GurmitShugli7ਇਹ ਉਹੋ ਜਿਹਾ ਹੀ ਧੱਕਾ ਹੈਜਿਹੋ ਜਿਹਾ ਅਕਾਲੀ-ਭਾਜਪਾ ਗੱਠਜੋੜ ਆਪਣੇ ਰਾਜ ਵਿੱਚ ਦੂਜਿਆਂ ਨਾਲ ...
(18 ਦਸੰਬਰ 2017)

 

ਦੁਨੀਆ ਵਿੱਚ ਭਾਰਤ ਦੇਸ਼ ਜਮਹੂਰੀਅਤ ਅਤੇ ਲੋਕਰਾਜੀ ਕਦਰਾਂ-ਕੀਮਤਾਂ ਵਿੱਚ ਮੋਹਰਲੀਆਂ ਕਤਾਰਾਂ ਵਿੱਚ ਗਿਣਿਆ ਜਾਂਦਾ ਹੈ। ਜੋ ਵੀ ਹੋਵੇ, ਸਾਡਾ ਦੇਸ਼ ਜਮਹੂਰੀਅਤ ਨੂੰ ਪਰਣਾਇਆ ਹੋਇਆ ਹੈ। ਇਸੇ ਕਰ ਕੇ ਦੁਨੀਆ ਦੇ ਦੂਜੇ ਦੇਸ਼ਾਂ ਦੀਆਂ ਨਜ਼ਰਾਂ ਇਸ ਵੱਲ ਲੱਗੀਆਂ ਰਹਿੰਦੀਆਂ ਹਨ। ਸਾਡੇ ਦੇਸ਼ ਵਿੱਚ ਆਮ ਕਰਕੇ ਚੋਣ ਪ੍ਰਕਿਰਿਆ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਚੱਲਦੀ ਹੀ ਰਹਿੰਦੀ ਹੈਕਦੇ ਪਾਰਲੀਮੈਂਟ ਦੀਆਂ ਚੋਣਾਂ, ਕਦੇ ਅਸੰਬਲੀਆਂ ਦੀਆਂ ਚੋਣਾਂ, ਕਦੇ ਸ਼ਹਿਰਾਂ ਵਿੱਚ ਨਗਰ ਨਿਗਮਾਂ, ਕਮੇਟੀ ਦੀਆਂ ਚੋਣਾਂ ਤੇ ਫਿਰ ਅਖੀਰ ਪੰਚਾਇਤ ਦੀਆਂ ਚੋਣਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਨਾਲ ਦੀ ਨਾਲ ਜ਼ਿਮਨੀ ਚੋਣਾਂ ਵੀ ਹੁੰਦੀਆਂ ਰਹਿੰਦੀਆਂ ਹਨ। ਸਿਆਸੀ ਪਾਰਟੀਆਂ ਦੀਆਂ ਚੋਣਾਂ ਨੂੰ ਵੀ ਇਹਨਾਂ ਵਿੱਚ ਗਿਣਿਆ ਜਾ ਸਕਦਾ ਹੈ, ਕਿਉਂਕਿ ਮੁੱਖ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਚੋਣ ਨੂੰ ਵੀ ਜ਼ਰੂਰੀ ਕਰਾਰ ਦਿੱਤਾ ਹੋਇਆ ਹੈ।

ਹੁਣੇ-ਹੁਣੇ ਤੁਸੀਂ ਦੇਖਿਆ ਹੈ ਕਿ ਹਿਮਾਚਲ ਪ੍ਰਦੇਸ਼ ਦੀ ਅਸੰਬਲੀ ਦੀਆਂ ਚੋਣਾਂ ਹੋਣ ਤੋਂ ਬਾਅਦ ਲਗਭਗ ਮਹੀਨੇ ਦੇ ਵਕਤ ਤੋਂ ਬਾਅਦ ਗੁਜਰਾਤ ਦੀਆਂ ਚੋਣਾਂ ਸਰਗਰਮ ਰਹੀਆਂ ਤੇ ਉਨ੍ਹਾਂ ਦੇ ਨਤੀਜੇ ਅਜੇ ਆਉਣੇ ਹਨ। ਪੰਜਾਬ ਵਿੱਚ ਸਰਕਾਰ ਨੇ ਤਿੰਨ ਨਿਗਮਾਂ, 32 ਨਗਰ ਪੰਚਾਇਤਾਂ ਤੇ ਕੌਂਸਲਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ, ਜਿਸ ਨਾਲ ਪੰਜਾਬ ਵਿੱਚ ਚੋਣ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆਂ ਅਤੇ ਰਿਵਾਇਤੀ ਰੌਲਾ-ਰੱਪਾ ਵੀ ਸ਼ੁਰੂ ਹੋ ਗਿਆ। ਇਨ੍ਹਾਂ ਚੋਣਾਂ ਵਿੱਚ ਪੰਜਾਬ ਵਿੱਚ ਭਾਵੇਂ ਮੁੱਖ ਚੋਣ ਦੰਗਲ ਕਾਂਗਰਸ ਅਤੇ ਅਕਾਲੀ-ਭਾਜਪਾ ਵਿਚਕਾਰ ਹੈ, ਉਂਜ ਆਪ ਨੇ ਵੀ ਗਿਣਤੀ ਦੇ ਉਮੀਦਵਾਰ ਖੜ੍ਹੇ ਕਰ ਕੇ ਆਪਣੀ ਹਾਜ਼ਰੀ ਲਗਵਾਉਣ ਦੀ ਕੋਸ਼ਿਸ਼ ਕੀਤੀ ਹੈ।

ਇਨ੍ਹਾਂ ਚੋਣਾਂ ਵਿੱਚ ਜੋ ਦੂਸ਼ਣਬਾਜ਼ੀ ਦੀ ਦੁਹਾਈ ਅਕਾਲੀ ਦਲ ਅਤੇ ਭਾਜਪਾ ਵਾਲਿਆਂ ਨੇ ਕਾਂਗਰਸ ਦੇ ਖ਼ਿਲਾਫ਼ ਪਾਈ ਹੈ, ਇਹ ਉਵੇਂ ਹੀ ਹੈ, ਜਿਵੇਂ 10 ਸਾਲ ਅਕਾਲੀ-ਭਾਜਪਾ ਸਰਕਾਰ ਵਿੱਚ ਕਾਂਗਰਸ ਪਾਇਆ ਕਰਦੀ ਸੀ। ਅਕਾਲੀ-ਭਾਜਪਾ ਵਾਲਿਆਂ ਨੇ ਆਪਣੇ ਦੋਸ਼ਾਂ ਵਿੱਚ ਸਰਕਾਰ ਵੱਲੋਂ ਨਜਾਇਜ਼ ਪਰਚੇ ਦਰਜ ਕਰਨ, ਚੋਣਾਂ ਦੌਰਾਨ ਐੱਨ ਓ ਸੀ (No Objection Certificate, popularly abbreviated as NOC) ਨਾ ਦੇਣ ਬਾਰੇ, ਵੋਟਰ ਸੂਚੀਆਂ ਵਿੱਚ ਨਾਂਅ ਗਾਇਬ ਕਰਨ ਬਾਰੇ ਅਤੇ ਵੋਟਰ ਸੂਚੀਆਂ ਸਪਲਾਈ ਨਾ ਕਰਨ ਬਾਰੇ, ਧੱਕੇ ਨਾਲ ਨਾਮਜ਼ਦਗੀਆਂ ਰੱਦ ਕਰਨ ਵਗੈਰਾ ਬਾਰੇ ਦੋਸ਼ ਲਾਏ ਹਨ, ਜੋ ਆਮ ਕਰਕੇ ਚੋਣਾਂ ਵਿੱਚ ਵਿਰੋਧੀ ਧਿਰ ਲਾਇਆ ਕਰਦੀ ਹੈ। ਭਾਜਪਾ ਵਾਲਿਆਂ ਤਾਂ ਪਟਿਆਲੇ ਵਿੱਚ ਨਿਗਮ ਚੋਣਾਂ ਵਿੱਚ ਪੈਰਾ ਮਿਲਟਰੀ ਫੋਰਸ ਦੀ ਮੰਗ ਵੀ ਕਰ ਦਿੱਤੀ ਹੈ। ਪੰਜਾਬ ਭਾਜਪਾ ਦੇ ਇੰਚਾਰਜ ਅਤੇ ਰਾਜ ਸਭਾ ਦੇ ਮੈਂਬਰ ਪ੍ਰਭਾਤ ਝਾਅ ਨੇ ਇਹਨ] ਚੋਣਾਂ ਨੂੰ ਨਿਰਪੱਖ ਕਰਾਉਣ ਲਈ ਕੇਂਦਰ ਤੋਂ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਦੀ ਮੰਗ ਕਰ ਦਿੱਤੀ ਹੈ। ਠੀਕ ਇਸੇ ਤਰ੍ਹਾਂ ਕਾਂਗਰਸੀਆਂ ਦੇ ਧੱਕੇ ਨੂੰ ਮੁੱਖ ਰੱਖਦਿਆਂ ਅਕਾਲੀਆਂ ਨੇ ਵੀ ਸਾਰੀ ਜਗ੍ਹਾ ਆਪਣੇ ਹਲਕਾ ਇੰਚਾਰਜ ਲਗਾ ਦਿੱਤੇ ਹਨ। ਅਗਰ ਇਸ ਨੂੰ ਮੌਜੂਦਾ ਕਾਂਗਰਸ ਸਰਕਾਰ ਦਾ ਧੱਕਾ ਵੀ ਕਹਿ ਦੇਈਏ ਤਾਂ ਇਹ ਉਹੋ ਜਿਹਾ ਹੀ ਧੱਕਾ ਹੈ, ਜਿਹੋ ਜਿਹਾ ਅਕਾਲੀ-ਭਾਜਪਾ ਗੱਠਜੋੜ ਆਪਣੇ ਰਾਜ ਵਿੱਚ ਦੂਜਿਆਂ ਨਾਲ ਕਰਿਆ ਕਰਦਾ ਸੀ। ਪੰਜਾਬੀ ਦੀ ਇੱਕ ਕਹਾਵਤ ਹੈ; ‘ਉੱਤਰ ਕਾਟੋ ਮੈਂ ਚੜ੍ਹਾਂ’। ਕਿਉਂਕਿ ਹੁਣ ਵਾਰੀ ਕਾਂਗਰਸ ਦੀ ਹੈ, ਇਸ ਕਰਕੇ ਉਹ ਕਾਟੋ ਨੂੰ ਥੱਲੇ ਉਤਾਰ ਰਹੀ ਹੈ। ਜਿਵੇਂ ਅਕਾਲੀ-ਭਾਜਪਾ ਨੇ ਉਤਾਰੀ ਸੀ।

ਇਨ੍ਹਾਂ ਚੋਣਾਂ ਵਿੱਚ ਇਹ ਦੇਖਣ ਵਿੱਚ ਆਇਆ ਹੈ ਕਿ ਪਾਰਟੀਆਂ ਦੀ ਸਿਖ਼ਰਲੀ ਲੀਡਰਸ਼ਿਪ ਨੇ ਬਹੁਤ ਘੱਟ ਹਿੱਸਾ ਲਿਆ ਹੈ। ਉਦਾਹਰਣ ਦੇ ਤੌਰ ’ਤੇ ਕਾਰਨ ਕੁਝ ਵੀ ਰਹੇ ਹੋਣ, ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਸਰਗਰਮ ਨਾ ਹੋਣਾ ਸਵਾਗਤਯੋਗ ਹੈ, ਕਿਉਂਕਿ ਇਹ ਚੋਣਾਂ ਸ਼ਹਿਰਾਂ ਦੀਆਂ ਅਤੇ ਮੁਹੱਲਿਆਂ ਦੀਆਂ ਚੋਣਾਂ ਹੁੰਦੀਆਂ ਹਨ, ਉਨ੍ਹਾਂ ਦੀਆਂ ਮੰਗਾਂ ਵੀ ਉਸ ਮੁਤਾਬਕ ਹੁੰਦੀਆਂ ਹਨ, ਜਿਵੇਂ ਨਾਲੀਆਂ-ਗਲੀਆਂ ਦੀ ਮੁਰੰਮਤ, ਪਾਣੀ ਦਾ ਨਿਕਾਸ, ਸੜਕ ਦਾ ਨਵਾਂ ਬਣਨਾ ਅਤੇ ਉਨ੍ਹਾਂ ਦੀ ਮੁਰੰਮਤ, ਸਕੂਲਾਂ, ਕਾਲਜਾਂ, ਡਿਸਪੈਂਸਰੀਆਂ, ਸ਼ਹਿਰ ਜਾਂ ਕਸਬੇ ਦੀ ਸਿਹਤ ਸੰਬੰਧੀ ਮੰਗਾਂ, ਧਰਮਸ਼ਾਲਾ ਵਗੈਰਾ ਨਾਲ ਸੰਬੰਧਤ ਹੁੰਦੀਆਂ ਹਨ, ਜਿਨ੍ਹਾਂ ਬਾਰੇ ਜਿੰਨਾ ਸਿਆਸੀ ਦਖ਼ਲ ਘੱਟ ਹੋਵੇਗਾ, ਉੰਨਾ ਹੀ ਚੰਗਾ ਹੋਵੇਗਾ, ਕਿਉਂਕਿ ਸਿਆਸੀ ਦਖ ਮੁੱਖ ਮੰਗਾਂ ਤੋਂ ਧਿਆਨ ਹਟਾ ਕੇ ਦੂਜੇ ਪਾਸੇ ਕਰ ਦਿੰਦਾ ਹੈ, ਜੋ ਤਰੱਕੀ ਵਿੱਚ ਰੁਕਾਵਟ ਬਣਦਾ ਹੈ। ਇਨ੍ਹਾਂ ਨਗਰ ਨਿਗਮਾਂ ਅਤੇ ਪੰਚਾਇਤਾਂ ਤੇ ਕੌਂਸਲਾਂ ਲਈ ਚੋਣ ਪ੍ਰਚਾਰ 15 ਦਸੰਬਰ (ਸ਼ੁੱਕਰਵਾਰ) ਨੂੰ ਖ਼ਤਮ ਹੋ ਚੁੱਕਾ ਹੈ ਅਤੇ ਵੋਟਾਂ 17 ਦਸੰਬਰ, ਦਿਨ ਐਤਵਾਰ ਜਦੋਂ ਤੁਸੀਂ ਅਖ਼ਬਾਰਾਂ ਪੜ੍ਹ ਕੇ ਮਜ਼ਾ ਲੈ ਰਹੇ ਹੋਵੋਗੇ, ਪੈ ਰਹੀਆਂ ਹੋਣਗੀਆਂ।

ਜਿਵੇਂ ਅਸੀਂ ਉੱਪਰ ਦੱਸਿਆ ਹੈ ਕਿ ਪੰਜਾਬ ਵਿੱਚ ਇਸ ਵਾਰ ਰਾਜ ਕਰਦੀ ਕਾਂਗਰਸ ਪਾਰਟੀ ਅਤੇ ਰਾਜ ਗੁਆ ਚੁੱਕੀ ਅਕਾਲੀ-ਭਾਜਪਾ ਸਰਕਾਰ ਵਿਚਕਾਰ ਮੁਕਾਬਲਾ ਹੈ, ਕਿਉਂਕਿ ਆਪ ਅਤੇ ਬਾਕੀ ਪਾਰਟੀਆਂ ਨਾ-ਮਾਤਰ ਹੀ ਹਿੱਸਾ ਲੈ ਰਹੀਆਂ ਹਨ। ਅਗਰ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਅਸੰਬਲੀ ਚੋਣਾਂ ਵਾਂਗ ਤੀਜੀ ਧਿਰ ਹੁੰਦੀ ਤਾਂ ਫਿਰ ਇਨ੍ਹਾਂ ਚੋਣਾਂ ਵਿੱਚ ਵੀ ਕਾਂਗਰਸ ਤੇ ਅਕਾਲੀ-ਭਾਜਪਾ ਵਿਚਕਾਰ ਅਸੰਬਲੀ ਚੋਣਾਂ ਵਾਂਗ ਹੀ ਦੋਸਤਾਨਾ ਮੈਚ ਹੋਣਾ ਸੀ, ਨਾ ਕਿ ਹੁਣ ਵਾਂਗ ਫਸਵਾਂ ਮੁਕਾਬਲਾ।

ਵੈਸੇ ਹਰ ਸੂਬੇ ਵਿੱਚ ਰਾਜ ਕਰਦੀ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਚੋਣਾਂ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਚੋਣ ਕਰਾਵੇ, ਹਰ ਬਣਦੀ ਚੋਣਾਂ ਸੰਬੰਧੀ ਸਹੂਲਤ ਵਿਰੋਧੀ ਪਾਰਟੀਆਂ ਨੂੰ ਦਿੱਤੀ ਜਾਵੇ ਤਾਂ ਕਿ ਵੱਧ ਦੋਂ ਵੱਧ ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ, ਲੋਕਰਾਜ ਦੀਆਂ ਜੜ੍ਹਾਂ ਮਜ਼ਬੂਤ ਹੋ ਸਕਣ, ਪਰ ਆਮ ਦੇਖਣ ਵਿੱਚ ਆਉਂਦਾ ਹੈ ਕਿ ਰਾਜ ਕਰਦੀ ਪਾਰਟੀ ਵਿਰੋਧੀ ਪਾਰਟੀਆਂ ਨਾਲ ਅਜਿਹਾ ਸਲੂਕ ਨਹੀਂ ਕਰਦੀ, ਕਿਤੇ ਨਾ ਕਿਤੇ ਉਨ੍ਹਾਂ ਦੇ ਮਨ ਅੰਦਰ ਬਦਲਾ ਲੈਣ ਦੀ ਭਾਵਨਾ ਪਨਪ ਰਹੀ ਹੁੰਦੀ ਹੈਕਿਉਂਕਿ ਉਨ੍ਹਾਂ ਦੇ ਮਨ ਅੰਦਰ ਇਹ ਗੱਲ ਭਾਰੂ ਹੁੰਦੀ ਹੈ ਕਿ ਹੁਣ ਰਾਜ ਸਾਡਾ ਹੈ, ਇਸ ਕਰਕੇ ‘ਉੱਤਰ ਕਾਟੋ’ ਵਾਲੀ ਭਾਵਨਾ ਪੈਦਾ ਹੋ ਜਾਂਦੀ ਹੈ, ਜਿਸ ਤੋਂ ਰਾਜ ਕਰਦੀ ਪਾਰਟੀ ਨੂੰ ਬਚਣਾ ਚਾਹੀਦਾ ਹੈ ਅਤੇ ਅੱਗੋਂ ਲਈ ਨਵੀਂ ਮਿਸਾਲ ਪੈਦਾ ਕਰਨੀ ਚਾਹੀਦੀ ਹੈ।

*****

(935)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author