“ਅਜ਼ਾਦੀ ਪਿੱਛੋਂ ਸਾਡੇ ਸੂਬੇ ਨੂੰ ਅਜਿਹੇ ਆਗੂ ਮਿਲੇ ਜਿਨ੍ਹਾਂ ਦੀ ਕਰਨੀ ਅਤੇ ਕਥਨੀ ਵਿੱਚ ਕੋਈ ਫਰਕ ਨਹੀਂ ਸੀ। ਅਸਲ ਵਿੱਚ ਉਹ ...”
(12 ਦਸੰਬਰ 2023)
ਇਸ ਸਮੇਂ ਪਾਠਕ: 112.
ਪੰਜਾਬੀ ਮਿਹਨਤੀ ਅਤੇ ਖਤਰਿਆਂ ਨਾਲ ਖੇਡਣ ਵਾਲਿਆਂ ਵਿੱਚ ਗਿਣੇ ਜਾਂਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਬਹਾਦਰ ਜਵਾਨ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਵੀ ਫਰਕ ਨਹੀਂ ਹੈ। ਉਹ ਜੋ ਠਾਣ ਲੈਂਦੇ ਹਨ ਉਸ ਨੂੰ ਕਰਕੇ ਹੀ ਵਿਖਾਉਂਦੇ ਹਨ। ਪਿਛਲੀ ਸਦੀ ਦੇ ਸ਼ੁਰੂ ਵਿੱਚ ਜਦੋਂ ਅੰਗਰੇਜ਼ ਸਰਕਾਰ ਨੇ ਦੇਸ਼ ਵਿੱਚੋਂ ਭੁੱਖਮਰੀ ਦੂਰ ਕਰਨ ਲਈ ਪੱਛਮੀ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਤਾਂ ਜੰਗਲਾਂ ਨੂੰ ਆਪਣੀ ਮਿਹਨਤ ਨਾਲ ਸਾਫ ਕਰਕੇ ਪੰਜਾਬੀਆਂ ਨੇ ਲਹਿਲਹਾਉਂਦੇ ਖੇਤਾਂ ਵਿੱਚ ਤਬਦੀਲ ਕਰ ਦਿੱਤਾ। ਅਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ। ਇਸ ਪਾਸਿਓਂ ਪੰਜਾਬੀ ਜਿਹੜੇ ਗੱਡੇ ਜੋੜ ਕੇ ਬਾਰਾਂ ਅਬਾਦ ਕਰਨ ਗਏ ਸਨ, ਉਨ੍ਹਾਂ ਗੱਡਿਆਂ ਉੱਤੇ ਹੀ ਉਨ੍ਹਾਂ ਨੂੰ ਸਭ ਕੁਝ ਲੁਟਾ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ। ਪਰ ਇਸ ਪਾਸੇ ਪੈਰ ਲਗਦਿਆਂ ਹੀ ਉਨ੍ਹਾਂ ਮਿਹਨਤ ਕੀਤੀ ਅਤੇ ਪੂਰਬੀ ਪੰਜਾਬ ਨੂੰ ਹਰੇ ਇਨਕਲਾਬ ਦੀ ਕਰਮਭੂਮੀ ਬਣਾ ਦਿੱਤਾ।
ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਜੰਗਲਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਅਬਾਦ ਕਰਨ ਵਾਲੇ ਵੀ ਪੰਜਾਬੀ ਹੀ ਹਨ। ਇਸੇ ਤਰ੍ਹਾਂ ਰਾਜਸਥਾਨ ਦੇ ਰੇਤਲੇ ਟਿੱਬਿਆਂ ਨੂੰ ਲਹਿਲਹਾਉਂਦੇ ਖੇਤਾਂ ਵਿੱਚ ਵੀ ਪੰਜਾਬੀਆਂ ਨੇ ਹੀ ਤਬਦੀਲ ਕੀਤਾ। ਜਦੋਂ ਵੀ ਮੌਕਾ ਮਿਲਿਆ ਵਿਦੇਸ਼ਾਂ ਵਿੱਚ ਜਾ ਕੇ ਵੀ ਉਨ੍ਹਾਂ ਆਪਣੀ ਮਿਹਨਤ ਨਾਲ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਇਹ ਬੜੇ ਦੁਖੀ ਹਿਰਦੇ ਨਾਲ ਲਿਖਣਾ ਪੈਂਦਾ ਹੈ ਕਿ ਇਸ ਸਦੀ ਦੇ ਸ਼ੁਰੂ ਹੁੰਦਿਆਂ ਹੀ ਪੰਜਾਬੀਆਂ, ਵਿਸ਼ੇਸ਼ ਕਰਕੇ ਇੱਥੋਂ ਦੇ ਲੀਡਰਾਂ ਦਾ ਕਿਰਦਾਰ ਕੇਵਲ ਕਥਨੀ ਤਕ ਹੀ ਸੀਮਤ ਹੋਣ ਲੱਗ ਪਿਆ। ਹੁਣ ਉਹ ਕਰਨੀ ਤੋਂ ਦੂਰ ਹੋ ਰਹੇ ਹਨ। ਅਜਿਹਾ ਕੇਵਲ ਰਾਜਸੀ ਲੀਡਰਾਂ ਵਿੱਚ ਹੀ ਨਹੀਂ ਹੋ ਰਿਹਾ, ਸਗੋਂ ਸਾਡੇ ਧਾਰਮਿਕ ਲੀਡਰ, ਪ੍ਰਚਾਰਕ ਅਤੇ ਸਮਾਜ ਸੇਵਕਾਂ ਦੀ ਸੋਚ ਵੀ ਅਜਿਹੀ ਹੀ ਬਣਦੀ ਜਾ ਰਹੀ ਹੈ। ਉਹ ਕੇਵਲ ਪ੍ਰਵਚਨ ਕਰਦੇ ਹਨ, ਨਾਅਰੇ ਲਗਾਉਂਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ਪਰ ਉਨ੍ਹਾਂ ਦੀ ਸਮੱਸਿਆਂ ਹੱਲ ਕਰਨ ਦਾ ਕੋਈ ਯਤਨ ਨਹੀਂ ਕਰਦੇ। ਲੀਡਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਜਦੋਂ ਕੁਰਸੀ ਪ੍ਰਾਪਤ ਕਰ ਲੈਂਦੇ ਹਨ, ਆਪਣੇ ਕੀਤੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ। ਕੇਵਲ ਕੁਝ ਕੁ ਮੁਫ਼ਤ ਦੀਆਂ ਰਿਊੜੀਆਂ ਵੰਡ ਕੇ ਲੋਕਾਂ ਨੂੰ ਪਰਚਾਉਣ ਦਾ ਯਤਨ ਕਰਦੇ ਹਨ।
ਅਜ਼ਾਦੀ ਪਿੱਛੋਂ ਸਾਡੇ ਸੂਬੇ ਨੂੰ ਅਜਿਹੇ ਆਗੂ ਮਿਲੇ ਜਿਨ੍ਹਾਂ ਦੀ ਕਰਨੀ ਅਤੇ ਕਥਨੀ ਵਿੱਚ ਕੋਈ ਫਰਕ ਨਹੀਂ ਸੀ। ਅਸਲ ਵਿੱਚ ਉਹ ਵਾਅਦੇ ਕਰਨ ਵਿੱਚ ਯਕੀਨ ਨਹੀਂ ਸਨ ਰੱਖਦੇ, ਸਗੋਂ ਸੂਬੇ ਦੇ ਭਲੇ ਲਈ ਕਾਰਜ ਕਰਦੇ ਹਨ। ਲੋਕਾਂ ਵਿੱਚ ਵੀ ਜੋਸ਼ ਸੀ। ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਬਣਾ ਦਿੱਤਾ। ਜਿਸ ਤੇਜ਼ੀ ਨਾਲ ਪੰਜਾਬ ਵਿੱਚ ਖੇਤੀ ਅਤੇ ਪੇਂਡੂ ਵਿਕਾਸ ਹੋਇਆ, ਇਸਦੀ ਮਿਸਾਲ ਸੰਸਾਰ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਹੁਣ ਕੇਵਲ ਸਬਜ਼ਬਾਗ ਵਿਖਾਏ ਜਾਂਦੇ ਹਨ, ਲਗਾਏ ਨਹੀਂ ਜਾਂਦੇ। ਕਦੇ ਸਮਾਂ ਸੀ ਕਿ ਸਬਜ਼ਬਾਗ ਲਗਾ ਕੇ ਵਿਖਾਏ ਜਾਂਦੇ ਸਨ।
ਸਾਡੇ ਆਗੂਆਂ ਦੀ ਸੋਚ ਕਥਨੀ ਤਕ ਸੀਮਤ ਹੋ ਗਈ ਹੈ। ਇਸਦੀ ਪ੍ਰੋੜ੍ਹਤਾ ਲਈ ਕੁਝ ਮਿਸਾਲਾਂ ਹਾਜ਼ਰ ਹਨ। ਸਰਦਾਰ ਪ੍ਰਤਾਪ ਸਿੰਘ ਕੈਰੋਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਸੋਚ ਸੀ ਕਿ ਖੇਤੀ ਦੀ ਤਰੱਕੀ ਸਿੰਚਾਈ ਸਹੂਲਤਾਂ ਤੋਂ ਬਗੈਰ ਨਹੀਂ ਹੋ ਸਕਦੀ। ਨਹਿਰੀ ਪਾਣੀ ਮਿਲਣ ਨਾਲ ਪਛਮੀ ਪੰਜਾਬ ਦੀਆਂ ਬਾਰਾਂ ਨੂੰ ਲਹਿਰਲਹਾਉਂਦੇ ਖੇਤਾਂ ਵਿੱਚ ਬਦਲਿਆ ਗਿਆ ਸੀ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਇਹ ਲੋੜ ਖੂਹਾਂ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਪੰਜਾਬ ਵਿੱਚ ਨਹਿਰਾਂ ਦਾ ਜਾਲ ਇਸ ਢੰਗ ਨਾਲ ਵਿਛਾਇਆ ਕਿ ਹਰੇਕ ਖੇਤ ਤਕ ਨਹਿਰੀ ਪਾਣੀ ਪਹੁੰਚਿਆ। ਇਸ ਪਿੱਛੋਂ ਆਉਣ ਵਾਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਟਿਊਬਵੈਲ ਲਗਾਉਣ ਲਈ ਉਤਸ਼ਾਹਿਤ ਕੀਤਾ। ਇੱਥੋਂ ਤਕ ਕਿ ਬਿਜਲੀ ਵੀ ਮੁਫ਼ਤ ਕਰ ਦਿੱਤੀ। ਹੁਣ ਕਿਸਾਨ ਨਹਿਰੀ ਪਾਣੀ ਦੀ ਵਾਰੀ ਕਿਉਂ ਉਡੀਕੇਗਾ ਜਦੋਂ ਉਹ ਆਪੀ ਮਰਜ਼ੀ ਨਾਲ ਪਾਣੀ ਕੱਢ ਸਕਦਾ ਹੈ। ਨਵੀਆਂ ਸਰਕਾਰਾਂ ਨੇ ਬਹੁਤੀਆਂ ਕੱਸੀਆਂ, ਰਜਵਾਹੇ ਪੂਰ ਕੇ ਸੜਕਾ ਬਣਾ ਦਿੱਤੀਆਂ ਹਨ ਜਾਂ ਲੋਕਾਂ ਨੇ ਆਪਣੇ ਖੇਤਾਂ ਨਾਲ ਰਲਾ ਲਏ ਹਨ। ਪੰਜਾਬ ਦੇ ਹਜ਼ਾਰਾਂ ਪਿੰਡ ਸ਼ਹਿਰਾਂ ਨੇ ਖਾ ਲਏ। ਉੱਥੇ ਵਗਣ ਵਾਲੇ ਰਜਵਾਹੇ ਵੀ ਸੜਕਾਂ ਵਿੱਚ ਤਬਦੀਲ ਹੋ ਗਏ।
ਹੁਣ ਧਰਤੀ ਹੇਠ ਜਿੰਨਾ ਪਾਣੀ ਜਾਂਦਾ ਹੈ, ਉਸ ਤੋਂ ਕਿਤੇ ਵਧ ਧਰਤੀ ਹੇਠੋਂ ਕੱਢਿਆ ਜਾਂਦਾ ਹੈ। ਧਰਤੀ ਹੇਠ ਪਾਣੀ ਜਾਣ ਦੇ ਵਸੀਲੇ, ਛੱਪੜ, ਰਜਵਾਹੇ, ਬਰਸਾਤੀ ਨਾਲੇ ਅਤੇ ਕੱਚੇ ਰਾਹ ਸਾਰੇ ਬੰਦ ਹੋ ਗਏ ਹਨ। ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਕਿਸੇ ਯੋਜਨਾਬੰਦ ਢੰਗ ਨਾਲ ਧਰਤੀ ਹੇਠ ਪਾਣੀ ਭੇਜਣ ਦਾ ਯਤਨ ਨਹੀਂ ਕੀਤਾ। ਮੁੱਕ ਰਹੇ ਪਾਣੀ ਦਾ ਰੌਲਾ ਜ਼ਰੂਰ ਸਾਰੇ ਹੀ ਪਾ ਰਹੇ ਹਨ ਅਤੇ ਕਿਸਾਨਾਂ ਦੇ ਸਿਰ ਭਾਂਡਾ ਭੰਨ ਰਹੇ ਹਨ। ਜੇਕਰ ਕਿਸਾਨ ਝੋਨਾ ਲਗਾਉਣਾ ਬੰਦ ਕਰ ਵੀ ਦੇਣ ਤਾਂ ਕੋਈ ਫਸਲ ਤਾਂ ਬੀਜੇਗਾ ਹੀ। ਪੰਜਾਬ ਵਿੱਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ। ਆਪਣੇ ਚੁੱਲ੍ਹੇ ਵਿੱਚ ਅੱਗ ਬਲਦੀ ਰੱਖਣ ਲਈ ਉਹ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਲੈਣ ਦਾ ਯਤਨ ਕਰੇਗਾ। ਗੈਰ ਖੇਤੀ ਕੰਮਾਂ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਵਲ ਵੀ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੈ। ਸਾਨੂੰ ਆਪਣੇ ਗਵਾਂਢੀ ਰਾਜਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਰਾਜਸਥਾਨ ਵਿੱਚ ਜਦੋਂ ਕੋਈ ਫੈਕਟਰੀ ਲਗਦੀ ਹੈ ਤਾਂ ਉਸ ਲਈ ਲਾਜ਼ਮੀ ਕੀਤਾ ਜਾਂਦਾ ਹੈ ਕਿ ਜਿੰਨੇ ਪਾਣੀ ਦੀ ਉਸ ਨੂੰ ਲੋੜ ਹੈ, ਉਸ ਤੋਂ ਡਿਉਢਾ ਪਾਣੀ ਉਹ ਧਰਤੀ ਹੇਠ ਭੇਜੇਗਾ। ਬਰਸਾਤ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਕੁਝ ਛੱਪੜ ਅਲਾਟ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਉਸ ਫ਼ੈਕਟਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਉੱਥੇ ਰਿਸ਼ਵਤਖੋਰੀ ਘੱਟ ਹੋਣ ਕਰਕੇ ਨਕਲੀ ਸਰਟੀਫਿਕੇਟ ਪ੍ਰਾਪਤ ਕਰਨੇ ਔਖੇ ਹਨ।
ਇੱਕ ਹੋਰ ਮਿਸਾਲ ਲੁਧਿਆਣੇ ਵਿੱਚੋਂ ਲੰਘਦੇ ਬੁੱਢੇ ਨਾਲੇ ਦੀ ਲੈਂਦੇ ਹਾਂ। ਇਸਦੇ ਪਾਣੀ ਨੂੰ ਸਾਫ਼ ਕਰਨ ਲਈ ਪਿਛਲੀ ਅੱਧੀ ਸਦੀ ਤੋਂ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ। ਬਹੁਤ ਸਾਰੀਆਂ ਸੰਸਥਾਵਾਂ ਅਤੇ ਧਾਰਮਿਕ ਆਗੂਆਂ ਨੇ ਸਫਾਈ ਮੁਹਿੰਮਾਂ ਚਲਾਈਆਂ ਹਨ ਪਰ ਇਸਦਾ ਪਾਣੀ ਸਾਫ ਹੋਣ ਦੀ ਥਾਂ ਹੋਰ ਗੰਦਾ ਹੋ ਰਿਹਾ ਹੈ। ਇਹ ਕਦੇ ਦਰਿਆ ਸੀ ਅਤੇ ਮਾਛੀਵਾੜੇ ਕੋਲੋਂ ਸਤਲੁਜ ਵਿੱਚੋਂ ਨਿਕਲਦਾ ਸੀ। ਉਦੋਂ ਇਸਦੇ ਲਾਗੇ ਫੈਕਟਰੀਆਂ ਵੀ ਨਹੀਂ ਸਨ ਅਤੇ ਨਾ ਹੀ ਸ਼ਹਿਰਾਂ ਵਿੱਚ ਸੀਵਰੇਜ ਸੀ। ਪਾਣੀ ਸਾਫ ਸੀ, ਲੁਧਿਆਣੇ ਤਾਂ ਲੋਕੀ ਇੱਥੇ ਕੱਪੜੇ ਧੋਂਦੇ ਸਨ ਅਤੇ ਸਬਜ਼ੀਆਂ ਹੁੰਦੀਆਂ ਸਨ। ਜਦੋਂ ਸਤਲੁਜ ਦਰਿਆ ਦੇ ਕੰਢੇ ਬੰਨ੍ਹ ਬਣਾਏ ਗਏ ਤਾਂ ਇਹ ਬੰਦ ਹੋ ਗਿਆ। ਹੁਣ ਇਹ ਕੂੰਮ ਕਲਾਂ ਪਿੰਡ ਦੇ ਗੰਦੇ ਪਾਣੀ ਨਾਲ ਸ਼ੁਰੂ ਹੁੰਦਾ ਹੈ। ਇਸਦੇ ਨੇੜੇ ਲੱਗੇ ਕਾਰਖਾਨੇ ਵੀ ਆਪਣਾ ਗੰਦਾ ਪਾਣੀ ਇਸੇ ਵਿੱਚ ਹੀ ਸੁੱਟਦੇ ਹਨ। ਲੁਧਿਆਣਾ ਸ਼ਹਿਰ ਦੇ ਸੀਵਰੇਜ ਦਾ ਗੰਦ ਵੀ ਇਸੇ ਵਿੱਚ ਪੈਂਦਾ ਹੈ ਤੇ ਇਹ ਸਾਰੀ ਗੰਦਗੀ ਸਤਲੁਜ ਵਿੱਚ ਜਾ ਮਿਲਦੀ ਹੈ। ਇਹੋ ਪਾਣੀ ਨਹਿਰਾਂ ਰਾਹੀਂ ਮਾਲਵੇ ਅਤੇ ਰਾਜਸਥਾਨ ਨੂੰ ਜਾਂਦਾ ਹੈ ਤੇ ਮਜਬੂਰੀ ਵੱਸ ਇਹੋ ਪਾਣੀ ਲੋਕਾਂ ਨੂੰ ਪੀਣਾ ਪੈਂਦਾ ਹੈ। ਇਹ ਇਲਾਕਾ ਕੈਂਸਰ ਪੱਟੀ ਬਣ ਗਿਆ ਹੈ ਅਤੇ ਇਸਦਾ ਸਾਰਾ ਭਾਂਡਾ ਵੀ ਕਿਸਾਨਾਂ ਦੇ ਸਿਰ ਭੰਨਿਆ ਜਾਂਦਾ ਹੈ। ਇਸਦੇ ਪਾਣੀ ਨੂੰ ਲੁਧਿਆਣੇ ਆਉਣ ਤੋਂ ਪਹਿਲਾਂ ਸਾਫ਼ ਕਰਕੇ ਸਿੰਚਾਈ ਲਈ ਦਿੱਤਾ ਜਾਵੇ, ਮੁੜ ਲੁਧਿਆਣੇ ਤੋਂ ਅੱਗੇ ਸਾਰੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾਵੇ। ਪਰ ਇਸ ਪਾਸੇ ਕਿਸੇ ਕੋਈ ਯਤਨ ਨਹੀਂ ਕੀਤਾ।
ਚਲੋ ਪੰਜਾਬ ਦੀ ਰਾਜਧਾਨੀ ਦੀ ਗੱਲ ਕਰੀਏ। ਸਰਦਾਰ ਕੈਰੋਂ ਨੇ ਪੰਜਾਬ ਲਈ ਅਤਿ ਆਧੁਨਿਕ ਸ਼ਹਿਰ ਦੇ ਰੂਪ ਵਿੱਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਸੀ। ਪੰਜਾਬੀ ਸੂਬਾ ਬਣਨ ਸਮੇਂ ਫ਼ੈਸਲਾ ਹੋਇਆ ਸੀ ਕਿ ਹਰਿਆਣਾ ਪੰਜ ਸਾਲਾਂ ਵਿੱਚ ਕੇਂਦਰ ਦੀ ਸਹਾਇਤਾ ਨਾਲ ਆਪਣੀ ਰਾਜਧਾਨੀ ਬਣਾ ਲਵੇਗਾ। ਹੁਣ ਪੰਜਾਹ ਸਾਲ ਬੀਤ ਗਏ ਹਨ, ਇਹ ਕੇਂਦਰ ਸ਼ਾਸਤ ਪ੍ਰਦੇਸ ਬਣਿਆ ਹੋਇਆ ਹੈ। ਪੰਜਾਬੀਆਂ ਦੀ ਗਿਣਤੀ ਇੰਨੀ ਘਟ ਗਈ ਹੈ ਕਿ ਇਹ ਹੁਣ ਕਦੇ ਵੀ ਇਹ ਪੰਜਾਬ ਨੂੰ ਨਹੀਂ ਮਿਲੇਗਾ। ਕਿਸੇ ਵੀ ਰਾਜਸੀ ਪਾਰਟੀ ਨੇ ਆਪਣੇ ਰਾਜ-ਕਾਲ ਸਮੇਂ ਚੰਡੀਗੜ੍ਹ ਦੀ ਪ੍ਰਾਪਤੀ ਲਈ ਯਤਨ ਨਹੀਂ ਕੀਤੇ, ਕੇਵਲ ਚੋਣਾਂ ਸਮੇਂ ਹੀ ਰੌਲਾ ਪਾਇਆ ਜਾਂਦਾ ਹੈ।
ਪੰਜਾਬੀ ਬੋਲੀ ਦੀ ਚਰਚਾ ਵੀ ਕੀਤੀ ਜਾ ਸਕਦੀ ਹੈ। ਬਹੁਤ ਸਾਰੀਆਂ ਕੁਰਬਾਨੀਆਂ ਦੇਣ ਪਿੱਛੋਂ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਸ ਲਈ ਅੱਧਾ ਪੰਜਾਬ, ਚੰਡੀਗੜ੍ਹ, ਭਾਖੜਾ ਤੇ ਹੋਰ ਕਈ ਕੁਝ ਛੱਡਣਾ ਪਿਆ। ਸਾਡੇ ਬੁੱਧੀਜੀਵੀ ਪੰਜਾਬੀ ਦਾ ਪ੍ਰਚਾਰ ਕਰਦੇ ਹਨ ਪਰ ਬਹੁਤੇ ਪੰਜਾਬੀਆਂ ਦੇ ਬੱਚੇ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਪੰਜਾਬੀ ਪੜ੍ਹਨਾ ਤਾਂ ਦੂਰ, ਪੰਜਾਬੀ ਬੋਲਣਾ ਵੀ ਮਨ੍ਹਾ ਹੈ। ਘਰਾਂ ਵਿੱਚ ਵੀ ਬੱਚਿਆਂ ਨਾਲ ਹਿੰਦੋਸਤਾਨੀ ਵਿੱਚ ਗੱਲਾਂ ਕਰਦੇ ਹਾਂ। ਲਿਖਣਾ ਤਾਂ ਨਹੀਂ ਚਾਹੀਦਾ ਪਰ ਹਿੰਦੂ ਪਰਿਵਾਰਾਂ ਦੀ ਗੱਲ ਤਾਂ ਛੱਡੋ ਸਿੱਖਾਂ ਦੇ ਬੱਚੇ ਵੀ ਪੰਜਾਬੀ ਤੋਂ ਦੂਰ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਗਰੀਬਾਂ ਅਤੇ ਦੂਜੇ ਸੂਬਿਆਂ ਦੇ ਕਾਮਿਆਂ ਦੇ ਬੱਚੇ ਪੜ੍ਹਦੇ ਹਨ। ਉਨ੍ਹਾਂ ਨੂੰ ਹੀ ਪੰਜਾਬੀ ਆਉਂਦੀ ਹੈ, ਇੰਝ ਨੌਕਰੀਆਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ।
ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਵਧ ਰਹੀ ਹੈ। ਸਾਰੀਆਂ ਰਾਜਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਨਸ਼ਾਬੰਦੀ ਕਰਨ ਦੇ ਵਾਅਦੇ ਕਰਦੀਆਂ ਪਰ ਕਦੇ ਵੀ ਕਿਸੇ ਰਾਜਸੀ ਪਾਰਟੀ, ਧਾਰਮਿਕ ਆਗੂਆਂ ਜਾਂ ਸਮਾਜ ਸੇਵਕਾਂ ਨੇ ਨਸ਼ਾ ਰੋਕਣ ਦਾ ਯਤਨ ਨਹੀਂ ਕੀਤਾ ਹੈ। ਪੁਲਿਸ ਅਤੇ ਰਾਜਸੀ ਆਗੂਆਂ ਦੀ ਸਰਪ੍ਰਸਤੀ ਤੋਂ ਬਗੈਰ ਸੂਬੇ ਵਿੱਚ ਨਸ਼ੇ ਨਹੀਂ ਵੇਚੇ ਜਾ ਸਕਦੇ। ਕਿਸਾਨ ਜਥੇਬੰਦੀਆਂ ਨੇ ਵੀ ਪਿੰਡਾਂ ਵਿੱਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਕੋਈ ਮੁਹਿੰਮ ਨਹੀਂ ਚਲਾਈ। ਪੰਜਾਬ ਦੇ ਕਿਸੇ ਭਖਦੇ ਮਸਲੇ ਵਲ ਜੇਕਰ ਝਾਤ ਮਾਰੀ ਜਾਵੇ ਤਾਂ ਉਸ ਨੂੰ ਹੱਲ ਕਰਨ ਲਈ ਕਿਸੇ ਵੀ ਧਿਰ ਵੱਲੋਂ ਅਮਲੀ ਯਤਨ ਨਹੀਂ ਕੀਤੇ ਜਾ ਰਹੇ ਹਨ। ਰਿਸ਼ਵਤਖੋਰੀ, ਮਿਲਾਵਟ ਆਪਣੇ ਸਿਖਰ ਉੱਤੇ ਹੈ, ਜਿਹੜੇ ਇਸ ਵਿਰੁੱਧ ਪ੍ਰਚਾਰ ਕਰਦੇ ਹਨ, ਉਹ ਹੀ ਇਸ ਨੂੰ ਵੜ੍ਹਾਵਾ ਦੇ ਰਹੇ ਹਨ। ਇੰਝ ਪੰਜਾਬੀ ਕਿਰਦਾਰ ਬਦਲ ਰਿਹਾ ਹੈ। ਪੰਜਾਬ ਦੇ ਕਿਰਤੀ ਲੋਕ ਕੇਵਲ ਕਿਰਤ ਤੋਂ ਹੀ ਦੂਰ ਨਹੀਂ ਹੋ ਰਹੇ, ਸਗੋਂ ਪੰਜਾਬ ਦੇ ਮਸਲੇ ਹੱਲ ਕਰਨ ਦੀ ਥਾਂ ਇਨ੍ਹਾਂ ਵਿੱਚ ਵਾਧਾ ਕਰ ਰਹੇ ਹਨ। ਸਾਡੇ ਅਖੌਤੀ ਆਗੂ ਕੇਵਲ ਰੌਲਾ ਪਾਉਂਦੇ ਹਨ, ਵੋਟ ਪ੍ਰਾਪਤੀ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ਅਤੇ ਸਬਜ਼ਬਾਗ ਵਿਖਾਉਂਦੇ ਹਨ ਪਰ ਇਨ੍ਹਾਂ ਨੂੰ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ ਕਿਉਂਕਿ ਚੋਣਾਂ ਵੇਲੇ ਇਹੋ ਜਿਹੇ ਮੁੱਦੇ ਹੀ ਵੋਟ ਪ੍ਰਾਪਤੀ ਦੇ ਕੰਮ ਆਉਂਦੇ ਹਨ। ਪੰਜਾਬ ਵਿੱਚ ਕਥਨੀ ਅਤੇ ਕਰਨੀ ਵਿੱਚ ਆ ਰਿਹਾ ਇਹ ਅੰਤਰ ਸੂਬੇ ਲਈ ਘਾਤਕ ਸਿੱਧ ਹੋ ਰਿਹਾ ਹੈ। ਹਰ ਪਾਸੇ ਬੇਭਰੋਸਗੀ ਅਤੇ ਬੇਚੈਨੀ ਵਧ ਰਹੀ ਹੈ। ਆਵੋ ਆਪਣੇ ਅੰਦਰ ਝਾਤ ਮਾਰੀਏ, ਆਪਣੇ ਨਿੱਜੀ ਸਵਾਰਥ ਲਈ ਰੰਗਲੇ ਪੰਜਾਬ ਦਾ ਨੁਕਸਾਨ ਨਾ ਕੀਤਾ ਜਾਵੇ। ਕਿਉਂਕਿ ਜਦੋਂ ਅੱਗ ਬੇਕਾਬੂ ਹੋ ਜਾਵੇ ਤਾਂ ਉਸ ਦੇ ਸੇਕ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4542)
(ਸਰੋਕਾਰ ਨਾਲ ਸੰਪਰਕ ਲਈ: (