“ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਪਤੀਆਂ ਉੱਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਵਿੱਖ ਦੀਆਂ ਚੁਣੌਤੀਆਂ ...”
(9 ਨਵੰਬਰ 2023)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਸ਼ਾਨਾਮੱਤੇ 60 ਸਾਲ ਪੂਰੇ ਕਰ ਲਏ ਹਨ। ਇਸ ਵਰ੍ਹੇ ਇਸ ਸੰਸਥਾ ਦੀ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈ। ਇਹ ਸੰਸਥਾ ਸੰਸਾਰ ਦੀਆਂ ਉਨ੍ਹਾਂ ਕੁਝ ਕੁ ਚੋਟੀ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਖੇਤੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਯੂਨੀਵਰਸਿਟੀ ਨੇ ਕੇਵਲ ਖੋਜ ਵਿੱਚ ਹੀ ਮੱਲਾਂ ਨਹੀਂ ਮਾਰੀਆਂ ਸਗੋਂ ਇਸ ਨੂੰ ਕਿਸਾਨਾਂ ਤਕ ਪਹੁੰਚਾਇਆ ਅਤੇ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਹਰ ਤਰ੍ਹਾਂ ਦੀ ਸਹਾਇਤਾ ਵੀ ਕੀਤੀ। ਭਾਰਤ ਵਿੱਚ ਤਾਂ ਕੀ ਸੰਸਾਰ ਵਿੱਚ ਵੀ ਕੋਈ ਹੋਰ ਅਜਿਹੀ ਸੰਸਥਾ ਨਹੀਂ ਹੋਵੇਗੀ ਜਿਸਦੇ ਕਿਸਾਨਾਂ ਨਾਲ ਇਸ ਵਾਂਗ ਨੇੜਲੇ ਸੰਬੰਧ ਹੋਣ। ਪੰਜਾਬ ਦਾ ਕੋਈ ਅਜਿਹਾ ਕਿਸਾਨ ਨਹੀਂ ਹੈ ਜਿਹੜਾ ਇਸ ਤੋਂ ਜਾਣੂ ਨਾ ਹੋਵੇ ਅਤੇ ਇੱਥੋਂ ਵਿਕਸਿਤ ਹੋਏ ਢੰਗ ਤਰੀਕਿਆਂ ਨੂੰ ਨਾ ਅਪਣਾਇਆ ਹੋਵੇ। ਹਰੇਕ ਸਾਲ ਲੱਖਾਂ ਕਿਸਾਨ ਤੇ ਕਿਸਾਨ ਬੀਬੀਆਂ ਇਸਦੇ ਖੇਤਾਂ ਵਿੱਚ ਗੇੜਾ ਲਾਉਂਦੇ ਹਨ। ਵਿੱਦਿਆ ਦੇ ਖੇਤਰ ਵਿੱਚ ਇੱਥੋਂ ਦੇ ਵਿਦਿਆਰਥੀਆਂ ਦੀ ਅਹਿਮ ਪ੍ਰਾਪਤੀਆਂ ਹਨ। ਸੰਸਾਰ ਦੀਆਂ ਪ੍ਰਮੁੱਖ ਖੇਤੀ ਸੰਸਥਾਵਾਂ ਵਿੱਚ ਇੱਥੋਂ ਦੇ ਪਾੜ੍ਹੇ ਬਤੌਰ ਵਿਗਿਆਨੀ ਕੰਮ ਕਰ ਰਹੇ ਹਨ। ਖੇਡਾਂ, ਸਾਹਿਤ, ਪ੍ਰਬੰਧਕੀ ਅਫ਼ਸਰੀਆਂ ਤੇ ਫੌਜ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਯੂਨੀਵਰਸਿਟੀ ਦੀਆਂ ਪ੍ਰਾਪਤੀ ਦਾ ਸਿਹਰਾ ਜਿੱਥੇ ਇੱਥੋਂ ਦੇ ਮਿਹਨਤੀ ਅਤੇ ਸੂਝਵਾਨ ਵਿਗਿਆਨੀਆਂ ਨੂੰ ਜਾਂਦਾ ਹੈ, ਉੱਥੇ ਇਸਦੇ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1962 ਵਿੱਚ ਹੋਈ ਪਰ ਰਸਮੀ ਉਦਘਾਟਨ ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਹੋਰਾਂ ਅੱਠ ਜੁਲਾਈ 1963 ਨੂੰ ਕੀਤਾ ਸੀ। ਦੇਸ਼ ਵਿੱਚ ਬਣਨ ਵਾਲੀ ਇਹ ਦੂਜੀ ਖੇਤੀ ਯੂਨੀਵਰਸਿਟੀ ਸੀ। ਪਿਛਲ 60 ਸਾਲਾਂ ਵਿੱਚ ਦੇਸ਼ ਦੀਆਂ ਸਾਰੀਆਂ ਖੇਤੀ ਯੂਨੀਵਰਸਿਟੀਜ਼ ਵਿੱਚ ਇਸ ਆਪਣਾ ਪਹਿਲਾ ਸਥਾਨ ਬਣਾਈ ਰੱਖਿਆ ਹੈ।
ਯੂਨੀਵਰਸਿਟੀ ਦੀ ਸਫ਼ਲਤਾ ਦਾ ਸਭ ਤੋਂ ਵੱਧ ਹਿੱਸਾ ਉਦੋਂ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੂੰ ਜਾਂਦਾ ਹੈ। ਉਨ੍ਹਾਂ ਬਿਨਾਂ ਕਿਸੇ ਰਾਜਸੀ ਦਖਲਅੰਦਾਜ਼ੀ ਦੇ ਇਸਦੀ ਸਥਾਪਤੀ ਲਈ ਹਰ ਤਰ੍ਹਾਂ ਨਾਲ ਖੁੱਲ੍ਹ ਕੇ ਸਹਾਇਤਾ ਕੀਤੀ। ਉਨ੍ਹਾਂ ਨੇ ਸ੍ਰੀ ਪੀ ਐੱਨ ਥਾਪਰ ਆਈ ਸੀ ਐੱਸ ਨੂੰ ਪਹਿਲਾ ਵਾਈਸ ਚਾਂਸਲਰ ਬਣਾਇਆ। ਥਾਪਰ ਸਾਹਿਬ, ਕਾਬਲ, ਦੂਰਅੰਦੇਸ਼ ਤੇ ਅਨੁਸ਼ਾਸਨ ਵਿੱਚ ਵਿਸ਼ਵਾਸ ਰੱਖਣ ਵਾਲੇ ਅਧਿਕਾਰੀ ਸਨ। ਵਾਈਸ ਚਾਂਸਲਰ ਦਾ ਦਫਤਰ ਚੰਡੀਗੜ੍ਹ ਸੀ ਕਿਉਂਕਿ ਉਦੋਂ ਯੂਨੀਵਰਸਿਟੀ ਦੇ ਤਿੰਨ ਕੈਂਪਸ ਲੁਧਿਆਣਾ, ਹਿਸਾਰ ਅਤੇ ਪਾਲਮਪੁਰ ਸਨ ਅਤੇ ਸਾਰੇ ਸੂਬੇ ਵਿੱਚ ਹੀ ਖੋਜ ਤੇ ਪਸਾਰ ਕੇਂਦਰ ਹਨ। ਉਨ੍ਹਾਂ ਦਾ ਦਬਦਬਾ ਇੰਨਾ ਸੀ ਕਿ ਕਦੇ ਕਿਸੇ ਅਧਿਆਪਕ ਜਾ ਕਰਮਚਾਰੀ ਨੇ ਪੰਜ ਮਿੰਟ ਵੀ ਪਛੜ ਕੇ ਆਉਣ ਦਾ ਹੌਸਲਾ ਨਹੀਂ ਸੀ ਕੀਤਾ। ਸਾਰੇ ਹੀ ਪੂਰੀ ਇਮਾਨਦਾਰੀ ਨਾਲ ਵਧ ਚੜ੍ਹ ਕੇ ਕੰਮ ਕਰਦੇ ਸਨ। ਥਾਪਰ ਨੇ ਨਿਰੋਲ ਮੈਰਿਟ ਦੇ ਆਧਾਰ ਉੱਤੇ ਸਾਰੇ ਦੇਸ਼ ਵਿੱਚੋਂ ਲੱਭ ਕੇ ਵਧੀਆ ਮਾਹਿਰ ਭਰਤੀ ਕੀਤੇ। ਇੰਝ ਇੱਕ ਮਜ਼ਬੂਤ ਸੰਸਥਾ ਦੀ ਨੀਂਹ ਰੱਖੀ ਗਈ। ਡਾ. ਥਾਪਰ ਪਿੱਛੋਂ ਡਾ. ਮਹਿੰਦਰ ਸਿੰਘ ਰੰਧਾਵਾ ਆਈ ਸੀ ਐੱਸ ਦੂਜੇ ਵਾਈਸ ਚਾਂਸਲਰ ਬਣੇ ਅਤੇ ਉਨ੍ਹਾਂ ਵੀ ਇਸੇ ਪ੍ਰੰਪਰਾ ਨੂੰ ਜਾਰੀ ਰੱਖਿਆ ਜਿਸ ਕਰਕੇ ਯੂਨੀਵਰਸਿਟੀ ਨੇ ਨਵੀਆਂ ਬੁਲੰਦੀਆਂ ਛੋਹੀਆਂ। ਉਨ੍ਹਾਂ ਕੇਵਲ ਵਧੀਆ ਕੰਮਕਾਰੀ ਮਾਹੌਲ ਹੀ ਨਹੀਂ ਬਣਾਈ ਰੱਖਿਆ ਸਗੋਂ ਚੌਗਿਰਦੇ ਨੂੰ ਵੀ ਸੁੰਦਰ ਬਣਾਇਆ। ਇਸ ਸੰਸਥਾ ਦੀ ਕੀਰਤੀ ਸਾਰੇ ਸੰਸਾਰ ਵਿੱਚ ਫੈਲੀ ਅਤੇ ਦੂਰੋਂ ਦੂਰੋਂ ਲੋਕੀਂ ਇਸ ਨੂੰ ਵੇਖਣ ਆਉਣ ਲੱਗੇ। ਯੂਨੀਵਰਸਿਟੀ ਨੇ ਪੰਜਾਬ ਦੇ ਕਿਸਾਨਾਂ ਵਿੱਚ ਕੇਵਲ ਵਿਗਿਆਨਕ ਸੋਚ ਨੂੰ ਹੀ ਵਿਕਸਿਤ ਨਹੀਂ ਕੀਤਾ ਸਗੋਂ ਵਿਗਿਆਨਕ ਖੋਜਾਂ ਉੱਤੇ ਭਰੋਸਾ ਵੀ ਕਰਵਾਇਆ। ਜਿਸ ਤੇਜ਼ੀ ਨਾਲ ਸੱਤਰਵਿਆਂ ਵਿੱਚ ਪੰਜਾਬ ਦਾ ਖੇਤੀ ਵਿਕਾਸ ਹੋਇਆ, ਉਸੇ ਤੇਜ਼ੀ ਨਾਲ ਸੰਸਾਰ ਦੇ ਹੋਰ ਕਿਸੇ ਖਿੱਤੇ ਵਿੱਚ ਖੇਤੀ ਵਿਕਾਸ ਨਹੀਂ ਹੋਇਆ। ਇਸੇ ਕਰਕੇ ਇਸ ਨੂੰ ਹਰੇ ਇਨਕਲਾਬ ਦਾ ਨਾਮ ਦਿੱਤਾ ਗਿਆ। ਇਹ ਵੀ ਮਾਣ ਵਾਲੀ ਗੱਲ ਹੈ ਕਿ ਰੰਧਾਵਾ ਸਾਹਿਬ ਪਿੱਛੋਂ ਜਿੰਨੇ ਵੀ ਵਾਈਸ ਚਾਂਸਲਰ ਬਣੇ, ਉਹ ਸਾਰੇ ਇੱਥੋਂ ਦੇ ਖੇਤੀ ਕਾਲਜ ਦੇ ਵਿਦਿਆਰਥੀ ਹੀ ਰਹੇ ਹਨ। ਸਾਰਿਆਂ ਨੇ ਹੀ ਆਪਣੀ ਸਮਰੱਥਾ ਅਤੇ ਲੋੜ ਅਨੁਸਾਰ ਅਹਿਮ ਯੋਗਦਾਨ ਪਾਇਆ ਹੈ। ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜਿੱਥੇ ਆਪ ਉੱਚ ਕੋਟੀ ਦੇ ਵਿਗਿਆਨੀ ਹਨ ਉੱਥੇ ਇੱਕ ਇਮਾਨਦਾਰ, ਮਿਠਬੋਲੜੇ ਅਤੇ ਕੁਸ਼ਲ ਪ੍ਰਬੰਧਕ ਵੀ ਹਨ। ਉਨ੍ਹਾਂ ਆਉਂਦਿਆਂ ਹੀ ਯੂਨੀਵਰਸਿਟੀ ਦਾ ਮੂੰਹ ਮੱਥਾ ਮੁੜ ਸ਼ਿੰਗਾਰਨਾ ਸ਼ੁਰੂ ਕੀਤਾ ਹੈ ਅਤੇ ਖੋਜ ਦੇ ਪ੍ਰੋਗਰਾਮ ਨੂੰ ਸੂਬੇ ਦੀਆਂ ਮੌਜੂਦਾ ਲੋੜਾਂ ਅਨੁਸਾਰ ਢਾਲਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨਵੀਂ ਖੇਤੀ ਵਿਕਾਸ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਡਾਇਮੰਡ ਜੁਬਲੀ ਮੌਕੇ ਸੰਚਾਰ ਕੇਂਦਰ ਵੱਲੋਂ ਇੱਕ ਖੂਬਸੂਰਤ ਕੌਫ਼ੀ ਟੇਬਲ ਬੁੱਕ ‘ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦਾ ਅਟੁੱਟ ਰਿਸ਼ਤਾ - ਪੀ ਏ ਯੂ ਦੀ ਅਹਿਮ ਪ੍ਰਾਪਤੀ’ ਨਾਮ ਹੇਠ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਛਾਪੀ ਗਈ ਹੈ ਜਿਸ ਨੂੰ ਸ਼ੀਤਲ ਚਾਵਲਾ, ਸਹਾਇਕ ਨਿਰਦੇਸ਼ਕ ਵੱਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਵਿੱਚ ਜਿੱਥੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਝਲਕ ਮਿਲਦੀ ਹੈ, ਉੱਥੇ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਵੀ ਦਰਸਾਉਂਦੀ ਹੈ। ਦੇਸ਼ ਦੀ ਅਜ਼ਾਦੀ ਸਮੇਂ ਪੰਜਾਬ ਦੀ ਵੰਡ ਤੋਂ ਲੈ ਕੇ ਹਰੇ ਇਨਕਲਾਬ ਦੀ ਸਿਰਜਣਾ ਤਕ ਦਾ ਸਚਿੱਤਰ ਇਤਿਹਾਸ ਇਸ ਵਿੱਚ ਅੰਕਿਤ ਕਰਨ ਦਾ ਸਫ਼ਲ ਯਤਨ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਹੁਣ ਤਕ ਕਣਕ ਦੀਆਂ 78 ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 39 ਕੌਮੀ ਪੱਧਰ ਉੱਤੇ ਸਾਰੇ ਦੇਸ਼ ਵਿੱਚ ਕਾਸ਼ਤ ਦੀ ਸਿਫਾਰਸ਼ ਵਾਲੀਆਂ ਕਿਸਮਾਂ ਹਨ। ਇਸੇ ਤਰ੍ਹਾਂ ਝੋਨੇ ਦੀਆਂ 30 ਅਤੇ ਬਾਸਮਤੀ ਦੀਆਂ 18 ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਮੱਕੀ ਵਿੱਚ ਵਧੀਆ ਕੰਮ ਹੋਇਆ ਹੈ। ਹੁਣ ਤਕ 51 ਕਿਸਮਾਂ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 25 ਕੌਮੀ ਪੱਧਰ ਉੱਤੇ ਰੀਲੀਜ਼ ਕੀਤੀਆਂ ਗਈਆਂ ਹਨ। ਕਪਾਹ ਵਿੱਚ ਵੀ ਵਧੀਆ ਖੋਜਾਂ ਹੋਈਆਂ ਹਨ। ਨਰਮੇ ਅਤੇ ਦੇਸੀ ਕਪਾਹ ਦੀਆਂ 40 ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਦੋਗਲੀਆਂ ਕਿਸਮਾਂ ਵੀ ਸ਼ਾਮਿਲ ਹਨ।
ਦਾਲਾਂ ਹੇਠ ਭਾਵੇਂ ਪੰਜਾਬ ਵਿੱਚ ਰਕਬਾ ਘੱਟ ਹੈ ਪਰ ਯੂਨੀਵਰਸਿਟੀ ਵੱਲੋਂ 64 ਕਿਸਮਾਂ ਦੀ ਕਾਸ਼ਤ ਲਈ ਸਿਫਾਰਸ਼ ਕੀਤੀ ਗਈ ਹੈ। ਤੇਲ ਬੀਜਾਂ ਸੰਬੰਧੀ ਵੀ ਵਧੀਆ ਕੰਮ ਹੋਇਆ ਹੈ। ਹੁਣ ਤਕ ਕੋਈ 59 ਕਿਸਮਾਂ ਦੀ ਸਿਫਾਰਸ਼ ਹੋਈ ਹੈ। ਗੰਨੇ ਦੀ ਕਾਸ਼ਤ ਸੰਬੰਧੀ ਵੀ ਵਧੀਆ ਖੋਜ ਹੋਈ। ਕਾਸ਼ਤ ਦੇ ਢੰਗ ਤਰੀਕਿਆਂ ਦੇ ਨਾਲੋ ਨਾਲ 31 ਨਵੀਆਂ ਕਿਸਮਾਂ ਵੀ ਕਾਸ਼ਤ ਲਈ ਜਾਰੀ ਕੀਤੀਆਂ ਗਈਆਂ ਹਨ। ਪੀ ਏ ਯੂ ਵਿੱਚ ਪਹਿਲੀ ਵਾਰ ਦੋਗਲੇ ਬਾਜਰੇ ਦੀ ਕਿਸਮ ਤਿਆਰ ਕੀਤੀ ਗਈ ਸੀ। ਹੁਣ ਤਕ ਬਾਜਰੇ ਦੀਆਂ 15 ਕਿਸਮਾਂ ਤਿਆਰ ਹੋਈਆਂ ਹਨ ਪਰ ਸੂਬੇ ਵਿੱਚ ਹੁਣ ਬਾਜਰੇ ਦੀ ਕਾਸ਼ਤ ਆਮ ਕਰਕੇ ਚਾਰੇ ਲਈ ਹੀ ਕੀਤੀ ਜਾਂਦੀ ਹੈ। ਚਾਰੇ ਦੀਆਂ ਦੂਜੀਆਂ ਫ਼ਸਲਾਂ ਜਿਵੇਂ ਬਰਸੀਮ, ਜਵੀਂ, ਚਰ੍ਹੀ, ਰਾਈ ਗ੍ਰਾਸ, ਮੱਕੀ ਆਦਿ ਦੀਆਂ ਵੱਧ ਝਾੜ ਦੇਣ ਵਾਲੀਆਂ 64 ਨਵੀਆਂ ਕਿਸਮਾਂ ਤਿਆਰ ਗਈਆਂ ਹਨ। ਸੂਬੇ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦੇ ਵੀ ਯਤਨ ਜਾਰੀ ਹਨ। ਪੰਜਾਬ ਵਿੱਚ ਕਾਸ਼ਤ ਕੀਤੇ ਜਾ ਸਕਣ ਵਾਲੇ ਸਾਰੇ ਫ਼ਲਾਂ ਲਈ ਉਨਤ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਕਿੰਨੋ, ਅਮਰੂਦ, ਅੰਬ, ਬੇਰ, ਨਾਖ਼ ਹੇਠ ਰਕਬੇ ਵਿੱਚ ਵਾਧਾ ਹੋਇਆ ਹੈ।
ਪੰਜਾਬ ਵਿੱਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਅਤੇ ਸਾਰੀ ਧਰਤੀ ਸੇਂਜੂ ਹੋਣ ਕਰਕੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਵਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਸੇ ਲਈ ਬਾਗਬਾਨੀ ਦਾ ਇੱਕ ਨਵਾਂ ਕਾਲਜ ਖੋਲ੍ਹਿਆ ਗਿਆ ਹੈ। ਯੂਨੀਵਰਸਿਟੀ ਨੇ ਟਮਾਟਰ, ਖਰਬੂਜਾ, ਮਿਰਚਾਂ, ਮਟਰ, ਪਿਆਜ਼, ਗਾਜਰ ਆਦਿ ਦੀਆਂ ਵਧੀਆ ਕਿਸਮਾਂ ਤਿਆਰ ਕੀਤੀਆਂ ਹਨ।
ਪੰਜਾਬ ਵਿੱਚ ਫ਼ੁਲਾਂ ਦੀ ਕਾਸ਼ਤ ਨੂੰ ਪ੍ਰਚਲਿਤ ਕਰਨ ਲਈ ਵੱਖਰਾ ਵਿਭਾਗ ਬਣਾਇਆ ਗਿਆ ਹੈ। ਖੇਤੀ ਜੰਗਲਾਤ ਦੇ ਵਿਕਾਸ ਲਈ ਵੀ ਵੱਖਰਾ ਵਿਭਾਗ ਬਣਾਇਆ ਗਿਆ ਹੈ। ਰੁੱਖਾਂ ਹੇਠ ਧਰਤੀ ਵਿੱਚ ਵਾਧਾ ਕਰਨ ਲਈ ਇਸ ਵਿਭਾਗ ਵੱਲੋਂ ਢੁਕਵੇਂ ਰੁੱਖਾਂ ਦੀ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ਼ਹਿਦ ਦੀਆਂ ਮੱਖੀਆਂ ਦਾ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਵਿੱਚ ਹੁਣ ਪੰਜਾਬ ਮੋਹਰੀ ਸੂਬਾ ਬਣ ਗਿਆ ਹੈ। ਪਾਣੀ ਦੀ ਬੱਚਤ, ਜੈਵਿਕ ਖੇਤੀ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੀ ਰਖਵਾਲੀ ਲਈ ਵਿਸ਼ੇਸ਼ ਯਤਨ ਹੋ ਰਹੇ ਹਨ। ਪੰਜਾਬ ਵਿੱਚ ਖੇਤੀ ਦਾ ਪੂਰਾ ਮਸ਼ੀਨੀਕਰਨ ਹੋ ਚੁੱਕਿਆ ਹੈ। ਸੂਬੇ ਦੀ ਲੋੜ ਅਨੁਸਾਰ ਮਸ਼ੀਨਾਂ ਵਿਕਸਿਤ ਕਰਨ ਵਿੱਚ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ। ਖੇਤੀ ਉਪਜ ਦੇ ਪਦਾਰਥੀਕਰਨ ਸੰਬੰਧੀ ਵਿਭਾਗ ਵਧੀਆ ਖੋਜ ਕਰ ਰਹੇ ਹਨ ਅਤੇ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ।
ਯੂਨੀਵਰਸਿਟੀ ਦੇ ਖੇਤੀ ਸਨਅਤ ਨਾਲ ਵੀ ਵਧੀਆ ਸੰਬੰਧ ਹਨ। ਇੱਥੋਂ ਦੀਆਂ ਵਿਕਸਿਤ ਤਕਨੀਕਾਂ ਨੂੰ ਅਪਣਾਉਣ ਲਈ ਬਹੁਤ ਸਾਰੀਆਂ ਫ਼ਰਮਾਂ ਨਾਲ ਸਮਝੌਤੇ ਕੀਤੇ ਗਏ ਹਨ। ਕਿਸਾਨਾਂ, ਕਿਸਾਨ ਬੀਬੀਆਂ ਅਤੇ ਪਸਾਰ ਕਰਮਚਾਰੀਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਮੁੱਖ ਕੈਂਪਸ ਦੇ ਨਾਲੋ ਨਾਲ 18 ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਖੋਲ੍ਹੇ ਗਏ ਹਨ। ਸੂਬੇ ਵਿੱਚ ਸੱਤ ਖੇਤਰੀ ਖੋਜ ਕੇਂਦਰ, ਤਿੰਨ ਫਲ਼ ਖੋਜ ਕੇਂਦਰ, ਇੱਕ ਸਬਜ਼ੀ ਖੋਜ ਕੇਂਦਰ, ਚਾਰ ਬੀਜ ਫਾਰਮ ਅਤੇ ਫਾਰਮ ਸਲਾਹਕਾਰ ਸੇਵਾ ਦੇ 15 ਕੇਂਦਰ ਹਨ। ਸੂਬੇ ਦੀ ਖੇਤੀ ਨਾਲ ਸੰਬੰਧਿਤ ਸਮੁੱਚੀ ਖੋਜ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਕੋਲ ਹੈ। ਪਸ਼ੂ ਪਾਲਣ ਯੂਨੀਵਰਸਿਟੀ ਵੱਖਰੀ ਬਣਨ ਤੋਂ ਪਹਿਲਾਂ ਪਸ਼ੂਆਂ ਸੰਬੰਧੀ ਖੋਜ ਵੀ ਇਸੇ ਯੂਨੀਵਰਸਿਟੀ ਕੋਲ ਸੀ। ਯੂਨੀਵਰਸਿਟੀ ਵੱਲੋਂ ਵਧੀਆ ਮੱਝਾਂ, ਗਾਵਾਂ, ਮੁਰਗੀਆਂ, ਸੂਰ, ਬੱਕਰੀਆਂ ਆਦਿ ਦੇ ਵੱਗ ਵਿਕਸਿਤ ਕੀਤੇ ਗਏ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਪਤੀਆਂ ਉੱਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਵਿੱਖ ਦੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਕੀਤਾ ਜਾਵੇ। ਪੰਜਾਬ ਦੀ ਖੇਤੀ ਵਿੱਚ ਕਈ ਵਰ੍ਹਿਆਂ ਤੋਂ ਖੜੋਤ ਆ ਗਈ ਹੈ। ਸਮੇਂ ਦੇ ਬੀਤਣ ਨਾਲ ਮਾਲਕੀ ਜ਼ਮੀਨਾਂ ਬਹੁਤ ਘਟ ਗਈਆਂ ਹਨ। ਮਹਿੰਗਾਈ ਵਿੱਚ ਵਾਧੇ ਨਾਲ ਗੁਜ਼ਾਰਾ ਔਖਾ ਹੋ ਗਿਆ ਹੈ ਕਿਉਂਕਿ ਉਪਜ ਦੀਆਂ ਕੀਮਤਾਂ ਵਿੱਚ ਉਸੇ ਦਰ ਨਾਲ ਵਾਧਾ ਨਹੀਂ ਹੋਇਆ ਹੈ। ਧਰਤੀ ਹੇਠਲਾ ਪਾਣੀ ਘਟ ਰਿਹਾ ਹੈ। ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਕਰਨ ਦੀ ਲੋੜ ਹੈ। ਮੌਜੂਦਾ ਫ਼ਸਲ ਚੱਕਰ ਵਿੱਚ ਵਿਹਲ ਬਹੁਤ ਹੈ। ਇਸੇ ਵਿਹਲ ਕਰਕੇ ਸਮਾਜਿਕ ਬੁਰਾਈਆਂ ਵਿੱਚ ਵਾਧਾ ਹੋ ਰਿਹਾ ਹੈ। ਨਵੀਂ ਪੀੜ੍ਹੀ ਖੇਤੀ ਤੋਂ ਦੂਰ ਹੋ ਰਹੀ ਹੈ। ਨਵੀਂ ਪੀੜ੍ਹੀ ਨੂੰ ਖੇਤੀ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਭਵਿੱਖ ਵਿੱਚ ਉਹ ਕੌਮਾਂ ਹੀ ਖੁਸ਼ਹਾਲ ਹੋਣਗੀਆਂ ਜਿਨ੍ਹਾਂ ਦੀ ਖੇਤੀ ਵਧੀਆ ਹੋਵੇਗੀ। ਯੂਨੀਵਰਸਿਟੀ ਨੂੰ ਇਨ੍ਹਾਂ ਮਸਲਿਆਂ ਦੇ ਹੱਲ ਲੱਭਣ ਲਈ ਸਮਾਂਬੱਧ ਖੋਜ ਨੀਤੀ ਬਣਾਉਣ ਦੀ ਲੋੜ ਹੈ। ਕਿਸਾਨ ਦੀ ਆਮਦਨ ਵਿੱਚ ਵਾਧਾ ਕਰਨਾ, ਅਜਿਹੇ ਫ਼ਸਲ ਚੱਕਰ ਵਿਕਸਿਤ ਕਰਨੇ ਜਿਸ ਅਨੁਸਾਰ ਸਾਰਾ ਸਾਲ ਹੀ ਸਾਰਾ ਟੱਬਰ ਕੰਮਾਂ ਵਿੱਚ ਰੁੱਝਿਆ ਰਹੇ। ਕਿਸਾਨਾਂ ਨੂੰ ਉਪਜ ਦੇ ਪਦਾਰਥੀਕਰਨ ਲਈ ਉਤਸ਼ਾਹਿਤ ਕਰਨਾ ਅਤੇ ਮੰਡੀ ਸੰਬੰਧੀ ਜਾਣਕਾਰੀ ਦੇਣਾ ਜ਼ਰੂਰੀ ਹੈ। ਅਜਿਹੀਆਂ ਕਿਸਮਾਂ ਵਿਕਸਿਤ ਕਰਨਾ ਜਿਨ੍ਹਾਂ ਦੀਆਂ ਪਾਣੀ ਲੋੜਾਂ ਘੱਟ ਹੋਣ ਅਤੇ ਬਿਮਾਰੀਆਂ ਤੇ ਕੀੜਿਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ। ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਵਿੱਚ ਵਾਧੇ ਲਈ ਢੰਗ ਤਰੀਕੇ ਵਿਕਸਿਤ ਕਰਨੇ। ਜੈਵਿਕ ਖੇਤੀ, ਨਦੀਨ ਨਾਸ਼ਕਾਂ ਦੀ ਵਰਤੋਂ ਬਗੈਰ ਨਦੀਨਾਂ ਦੀ ਰੋਕਥਾਮ ਬਾਰੇ ਵਿੱਚ ਖੋਜ ਦੀ ਲੋੜ ਹੈ। ਕਿਸਾਨ ਸਿਖਲਾਈ ਪ੍ਰੋਗਰਾਮ ਨੂੰ ਨਵੀਂ ਸੇਧ ਦਿੱਤੀ ਜਾਵੇ। ਕਲਾਸ ਰੂਮ ਤੋਂ ਬਾਹਰ ਆ ਕੇ ਖੇਤਾਂ ਵਿੱਚ ਅਮਲੀ ਸਿਖਲਾਈ ਵਲ ਵਧੇਰੇ ਧਿਆਨ ਦਿੱਤਾ ਜਾਵੇ। ਯੂਨੀਵਰਸਿਟੀ ਅੰਦਰ ਨਵੀਂ ਹਿਲਜੁਲ ਸ਼ੁਰੂ ਹੋਈ ਹੈ ਪਰ ਇਸਦੀ ਗਤੀ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਵਿਦਿਆਰਥੀ ਖੋਜ ਨੂੰ ਵਿਭਾਗੀ ਖੋਜ ਨਾਲ ਜੋੜਿਆ ਜਾਵੇ ਤਾਂ ਜੋ ਇਸਦਾ ਲਾਹਾ ਲਿਆ ਜਾ ਸਕੇ। ਉਮੀਦ ਹੈ ਪਹਿਲਾਂ ਵਾਂਗ ਹੀ ਪੀ ਏ ਯੂ ਦੇ ਵਿਗਿਆਨੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦੇਣ ਵਿੱਚ ਜ਼ਰੂਰ ਸਫ਼ਲ ਹੋਣਗੇ।
ਖੇਤੀ ਇੱਕੋ ਥਾਂ ਖੜ੍ਹੀ ਹੈ, ਉਦਾਸੀ ਦੀ ਗਹਿਰ ਚੜ੍ਹੀ ਹੈ।
ਨਵੀਂ ਕ੍ਰਾਂਤੀ ਲੋੜੇ ਖੇਤੀ ਜ਼ਿੰਮੇਵਾਰੀ ਮੁੜ ਬੜੀ ਹੈ।
ਆਵੋ ਰਲ ਮਿਹਨਤ ਕਰੀਏ ਪਰਖ ਦੀ ਘੜੀ ਹੈ ਆਈ।
ਉਸੇ ਨੂੰ ਸੁਰਜੀਤ ਕਰੀਏ, ਪਹਿਲਾਂ ਜਿਹੜੀ ਪਿਰਤ ਹੈ ਪਾਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4462)
(ਸਰੋਕਾਰ ਨਾਲ ਸੰਪਰਕ ਲਈ: (