GurmitShugli7ਜਨੂੰਨ ਦੇ ਵਹਿਣ ਵਿਚ ਵਹਿ ਰਹੇ ਲੋਕਾਂ ਦਾ ਨਾ ਕੋਈ ...
(15 ਮਾਰਚ 2018)

 

ਤ੍ਰਿਪੁਰਾ ਵਿਚ ਮਾਣਿਕ ਸਰਕਾਰ ਦੇ ਕਿਲ੍ਹੇ ਨੂੰ ਸੰਨ੍ਹ ਲਾ ਕੇ ਭਾਜਪਾ ਦਾ ਚਾਂਭਲਣਾ ਹੈਰਾਨ ਕਰਦੀ ਗੱਲ ਨਹੀਂ। ਜਿਸ ਥਾਂ ਕਮਿਊਨਿਸਟਾਂ ਦਾ ਪੱਚੀ ਵਰ੍ਹੇ ਰਾਜ ਰਿਹਾ ਹੋਵੇ, ਉਸ ਥਾਂ ਸਰਮਾਏਦਾਰੀ ਹਰ ਹਰਬਾ ਵਰਤ ਕੇ ਜਿੱਤ ਜਾਵੇ, ਇਸ ’ਤੇ ਹੈਰਾਨੀ ਕਿਵੇਂ ਹੋ ਸਕਦੀ ਹੈ।

ਤ੍ਰਿਪੁਰਾ ਦੇ ਚੋਣ ਪ੍ਰਚਾਰ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਗੌਰ ਕਰਨ ਵਾਲੇ ਸਨ ਕਿ “ਅਸਲ ਮਾਣਿਕ ਨਹੀਂ ਇੱਥੇ, ਤੁਹਾਨੂੰ ਅਸਲ ਹੀਰੇ ਦੀ ਲੋੜ ਹੈ, ਜੋ ਤੁਹਾਡੇ ਲਈ ਕੁਝ ਕਰ ਦਿਖਾਵੇ, ਤੁਹਾਨੂੰ ਸਮਝੇ, ਇਸ ਲਈ ‘ਲਾਲ ਰੰਗ ਤੋਂ ਖਹਿੜਾ ਛੁਡਾਓ, ਲੋਕਤੰਤਰ ਲਿਆਓ’ ਦਾ ਨਾਹਰਾ ਦਿੱਤਾ।” ਪਤਾ ਨਹੀਂ ਲੋਕਾਂ ਦੀਆਂ ਕੀ ਮਜਬੂਰੀਆਂ ਹੋਣਗੀਆਂ ਕਿ ਉਹ ਭਾਜਪਾ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਆ ਗਏ ਤੇ ਜਿੱਤ ਦਾ ਤਾਜ ਕਾਮਰੇਡਾਂ ਕੋਲੋਂ ਖੋਹ ਕੇ ਭਾਜਪਾ ਨੂੰ ਫੜਾ ਦਿੱਤਾ।

ਹਾਰ-ਜਿੱਤ ਵੀ ਬਣੀ ਆਈ ਹੈ। ਪੱਚੀ ਸਾਲ ਕਮਿਊਨਿਸਟਾਂ ਦਾ ਰਾਜ ਰਿਹਾ ਤਾਂ ਲੋਕਾਂ ਵਿਚ ਤਬਦੀਲੀ ਦੀ ਇੱਛਾ ਹੋਣੀ ਕੁਦਰਤੀ ਸੀ। ਅਗਲੇ ਵਰ੍ਹੇ ਦੱਸ ਦੇਣਗੇ ਕਿ ਪਹਿਲੇ ਮਾਣਿਕ ਦੀ ਸਰਕਾਰ ਦਾ ਰਾਜ ਸਹੀ ਸੀ ਜਾਂ ਨਵੇਂ ‘ਮਾਣਿਕਾਂ’ ਦਾ।

ਪਰ ਜਿੱਤ ਤੋਂ ਬਾਅਦ ਭਾਜਪਾ ਸਮਰਥਕਾਂ ਨੇ ਜਿਹੜੀ ਕਰਤੂਤ ਪੇਸ਼ ਕੀਤੀ, ਉਹ ਪ੍ਰੇਸ਼ਾਨ ਕਰਨ ਵਾਲੀ ਰਹੀ। ਦੁਨੀਆ ਜਿਸ ਵਲਾਦੀਮੀਰ ਲੈਨਿਨ ਦੀ ਵਿਚਾਰਧਾਰਾ ਦਾ ਸਿੱਕਾ ਮੰਨਦੀ ਹੈ, ਜਿਸ ਨੇ ਕਦੀ ਦੁਨੀਆ ਦਾ ਤੀਜਾ ਹਿੱਸਾ ਲਾਲ ਰੰਗ ਵਿਚ ਰੰਗ ਦਿੱਤਾ ਸੀ, ਭਾਜਪਾ ਨੂੰ ਉਸ ਦੇ ਬੁੱਤ ਭੈੜੇ ਲੱਗਣ ਲੱਗ ਗਏ। ਕਈ ਥਾਈਂ ਬੁਲਡੋਜ਼ਰ ਨਾਲ ਲੈਨਿਨ ਦੇ ਬੁੱਤ ਢਾਹੇ ਗਏ। ਮਗਰੋਂ ਹਿੰਸਾ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਆਪਣੀ ਪੁਰਾਣੀ ਆਦਤ ਮੁਤਾਬਿਕ ਹੁੜਦੰਗੀਆਂ ਬਾਰੇ ਕੁਝ ਨਹੀਂ ਬੋਲੇ। ਮੂਰਤੀਆਂ ਢਾਹੁਣ ਦੀ ਇਹ ਲਹਿਰ ਹੋਰ ਸੂਬਿਆਂ ਵੱਲ ਤੁਰ ਪਈ। ਜਦੋਂ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਨਾਲ ਛੇੜ-ਛਾੜ ਕੀਤੀ, ਭੰਨ-ਤੋੜ ਕੀਤੀ ਤੇ ਮੂੰਹ ਕਾਲਾ ਕਰ ਦਿੱਤਾ ਤਾਂ ਆਪਣੇ ਘਰ ਲੱਗੀ ਅੱਗ ਦਾ ਸੇਕ ਲੱਗਿਆ। ਤਾਂ ਮੋਦੀ ਨੂੰ ਲੋਕਤੰਤਰ ਚੇਤੇ ਆ ਗਿਆ। ਕਹਿੰਦੇ, ਮੂਰਤੀਆਂ ਦੀ ਭੰਨਤੋੜ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਕਾਨੂੰਨ ਇਹ ਸਭ ਕੁਝ ਬਰਦਾਸ਼ਤ ਨਹੀਂ ਕਰੇਗਾ।”

ਹਾਲਾਤ ਫੇਰ ਵੀ ਜਿਉਂ ਦੇ ਤਿਉਂ ਰਹੇ। ਅਗਲੇ ਦਿਨ ਉੱਤਰ ਪ੍ਰਦੇਸ਼ ਵਿਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਢਾਹ ਦਿੱਤਾ ਗਿਆ। ਦੋ ਦਿਨ ਬਾਅਦ ਮਹਾਤਮਾ ਗਾਂਧੀ ਦੇ ਬੁੱਤ ਦੀ ਐਨਕ ਤੋੜ ਦਿੱਤੀ ਗਈ। ਹੁਣ ਕੱਲ੍ਹ ਤੱਕ ਪਤਾ ਨਹੀਂ ਕਿਹਦੇ ਬੁੱਤ ਦੀ ਵਾਰੀ ਆ ਆਵੇ, ਕਿਹੜੇ ਮਸਲੇ ’ਤੇ ਲੋਕਾਂ ਦੀਆਂ ਭਾਵਨਾਵਾਂ ਛਿੱਲੀਆਂ ਜਾਣ।

ਪ੍ਰਧਾਨ ਮੰਤਰੀ ਨੇ ਅੱਜ ਤੱਕ ਬਹੁਤ ਸਾਰੇ ਭਾਸ਼ਣਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਦੇਣ ਨੂੰ ਚੇਤੇ ਕਰਦਿਆਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਗੱਲ ਕਹੀ ਹੈ। ਜਿਸ ਭਗਤ ਸਿੰਘ ਦੀ ਸੋਚ ਨੂੰ ਉਹ ਸਾਕਾਰ ਕਰਨ ਦੀ ਗੱਲ ਆਖਦੇ ਹਨ, ਉਹੀ ਭਗਤ ਸਿੰਘ ਲੈਨਿਨ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਸੀ। ਉਸ ਦੀਆਂ ਲਿਖਤਾਂ ਦਾ ਪ੍ਰਭਾਵ ਕਬੂਲਦਾ ਸੀ। ਫਾਂਸੀ ਵਾਲੇ ਦਿਨ ਵੀ ਉਹ ਲੈਨਿਨ ਨੂੰ ਪੜ੍ਹ ਰਿਹਾ ਸੀ।

ਜਦੋਂ ਉਸੇ ਲੈਨਿਨ ਦੇ ਬੁੱਤਾਂ ਨੂੰ ਭਾਜਪਾਈਆਂ ਨੇ ਭੰਨ ਛੱਡਿਆ ਹੋਵੇ ਤਾਂ ਕਿਵੇਂ ਆਖ ਸਕਦੇ ਹਾਂ ਭਾਜਪਾਈ ਭਗਤ ਸਿੰਘ ਦੇ ਸਕੇ ਹਨ, ਉਸ ਦੀ ਸੋਚ ਨਾਲ ਸਹਿਮਤ ਹਨ? ਉਸ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਕੋਸ਼ਿਸ਼ ਕਰਨ ਵਾਲੇ ਹਨ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਇੱਥੇ ਸਿਰ ਫਿਰਿਆਂ ਦੀ ਘਾਟ ਨਹੀਂ। ਵਿਚਾਰਧਾਰਾ ਤੋਂ ਸੱਖਣੇ ਲੋਕਾਂ ਲਈ ਭਗਤ ਸਿੰਘ, ਲੈਨਿਨ, ਡਾ. ਅੰਬੇਡਕਰ ਪ੍ਰਤੀ ਕੋਈ ਸਤਿਕਾਰ ਨਹੀਂ। ਉਹ ਜਨੂੰਨੀ ਹਨ ਤੇ ਜਨੂੰਨ ਦੇ ਵਹਿਣ ਵਿਚ ਵਹਿ ਰਹੇ ਲੋਕਾਂ ਦਾ ਨਾ ਕੋਈ ਦੀਨ ਮਜ਼ਹਬ ਹੁੰਦਾ ਹੈ, ਨਾ ਦੇਸ਼ ਪ੍ਰੇਮ ਦੀ ਕੋਈ ਭਾਵਨਾ ਤੇ ਨਾ ਹੀ ਲੋਕਤੰਤਰ ਦੀ ਕਦਰ।

ਸਭ ਤੋਂ ਹੈਰਾਨ ਕਰਦੀ ਗੱਲ ਮੋਦੀ ਦਾ ਵਰਜਣਾ ਹੈ। ਹਰ ਮਸਲੇ ’ਤੇ ਪੌਣਾ-ਪੌਣਾ ਘੰਟਾ ਕਿੱਲ੍ਹ ਕੇ ਲਾਉਣ ਵਾਲੇ ਪ੍ਰਧਾਨ ਮੰਤਰੀ ਹਰ ਭਖਦੇ ਮਸਲੇ ’ਤੇ ਬੋਲਣ ਤੋਂ ਕੰਨੀ ਕਤਰਾਉਂਦੇ ਹਨ। ਜਦੋਂ ਦੇਸ਼ ਵਿਚ ਗਾਂ ਨੂੰ ਮਾਂ ਮੰਨਣ ਵਾਲਿਆਂ ਨੇ ਨਵਾਂ ਅੱਤਵਾਦ ਪੈਦਾ ਕੀਤਾ ਸੀ, ਉਦੋਂ ਮੋਦੀ ਹੁਰੀਂ ਚੁੱਪ-ਚਾਪ ਸਭ ਦੇਖਦੇ ਰਹੇ, ਪਰ ਜਦੋਂ ਸਿਰੋਂ ਪਾਣੀ ਲੰਘਣ ਲੱਗਾ ਤਾਂ ਝੂਠੇ ਮਨ ਨਾਲ ਚਾਰ ਕੁ ਸ਼ਬਦ ਬੋਲੇ ਸਨ ਕਿ, ਹਿੰਸਾ ਬਰਦਾਸ਼ਤ ਨਹੀਂ ਹੋਵੇਗੀ,” ਪਰ ਚੱਲਦਾ ਉਹੀ ਕੁਝ ਰਿਹਾ ਸੀ।

ਸਾਡੇ ਦੇਸ਼ ਵਿਚ ਲੋਕਾਂ ਨੂੰ ਲੜਾਉਣ ਲਈ ਕਿਸੇ ਭਗਵਾਨ ਦੀ ਮੂਰਤੀ ਤੋੜਨਾ, ਫੋਟੋ ਫਾੜਨਾ ਜਾਂ ਮੂੰਹ ’ਤੇ ਕਾਲਖ ਮਲਣਾ ਹੀ ਕਾਫ਼ੀ ਹੈ। ਲੋਕ ਤਾਂ ਇਹ ਵੀ ਸੋਚ ਰਹੇ ਹਨ ਕਿ ਜੇ ਮੁਖਰਜੀ ਦੇ ਬੁੱਤ ਦਾ ਮੂੰਹ ਕਾਲਾ ਕਰਕੇ ਭੰਨਿਆ ਨਾ ਜਾਂਦਾ ਤਾਂ ਮੋਦੀ ਜੀ ਕੋਲ ਸ਼ਾਇਦ ਅਖੀਰ ਤੱਕ ਕੁਝ ਬੋਲਣ ਦੀ ਵਿਹਲ ਹੀ ਨਾ ਹੁੰਦੀ।

ਕਾਮਰੇਡਾਂ ਦੇ ਰਾਜ ਵਿਚ ਕੀ ਨੁਕਸ ਸਨ, ਕੀ ਨਹੀਂ, ਇਹ ਤ੍ਰਿਪੁਰਾ ਦੇ ਲੋਕ ਜਾਨਣ, ਪਰ ਭਾਰਤ ਦੇ ਕਿਹੜੇ ਸੂਬੇ ਦਾ ਮੁੱਖ ਮੰਤਰੀ ਮਾਣਿਕ ਸਰਕਾਰ ਵਰਗਾ ਹੈ, ਜਿਹੜਾ ਏਨੀ ਸਧਾਰਨ ਜ਼ਿੰਦਗੀ ਜਿਊਂਦਾ ਹੋਵੇ ਕਿ ਤਨਖ਼ਾਹ ਤੇ ਹੋਰ ਭੱਤੇ ਸਾਰੇ ਪਾਰਟੀ ਫੰਡ ਵਿਚ ਜਮ੍ਹਾਂ ਕਰਾ ਕੇ ਉੱਥੋਂ ਸਿਰਫ਼ ਗੁਜ਼ਾਰੇ ਜੋਗੀ ਤਨਖ਼ਾਹ ਲੈਂਦਾ ਹੋਵੇ? ਕਿਸੇ ਮੁਹੱਲੇ ਦਾ ਕੋਈ ਕੌਂਸਲਰ ਵੀ ਬਣ ਜਾਵੇ, ਟੁੱਟੀ ਫੁੱਟੀ ਚੇਅਰਮੈਨੀ ਮਿਲ ਜਾਵੇ ਤਾਂ ਉਹ ਵੀ ਦੋ-ਚਾਰ ਸਾਲਾਂ ਵਿਚ ਅਸਮਾਨ ਛੂੰਹਦੀ ਕੋਠੀ ਵਿੱਢ ਲੈਂਦਾ ਹੈ, ਪਰ ਮਾਣਿਕ ਸਰਕਾਰ ਨਿੱਕੇ ਜਿਹੇ ਘਰ ਵਿਚ ਬਿਨਾਂ ਨੌਕਰਾਂ ਚਾਕਰਾਂ ਦੇ ਰਹਿਣ ਵਾਲਾ ਮੁੱਖ ਮੰਤਰੀ ਸੀ, ਜਿਸ ’ਤੇ ਕੋਈ ਇੱਕ ਵੀ ਸਬੂਤਾਂ ਸਮੇਤ ਦੋਸ਼ ਸਾਬਤ ਨਹੀਂ ਕਰ ਸਕਦਾ।

ਹਾਲੇ 2019 ਦੀਆਂ ਚੋਣਾਂ ਤੱਕ ਬੜੇ ਰਾਜਨੀਤਕ ਪੈਂਤੜੇ ਅਜ਼ਮਾਏ ਜਾਣੇ ਹਨ। ਬਾਬਰੀ ਮਸਜਿਦ ਤੇ ਅਯੁੱਧਿਆ ਮੰਦਰ ਦੇ ਮਸਲੇ ਨੇ ਰੰਗ ਦਿਖਾਉਣੇ ਹਨ। ਪਤਾ ਨਹੀਂ ਕਿਹੜੇ-ਕਿਹੜੇ ਮੋੜ ਵਿੱਚੋਂ ਦੇਸ਼ ਲੰਘੇ, ਪਰ ਅਸੀਂ ਮਨੁੱਖ ਹੋਣ ਦਾ ਫ਼ਰਜ਼ ਅਦਾ ਕਰੀਏ। ਬੁੱਤ ਤੋੜਨ ਨਾਲ ਸੋਚ ਨਹੀਂ ਮਰਦੀ। ਜੇ ਸੋਚ ਮਰਦੀ ਹੁੰਦੀ ਦਿਸਦੀ ਤਾਂ ਇਹ ਸਿਰ-ਫਿਰੇ ਲੋਕ ਕਦੋਂ ਦਾ ਇਹ ਸਭ ਕਰ ਦਿਖਾਉਂਦੇ।

ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ ਕਈ ਥਾਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹਨ, ਪਰ ਇਹ ਅਜੋਕੇ ਮਸਲੇ ਦਾ ਹੱਲ ਨਹੀਂ ਹੈ। ਹੱਲ ਇਹ ਹੈ ਕਿ ਦੇਸ਼ ਵਿੱਚ ਵੱਧ ਤੋਂ ਵੱਧ ਵਿਰੋਧੀ ਧਿਰ ਘੱਟੋ-ਘੱਟ ਪ੍ਰੋਗਰਾਮ ’ਤੇ ਸਹਿਮਤ ਹੋਵੇ ਤੇ ਇਸ ਹਿਟਲਰੀ ਸੋਚ ਦਾ ਡਟਵਾਂ ਵਿਰੋਧ ਕਰੇ. ਤਾਂ ਹੀ ਨੱਥ ਪਾਈ ਜਾ ਸਕਦੀ ਹੈ। ਘੱਟੋ-ਘੱਟ ਪਹਿਲਾਂ ਖੱਬੀ ਧਿਰ ਨੂੰ ਇਕੱਠਾ ਹੋਣਾ ਹੋਵੇਗਾ, ਜਿਸ ਦੀ ਖੱਬੀ ਧਿਰ ਨੇ ਅਜੇ ਤੱਕ ਪੂਣੀ ਵੀ ਨਹੀਂ ਕੱਤੀ। ਯੂ ਪੀ ਵਿੱਚ ਵਿਰੋਧੀ ਧਿਰ ਨੇ ਇਕੱਠੀ ਹੋ ਕੇ ਪਹਿਲ ਕੀਤੀ ਹੈ। ਇਸ ਲਈ ਆਸ ਬੱਝਦੀ ਹੈ ਕਿ ਵਿਰੋਧੀ ਧਿਰ 2019 ਵਿੱਚ ਇੱਕ ਹੋ ਕੇ ਚੋਣਾਂ ਲੜੇਗੀ ਅਤੇ ਜਿੱਤ ਵੱਲ ਵਧੇਗੀ।

*****

(1060)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author