤਾ ਦਾ ਪੈਸਾ ਬਰਬਾਦ ਕਰੀ ਜਾਣਾ ਹੈ।

ਬੱਜਟ ਸੈਸ਼ਨ ਵਿੱਚ ਪਹਿਲੇ ਦਿਨੋਂ ਜਿਵੇਂ ਵਾਕ ਆਊਟ ਪ੍ਰੋਗਰਾਮ ਸ਼ੁਰੂ ਹੋਇਆ, ਉਹ ਹੈਰਾਨ ਕਰਨ ਵਾਲਾ ਹੈ। ਰਾਜਪਾਲ ਦੇ ਭਾਸ਼ਣ ਮੌਕੇ ਹੀ ‘ਆਪ’ ਆਗੂ ਬਾਹਰ ਆ ਗਏ, ਜਿਵੇਂ ਉਨ੍ਹਾਂ ਆਪਣੀ ਪਾਰਟੀ ਦੀ ਮੁੜ ਵਫ਼ਾਦਾਰੀ ਚੈੱਕ ਕਰਨੀ ਹੋਵੇ। ਅਗਲੇ ਦਿਨ ਅਕਾਲੀਆਂ ਨੇ ਭਸੂੜੀ ਪਾ ਲਈ। ਪਰ ਅਕਾਲੀ ਐਤਕੀਂ ਪਹਿਲਾਂ ਹੀ ਤਿਆਰੀ ਵਿੱਚ ਸਨ ਕਿ ਕੁਝ ਵੱਖਰਾ ਕਰਨਾ ਹੈ। ਰਿਪੋਰਟਾਂ ਮੁਤਾਬਿਕ ਰਣਨੀਤੀ ਸੈਸ਼ਨ ਚੱਲਣ ਤੋਂ ਕਈ ਦਿਨ ਪਹਿਲਾਂ ਹੀ ਘੜ ਲਈ ਗਈ ਸੀ। ਉਸ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਬੈਰੀਕੇਡ ਟੱਪ ਕੇ ਪਾਰ ਕਰਨੇ ਹਨ, ਜਲ ਤੋਪਾਂ ਦੀ ਪ੍ਰਵਾਹ ਨਹੀਂ ਕਰਨੀ ਤੇ ਲਾਠੀਚਾਰਜ ਮੂਹਰੇ ਰੁਕਣਾ-ਝੁਕਣਾ ਨਹੀਂ। ਅਕਾਲੀ 20 ਮਾਰਚ ਨੂੰ ਸੈਕਟਰ 25 ਵਿੱਚ ਇਕੱਠੇ ਹੋਏ, ਪਰ ਜਦੋਂ ਅੱਗੇ ਵਧਣ ਲੱਗੇ ਤਾਂ ਪੁਲਸ ਨੇ ਭਿਉਂ-ਭਿਉਂ ਕੇ ਕੁੱਟੇ, ਨਾਲੇ ਦੱਸ ਦਿੱਤਾ ਕਿ ਰਾਜੇ ਦੀ ਸਰਕਾਰ ਕੀ ਹੁੰਦੀ ਹੈ। ਹੁਣ ਉਹ ਦੋਸ਼ ਦਿੰਦੇ ਹਨ ਕਿ ਸਾਡੇ ਹੱਕਾਂ ’ਤੇ ਡਾਂਗ ਵਰ੍ਹਾਈ ਗਈ ਹੈ। ਅਕਾਲੀ-ਭਾਜਪਾ ਆਗੂਆਂ ਦਾ ਇਹ ਪ੍ਰਦਰਸ਼ਨ ਇਸ ਕਰਕੇ ਹਾਸੋਹੀਣਾ ਲੱਗਦਾ ਹੈ, ਕਿਉਂਕਿ ਜਦੋਂ ਇਨ੍ਹਾਂ ਦੀ ਦਸ ਸਾਲ ਸਰਕਾਰ ਸੀ, ਉਦੋਂ ਕਿਸਾਨੀ, ਜਵਾਨੀ ਤੇ ਸਮੁੱਚੇ ਪੰਜਾਬ ਦੇ ਮਸਲਿਆਂ ਬਾਰੇ ਇੰਨੀ ਸ਼ਿੱਦਤ ਕਦੇ ਨਹੀਂ ਸੀ ਦਿਖਾਈ।

ਖੈਰ ਇਹ ਸੈਸ਼ਨ ਪਹਿਲਾਂ ਵਾਂਗ ਕੋਈ ਨਵੀਂ ਕਹਾਣੀ ਛੱਡ ਕੇ ਨਹੀਂ ਜਾਵੇਗਾ। ਸਭ ਆਮ ਵਾਂਗ ਹੋਵੇਗਾ। ਉਹੀ ਕੁਝ ਪੜ੍ਹਨ, ਸੁਣਨ ਨੂੰ ਮਿਲਦਾ ਰਹੇਗਾ, ਜੋ ਦਹਾਕਿਆਂ ਤੋਂ ਮਿਲਦਾ ਰਿਹਾ ਹੈ। ਪੰਜਾਬ ਦੇ ਮਸਲਿਆਂ ਬਾਰੇ ਚਿੰਤਾ ਕਰਨ ਦੀ ਥਾਂ ਇੱਕ ਦੂਜੇ ਖ਼ਿਲਾਫ਼ ਜ਼ੋਰ-ਅਜ਼ਮਾਈ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿਣਗੀਆਂ। ਮੁੱਦੇ ਦੇਖੋ, ਖਹਿਰਾ ਨੇ ਕੈਪਟਨ ਨਾਲ ਰਾਤ ਦਾ ਭੋਜਨ ਕਰ ਲਿਆ ਤੇ ਨਾਲ-ਨਾਲ ਬੈਠੇ ਹੋਣ ਕਰਕੇ ਮਜੀਠੀਆ ਨੇ ਮੁੱਦਾ ਬਣਾ ਧਰਿਆ ਕਿ ਖਹਿਰਾ ਦੀ ਗੰਢ-ਤੁੱਪ ਹੋ ਗਈ ਹੈ, ਬਸ ਰਸਮੀ ਤੌਰ ’ਤੇ ਕਾਂਗਰਸ ਵਿੱਚ ਜਾਣਾ ਬਾਕੀ ਹੈ। ਅਗਲੇ ਦਿਨ ਖਹਿਰਾ ਨੇ ਕਿਹਾ ਕਿ ਮੈਂ ਭੋਜਨ ਸ਼ਿਸ਼ਟਾਚਾਰ ਦੇ ਨਾਤੇ ਕੀਤਾ ਸੀ, ਮੈਂ ਕਾਂਗਰਸ ਵੱਲ ਨਹੀਂ ਜਾ ਰਿਹਾ। ਬੇਫਿਕਰ ਰਹੋ ਇਹ ਊਠ ਦਾ ਬੁੱਲ੍ਹ ਡਿੱਗੇਗਾ ਨਹੀਂ।

ਉਸ ਤੋਂ ਅਗਲੇ ਦਿਨ ਸਿੱਧੂ ਤੇ ਮਜੀਠੀਆ ਇਉਂ ਲੜੇ, ਜਿਵੇਂ ਜੱਟ ਪਾਣੀ ਦੀ ਵਾਰੀ ਪਿੱਛੇ ਲੜਦੇ ਹੋਣ। ਜੀ ਐੱਸ ਟੀ ਦੇ ਮੁੱਦੇ ਤੋਂ ਸ਼ੁਰੂ ਹੋਈ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਅਪਸ਼ਬਦ ਦੇ ਵੇਰਵੇ ਚੁੱਕਣੇ ਪਏ। ਸਿੱਧੂ ਨੇ ਆਖਿਆ ਕਿ ਅਸੀਂ ਆਪਣੇ ਹਿੱਸੇ ਦਾ ਗੁਰੂ ਘਰਾਂ ਵਿੱਚ ਲੰਗਰ ’ਤੇ ਲੱਗਦਾ ਟੈਕਸ ਛੱਡ ਦਿੱਤਾ, ਹੁਣ ਤੁਸੀਂ ਕੇਂਦਰ ਤੋਂ ਬਾਕੀ ਛੁਡਵਾ ਕੇ ਦਿਖਾਓ। ਮਜੀਠੀਆ ਤੱਤਾ ਠੰਢਾ ਹੋ ਗਿਆ ਤਾਂ ਸਿੱਧੂ ਨੇ ਆਖ ਛੱਡਿਆ ਕਿ ਨਸ਼ੇ ਦੀ ਤਸਕਰੀ ਵਾਲੇ ਕਿਵੇਂ ਬੋਲ ਸਕਦੇ ਆ। ਫੇਰ ਮਜੀਠੀਏ ਨੇ ਸਿੱਧੂ ਨੂੰ ਚਾਪਲੂਸ ਤੇ ਪਾਰਟੀਆਂ ਬਦਲਣ ਵਾਲਾ ਆਖ ਛੱਡਿਆ। ਗੱਲ ਏਥੋਂ ਤੱਕ ਪਹੁੰਚ ਗਈ ਕਿ ਦੋਵਾਂ ਨੇ ਇੱਕ-ਦੂਜੇ ਨੂੰ ਬਾਹਰ ਆ ਕੇ ਟੱਕਰਨ ਦੀ ਗੱਲ ਕਹਿ ਮਾਰੀ। ਜਦੋਂ ਦੋਵੇਂ ਜਣੇ ਬੋਲ-ਕਬੋਲ ਕਰ ਰਹੇ ਸਨ ਤਾਂ ਸਾਹਮਣੇ ਬੈਠੇ ਕੈਪਟਨ ਅਮਰਿੰਦਰ ਸਿੰਘ ਮਿੰਨਾ-ਮਿੰਨਾ ਹੱਸ ਰਹੇ ਸਨ।

ਹੁਣ ਸੈਸ਼ਨ ਦੇ ਬਹੁਤੇ ਦਿਨ ਬਾਕੀ ਨਹੀਂ, ਪਰ ਪੰਜਾਬ ਦੇ ਮਸਲੇ ਬੇਹੱਦ ਹਨ। ਵਿਰੋਧੀ ਧਿਰ ਆਮ ਆਦਮੀ ਪਾਰਟੀ ਵੀ ਹਰ ਸੈਸ਼ਨ ਵਿੱਚ ਫਲਾਪ ਸਾਬਤ ਹੋ ਰਹੀ ਹੈ। ਸਿਰਫ਼ ਵਾਕ ਆਊਟ ਕਰਨ ਨੂੰ ਕੋਈ ਪ੍ਰਾਪਤੀ ਨਹੀਂ ਮੰਨਿਆ ਜਾ ਸਕਦਾ। ਇਹਦੇ ਨਾਲੋਂ ਪੂਰੀ ਗੱਲ ਸੁਣ ਕੇ ਪ੍ਰਤੀਕਿਰਿਆ ਦਿੱਤੀ ਜਾਵੇ, ਸੁਝਾਅ ਦਿੱਤੇ ਜਾਣ ਤਾਂ ਠੀਕ ਹੈ। ਲੋਕਾਂ ਨੇ ਵੋਟਾਂ ਤਮਾਸ਼ਾ ਦੇਖਣ ਲਈ ਨਹੀਂ, ਕੰਮ ਕਰਨ ਲਈ ਪਾਈਆਂ ਸਨ, ਪਰ ਦੁੱਖ ਦੀ ਗੱਲ ਹੈ ਕਿ ਹਰ ਵਾਰ ਲੀਡਰ ਜਿੱਤ ਜਾਂਦੇ ਹਨ ਤੇ ਆਮ ਜਨਤਾ ਹਾਰ ਜਾਂਦੀ ਹੈ। ਇਹ ਸਭ ਆਮ ਜਨਤਾ ਲਈ ਸੋਚਣ ਦੀ ਘੜੀ ਹੈ।

*****

(1082)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author