GurmitShugli7ਇਹ ਵੇਲਾ ‘ਖਾਤਮੇ’ ਦੇ ਨਾਂਅ ’ਤੇ ਸਿਹਰਾ ਲੈਣ ਦਾ ਨਹੀਂਕਾਰਨਾਂ ਨੂੰ ਫੜਨ ਦਾ ਹੈ ਤੇ ਜੇ ...
(5 ਫਰਬਰੀ 2018)

 

ਗੈਂਗਸਟਰ’ ਸ਼ਬਦ ਨੇ ਪੰਜਾਬ ਵਿੱਚ ਭੁਚਾਲ ਲਿਆਂਦਾ ਹੋਇਆ ਹੈ। ਜਿਹੋ ਜਿਹੀ ਦਹਿਸ਼ਤ ਹੁਣ ਪੰਜਾਬ ਵਿੱਚ ਦਿਸਦੀ ਹੈ, ਇਹੋ ਜਿਹੀ ਪਹਿਲਾਂ ਸਿਰਫ਼ ਫਿਲਮਾਂ ਵਿੱਚ ਦਿਸਦੀ ਹੁੰਦੀ ਸੀ। ਪੰਜਾਬ ਵਿੱਚ ਇਸ ਸ਼ਬਦ ਨੇ ਇਕਦਮ ਪੈਰ ਨਹੀਂ ਪਸਾਰੇ, ਸਗੋਂ ਇਹ ਸਭ ਘੱਟ-ਵੱਧ ਤਕਰੀਬਨ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਹੈ। ਜਦੋਂ ਤੋਂ ਸੋਸ਼ਲ ਮੀਡੀਆ ਨੇ ਸਰਗਰਮੀ ਫੜੀ ਹੈ, ਉਦੋਂ ਤੋਂ ‘ਗੈਂਗਸਟਰ’ ਕਹਾਉਣ ਨੂੰ ਵੀ ਮਾਣ ਸਮਝਿਆ ਜਾਣ ਲੱਗਾ ਹੈ। ਇਸ ਸ਼ਬਦ ਨੇ ਕਿੰਨੇ ਘਰ ਤਬਾਹ ਕਰ ਦਿੱਤੇ, ਕਿੰਨੀਆਂ ਮਾਵਾਂ ਦੇ ਪੁੱਤ ਖੋਹ ਲਏ, ਕਿੰਨੀਆਂ ਭੈਣਾਂ ਦੇ ਵੀਰ ਤੇ ਕਿੰਨੇ ਬੱਚਿਆਂ ਦੇ ਬਾਪ, ਸਮਝਣਾ ਤੇ ਦੱਸਣਾ ਕੋਈ ਔਖਾ ਕੰਮ ਨਹੀਂ।

ਪਿਛਲੇ ਦਿਨੀਂ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸਵਿੰਦਰ ਸਿੰਘ ਦੇ ਪੁਲਸ ਮੁਕਾਬਲੇ ਮਗਰੋਂ ਇਹ ਸਵਾਲ ਮੁੜ ਉੱਠਣ ਲੱਗਾ ਕਿ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਪੰਜਾਬ ਦੇ ਪੜ੍ਹੇ-ਲਿਖੇ, ਸੁਨੱਖੇ ਤੇ ਸੁਡੌਲ ਨੌਜਵਾਨ ਅਪਰਾਧ ਦੀ ਦੁਨੀਆ ਵਿੱਚ ਪੈਰ ਧਰ ਰਹੇ ਹਨ। ਹੁਣ ਭਾਵੇਂ ਸਿਰਫ਼ ਵਿੱਕੀ ਗੌਂਡਰ ਦੀ ਚਰਚਾ ਹੋ ਰਹੀ ਹੈ, ਪਰ ਮਸਲਾ ਸਿਰਫ਼ ਇੱਕ ਗੌਂਡਰ ਦਾ ਨਹੀਂ, ਸਗੋਂ ਕਈ ‘ਗੌਂਡਰ’ ਸੀਖਾਂ ਪਿੱਛੇ ਹਨ, ਜਾਂ ਭਗੌੜੇ ਹੋ ਚੁੱਕੇ ਹਨ ਤੇ ਜਾਂ ਫਿਰ ਉਨ੍ਹਾਂ ਦੇ ਮੁਕਾਬਲੇ ਬਣਾ ਦਿੱਤੇ ਗਏ ਹਨ। ਇੱਕ ਖ਼ਬਰ ਮੁਤਾਬਿਕ ਅਜੇ ਵੀ ਏ ਅਤੇ ਬੀ ਕੈਟੇਗਰੀ ਦੇ 17 ਗੈਂਗ ਪੁਲਸ ਦੇ ਰਾਡਾਰ ’ਤੇ ਹਨ, ਜੋ ਅਵੇਰੇ ਸਵੇਰੇ ਖ਼ਤਮ ਹੋਣਗੇ।

ਜਦੋਂ ਕੋਈ ਗੈਂਗਸਟਰ ਮਾਰ ਦਿੱਤਾ ਜਾਂਦਾ ਹੈ ਤਾਂ ਸੱਤਾ ਧਿਰ ਤੇ ਪੁਲਸ ਅਧਿਕਾਰੀ ਖੁਸ਼ੀ ਪ੍ਰਗਟਾਉਂਦੇ ਹਨ ਕਿ ਇਹ ਸਾਡੀ ਪ੍ਰਾਪਤੀ ਹੈ, ਅਸੀਂ ਅਪਰਾਧ ਸਰਗਣਾ ਖ਼ਤਮ ਕਰ ਰਹੇ ਹਾਂ। ਇਹ ਪ੍ਰਾਪਤੀ ਬਿਲਕੁਲ ਉਵੇਂ ਲੱਗਦੀ ਹੈ, ਜਿਵੇਂ ਜੇਲ੍ਹ ਵਿੱਚੋਂ ਨਸ਼ਾ ਫੜ ਕੇ ਕਿਹਾ ਜਾਂਦਾ ਕਿ ਅਸੀਂ ਨਸ਼ੇ ਸਮੇਤ ਦੋ ਜਣਿਆਂ ਦਾ ਪਤਾ ਲਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਦਕਿ ਜਾਣਦੇ ਸਾਰੇ ਹਨ ਕਿ ਜੇਲ੍ਹ ਵਿੱਚ ਨਸ਼ਾ ਪਹੁੰਚਦਾ ਵੀ ਤਾਂ ਪੁਲਸ ਕਰਮਚਾਰੀਆਂ ਤੇ ਜੇਲ੍ਹ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੀ ਹੈ। ਉਵੇਂ ਹੀ ਗੈਂਗਸਟਰ ਖ਼ਤਮ ਕਰਨ ਦੀਆਂ ਟਾਹਰਾਂ ਮਾਰਦੇ ਨੇਤਾ ਭੁੱਲ ਜਾਂਦੇ ਹਨ ਕਿ ਮੁੰਡੇ-ਖੁੰਡੇ ਇਸ ਰਾਹ ’ਤੇ ਤੁਰਦੇ ਵੀ ਤਾਂ ਸਾਡੇ ਥਾਪੜੇ ਕਾਰਨ ਹੀ ਹਨ।

ਅਕਾਲੀ-ਭਾਜਪਾ ਗੱਠਜੋੜ ਦੇ ਰਾਜ ਮੌਕੇ ਪੰਜਾਬ ਦੇ ਇੱਕ ਗੈਂਗਸਟਰ ਨੇ ਸੀਨੀਅਰ ਅਕਾਲੀ ਆਗੂ ’ਤੇ ਕਈ ਦੋਸ਼ ਲਾਏ ਸਨ ਕਿ ਉਹ ਪਹਿਲਾਂ ਤਾਂ ਮੇਰੇ ਵਰਗਿਆਂ ਨੂੰ ਵਰਤਦਾ ਰਿਹਾ, ਪਰ ਜਦੋਂ ਕੰਮ ਨਿਕਲ ਗਿਆ ਤਾਂ ਮੁਕੱਦਮਿਆਂ ਵਿੱਚ ਫਸਾ ਦਿੱਤਾ। ਬਿਲਕੁੱਲ ਉਹੀ ਗੱਲ ਹੁਣ ਦੇਖਣ ਨੂੰ ਮਿਲੀ, ਜਦੋਂ ਵਿੱਕੀ ਗੌਂਡਰ ਦੇ ਪਰਵਾਰ ਨੇ ਦੋਸ਼ ਲਾਇਆ ਕਿ ਕਾਂਗਰਸ ਦਾ ਇੱਕ ਸਾਬਕਾ ਮੰਤਰੀ ਤੇ ਜਲੰਧਰ ਦਾ ਟਰਾਂਸਪੋਰਟਰ ਸਾਡੇ ਮੁੰਡੇ ਨੂੰ ਗ਼ਲਤ ਰਾਹ ’ਤੇ ਤੋਰਨ ਲਈ ਜ਼ਿੰਮੇਵਾਰ ਹੈ। ਉਸ ਦੀ ਫਾਇਨਾਂਸ ਕੰਪਨੀ ਲਈ ਪੈਸੇ ਇਕੱਠੇ ਕਰਨ ਗਏ ਵਿੱਕੀ ’ਤੇ ਕਤਲ ਦਾ ਪਹਿਲਾ ਦੋਸ਼ ਲੱਗਾ ਸੀ। ਅੱਗੋਂ ਸੰਬੰਧਤ ਕਾਂਗਰਸੀ ਨੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਮੇਰੀ ਕੋਈ ਫਾਇਨਾਂਸ ਕੰਪਨੀ ਹੀ ਨਹੀਂ।

ਵਿੱਕੀ ਦੇ ਮਾਮੇ ਨੇ ਦੋਸ਼ ਲਾਏ ਕਿ ਪੁਰਾਣੀ ਵਾਕਫ਼ੀਅਤ ਹੋਣ ਕਰਕੇ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੇ ਆਤਮ ਸਮਰਪਣ ਲਈ ਕਹਿ ਕੇ ਉਨ੍ਹਾਂ ਨੂੰ ਬੁਲਾਇਆ, ਪਰ ਯਾਰਮਾਰ ਕਰਦਿਆਂ ਉਨ੍ਹਾਂ ਦਾ ਮੁਕਾਬਲਾ ਬਣਾ ਦਿੱਤਾ ਗਿਆ। ਅੱਗੋਂ ਬਰਾੜ ਨੇ ਵੀ ਸਾਰੇ ਦੋਸ਼ ਸਿਰੇ ਤੋਂ ਨਕਾਰੇ ਹਨ। ਸਭ ਤੋਂ ਵੱਧ ਹੈਰਾਨੀ ਦੀ ਗੱਲ ਸਵਿੰਦਰ ਸਿੰਘ ਦੀ ਹੈ, ਜੋ ਵਿੱਕੀ ਨਾਲ ਮਾਰਿਆ ਗਿਆ। ਪਹਿਲਾਂ ਕਿਹਾ ਗਿਆ ਕਿ ਇਹ ਸੁਖਪ੍ਰੀਤ ਸਿੰਘ ਬੁੱਢਾ ਹੈ, ਪਰ ਜਦੋਂ ਸ਼ਨਾਖ਼ਤ ਹੋਈ ਤਾਂ ਪਤਾ ਲੱਗਾ ਕਿ ਇਹ ਉਹ ਨਹੀਂ ਉਹ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦਾ ਹੈ, ਜੋ ਦੋ ਧੀਆਂ ਦਾ ਬਾਪ ਤੇ ਘਰੋਂ 20 ਜਨਵਰੀ ਨੂੰ ਕਬੱਡੀ ਖੇਡਣ ਗਿਆ ਸੀ, ਪਰ ਹੁਣ ਮੁਕਾਬਲੇ ਦੀ ਖ਼ਬਰ ਮਿਲੀ ਹੈ।

ਇਹ ਵੇਲਾ ਇਹ ਗੱਲ ਸੋਚਣ ਦਾ ਵੀ ਹੈ ਕਿ ਸੁੱਖਾ ਕਾਹਲਵਾਂ ਦੇ ਗੋਲੀਆਂ ਮਾਰ ਕੇ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੇ ਸੜਕ ’ਤੇ ਹੀ ਭੰਗੜਾ ਕਿਉਂ ਪਾਇਆ। ਇਹ ਸੋਚਣ ਦਾ ਵੀ ਹੈ ਕਿ ਕੀ ਏਨੀ ਦਲੇਰੀ ਬਿਨਾਂ ਕਿਸੇ ਛਤਰ-ਛਾਇਆ ਦੇ ਕਿਸੇ ਅੰਦਰ ਆ ਸਕਦੀ ਹੈ ਜਾਂ ਨਹੀਂ ਤੇ ਇਹ ਸੋਚਣ ਦਾ ਵੀ ਕਿ ਗੈਂਗਸਟਰ ਹੱਥੋਂ ਗੈਂਗਸਟਰ ਮਰਵਾ ਦੇਣਾ ਫ਼ਿਲਮੀ ਕਹਾਣੀ ਵਰਗਾ ਕਿਉਂ ਲੱਗ ਰਿਹਾ।

ਸਾਡਾ ਮਸਲਾ ਕਿਸੇ ਇੱਕ ਸਿਆਸੀ ਪਾਰਟੀ ਤੇ ਸ਼ਬਦ ਵਾਰ ਕਰਨਾ ਨਹੀਂ, ਕਿਉਂਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਜਦੋਂ ਪੋਲਿੰਗ ਬੂਥਾਂ ’ਤੇ ਕਬਜ਼ੇ ਹੁੰਦੇ ਹਨ ਤਾਂ ਉਹ ਕਿਹੜੇ ਲੋਕ ਹੁੰਦੇ ਹਨ, ਜੋ ਇਹ ਸਭ ਕਰਦੇ ਤੇ ਕਰਾਉਂਦੇ ਹਨ। ਉਹ ਛੋਟੀ ਉਮਰ ਦੇ ਹੀ ਕਿਉਂ ਹੁੰਦੇ ਹਨ। ਇਨ੍ਹਾਂ ਲੋਕਾਂ ਅੰਦਰ ਏਨੀ ਬੇਪ੍ਰਵਾਹੀ ਕਿਉਂ ਭਰ ਜਾਂਦੀ ਹੈ। ਕਿਤੇ ਗੈਂਗਸਟਰ ਪੈਦਾ ਹੋਣ ਪਿੱਛੇ ਇਹੀ ਕਾਰਨ ਤਾਂ ਨਹੀਂ ਕਿ ਤੱਤੇ ਖੂਨ ਤੋਂ ਆਪਣੀ ਲੋੜ ਮੁਤਾਬਕ ਕੰਮ ਲਵੋ ਤੇ ਜਦੋਂ ਕੰਮ ਨਿਕਲ ਗਿਆ ਤਾਂ ਉਨ੍ਹਾਂ ਨੂੰ ਬੇਸਹਾਰਾ ਛੱਡ ਦਿਓ, ਉਸ ਹਨੇਰੇ ਵਿੱਚ, ਜਿੱਥੇ ਦਾ ਰਾਹ ਸਿੱਧਾ ਮੌਤ ਨੂੰ ਜਾਂਦਾ ਹੈ।

ਗੈਂਗਸਟਰ ਮੁੰਡਿਆਂ ਦੀਆਂ ਉਮਰਾਂ ਦੇਖ ਸਵਾਲ ਉੱਠਣੇ ਕੁਦਰਤੀ ਹਨ। ਜਿਹੜੇ ਹੱਥਾਂ ਵਿੱਚ ਕਿਤਾਬਾਂ, ਕਾਪੀਆਂ ਹੋਣੀਆਂ ਚਾਹੀਦੀਆਂ ਸਨ, ਉਨ੍ਹਾਂ ਹੱਥਾਂ ਵਿੱਚ ਪਿਸਤੌਲ ਕਿਉਂ ਆ ਜਾਂਦੇ ਹਨ। ਜੇ ਇਨ੍ਹਾਂ ਹੱਥਾਂ ਨੂੰ ਰੁਜ਼ਗਾਰ ਨਸੀਬ ਹੋਣ ਤਾਂ ਸ਼ਾਇਦ ਇਹ ਕਿਸੇ ਆਹਰੇ ਲੱਗ ਸਕਣ। ਇਨ੍ਹਾਂ ਮੁੰਡਿਆਂ ਵਿੱਚ ਬਹੁਤਿਆਂ ਦਾ ਪਿਛੋਕੜ ਪੇਂਡੂ ਪਰਿਵਾਰਾਂ ਨਾਲ ਹੈ ਤੇ ਵੱਖ-ਵੱਖ ਖੇਡਾਂ ਨਾਲ ਸੰਬੰਧਤ ਸਨ। ਕੋਈ ਰਾਜ ਪੱਧਰੀ ਕਬੱਡੀ ਖਿਡਾਰੀ ਸੀ, ਕੋਈ ਡਿਸਕਸ ਥਰੋਅ ਨਾਲ ਜੁੜਿਆ। ਕਿਤੇ ਇਹ ਕਾਰਨ ਤਾਂ ਨਹੀਂ ਕਿ ਯੂਨੀਵਰਸਿਟੀਆਂ, ਕਾਲਜਾਂ ਵਿੱਚੋਂ ਰਾਜਨੀਤਕ ਲੋਕ ਆਪਣੇ-ਆਪਣੇ ਸਵਾਰਥਾਂ ਲਈ ਇਹੋ ਜਿਹੇ ਫੁਰਤੀਲੇ, ਸੁਡੌਲ ਮੁੰਡਿਆਂ ਦੀ ਵਰਤੋਂ ਕਰਦੇ ਹੋਣ।

ਇਹ ਵੇਲਾ ਹਰ ਪਹਿਲੂ ਨੂੰ ਵਿਚਾਰਨ ਦਾ ਹੈ। ਮਸਲੇ ਦਾ ਹੱਲ ਇਹ ਨਹੀਂ ਕਿ ਦੋ ਦਿਨ ਅਫ਼ਸੋਸ ਪ੍ਰਗਟਾਅ ਕੇ ਗੱਲ ਆਈ ਗਈ ਕਰ ਦਿੱਤੀ ਜਾਵੇ, ਸਗੋਂ ਇਹ ਹੈ ਕਿ ਉਹ ਕਾਰਨ ਖ਼ਤਮ ਕੀਤੇ ਜਾਣ, ਜਿਨ੍ਹਾਂ ਕਰਕੇ ਇਹ ਸਭ ਹੋ ਰਿਹਾ। ਹਰ ਸਧਾਰਨ ਨਾਗਰਿਕ ਵੀ ਭਲੀ-ਭਾਂਤ ਜਾਣਦਾ ਹੈ ਕਿ ਰਾਜਨੀਤਕ ਲੋਕਾਂ ਤੇ ਪੁਲਸ ਦੇ ਗੱਠਜੋੜ ਕਾਰਨ ਹੀ ਅੱਧੋਂ ਵੱਧ ਅਪਰਾਧ ਹੁੰਦੇ ਹਨ। ਇਹ ਵੇਲਾ ‘ਖਾਤਮੇ’ ਦੇ ਨਾਂਅ ’ਤੇ ਸਿਹਰਾ ਲੈਣ ਦਾ ਨਹੀਂ, ਕਾਰਨਾਂ ਨੂੰ ਫੜਨ ਦਾ ਹੈ ਤੇ ਜੇ ਕਾਰਨ ਨਾ ਮੁੱਕੇ ਤਾਂ ਕੱਲ੍ਹ ਨੂੰ ਕੋਈ ਹੋਰ ਗੌਂਡਰ ਪੈਦਾ ਹੋ ਜਾਣਾ ਹੈ, ਕੋਈ ਹੋਰ ਲਾਹੌਰੀਆ ਦਿਸਣ ਲੱਗ ਪੈਣਾ ਹੈ। ਇਹ ਕੁਝ ਮੁੜ ਨਾ ਹੋਵੇ, ਇਸ ਲਈ ਨੌਜਵਾਨਾਂ ਦੇ ਮਾਪਿਆਂ, ਸਕੂਲਾਂ, ਕਾਲਜਾਂ ਦੇ ਅਧਿਆਪਕਾਂ, ਸਮਾਜ ਸੇਵਕਾਂ, ਸਿਆਸੀ ਪਾਰਟੀਆਂ, ਪੁਲਿਸ ਡਿਪਾਰਟਮੈਂਟ ਸਮੇਤ ਸਭ ਨੂੰ ਧਿਆਨ ਦੇਣਾ ਹੋਵੇਗਾ। ਸਰਕਾਰ ਨੂੰ ਰੁਜ਼ਗਾਰ ਦੇਣ ਦੇ ਵੱਧ ਤੋਂ ਵੱਧ ਉਪਰਾਲੇ ਕਰਨੇ ਹੋਣਗੇ ਤਾਂ ਕਿ ਨੌਜਵਾਨਾਂ ਦੇ ਹੱਥ ਵਿੱਚ ਪਿਸਤੌਲ ਦੀ ਜਗ੍ਹਾ ਪੈੱਨ ਹੋਣ ਤਾਂ ਹੀ ਅਸੀਂ ਦੇਸ਼ ਦੀ ਜਵਾਨੀ ਨੂੰ ਬਚਾ ਸਕਾਂਗੇ, ਵਰਨਾ ਹੋਰ ਦੇਰ ਹੋ ਜਾਵੇਗੀ।

*****

(1001)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author