“ਪਿੱਛੇ ਜਿਹੇ ਵਿਆਹਾਂ ਦੇ ਪੰਜਾਬੀ ਵਿੱਚ ਲਿਖੇ ਖੂਬਸੂਰਤ ਕੁਝ ਸੱਦਾ ਪੱਤਰ ਵੇਖਣ ਨੂੰ ਮਿਲੇ ਹਨ ਜਿਹੜੇ ਬਹੁਤ ...”
(18 ਫਰਵਰੀ 2023)
ਇਸ ਸਮੇਂ ਪਾਠਕ: 131.
ਇਸ ਸੱਚ ਨੂੰ ਕਬੂਲਣਾ ਪਵੇਗਾ ਕਿ ਰੱਜ ਕੇ ਰੋਟੀ ਖਾਣ ਵਾਲੇ ਪੰਜਾਬੀ ਪਰਿਵਾਰਾਂ ਦੇ ਬੱਚੇ ਆਪਣੀ ਮਾਂ-ਬੋਲੀ ਤੋਂ ਦੂਰ ਹੋ ਰਹੇ ਹਨ। ਪੜ੍ਹਨੀ ਤੇ ਲਿਖਣੀ ਤਾਂ ਦੂਰ ਉਨ੍ਹਾਂ ਨੂੰ ਤਾਂ ਪੰਜਾਬੀ ਬੋਲਣ ਵਿੱਚ ਵੀ ਕਠਿਨਾਈ ਆ ਰਹੀ ਹੈ। ਪੰਜਾਬੀ ਨੂੰ ਪੰਜਾਬ ਵਿੱਚ ਸਰਕਾਰੀ ਕੰਮਕਾਜ ਦੀ ਭਾਸ਼ਾ ਬਣਾਇਆ ਗਿਆ ਹੈ ਪਰ ਬਹੁਤਾ ਕੰਮਕਾਜ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੁੰਦਾ ਹੈ ਕਿ ਕਿਉਂਕਿ ਬਹੁਤੇ ਅਫਸਰ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਨਹੀਂ ਰੱਖਦੇ। ਵਰਤੋਂ ਵਿੱਚ ਨਾ ਆਉਣ ਕਰਕੇ ਬਹੁਤ ਸਾਰੇ ਪੰਜਾਬੀ ਦੇ ਸ਼ਬਦ ਅਲੋਪ ਹੋ ਰਹੇ ਹਨ। ਪੰਜਾਬੀ ਸੱਭਿਆਚਾਰ, ਲੋਕ ਗੀਤ, ਸੰਗੀਤ, ਨਾਚ ਆਦਿ ਖ਼ਤਮ ਹੋ ਰਹੇ ਹਨ ਜਾਂ ਉਨ੍ਹਾਂ ਦਾ ਸਰੂਪ ਵਿਗੜ ਰਿਹਾ ਹੈ। ਸਾਰੇ ਪੰਜਾਬੀਆਂ ਦੀ ਲੋਚਾ ਹੈ ਕਿ ਆਪਣੇ ਬੱਚਿਆਂ ਨੂੰ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਇਆ ਜਾਵੇ। ਇਹ ਸਕੂਲ ਪੰਜਾਬੀ ਦੀ ਪੜ੍ਹਾਈ ਨਹੀਂ ਕਰਵਾਉਂਦੇ, ਸਗੋਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਵੀ ਮਨ੍ਹਾਂ ਕਰਦੇ ਹਨ। ਪੰਜਾਬੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਜਿੱਥੇ ਬਹੁਤੇ ਬੱਚੇ ਗਰੀਬ ਪਰਿਵਾਰਾਂ ਜਾਂ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਦੇ ਪੜ੍ਹਦੇ ਹਨ। ਇੰਝ ਪੰਜਾਬੀ ਦੀ ਪੜ੍ਹਾਈ ਦੂਜੇ ਸੂਬਿਆਂ ਦੇ ਬੱਚੇ ਕਰਦੇ ਹਨ। ਪੰਜਾਬੀ ਪੜ੍ਹ ਕੇ ਬਹੁਤੀਆਂ ਛੋਟੀਆਂ ਨੌਕਰੀਆਂ ਇਹ ਬੱਚੇ ਹੀ ਕਰਦੇ ਹਨ। ਇਹ ਪੰਜਾਬੀ ਬੋਲਦੇ ਹਨ ਜਿਸ ਵਿੱਚ ਉਹ ਆਪਣੀ ਬੋਲੀ ਦੇ ਸ਼ਬਦ ਵੀ ਜੋੜ ਰਹੇ ਹਨ, ਉਨ੍ਹਾਂ ਦਾ ਉਚਾਰਨ ਵੀ ਸ਼ੁੱਧ ਨਹੀਂ ਹੁੰਦਾ, ਇੰਝ ਪੰਜਾਬੀ ਦਾ ਸਰੂਪ ਵੀ ਵਿਗੜ ਰਿਹਾ ਹੈ। ਇਹੋ ਹਾਲ ਲੋਕ ਗੀਤਾਂ, ਲੋਕ ਨਾਚਾਂ, ਲੋਕ ਤਿਉਹਾਰਾਂ ਦਾ ਹੋ ਰਿਹਾ ਹੈ। ਪੰਜਾਬੀ ਜਿਸਦੇ ਸਰੂਪ ਨੂੰ ਇਸਦੇ ਸਪੂਤਾਂ ਨੇ ਪਿਛਲੇ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਸਮੇਂ ਤਕ ਸੰਭਾਲ ਕੇ ਰੱਖਿਆ, ਉਹ ਹੁਣ ਵਿਗੜ ਰਿਹਾ ਹੈ। ਪੰਜਾਬੀ ਪਿਆਰਿਆਂ ਨੂੰ ਇਸ ਪਾਸੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੇ ਸਰੂਪ ਨੂੰ ਸੰਭਾਲ ਕੇ ਰੱਖਿਆ ਜਾ ਸਕੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਵਿਸ਼ਵੀਕਰਨ ਦੇ ਯੁਗ ਵਿੱਚ ਅੰਗਰੇਜ਼ੀ ਦਾ ਗਿਆਨ ਹੋਣਾ ਜ਼ਰੂਰੀ ਹੈ, ਪਰ ਇਹ ਵੀ ਸੱਚ ਹੈ ਕਿ ਆਪਣੀ ਮਾਂ ਬੋਲੀ ਦੇ ਗਿਆਨ ਤੋਂ ਬਗੈਰ ਕਿਸੇ ਵੀ ਵਿਦੇਸ਼ੀ ਭਾਸ਼ਾ ਵਿੱਚ ਮੁਹਾਰਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਬੱਚੇ ਦੀ ਮੁਢਲੀ ਪੜ੍ਹਾਈ ਹਮੇਸ਼ਾ ਮਾਂ ਬੋਲੀ ਵਿੱਚ ਹੀ ਹੋਣੀ ਚਾਹੀਦੀ ਹੈ। ਇਸ ਨਾਲ ਉਸ ਨੂੰ ਕੋਈ ਵੀ ਮਾਨਸਿਕ ਪ੍ਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਸਕੂਲ ਵਿੱਚ ਵੀ ਉਹੋ ਕੁਝ ਬੋਲਦਾ ਤੇ ਲਿਖਦਾ ਹੈ ਜਿਹੜਾ ਉਹ ਘਰ ਬਾਹਰ ਬੋਲਦਾ ਤੇ ਸੁਣਦਾ ਹੈ। ਜਦੋਂ ਮਾਂ ਬੋਲੀ ਵਿੱਚ ਮੁਹਾਰਤ ਹੋ ਜਾਵੇ ਫਿਰ ਬੱਚੇ ਨੂੰ ਦੂਜੀਆਂ ਬੋਲੀਆਂ ਸਿੱਖਣ ਲਈ ਪ੍ਰੇਰਿਆ ਜਾਵੇ ਅਤੇ ਉਕਸਾਇਆ ਜਾਵੇ। ਇਸਦਾ ਪ੍ਰਮਾਣ ਅੱਜ ਤੋਂ ਅੱਧੀ ਸਦੀ ਪਹਿਲਾਂ ਸਕੂਲਾਂ ਵਿੱਚ ਪੜ੍ਹੇ ਵਿਅਕਤੀਆਂ ਤੋਂ ਮਿਲ ਜਾਂਦਾ ਹੈ। ਉਦੋਂ ਅੰਗਰੇਜ਼ੀ ਦੀ ਪੜ੍ਹਾਈ ਪੰਜਵੀਂ ਜਮਾਤ ਤੋਂ ਸ਼ੁਰੂ ਹੁੰਦੀ ਸੀ ਪਰ ਉਦੋਂ ਦੇ ਦਸਵੀਂ ਪਾਸ ਦੀ ਅੰਗਰੇਜ਼ੀ ਹੁਣ ਦੇ ਬੀ.ਏ. ਪਾਸ ਨਾਲੋਂ ਵਧੀਆ ਹੁੰਦੀ ਸੀ। ਹੁਣ ਤਕ ਪੰਜਾਬ ਦੇ ਪਿੰਡਾਂ ਨੇ ਪੰਜਾਬੀ ਸ਼ਬਦ ਭੰਡਾਰ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਸੀ। ਪਰ ਹੁਣ ਉਹ ਅੰਗਰੇਜ਼ੀ ਦੇ ਚੱਕਰ ਵਿੱਚ ਅਤੇ ਜੀਵਨ ਸ਼ੈਲੀ ਵਿੱਚ ਆਏ ਬਦਲਾਵ ਕਾਰਨ ਇਸ ਨੂੰ ਤਿਆਗ ਰਹੇ ਹਨ। ਇਸੇ ਕਾਰਨ ਨਵੀਂ ਪੀੜ੍ਹੀ ਆਪਣੀਆਂ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੀ ਹੈ। ਹੁਣ ਸੱਚ, ਸੰਤੋਖ, ਹੱਥੀਂ ਕਿਰਤ ਕਰਨੀ, ਨਿਮਰਤਾ ਆਦਿ ਉਨ੍ਹਾਂ ਦੇ ਜੀਵਨ ਵਿੱਚੋਂ ਮਨਫੀ ਹੋ ਰਹੇ ਹਨ। ਉਹ ਨਾਮ ਜਪਣ ਭਾਵ ਰੱਬੀ ਗੁਣਾਂ ਅਤੇ ਵੰਡ ਛਕਣਾ ਵਰਗੇ ਗੁਣਾਂ ਤੋਂ ਦੂਰ ਹੋ ਰਹੇ ਹਨ। ਪੰਜਾਬੀ ਆਪਣੀ ਸਰੀਰਕ ਤਾਕਤ ਅਤੇ ਖੁੱਲ੍ਹੇ ਸੁਭਾਅ ਲਈ ਪ੍ਰਸਿੱਧ ਸਨ, ਪਰ ਹੁਣ ਇਹ ਦੋਵੇਂ ਗੁਣ ਲੱਭਣੇ ਔਖੇ ਹੋ ਰਹੇ ਹਨ। ਪੰਜਾਬ ਦੀ ਜਵਾਨੀ ਦੁੱਧ ਦੀ ਥਾਂ ਨਸ਼ਿਆਂ ਨੂੰ ਵਧੇਰੇ ਪਸੰਦ ਕਰਨ ਲੱਗ ਪਈ ਹੈ। ਵਿਖਾਵੇ ਅਤੇ ਪੈਸਾ ਕਮਾਉਣ ਦੀ ਦੌੜ ਵਿੱਚ ਸੰਤੋਖ ਅਤੇ ਸੱਚ ਅਲੋਪ ਹੋ ਰਹੇ ਹਨ। ਸਮਾਜਿਕ ਸਮਾਗਮਾਂ ਉੱਤੇ ਕੀਤਾ ਜਾ ਰਿਹਾ ਬੇਲੋੜਾ ਖਰਚਾ ਇਸਦੀ ਗਵਾਹੀ ਭਰਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅੱਜ ਕੋਈ ਵੀ ਵਿਖਾਵੇ ਦਾ ਅਸਰ ਨਹੀਂ ਕਬੂਲਦਾ ਸਗੋਂ ਈਰਖਾ ਵੱਸ ਉਲਟਾ ਹੀ ਬੋਲਦੇ ਹਨ। ਵਿਤੋਂ ਵਧ ਖਰਚਾ, ਕਰਜ਼ਾ ਚੁੱਕ ਜਾਂ ਦੋ ਨੰਬਰ ਦੀ ਕਮਾਈ ਨਾਲ ਹੀ ਕੀਤਾ ਜਾ ਸਕਦਾ ਹੈ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਅਤੇ ਵਿਰਸੇ ਨਾਲ ਜੋੜਿਆ ਜਾਵੇ। ਇਹ ਕਾਰਜ ਔਖਾ ਜ਼ਰੂਰ ਹੋ ਗਿਆ ਹੈ ਪਰ ਅਸੰਭਵ ਨਹੀਂ ਹੈ। ਇਹ ਜਾਣ ਕੇ ਤਸੱਲੀ ਹੁੰਦੀ ਹੈ ਕਿ ਕੁਝ ਬੁੱਧਜੀਵੀਆਂ ਤੇ ਪੰਜਾਬੀ ਹਿਤੈਸ਼ੀਆਂ ਵਿੱਚ ਇਸ ਪਾਸੇ ਯਤਨ ਕਰਨ ਦੀ ਲਾਲਸਾ ਜਾਗੀ ਹੈ। ਉਹ ਮਾਂ ਬੋਲੀ ਦਿਵਸ ਮਨਾਉਣ ਲੱਗ ਪਏ ਹਨ। ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਜਲਸੇ ਜਲੂਸ ਵੀ ਕੱਢ ਰਹੇ ਹਨ ਪਰ ਲੋੜ ਅਮਲਾਂ ਦੀ ਹੈ। ਜਦੋਂ ਤਕ ਪੰਜਾਬੀ ਹਿਤੈਸ਼ੀ ਅਮਲੀ ਕਦਮ ਨਹੀਂ ਪੁੱਟਦੇ ਉਦੋਂ ਤਕ ਉਨ੍ਹਾਂ ਦੇ ਪ੍ਰਚਾਰ ਦਾ ਕੋਈ ਬਹੁਤਾ ਅਸਰ ਨਹੀਂ ਹੋਣ ਲੱਗਾ। ਅਸੀਂ ਸਰਕਾਰ ਨੂੰ ਤਾਂ ਪੰਜਾਬੀ ਦੀ ਵਰਤੋਂ ਲਈ ਜ਼ੋਰ ਪਾ ਰਹੇ ਹਾਂ ਪਰ ਆਪਣੀ ਨਿੱਜੀ ਵਰਤੋਂ ਵਿੱਚ ਅਜਿਹਾ ਕਰਨ ਤੋਂ ਸੰਕੋਚ ਕਰ ਰਹੇ ਹਾਂ। ਇਹ ਪੰਜਾਬ ਹੀ ਹੈ ਜਿੱਥੇ ਦੁਕਾਨਾਂ, ਮਕਾਨਾਂ ਜਾਂ ਦਫਤਰਾਂ ਦੇ ਬਾਹਰ ਅੰਗਰੇਜ਼ੀ ਵਿੱਚ ਹੀ ਨਾਮ ਲਿਖੇ ਮਿਲਦੇ ਹਨ। ਬਹੁਤਾ ਚਿੱਠੀ ਪੱਤਰ ਵੀ ਅੰਗਰੇਜ਼ੀ ਵਿੱਚ ਹੀ ਕੀਤਾ ਜਾਂਦਾ ਹੈ। ਆਪਣੇ ਪਹਿਚਾਣ ਪੱਤਰ, ਪੱਤਰ ਪੈਡ ਤੇ ਕਈ ਵਾਰ ਤਾਂ ਨਾਮ ਵੀ ਅੰਗਰੇਜ਼ੀ ਵਿੱਚ ਹੀ ਲਿਖਦੇ ਹਾਂ। ਵਿਆਹਾਂ ਅਤੇ ਹੋਰ ਸਮਾਗਮਾਂ ਦੇ ਸੱਦਾ ਪੱਤਰ ਵੀ ਆਮ ਕਰਕੇ ਅੰਗਰੇਜ਼ੀ ਵਿੱਚ ਹੀ ਛਾਪੇ ਜਾਂਦੇ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਵੀ ਅੰਗਰੇਜ਼ੀ ਵਿੱਚ ਹੀ ਕਰਨ ਦਾ ਯਤਨ ਕੀਤਾ ਜਾਂਦਾ ਹੈ। ਬੱਚੇ ਨੂੰ ਕਦੇ ‘ਬੂਹਾ ਬੰਦ ਕਰਨ ਲਈ’ ਆਖਣ ਵਾਸਤੇ ਅਸੀਂ ‘ਬੇਟਾ ਡੋਰ ਕਲੋਜ ਕਰ ਦੋ’ ਆਖਦੇ ਹਾਂ। ਆਵੋ ਆਪਣੇ ਘਰਾਂ, ਦੁਕਾਨਾਂ ਅਤੇ ਦਫਤਰਾਂ ਦੇ ਬਾਹਰ ਪੰਜਾਬੀ ਬੋਰਡ ਲਗਾਈਏ। ਆਪਣੀ ਬੋਲਚਾਲ ਵਿੱਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਤੋਂ ਸੰਕੋਚ ਕਰੀਏ ਤਾਂ ਜੋ ਪੰਜਾਬੀ ਦੇ ਸ਼ਬਦ ਭੰਡਾਰ ਨੂੰ ਬਣਾਈ ਰੱਖਿਆ ਜਾ ਸਕੇ। ਸਮਾਗਮਾਂ ਦੇ ਸੱਦਾ ਪੱਤਰ ਪੰਜਾਬੀ ਵਿੱਚ ਬਣਾਈਏ। ਪਿੱਛੇ ਜਿਹੇ ਵਿਆਹਾਂ ਦੇ ਪੰਜਾਬੀ ਵਿੱਚ ਲਿਖੇ ਖੂਬਸੂਰਤ ਕੁਝ ਸੱਦਾ ਪੱਤਰ ਵੇਖਣ ਨੂੰ ਮਿਲੇ ਹਨ ਜਿਹੜੇ ਬਹੁਤ ਖੂਬਸੂਰਤ ਸਨ। ਆਪਣੇ ਚਿੱਠੀ ਪੱਤਰ, ਕਾਪੀਆਂ ਤੇ ਕਾਰਡ ਪੰਜਾਬੀ ਵਿੱਚ ਬਣਾਈਏ। ਚਿੱਠੀਆਂ ਤੇ ਅਰਜ਼ੀਆਂ ਪੰਜਾਬੀ ਵਿੱਚ ਲਿਖੀਆਂ ਜਾਣ। ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਜ਼ਰੂਰੀ ਬਣਾਈ ਜਾਵੇ। ਸੈਮੀਨਾਰ, ਵਿਚਾਰ ਗੋਸ਼ਟੀਆਂ, ਵਿਸ਼ੇਸ਼ ਭਾਸ਼ਣ, ਜਿੱਥੋਂ ਤਕ ਹੋ ਸਕੇ ਪੰਜਾਬੀ ਵਿੱਚ ਕੀਤੇ ਜਾਣ। ਇੰਝ ਸੱਚੀਆਂ ਤੇ ਸੁੱਚੀਆਂ ਵਿਚਾਰਾਂ ਹੋ ਸਕਣਗੀਆਂ ਤੇ ਚੰਗੇ ਨਤੀਜੇ ਪ੍ਰਾਪਤ ਹੋਣਗੇ। ਹੁਣ ਇਹ ਰਸਮੀ ਜਿਹੇ ਹੀ ਰਹਿ ਗਏ ਹਨ, ਕਿਉਂਕਿ ਅੰਗਰੇਜ਼ੀ ਵਿੱਚ ਤਾਂ ਬਹੁਤੇ ਵਿਚਾਰ ਮੰਗਵੇਂ ਹੀ ਹੁੰਦੇ ਹਨ। ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜੀਏ ਤੇ ਰਲਮਿਲ ਕੇ ਇਨ੍ਹਾਂ ਨੂੰ ਨਿੱਜੀ ਸਕੂਲਾਂ ਤੋਂ ਵਧੀਆ ਬਣਾਉਣ ਦਾ ਯਤਨ ਕਰੀਏ। ਹਰੇਕ ਕਾਰਜ ਲਈ ਸਰਕਾਰ ਵੱਲ ਝਾਕਣਾ ਘੱਟ ਕੀਤਾ ਜਾਵੇ। ਆਪਣੇ ਯਤਨਾਂ ਨਾਲ ਸਰਕਾਰੀ ਸਕੂਲਾਂ ਨੂੰ ਅਖੌਤੀ ਅੰਗੇਰਜ਼ੀ ਸਕੂਲਾਂ ਦੇ ਹਾਣ ਦਾ ਬਣਾਈਏ।
ਪੰਜਾਬੀ ਵਿੱਚ ਗਿਆਨ ਵਿਗਿਆਨ ਨਾਲ ਸੰਬੰਧਿਤ ਮੌਲਿਕ ਕਿਤਾਬਾਂ ਦੀ ਘਾਟ ਹੈ। ਲੇਖਕਾਂ ਨੂੰ ਰਵਾਇਤੀ ਸੋਚ ਤੇ ਵਿਗਿਆਨਕ ਧਾਰਨਾਵਾਂ ਆਧਾਰਿਤ ਪੰਜਾਬੀ ਵਿੱਚ ਖੋਜ ਕਰਨ ਦੀ ਲੋੜ ਹੈ। ਹੁਣ ਲੋਕਾਂ ਕੋਲ ਨਾਵਲ ਕਹਾਣੀ ਪੜ੍ਹਨ ਦਾ ਸਮਾਂ ਨਹੀਂ ਹੈ। ਇਹ ਸਮਾਂ ਟੈਲੀਵਿਜ਼ਨ ਦੇ ਸੀਰੀਅਲਾਂ ਅਤੇ ਇੰਟਰਨੈੱਟ ਨੇ ਲੈ ਲਿਆ ਹੈ। ਹੁਣ ਗਿਆਨ ਵਿਗਿਆਨ ਅਤੇ ਧਾਰਮਿਕ ਕਿਤਾਬਾਂ ਦੀ ਵਧੇਰੇ ਮੰਗ ਹੈ। ਪੰਜਾਬੀ ਵਿੱਚ ਅਜਿਹੇ ਸਾਹਿਤ ਦੀ ਘਾਟ ਹੈ। ਇਸਦਾ ਇੱਕ ਕਾਰਨ ਅਜਿਹੀਆਂ ਪੁਸਤਕਾਂ ਨੂੰ ਅਖੌਤੀ ਸਾਹਿਤਕਾਰਾਂ ਵੱਲੋਂ ਸਾਹਿਤ ਦਾ ਅੰਗ ਨਾ ਕਬੂਲਣਾ ਹੈ। ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ ਵਿੱਚ ਬੜੀ ਮੁਸ਼ਕਿਲ ਨਾਲ ਇੱਕ ਪੁਰਸਕਾਰ ਗਿਆਨ ਵਿਗਿਆਨ ਸਾਹਿਤ ਲਈ ਰੱਖਿਆ ਗਿਆ ਹੈ ਪਰ ਇਸ ਨੂੰ ਸ਼੍ਰੋਮਣੀ ਸਾਹਿਤਕਾਰ ਕਹਿਣ ਦੀ ਥਾਂ ਸ਼੍ਰੋਮਣੀ ਲੇਖਕ ਆਖਿਆ ਜਾ ਰਿਹਾ ਹੈ। ਜਦੋਂ ਤਕ ਕਿਸੇ ਭਾਸ਼ਾ ਦਾ ਭੰਡਾਰ ਗਿਆਨ, ਵਿਗਿਆਨ, ਨਵੇਂ ਵਿਚਾਰਾਂ ਫ਼ਲਸਫ਼ੇ ਆਦਿ ਨਾਲ ਭਰਪੂਰ ਨਹੀਂ ਹੁੰਦਾ ਉਦੋਂ ਤੀਕ ਇਸਦਾ ਦਰਜਾ ਹੇਠਾਂ ਹੀ ਰਹਿੰਦਾ ਹੈ। ਆਵੋ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜੀਏ। ਇਸੇ ਰਾਹੀਂ ਉਹ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਜੁੜ ਸਕਣਗੇ। ਹੁਣ ਉਹ ਇਨ੍ਹਾਂ ਤੋਂ ਦੂਰ ਹੋ ਰਹੇ ਹਨ ਜਿਸ ਕਾਰਨ ਪੰਜਾਬੀ ਸਮਾਜ ਇੱਕ ਡੂੰਘੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸੱਚ, ਸੰਤੋਖ ਤੇ ਵਿਚਾਰ ਵਟਾਂਦਰੇ ਰਾਹੀਂ ਸਮੱਸਿਆਵਾਂ ਦੇ ਹੱਲ ਲੱਭਣ ਦੀ ਪ੍ਰੰਪਰਾ ਟੁੱਟ ਰਹੀ ਹੈ। ਵਿਖਾਵੇ ਦਾ ਬੋਲਬਾਲਾ ਹੋ ਗਿਆ ਹੈ।
ਵਿਆਹਾਂ ਸ਼ਾਦੀਆਂ ਵਿੱਚ ਰਵਾਇਤੀ ਰਸਮਾਂ ਰਿਵਾਜਾਂ ਦੀ ਥਾਂ ਵਿਖਾਵਾ, ਸ਼ੋਰ ਸ਼ਰਾਬਾ ਅਤੇ ਸ਼ਰਾਬ ਨੇ ਲੈ ਲਈ ਹੈ। ਆਪਸੀ ਪਿਆਰ, ਰਿਸ਼ਤਿਆਂ ਦਾ ਸਤਿਕਾਰ, ਨਿਮਰਤਾ ਆਦਿ ਅਲੋਪ ਹੋ ਰਹੇ ਹਨ। ਤੇਜ਼ੀ ਨਾਲ ਅਮੀਰ ਬਣਨ ਲਈ ਗਲਤ ਢੰਗ ਅਪਣਾਏ ਜਾਣ ਲੱਗ ਪਏ ਹਨ। ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਵਾਲੀ ਸੋਚ ਜੀਵਨ ਵਿੱਚੋਂ ਮਨਫੀ ਹੋ ਰਹੀ ਹੈ। ਹੋਰ ਵੀ ਕਈ ਕਾਰਨ ਹੋਣਗੇ ਪਰ ਮੁੱਖ ਕਾਰਨ ਆਪਣੀ ਬੋਲੀ, ਵਿਰਸੇ ਤੇ ਸੱਭਿਆਚਾਰ ਤੋਂ ਦੂਰ ਹੋਣਾ ਹੈ।
ਆਵੋ ਆਪਣੀ ਬੋਲੀ ’ਤੇ ਮਾਣ ਕਰੀਏ, ਇਸ ਨਾਲ ਆਤਮ ਵਿਸ਼ਵਾਸ ਦ੍ਰਿੜ੍ਹ ਹੋਵੇਗਾ। ਗਿਆਨ, ਵਿਗਿਆਨ ਤੇ ਤਕਨੀਕ ਦੇ ਖੇਤਰ ਵਿੱਚ ਮੌਲਿਕ ਅਤੇ ਉੱਚੀਆਂ ਉਡਾਰੀਆਂ ਮਾਰ ਸਕਾਂਗੇ। ਮਾਂ ਬੋਲੀ ਦੀ ਮਹੱਤਤਾ ਨੂੰ ਰੱਖਦਿਆਂ ਹੀ ਯੂਨੈਸਕੋ ਵੱਲੋਂ ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕੇਵਲ ਕੁਝ ਰਿਵਾਇਤੀ ਸਮਾਗਮਾਂ ਤਕ ਹੀ ਸੀਮਤ ਨਾ ਰੱਖੀਏ ਸਗੋਂ ਠੋਸ ਪ੍ਰਾਜੈਕਟ ਉਲੀਕੇ ਜਾਣ। ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਨੂੰ ਵੀ ਸੰਭਾਲਣ ਦੀ ਲੋੜ ਹੈ। ਗਿਆਨ ਵਿਗਿਆਨ ਲਈ ਨਵੇਂ ਤੇ ਔਖੇ ਸ਼ਬਦ ਘੜਨ ਦੀ ਥਾਂ ਆਪਣੇ ਵਿਰਸੇ ਵਿੱਚੋਂ ਢੁਕਵੇਂ ਸ਼ਬਦਾਂ ਦੀ ਖੋਜ ਕੀਤੀ ਜਾਵੇ। ਇੰਝ ਪੰਜਾਬੀ ਦਾ ਸ਼ਬਦ ਭੰਡਾਰ ਹੀ ਵਿਸ਼ਾਲ ਨਹੀਂ ਹੋਵੇਗਾ ਸਗੋਂ ਉਨ੍ਹਾਂ ਦੀ ਸੰਭਾਲ ਵੀ ਹੋ ਸਕੇਗੀ। ਸਰਕਾਰੀ ਦਫਤਰਾਂ, ਬੈਂਕਾਂ, ਡਾਕਘਰਾਂ ਵਿੱਚ ਫਾਰਮ ਪੰਜਾਬੀ ਵਿੱਚ ਭਰੀਏ। ਕੁਰਾਹੇ ਪੈ ਰਹੇ ਪੰਜਾਬ ਨੂੰ ਸਹੀ ਰਾਹੇ ਪਾਉਣ ਵਿੱਚ ਯੋਗਦਾਨ ਪਾਈਏ। ਅਜਿਹਾ ਕੀਤਿਆਂ ਹੀ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3804)
(ਸਰੋਕਾਰ ਨਾਲ ਸੰਪਰਕ ਲਈ: