“ਜੇਕਰ ਰਿਸ਼ਤਿਆਂ, ਕਾਰੋਬਾਰ ਅਤੇ ਵਿਹਾਰ ਦਾ ਅਧਾਰ ਕੂੜ ਹੈ ਤਾਂ ਸਫ਼ਲਤਾ ਕਦੇ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਝੂਠ ਨੇ ...”
(8 ਫਰਵਰੀ 2024)
ਇਸ ਸਮੇਂ ਪਾਠਕ: 648.
ਸੰਸਾਰ ਵਿੱਚ ਮਨੁੱਖ ਹੀ ਅਜਿਹਾ ਜੀਵ ਹੈ ਜਿਸ ਕੋਲ ਬਾਣੀ ਦੀ ਸ਼ਕਤੀ ਹੈ। ਇਸ ਬਾਣੀ ਦੀ ਸ਼ਕਤੀ ਨਾਲ ਸਮਾਜ ਹੋਂਦ ਵਿੱਚ ਆਇਆ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਪ੍ਰਮਾਤਮਾ ਵੱਲੋਂ ਬਖਸ਼ੀ ਇਸ ਦਾਤ ਦਾ ਸਦਉਪਯੋਗ ਕਰੋ, ਮਿੱਠਾ ਬੋਲਣਾ ਹੀ ਬਾਣੀ ਦੀ ਸਭ ਤੋਂ ਵਧੀਆ ਵਰਤੋਂ ਹੈ। ਗੁਰੂ ਸਾਹਿਬ ਦਾ ਫਰਮਾਨ ਹੈ:
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥ (470)
ਫਿੱਕਾ ਬੋਲਿਆਂ ਕੇਵਲ ਦੂਜਿਆਂ ਦਾ ਮਨ ਹੀ ਦੁਖੀ ਨਹੀਂ ਹੁੰਦਾ ਸਗੋਂ ਆਪਣਾ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਹਨ।
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (473)
ਪ੍ਰਮਾਤਮਾ ਤਾਂ ਸਾਰੇ ਜੀਵਾਂ ਵਿੱਚ ਵਸਦਾ ਹੈ, ਜਦੋਂ ਅਸੀਂ ਕਿਸੇ ਨਾਲ ਫਿਕਾ ਜਾਂ ਗੁੱਸੇ ਨਾਲ ਬੋਲਦੇ ਹਾਂ ਤਾਂ ਸਮਝੋ ਅਸੀਂ ਪ੍ਰਮਾਤਮਾ ਨਾਲ ਫਿਕਾ ਬੋਲਦੇ ਹਾਂ। ਗੁਰੂ ਜੀ ਤਾੜਨਾ ਕਰਦੇ ਹਨ ਕਿ ਜਿਹੜੇ ਬੋਲਾਂ ਨਾਲ ਇੱਜ਼ਤ ਮਿਲਦੀ ਹੈ, ਉਹੀ ਬੋਲ ਬੋਲਣੇ ਚਾਹੀਦੇ ਹਨ:
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣ ਮੂਰਖ ਮਨ ਅਜਾਣ (15)
ਮਿੱਠਾ ਬੋਲਿਆਂ ਮਨ ਉੱਜਲਾ ਤੇ ਤਨ ਤੰਦਰੁਸਤ ਰਹਿੰਦਾ ਹੈ। ਮਿੱਠਾ ਬੋਲਣ ਨਾਲ ਰਿਸ਼ਤੇ ਜੁੜਦੇ ਹਨ ਜਦੋਂ ਕਿ ਭੈੜੇ ਬੋਲ ਦੋਸਤੀਆਂ ਨੂੰ ਤੋੜਦੇ ਹਨ।
ਗੰਢੁ ਪਰੀਤੀ ਮਿਠੇ ਬੋਲ॥ (143)
ਟੁਟਿ ਪਰੀਤਿ ਗਈ ਬੁਰ ਬੋਲਿ॥ (933)
ਗੁਰੂ ਜੀ ਸੰਸਾਰ ਦੇ ਪਹਿਲੇ ਪੈਗੰਬਰ ਹੋਏ ਹਨ ਜਿਨ੍ਹਾਂ ਨੇ ਆਖਿਆ ਪ੍ਰਮਾਤਮਾ ਇੱਕ ਸ਼ਕਤੀ ਦਾ ਨਾਮ ਹੈ, ਜਿਸਦਾ ਕੋਈ ਰੂਪ ਰੰਗ ਤੇ ਆਕਾਰ ਨਹੀਂ ਤੇ ਜੋ ਸਦੀਵੀ ਹੈ। ਅਤੇ ਹਰੇਕ ਜੀਵ ਅੰਦਰ ਆਤਮਾ ਦੇ ਰੂਪ ਵਿੱਚ ਵਸਦਾ ਹੈ
ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਗੁਰੂ ਜੀ ਨੇ ਗ੍ਰਹਿਸਥ ਜੀਵਨ ਨੂੰ ਸਭ ਤੋਂ ਉੱਚਾ ਮੰਨਿਆ ਹੈ। ਉਨ੍ਹਾਂ ਆਖਿਆ ਕਿ ਉੱਦਮ ਕਰਕੇ ਨੇਕ ਕਿਰਤ ਕਮਾਈ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਗੁਰੂ ਜੀ ਨੇ ਕਿਰਤ ਕਮਾਈ ਕਰਕੇ ਵੰਡ ਛਕਣ ਉੱਤੇ ਜ਼ੋਰ ਦਿੱਤਾ ਹੈ। ਵੰਡ ਛਕਣ ਨਾਲ ਜਿੱਥੇ ਦੂਜਿਆਂ ਦੀ ਸਹਾਇਤਾ ਹੁੰਦੀ ਹੈ, ਉੱਥੇ ਆਪਸੀ ਪਿਆਰ, ਮਿਲਵਰਤਣ ਅਤੇ ਨਿਮਰਤਾ ਵਿੱਚ ਵੀ ਵਾਧਾ ਹੁੰਦਾ ਹੈ। ਇਸੇ ਨਾਲ ਸੰਸਾਰ ਵਿੱਚੋਂ ਭੁੱਖ ਅਤੇ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਹੈ। ਵੰਡ ਛਕਣ ਨਾਲ ਮਨੁੱਖ ਵਿੱਚ ਸੇਵਾ ਭਾਵਨਾ ਅਤੇ ਲੋਕਾਈ ਪ੍ਰਤੀ ਪਿਆਰ ਪੈਦਾ ਹੁੰਦਾ ਹੈ। ਜੀਵਨ ਦਾ ਮੰਤਵ ਨਿਰਾ ਖਾਣਾ-ਪੀਣਾ ਤੇ ਐਸ਼ ਕਰਨੀ ਨਹੀਂ ਹੈ, ਸਗੋਂ ਜੀਵਨ ਯਾਤਰਾ ਨੂੰ ਸਫਲ ਬਣਾਉਣਾ ਹੈ। ਗੁਰੂ ਜੀ ਦਾ ਹੁਕਮ ਹੈ:
ਬਾਬਾ ਹੋਰ ਖਾਣਾ ਖੁਸੀ ਖੁਆਰ।
ਜਿਤੁ ਖਾਧੇ ਤਨ ਖੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ॥ (16)
ਗੁਰੂ ਜੀ ਅਨੁਸਾਰ ਸਾਰੀਆਂ ਪ੍ਰੇਸ਼ਾਨੀਆਂ ਦਾ ਅਧਾਰ ਕੂੜ ਹੈ। ਜੇਕਰ ਰਿਸ਼ਤਿਆਂ, ਕਾਰੋਬਾਰ ਅਤੇ ਵਿਹਾਰ ਦਾ ਅਧਾਰ ਕੂੜ ਹੈ ਤਾਂ ਸਫ਼ਲਤਾ ਕਦੇ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਝੂਠ ਨੇ ਇੱਕ ਦਿਨ ਸਾਹਮਣੇ ਆ ਹੀ ਜਾਣਾ ਹੈ। ਕੂੜ ਅਧਾਰਿਤ ਅਚਾਰ ਭੈੜਾ ਹੁੰਦਾ ਹੈ: ਜਦੋਂ ਮਨੁੱਖ ਝੂਠ ਬੋਲਦਾ ਹੈ ਤਾਂ ਉਹ ਬਾਣੀ ਦੀ ਦੁਰਵਰਤੋਂ ਕਰਦਾ ਹੈ।
ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰੁ॥ (62)
ਸੱਚ ਦਾ ਰਾਹ ਰੱਬੀ ਰਾਹ ਹੁੰਦਾ ਹੈ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ ਉਨ੍ਹਾਂ ਦੇ ਅੰਗ ਸੰਗ ਪ੍ਰਮਾਤਮਾ ਰਹਿੰਦਾ ਹੈ। ਸੱਚ, ਸੰਤੋਖ ਤਿਆਗ ਖੋਟੇ ਕਰਮ ਕਰਨ ਵਾਲੇ ਕਦੇ ਵੀ ਸੁਖੀ ਨਹੀਂ ਰਹਿ ਸਕਦੇ। ਗੁਰੂ ਜੀ ਹੁਕਮ ਹੈ:
ਜਿਨਾ ਰਾਸਿ ਨ ਸਚੁ ਹੈ ਕਿਉਂ ਤਿਨਾ ਸੁਖ ਹੋਇ॥
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ॥ (23)
ਗੁਰੂ ਜੀ ਦਾ ਅਗਲਾ ਆਦੇਸ਼ ਹੈ ਕਿ ਸੱਚ ਅਤੇ ਸੰਤੋਖ ਦੇ ਨਾਲ ਹੀ ਗਿਆਨ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਸਾਰੇ ਦੁੱਖਾਂ ਦਾ ਕਾਰਨ ਅਗਿਆਨਤਾ ਨੂੰ ਮੰਨਿਆ ਹੈ। ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਚਾਨਣ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ।
ਗੁਰੂ ਜੀ ਦਾ ਆਦੇਸ਼ ਹੈ ਕਿ ਕਿਸੇ ਵੀ ਸਮੱਸਿਆ ਦਾ ਹੱਲ ਗਿਆਨ ਅਧਾਰਿਤ ਵਿਚਾਰ ਕੀਤਿਆਂ ਲੱਭਿਆ ਜਾ ਸਕਦਾ ਹੈ। ਗੁਰੂ ਜੀ ਇਹ ਵੀ ਹੁਕਮ ਕਰਦੇ ਹਨ ਕਿ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਕਰੋ, ਉਸ ਦੇ ਸਿਮਰਨ ਨਾਲ ਮਨੁੱਖ ਨੂੰ ਆਪਣੇ ਅਸੂਲਾਂ ਉੱਤੇ ਚੱਲਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਤੇ ਉਹ ਹਊਮੈ ਰੋਗ ਤੋਂ ਬਚਿਆ ਰਹਿੰਦਾ ਹੈ।
ਗੁਰੂ ਜੀ ਪਹਿਲੇ ਪੈਗੰਬਰ ਹੋਏ ਹਨ, ਜਿਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਰੱਬ ਜਾਂ ਰੱਬ ਦਾ ਪੈਗੰਬਰ ਨਹੀਂ ਆਖਿਆ ਸਗੋਂ ਉਸ ਦੇ ਹੁਕਮਾਂ ਨੂੰ ਪ੍ਰਚਾਰਨ ਵਾਲਾ ਉਸ ਦਾ ਇੱਕ ਸ਼ਿਸ਼ ਆਖਿਆ ਹੈ। ਉਨ੍ਹਾਂ ਨੂੰ ਜਿੱਥੇ ਵੀ ਕਿਸੇ ਮਹਾਂ ਪੁਰਖ ਦੀ ਦੱਸ ਪਈ, ਉਹ ਉੱਥੇ ਗਏ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ, ਉਨ੍ਹਾਂ ਦੀ ਬਾਣੀ ਜਾਂ ਉਨ੍ਹਾਂ ਦੇ ਮੁਖੀ ਦੀ ਬਾਣੀ ਨੂੰ ਨਾਲ ਲੈ ਕੇ ਆਏ। ਇੇਹ ਗੁਰੂ ਜੀ ਦੀ ਵਿਲੱਖਣਤਾ ਸੀ ਕਿ ਉਨ੍ਹਾਂ ਆਖਿਆ, “ਜੋ ਮੈਂ ਪ੍ਰਚਾਰ ਕਰ ਰਿਹਾ ਹਾਂ, ਉਹ ਮੈਥੋਂ ਤਿੰਨ ਸੌ ਸਾਲ ਪਹਿਲਾਂ ਬਾਬਾ ਫਰੀਦ ਵੀ ਆਖ ਗਏ ਹਨ। ਇਸ ਨੂੰ ਸਾਰੇ ਦੇਸ਼ ਦੇ ਅਤੇ ਸਾਰੇ ਵਰਣਾਂ ਦੇ ਮਹਾਂ ਪੁਰਖਾਂ ਦੀ ਹਿਮਾਇਤ ਹਾਸਲ ਹੈ। ਇਸੇ ਕਰਕੇ ਪੰਜ ਸਦੀਆਂ ਬੀਤਣ ਪਿੱਛੋਂ ਵੀ ਗੁਰੂ ਜੀ ਦੀ ਬਾਣੀ ਉੱਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਿਆ, ਕਿਉਂਕਿ ਇਹ ਸਦੀਵੀ ਸੱਚ ਹੈ। ਉਨ੍ਹਾਂ ਦੇ ਪ੍ਰਮਾਤਮਾ ਬਾਰੇ, ਧਰਤੀ ਅਤੇ ਇਸਦੀ ਹੋਂਦ ਬਾਰੇ ਵਿਚਾਰਾਂ ਨੂੰ ਹੁਣ ਵਿਗਿਆਨੀਆਂ ਨੇ ਵੀ ਸਵੀਕਾਰ ਕਰ ਲਿਆ ਹੈ। ਉਨ੍ਹਾਂ ਦੀ ਬਾਣੀ ਪੂਰੀ ਪਰਖੀ ਹੋਈ ਅਤੇ ਤੱਥ ਅਧਾਰਿਤ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4707)
(ਸਰੋਕਾਰ ਨਾਲ ਸੰਪਰਕ ਲਈ: (