“ਉਸੇ ਉਮੀਦਵਾਰ ਨੂੰ ਜਿਤਾਈਏ ਜਿਹੜਾ ਲੋਕ-ਸੇਵਾ ਨੂੰ ਸਮਰਪਿਤ ਹੋਵੇ ...”
(4 ਅਕਤੂਬਰ 2026)
ਦਿਵਾਲੀ ਨੂੰ ਭਾਰਤ ਦਾ, ਵਿਸ਼ੇਸ਼ ਕਰਕੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਖਿੱਤੇ ਉੱਤੇ ਕੁਦਰਤ ਦੀ ਬਖਸ਼ਿਸ਼ ਹੈ ਕਿ ਇੱਥੇ ਸਾਰੇ ਦੇ ਸਾਰੇ ਛੇ ਮੌਸਮ ਆਉਂਦੇ ਹਨ। ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ। ਖੇਤੀ ਅਤੇ ਮੌਸਮ ਦਾ ਆਪੋ ਵਿੱਚ ਗੂੜ੍ਹਾ ਸੰਬੰਧ ਹੈ। ਹਰੇਕ ਫਸਲ ਦਾ ਬੀਜਣ ਅਤੇ ਵਾਢੀ ਦਾ ਸਮਾਂ ਵੀ ਕੁਦਰਤ ਨੇ ਨਿਸ਼ਚਿਤ ਕੀਤਾ ਹੋਇਆ ਹੈ। ਇਸੇ ਕਰਕੇ ਇਸ ਖਿੱਤੇ ਦੇ ਸਾਰੇ ਤਿਉਹਾਰ ਮੌਸਮ ਅਤੇ ਫਸਲਾਂ ਅਨੁਸਾਰ ਆਉਂਦੇ ਹਨ। ਇਸ ਇਲਾਕੇ ਵਿੱਚ ਸਾਉਣ ਅਤੇ ਭਾਦੋਂ ਦੇ ਮਹੀਨਿਆਂ ਨੂੰ ਬਰਸਾਤ ਦਾ ਮੌਸਮ ਆਖਿਆ ਜਾਂਦਾ ਹੈ। ਹੁਣ ਤਾਂ ਮਨੁੱਖੀ ਗਲਤੀਆਂ ਕਾਰਨ ਬਰਸਾਤ ਘੱਟ ਹੋਣ ਲੱਗ ਪਈ ਹੈ। ਪਰ ਅੱਜ ਤੋਂ ਅੱਧੀ ਸਦੀ ਪਹਿਲਾਂ ਤਕ ਭਾਰੀ ਮੀਂਹ ਪੈਂਦੇ ਸਨ। ਲਗਭਗ ਕਈ ਕਈ ਦਿਨ ਮੀਂਹ ਪੈਂਦਾ ਸੀ, ਜਿਸ ਨੂੰ ਝੜੀ ਅਖਿਆ ਜਾਂਦਾ ਸੀ। ਉਦੋਂ ਬਹੁਤੇ ਘਰ ਕੱਚੇ ਹੀ ਹੁੰਦੇ ਸਨ, ਜਿਹੜੇ ਭਾਰੀ ਮੀਂਹ ਨਾਲ ਨੁਕਸਾਨੇ ਜਾਂਦੇ ਸਨ। ਅੱਸੂ ਮਹੀਨੇ ਮੀਂਹ ਰੁਕ ਜਾਂਦੇ ਸਨ ਅਤੇ ਸਾਉਣੀ ਦੀ ਵਾਢੀ ਸ਼ੁਰੂ ਹੋ ਜਾਂਦੀ ਸੀ। ਬਰਸਾਤ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ, ਲਿੱਪਾ-ਪੋਚੀ ਆਦਿ ਸ਼ੁਰੂ ਹੋ ਜਾਂਦੀ ਸੀ। ਘਰਾਂ ਦੇ ਅੰਦਰ ਪਏ ਦਾਣੇ ਅਤੇ ਕੱਪੜੇ ਸਿਲਾਭ ਜਾਂਦੇ ਸਨ। ਘਰਾਂ ਦੀਆਂ ਛੱਤਾਂ ਜਾਂ ਵਿਹੜਿਆਂ ਵਿੱਚ ਉਨ੍ਹਾਂ ਨੂੰ ਵਿਛਾ ਕੇ ਸੁਕਾਇਆ ਜਾਂਦਾ ਸੀ ਤਾਂ ਜੋ ਸਿੱਲ ਖਤਮ ਹੋ ਸਕੇ। ਅੱਸੂ ਕੱਤਕ ਬਹਾਰ ਦੇ ਮਹੀਨੇ ਮੰਨੇ ਜਾਂਦੇ ਹਨ। ਹਰ ਪਾਸੇ ਬਰਸਾਤ ਨਾਲ ਧੋਤੇ ਰੁੱਖਾਂ ਅਤੇ ਬੂਟਿਆਂ ਉੱਤੇ ਨਿਖਾਰ ਆਉਂਦਾ ਹੈ ਅਤੇ ਫੁੱਲਾਂ ਦੀ ਬਹਾਰ ਦਾ ਆਗਮਨ ਹੁੰਦਾ ਹੈ। ਇਸ ਮੌਸਮ ਅਤੇ ਘਰਾਂ ਵਿੱਚ ਕੀਤੀ ਸਾਫ ਸਫ਼ਾਈ ਪਿੱਛੋਂ ਦਿਵਾਲੀ ਦਾ ਤਿਉਹਾਰ ਮਨਾਇਆ ਜਾਣ ਲੱਗਿਆ ਸੀ। ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਭਾਵ ਦੀਵਿਆਂ ਦੀ ਲੋ ਦਾ ਚਾਨਣ ਕੀਤਾ ਜਾ ਸਕੇ।
ਇਨ੍ਹਾਂ ਤਿਉਹਾਰਾਂ ਨੂੰ ਧਾਰਮਿਕ ਰੰਗਤ ਦੇਣ ਦਾ ਮੁੱਖ ਮੰਤਵ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਬਦੀ ਉੱਤੇ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ। ਇਸ ਕਰਕੇ ਬਦੀ ਤੋਂ ਬਚਣਾ ਚਾਹੀਦਾ ਹੈ। ਪਰ ਸਮੇਂ ਦੇ ਬਦਲਣ ਨਾਲ ਨੇਕੀ ਉੱਤੇ ਬਦੀ ਭਾਰੂ ਹੋ ਗਈ ਹੈ। ਕੰਮਕਾਰ ਅਨੁਸਾਰ ਜਿਹੜੀ ਲੋਕਾਈ ਦੀ ਵਰਗ ਵੰਡ ਹੋਈ ਸੀ, ਉਸਦੀਆਂ ਗੰਢਾਂ ਇੰਨੀਆਂ ਪੀਡੀਆਂ ਹੋ ਗਈਆਂ ਕਿ ਵਸੋਂ ਦੀ ਬਹੁਗਿਣਤੀ ਨੂੰ ਸ਼ੂਦਰ ਜਾਂ ਨੀਚ ਸਮਝਿਆ ਜਾਣ ਲੱਗ ਪਿਆ। ਬਹੁਗਿਣਤੀ ਵਾਲੇ ਇਸ ਵਰਗ ਦੇ ਲੋਕਾਂ ਦਾ ਜੀਵਨ ਡੰਗਰਾਂ ਤੋਂ ਵੀ ਭੈੜਾ ਹੋ ਗਿਆ। ਉਹ ਉੱਚੀ ਕੁੱਲ ਵਾਲਿਆਂ ਦੇ ਬੰਧੂਆ ਮਜ਼ਦੂਰ ਹੀ ਬਣ ਗਏ ਸਨ। ਇਨ੍ਹਾਂ ਦਾ ਪ੍ਰਛਾਵਾਂ ਵੀ ਕਿਸੇ ਉੱਚੀ ਕੁੱਲ ਵਾਲੇ ਦੇ ਉੱਤੇ ਪੈਣਾ ਸਭ ਤੋਂ ਵੱਡਾ ਗੁਨਾਹ ਸਮਝਿਆ ਜਾਂਦਾ ਸੀ। ਜੇਕਰ ਕਿਸੇ ਤਰ੍ਹਾਂ ਕੋਈ ਅਛੂਤ ਕਿਸੇ ਉੱਚੀ ਕੁੱਲ ਨਾਲ ਛੂਹ ਜਾਂਦਾ ਸੀ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਰਾਜਸੀ ਅਤੇ ਧਾਰਮਿਕ ਭ੍ਰਿਸ਼ਟਾਚਾਰ ਆਪਣੇ ਸਿਖਰ ਉੱਤੇ ਪੁੱਜ ਗਿਆ ਸੀ। ਇਸੇ ਜ਼ੁਲਮ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਾਲੇ ਯੁਗ ਪੁਰਸ਼ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਵਾਲੀ ਤੋਂ ਪੰਦਰਾਂ ਦਿਨ ਪਿੱਛੋਂ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਹੋਇਆ ਸੀ। ਉਨ੍ਹਾਂ ਨੇ ਇਸ ਅਨਿਆਏ ਵਿਰੁੱਧ ਅਵਾਜ਼ ਬੁਲੰਦ ਕੀਤੀ। ਗੁਰੂ ਜੀ ਨੇ ਜਿੱਥੇ ਜਾਲਮਾਂ ਨੂੰ ਫਿਟਕਾਰਿਆ ਉੱਥੇ ਜ਼ੁਲਮ ਸਹਿ ਰਹੀ ਲੋਕਾਈ ਨੂੰ ਆਪਣੇ ਹੱਕਾਂ ਦੀ ਆਪ ਰਾਖੀ ਕਰਨ ਲਈ ਵੰਗਾਰਿਆ। ਉਨ੍ਹਾਂ ਨੇ ਲੋਕਾਈ ਨੂੰ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਉਪਦੇਸ਼ ਰਾਹੀਂ ਲੋਕਾਈ ਵਿੱਚ ਬਰਾਬਰੀ, ਇਮਾਨਦਾਰੀ ਅਤੇ ਗਿਆਨ ਦੀ ਜੋਤ ਜਗਾਈ।
ਆਵੋ ਹੁਣ ਆਪਣੇ ਪੰਜਾਬ ਵਲ ਝਾਤੀ ਮਾਰਦੇ ਹਾਂ। ਕੀ ਪੰਜਾਬ ਉਹੋ ਜਿਹਾ ਹੈ ਜਿਹੋ ਜਿਹਾ ਯੁਗ ਪੁਰਸ਼ ਬਾਬਾ ਨਾਨਕ ਨੇ ਸਿਰਜਿਆ ਸੀ, ਜਾਂ ਸਿਰਜਣਾ ਚਾਹਿਆ ਸੀ। ਪੰਜਾਬ, ਜਿਸਨੇ ਸਾਰੇ ਸੰਸਾਰ ਨੂੰ ਕਿਰਤ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ ਅਤੇ ਸੱਤ, ਸੰਤੋਖ, ਗਿਆਨ ਨੂੰ ਅਨੰਦਮਈ ਜੀਵਨ ਦਾ ਅਧਾਰ ਮੰਨਿਆ ਸੀ; ਅੱਜ ਪੰਜਾਬੀ ਆਪਣੇ ਰਾਹੋਂ ਭਟਕ ਗਏ ਹਨ। ਇੱਥੋਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਦੀ ਸੋਚ ਕੇਵਲ ਕੁਰਸੀ ਪ੍ਰਾਪਤੀ ਤਕ ਹੀ ਸੀਮਿਤ ਹੋ ਗਈ ਹੈ। ਉਹ ਇਸਦੀ ਪ੍ਰਾਪਤੀ ਲਈ ਕੋਈ ਵੀ ਭੈੜਾ ਕਰਮ ਕਰਨ ਤੋਂ ਨਹੀਂ ਡਰਦੇ। ਧਾਰਮਿਕ ਆਗੂ ਧਰਮ ਦੇ ਅਰਥ ਅਤੇ ਅਸੂਲਾਂ ਦੀ ਸੋਝੀ ਕਰਵਾਉਣ ਦੀ ਥਾਂ ਸੰਗਤ ਨੂੰ ਕਾਰਮਾਤੀ ਸਾਖੀਆਂ ਨਾਲ ਜੋੜ ਮੁੜ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਵਿੱਚ ਉਲਝਾ ਰਹੇ ਹਨ। ਆਗੂਆਂ ਦੀ ਦੇਖਾ ਦੇਖੀ ਬਹੁਤੇ ਲੋਕ ਵੀ ਰਾਤੋ ਰਾਤ ਅਮੀਰ ਬਣਨ ਲਈ ਗਲਤ ਰਾਹ ਅਪਣਾ ਰਹੇ ਹਨ। ਰਾਜਸੀ ਪਾਰਟੀ ਕੋਲ ਪੰਜਾਬ ਦੇ ਸਰਬਪੱਖੀ ਵਿਕਾਸ ਦਾ ਏਜੰਡਾ ਨਹੀਂ ਹੈ ਸਗੋਂ ਆਪਣੀ ਵੋਟ ਪ੍ਰਾਪਤੀ ਲਈ ਮੁਫਤ ਦੀਆਂ ਰਿਉੜੀਆਂ ਵੰਡੀਆਂ ਜਾ ਰਹੀਆਂ ਹਨ। ਇਹ ਵੋਟ ਖਰੀਦਣ ਦਾ ਅਸਿਧਾ ਰਾਹ ਹੈ, ਜਿਸ ਨੂੰ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਅੱਗੇ ਵਧ ਕੇ ਅਪਣਾ ਰਹੀਆਂ ਹਨ।
ਵਿੱਦਿਆ ਅਤੇ ਸਿਹਤ ਸਹੂਲਤਾਂ ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿੱਚ ਸ਼ਾਮਲ ਹੋ ਗਈਆਂ ਹਨ। ਪਰ ਸੂਬੇ ਵਿੱਚ ਇਹ ਦੋਵੇਂ ਨਿੱਜੀ ਖੇਤਰ ਵਿੱਚ ਜਾ ਰਹੀਆਂ ਹਨ। ਸਰਦੇ ਪੁੱਜਦੇ ਘਰਾਂ ਦੇ ਬੱਚੇ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਪੰਜਾਬੀ ਬੋਲਣ ਉੱਤੇ ਪਾਬੰਦੀ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਘਟੀਆ ਮੰਨਿਆ ਜਾਂਦਾ ਹੈ। ਇਨ੍ਹਾਂ ਅਦਾਰਿਆਂ ਵਿੱਚ ਪੜ੍ਹੇ ਬੱਚੇ ਆਪਣੇ ਸੱਭਿਆਚਾਰ, ਬੋਲੀ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਦਾ ਇੱਕੋ ਮੰਤਵ ਪੈਸਾ ਕਮਾਉਣਾ ਹੈ। ਆਪਣੇ ਵੱਡਿਆਂ ਦੀ ਦੇਖਾਦੇਖੀ ਉਹ ਵੀ ਰਾਤੋ ਰਾਤ ਅਮੀਰ ਬਣਨ ਲਈ ਕਮਾਈ ਦੇ ਗਲਤ ਢੰਗ ਤਰੀਕੇ ਅਪਣਾ ਰਹੇ ਹਨ।
ਨਿੱਜੀ ਹਸਪਤਾਲ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਦਿੰਦੇ ਹਨ ਪਰ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਆਮ ਲੋਕਾਂ, ਭਾਵ ਗਰੀਬ ਲੋਕਾਂ ਲਈ ਕੇਵਲ ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲ ਹੀ ਰਹਿ ਗਏ ਹਨ; ਜਿਨ੍ਹਾਂ ਵਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਹੈ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਅਤੇ ਦਵਾਈਆਂ ਨਹੀਂ ਹਨ। ਪਿਛਲੇ ਛੇ ਮਹੀਨਿਆਂ ਤੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਸਕੂਲਾਂ ਦਾ ਮੂੰਹ ਨਹੀਂ ਦੇਖਿਆ। ਉਹ ਤਾਂ ਵਿਚਾਰੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ਵਿੱਚ ਰਾਸ਼ਨ ਕਾਰਡ, ਮਰਦਮਸ਼ੁਮਾਰੀ, ਵੋਟਾਂ ਬਣਾਉਣ ਆਦਿ ਕਾਰਜਾਂ ਵਿੱਚ ਫਿਰਦੇ ਹਨ। ਇਨ੍ਹਾਂ ਸਕੂਲਾਂ ਵਿੱਚ ਪੜ੍ਹੇ ਬੱਚੇ ਮੁਕਾਬਲੇ ਦੇ ਇਮਤਿਹਾਨ ਵਿੱਚ ਕਿਵੇਂ ਆਪਣੀ ਥਾਂ ਬਣਾ ਸਕਦੇ ਹਨ?
ਕਦੇ ਕਿਸੇ ਸਿਆਣੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦਾ ਜਾਲ਼ ਵਿਛਾਇਆ ਸੀ। ਬੱਚਿਆਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਹਰੇਕ ਜ਼ਿਲ੍ਹੇ ਆਈ ਟੀ ਆਈ ਖੋਲ੍ਹੇ ਸਨ। ਹੁਣ ਇਨ੍ਹਾਂ ਦਾ ਭੈੜਾ ਹਾਲ ਹੈ। ਕਈ ਥਾਂਵੀਂ ਇਮਾਰਤਾਂ ਖਾਲੀ ਪਈਆਂ ਹਨ ਜਾਂ ਕਿਸੇ ਹੋਰ ਕੰਮ ਲਈ ਕਿਰਾਏ ਉੱਤੇ ਦੇ ਦਿੱਤੀਆਂ ਗਈਆਂ ਹਨ। ਇਨ੍ਹਾਂ ਤੋਂ ਸਿੱਖਿਆ ਪ੍ਰਾਪਤ ਨੌਜਵਾਨਾਂ ਵਿੱਚੋਂ ਬਹੁਤ ਘੱਟ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਸਿਖਲਾਈ ਅਧਾਰਿਤ ਕਿੱਤੇ ਨੂੰ ਕਾਰੋਬਾਰ ਦਾ ਅਧਾਰ ਬਣਾ ਸਕਣ। ਇੰਝ ਪੰਜਾਬ ਦੇ ਆਮ ਘਰਾਂ ਦੇ ਬੱਚੇ ਇੱਕ ਤਰ੍ਹਾਂ ਨਾਲ ਵਿੱਦਿਆ ਵਿਹੂਣੇ ਅਤੇ ਕਿਸੇ ਹੁਨਰ ਤੋਂ ਊਣੇ ਰੁਜ਼ਗਾਰ ਦੀ ਭਾਲ ਵਿੱਚ ਭਟਕਦੇ ਫਿਰਦੇ ਹਨ। ਸਹਾਇਤਾ ਲਈ ਇਹ ਰਾਜਸੀ ਆਗੂਆਂ ਜਾਂ ਡੇਰਿਆਂ ਵਿੱਚ ਜਾਂਦੇ ਹਨ। ਰਾਜਸੀ ਆਗੂ ਇਨ੍ਹਾਂ ਦੀ ਵਰਤੋਂ ਆਪਣੇ ਪ੍ਰਚਾਰ ਲਈ ਜਲਸੇ, ਜਲੂਸਾਂ, ਰੈਲੀਆਂ ਆਦਿ ਲਈ ਕਰਦੇ ਹਨ। ਇਨ੍ਹਾਂ ਦੀ ਥਕਾਵਟ ਲਾਹੁਣ ਲਈ ਕਈ ਵਾਰ ਨਸ਼ਿਆਂ ਨਾਲ ਸੇਵਾ ਵੀ ਕੀਤੀ ਜਾਂਦੀ ਹੈ। ਇੰਝ ਨਸ਼ਿਆਂ ਦੇ ਲੜ ਲਾਉਣ ਲਈ ਸਾਡੇ ਆਗੂ ਵਧੇਰੇ ਜ਼ਿੰਮੇਵਾਰ ਹਨ। ਇਨ੍ਹਾਂ ਨੌਜਵਾਨਾਂ ਦੀ ਵਰਤੋਂ ਨਸ਼ਿਆਂ ਦੇ ਕਾਰੋਬਾਰ ਲਈ ਵੀ ਕੀਤੀ ਜਾਂਦੀ ਹੈ ਅਤੇ ਗੁੰਡਾਗਰਦੀ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ।
ਜਿਹੜੇ ਪਰਿਵਾਰਾਂ ਕੋਲ ਕੋਈ ਜ਼ਮੀਨ ਜਾਇਦਾਦ ਹੈ, ਉਨ੍ਹਾਂ ਦੇ ਬੱਚੇ ਮਾਪਿਆਂ ਨੂੰ ਜ਼ਮੀਨ ਵੇਚ ਪ੍ਰਦੇਸ ਭੇਜਣ ਲਈ ਮਜਬੂਰ ਕਰਦੇ ਹਨ। ਇਸ ਵਿੱਚ ਸਰਕਾਰਾਂ ਵੀ ਜ਼ਿੰਮੇਵਾਰ ਹਨ। ਹਜ਼ਾਰਾਂ ਪਿੰਡਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਕੇ ਬੇਰੁਜ਼ਗਾਰੀ ਵਿੱਚ ਵਾਧਾ ਹੀ ਨਹੀਂ ਕੀਤਾ ਜਾਂਦਾ ਸਗੋਂ ਜ਼ਮੀਨ ਦੇ ਮਿਲੇ ਪੈਸਿਆਂ ਨਾਲ ਬੱਚੇ ਵਿਦੇਸ਼ਾਂ ਨੂੰ ਚਲੇ ਜਾਂਦੇ ਹਨ ਅਤੇ ਬਾਪ ਸ਼ੋਰੂਮਾਂ ਵਿਖੇ ਦਰਬਾਨ ਦਾ ਕਾਰਜ ਕਰਨ ਲਈ ਮਜਬੂਰ ਹੋ ਜਾਂਦੇ ਹਨ। ਲੀਡਰਾਂ ਵੱਲੋਂ ਨੌਕਰੀਆਂ ਵੇਚੀਆਂ ਜਾਂਦੀਆਂ ਹਨ ਅਤੇ ਕਰਮਚਾਰੀਆਂ ਨੂੰ ਰਿਸ਼ਵਤਖੋਰੀ ਲਈ ਮਜਬੂਰ ਕੀਤਾ ਜਾਂਦਾ ਹੈ। ਪੰਜਾਬ ਵਿੱਚ ਇਸ ਵੇਲੇ ਰਿਸ਼ਵਤਖੋਰੀ ਪੂਰੇ ਗੱਜ-ਵੱਜ ਕੇ ਹੋ ਰਹੀ ਹੈ। ਰਿਸ਼ਵਤ ਦੇਣ ਵਾਲੇ ਕਾਰੋਬਾਰੀ ਆਪਣਾ ਘਾਟਾ ਪੂਰਾ ਕਰਨ ਲਈ ਮਿਲਾਵਟ ਕਰਦੇ ਹਨ, ਜਿਸਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਇੱਥੋਂ ਦੀਆਂ ਉਦਯੋਗਿਕ, ਖੇਤੀ, ਸ਼ਹਿਰੀ ਵਿਕਾਸ ਦੀਆਂ ਗਲਤ ਨੀਤੀਆਂ ਜਾਂ ਬਦਨੀਤੀਆਂ ਕਾਰਨ ਪੰਜਾਬ ਦਾ ਪਾਣੀ, ਧਰਤੀ ਅਤੇ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਏ ਹਨ। ਪਾਣੀਆਂ ਦੇ ਨਾਮ ਉੱਤੇ ਬਣੇ ਸੂਬੇ ਦੇ ਲੋਕੀਂ ਪੀਣ ਲਈ ਹੁਣ ਬੋਤਲਾਂ ਦੇ ਪਾਣੀ ਦੀ ਵਰਤੋਂ ਕਰਦੇ ਹਨ। ਪਿਛਲੀਆਂ ਚੋਣਾਂ ਸਮੇਂ ਪੰਜਾਬੀਆਂ ਨੇ ਇੱਕ ਨਵੇਂ ਸੰਗਠਨ ਨੂੰ ਇਸ ਉਮੀਦ ਨਾਲ ਸੱਤਾ ਸੌਂਪੀ ਸੀ ਕਿ ਪੰਜਾਬ ਵਿੱਚ ਕੁਝ ਸੁਧਾਰ ਹੋ ਸਕੇਗਾ ਪਰ ਇਹ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਇਸ ਨਵੇਂ ਸੰਗਠਨ ਨੇ ਲੋਕਾਂ ਦੇ ਪੱਲੇ ਨਿਰਾਸਤਾ ਹੀ ਪਾਈ ਹੈ। ਹੁਣ ਫਿਰ ਚੋਣਾਂ ਨੇੜੇ ਹਨ। ਕਿਸੇ ਵੀ ਰਾਜਨੀਤਕ ਪਾਰਟੀ ਕੋਲ ਪੰਜਾਬ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ; ਉਹ ਕੇਵਲ ਵਿਰੋਧੀਆਂ ਉੱਤੇ ਚਿੱਕੜ ਸੁੱਟਦੇ ਹਨ ਜਾਂ ਕੁਰਸੀ ਖਾਤਰ ਆਪਣੀ ਹੀ ਪਾਰਟੀ ਅੰਦਰ ਇੱਕ ਦੂਜੇ ਦੀ ਟੰਗ ਖਿਚਾਈ ਕਰਦੇ ਹਨ। ਪੰਜਾਬ ਵਿੱਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ ਜਿਸ ਕਾਰਨ ਪੰਜਾਬੀ ਬੋਲੀ, ਸੱਭਿਆਚਾਰ ਅਤੇ ਇਤਿਹਾਸ ਵਿੱਚ ਵਿਗਾੜ ਹੋਣਾ ਲਾਜ਼ਮੀ ਹੈ। ਪੰਜਾਬੀਆਂ ਲਈ ਮੁੜ ਪਰਖ ਦੀ ਘੜੀ ਆਈ ਹੈ। ਆਵੋ ਇਸ ਚੁਣੌਤੀ ਨੂੰ ਸਵੀਕਾਰ ਕਰੀਏ ਅਤੇ ਇਸਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰੀਏ।
ਇਸ ਦਿਵਾਲੀ ਦੇ ਸ਼ੁਭ ਮੌਕੇ ਉੱਤੇ ਕੇਵਲ ਆਪਣੇ ਘਰਾਂ ਦੀ ਹੀ ਸਫਾਈ ਨਾ ਕਰੀਏ ਸਗੋਂ ਇਸ ਮਹਾਨ ਸੂਬੇ ਵਿੱਚ ਭਰੀ ਜਾ ਰਹੀ ਗੰਦਗੀ ਨੂੰ ਵੀ ਸਾਫ ਕਰਨ ਦਾ ਪ੍ਰਣ ਕਰੀਏ। ਇਸ ਪਾਸੇ ਹਿਲਜੁਲ ਸ਼ੁਰੂ ਹੋ ਗਈ ਹੈ। ਦਿਵਾਲੀ ਦੀ ਰਾਤ ਘਰਾਂ ਦੇ ਬਾਹਰ ਕੁਝ ਦੀਵੇ ਇਸ ਪ੍ਰਣ ਨਾਲ ਬਾਲੀਏ ਕਿ ਅਸੀਂ ਪੰਜਾਬ ਵਿੱਚੋਂ ਗੰਦਗੀ ਨੂੰ ਦੂਰ ਕਰਕੇ ਮੁੜ ਇਸ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਹਰੇਕ ਪਿੰਡ ਅਤੇ ਸ਼ਹਿਰ ਵਿੱਚ ਲੋਕ ਇਕੱਠੇ ਕੀਤੇ ਜਾਣ ਅਤੇ ਲੋਕਾਂ ਨੂੰ ਜਥੇਬੰਦ ਕਰਕੇ ਇਹ ਮੁਹਿੰਮ ਦਾ ਸ਼ੁਭ ਅਰੰਭ ਕੀਤਾ ਜਾਵੇ।
ਇਹੋ ਕਾਰਜ ਵਿਦਿਆਰਥੀਆਂ ਨੂੰ ਆਪਣੀਆਂ ਵਿੱਦਿਅਕ ਸੰਸਥਾਵਾਂ ਵਿੱਚ ਕਰਕੇ ਇੱਕ ਯੋਜਨਾਬੱਧ ਢੰਗ ਨਾਲ ਇੱਕ ਲਹਿਰ ਖੜ੍ਹੀ ਕੀਤੀ ਜਾਵੇ। ਲੋਕਰਾਜ ਵਿੱਚ ਸਭ ਤੋਂ ਵੱਡੀ ਸ਼ਕਤੀ ਲੋਕ ਹੀ ਹੁੰਦੇ ਹਨ। ਲੋਕਸ਼ਕਤੀ ਅੱਗੇ ਮਜ਼ਬੂਤ ਤੋਂ ਮਜ਼ਬੂਤ ਹਕੂਮਤਾਂ ਵੀ ਢਹਿ ਢੇਰੀ ਹੋ ਜਾਂਦੀਆਂ ਹਨ। ਪੰਜਾਬੀ ਇੱਕ ਅਣਖੀ ਕੌਮ ਹੈ। ਇਹ ਸਾਰੇ ਦੇਸ਼ ਦਾ ਢਿੱਡ ਭਰਦੀ ਹੈ। ਆਓ ਆਪਾਂ ਮੁਫਤਖੋਰੇ ਬਣ ਕੇ ਆਪਣੀ ਅਣਖ ਨੂੰ ਦਾਗੀ ਨਾ ਕਰੀਏ ਸਗੋਂ ਸਾਰੇ ਆਗੂਆਂ, ਜਿਨ੍ਹਾਂ ਵਿੱਚ ਧਾਰਮਿਕ ਅਤੇ ਸਮਾਜ ਸੁਧਾਰਕ ਆਗੂ ਵੀ ਸ਼ਾਮਲ ਹਨ, ਦੇ ਸਾਹਮਣੇ ਵਿਕਾਸ ਦਾ ਏਜੰਡਾ ਰੱਖੀਏ। ਉਸੇ ਆਗੂ ਦੀ ਹਿਮਾਇਤ ਕਰੀਏ ਜਿਹੜਾ ਇਸ ਏਜੰਡੇ ਨੂੰ ਸਵੀਕਾਰ ਕਰੇ। ਵੋਟ ਦੀ ਵਰਤੋਂ ਪਾਰਟੀ ਦੇ ਨਾਮ ਉੱਤੇ ਨਹੀਂ ਸਗੋਂ ਉਮੀਦਵਾਰ ਦੇ ਕਿਰਦਾਰ ਨੂੰ ਦੇਖ ਕਰੀਏ। ਉਸੇ ਉਮੀਦਵਾਰ ਨੂੰ ਜਿਤਾਈਏ ਜਿਹੜਾ ਲੋਕ-ਸੇਵਾ ਨੂੰ ਸਮਰਪਿਤ ਹੋਵੇ, ਇਮਾਨਦਾਰ ਹੋਵੇ ਅਤੇ ਹੰਕਾਰ ਤੋਂ ਮੁਕਤ ਹੋਵੇ। ਇਸ ਵਾਰ ਦੀ ਦਿਵਾਲੀ ਨੂੰ ਯਾਦਗਾਰੀ ਦਿਵਾਲੀ ਬਣਾਈਏ। ਪੰਜਾਬ ਦੀ ਸਰਵਪੱਖੀ ਸਫ਼ਾਈ ਦੀ ਯੋਜਨਾ ਬਣਾ ਕੇ ਮੁਹਿੰਮ ਸ਼ੁਰੂ ਕਰੀਏ। ਇਸ ਨਵੇਂ ਇਨਕਲਾਬ ਨੂੰ ਸਿਰਜ ਕੇ ਪੰਜਾਬ ਇੱਕ ਵਾਰ ਫਿਰ ਕੇਵਲ ਦੇਸ਼ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆ ਲਈ ਮਿਸਾਲ ਅਤੇ ਰਾਹ ਦਸੇਰਾ ਬਣੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































