“ਦੋ ਰੋਟੀਆਂ ਈ ਖਾਣੀਆਂ, ਘਰ ਨਾ ਸਹੀ ਜੇਲ੍ਹ ਵਿੱਚ ਖਾ ਲਵੀਂ।”ਪੁੱਤਰਾਂ ਦਾ ਜਵਾਬ ਸੀ। ...”
(22 ਜੂਨ 2024)
ਇਸ ਸਮੇਂ ਪਾਠਕ: 110.
ਪੰਜਾਬ ਸੰਸਾਰ ਦੇ ਉਨ੍ਹਾਂ ਕੁਝ ਕੁ ਖਿੱਤਿਆਂ ਵਿੱਚੋਂ ਇੱਕ ਹੈ ਜਿੱਥੇ ਸੱਭਿਅਤਾ ਦਾ ਵਿਕਾਸ ਹੋਇਆ। ਗਿਆਨ ਦੇ ਭੰਡਾਰ ਸਭ ਤੋਂ ਪਹਿਲੇ ਪਵਿੱਤਰ ਗ੍ਰੰਥ ਵੇਦਾਂ ਦੀ ਰਚਨਾ ਪੰਜਾਬ ਵਿੱਚ ਹੀ ਹੋਈ। ਭਾਰਤ ਦੇ ਸਭ ਤੋਂ ਪਵਿੱਤਰ ਸਮਝੇ ਜਾਂਦੇ ਤਿੰਨੇ ਮਹਾਨ ਗ੍ਰੰਥਾਂ ਦੀ ਰਚਨਾ ਵੀ ਪੰਜਾਬ ਵਿੱਚ ਹੀ ਹੋਈ। ਮਹਾਂਰਿਸ਼ੀ ਬਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਰਾਮ ਤੀਰਥ ਵਿਖੇ ਕੀਤੀ। ਭਗਵਾਨ ਕ੍ਰਿਸ਼ਨ ਨੇ ਪਵਿੱਤਰ ਗੀਤਾ ਦਾ ਗਿਆਨ ਵੀ ਕੁਰੂਕਸ਼ੇਤਰ ਨੇੜੇ ਜਯੋਤੀਸਰ ਵਿਖੇ ਹੀ ਦਿੱਤਾ। ਸੰਸਾਰ ਲਈ ਚਾਨਣ ਮੁਨਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਹੀ ਕੀਤੀ। ਇਨ੍ਹਾਂ ਸਾਰੇ ਪਵਿੱਤਰ ਗ੍ਰੰਥਾਂ ਰਾਹੀਂ ਪੰਜਾਬ ਨੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਹੈ। ਸਾਰੇ ਧਰਮ ਨੇਕ ਕਮਾਈ ਕਰਨ ਅਤੇ ਉਸ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਉਪਦੇਸ਼ ਦਿੰਦੇ ਹਨ। ਇਸਦੇ ਨਾਲ ਹੀ ਪਰਮਾਤਮਾ ਨੂੰ ਯਾਦ ਰੱਖਣਾ ਵੀ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੇ ਫ਼ਰਜਾਂ ਤੋਂ ਅਵੇਸਲੇ ਨਾ ਹੋ ਸਕੀਏ। ਗੁਰੂ ਨਾਨਕ ਸਾਹਿਬ ਨੇ ਇਸ ਪਵਿੱਤਰ ਸੰਦੇਸ਼ ਨੂੰ ਸਾਰੇ ਸੰਸਾਰ ਦੇ ਲੋਕਾਂ ਤਕ ਪਹੁੰਚਾਇਆ।
ਇਹ ਬੜੇ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਪੰਜਾਬ, ਜਿਹੜੀ ਪੀਰਾਂ, ਫਕੀਰਾਂ ਅਤੇ ਗੁਰੂਆਂ ਦੀ ਧਰਤੀ ਹੈ, ਜਿੱਥੋਂ ਕਿਰਤ ਅਤੇ ਇਮਾਨਦਾਰੀ ਦਾ ਸੰਦੇਸ਼ ਸਾਰੇ ਸੰਸਾਰ ਵਿੱਚ ਪਹੁੰਚਿਆ, ਅੱਜ ਉੱਥੋਂ ਦੇ ਵਾਸੀ ਕਿਰਤ ਅਤੇ ਇਮਾਨਦਾਰੀ ਤੋਂ ਦੂਰ ਹੋ ਰਹੇ ਹਨ। ਬਿਨਾਂ ਮਿਹਨਤ ਕੀਤਿਆਂ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਹੁਣ ਪੰਜਾਬੀ ਲੈਣ ਲੱਗ ਪਏ ਹਨ। ਇਸ ਪ੍ਰਾਪਤੀ ਲਈ ਸੂਬੇ ਵਿੱਚ ਬੇਈਮਾਨੀ, ਰਿਸ਼ਵਤਖੋਰੀ, ਹੇਰਾਫੇਰੀ, ਮਿਲਾਵਟ ਆਦਿ ਭੈੜੇ ਕਰਮਾਂ ਵਿੱਚ ਵਾਧਾ ਹੋ ਰਿਹਾ ਹੈ। ਸੰਤੋਖ ਅਤੇ ਨਿਮਰਤਾ ਦਾ ਪੱਲੂ ਛੱਡ ਵਿਖਾਵੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਵਾਨੀ ਨੂੰ ਨਸ਼ਿਆਂ ਦਾ ਘੁਣ ਲਗਾ ਕੇ ਰਾਤੋ ਰਾਤ ਅਮੀਰ ਬਣਿਆ ਜਾ ਰਿਹਾ ਹੈ।
ਪੰਜਾਬੀ ਰਾਜਸੀ ਸ਼ਕਤੀ, ਧਾਰਮਿਕ ਸ਼ਕਤੀ ਜਾਂ ਮਾਇਆ ਸ਼ਕਤੀ ਦੀ ਵਰਤੋਂ ਲੋਕ ਸੇਵਾ ਲਈ ਕਰਨ ਦੀ ਥਾਂ ਨਿੱਜ ਨੂੰ ਚਮਕਾਉਣ ਲਈ ਕਰਨ ਲੱਗ ਪਏ ਹਨ। ਜਿਹੜੇ ਪੰਜਾਬੀ ਆਪਣੀ ਮਿਹਨਤ ਅਤੇ ਇਮਾਨਦਾਰੀ ਉੱਤੇ ਮਾਣ ਕਰਦੇ ਸਨ, ਉਹ ਹਊਮੈ ਦਾ ਸ਼ਿਕਾਰ ਹੋ ਰਹੇ ਹਨ। ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾਉਣ ਲਈ ਨਸ਼ਿਆਂ ਦੀ ਵਰਤੋਂ ਵਿੱਚ ਵਾਧਾ ਹੋ ਰਿਹਾ ਹੈ। ਵਿਆਹ ਤੇ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਮਹਿੰਗੀ ਤੋਂ ਮਹਿੰਗੀ ਸ਼ਰਾਬ ਦੀ ਵਰਤੋਂ ਸ਼ਕਤੀ ਦਾ ਪ੍ਰਤੀਕ ਬਣ ਰਹੀ ਹੈ। ਜੇਕਰ ਕਿਸੇ ਨੂੰ ਰਿਸ਼ਵਤਖੋਰੀ ਅਤੇ ਬੇਈਮਾਨੀ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਇਸ ਨੂੰ ਪਰਿਵਾਰ ਨੂੰ ਸੁਖ ਆਰਾਮ ਦੇ ਸਾਰੇ ਸਾਧਨ ਜੁਟਾਉਣ ਲਈ ਅਜਿਹਾ ਕਰਨਾ ਆਪਣੀ ਮਜਬੂਰੀ ਦੱਸਦੇ ਹਨ। ਸੰਤੋਖ ਦਾ ਪੱਲੂ ਛੱਡ ਹੋਰ ਅਤੇ ਹੋਰ ਪ੍ਰਾਪਤ ਕਰਨ ਲਈ ਭਟਕਦੇ ਫਿਰਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਇਨਸਾਨ ਜੋ ਬੀਜਦਾ ਹੈ, ਉਹੀ ਉਸ ਨੂੰ ਵੱਢਣਾ ਪੈਂਦਾ ਹੈ। ਫ਼ਰੀਦ ਸਾਹਿਬ ਆਖਦੇ ਹਨ ਕਿ ਜੇਕਰ ਕੋਈ ਕਿੱਕਰ ਬੀਜ ਦਾਖਾਂ ਭਾਲੇ ਤਾਂ ਉਸ ਤੋਂ ਮੂਰਖ ਕੌਣ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਨੇ ਪਰਾਇਆ ਹੱਕ ਖਾਣਾ ਸਭ ਤੋਂ ਬੁਰਾ ਕਰਮ ਦੱਸਿਆ ਹੈ। ਆਪਣੇ ਕਰਮਾਂ ਦਾ ਫ਼ਲ ਹਰੇਕ ਨੂੰ ਭੋਗਣਾ ਪੈਂਦਾ ਹੈ। ਇਸ ਵਿੱਚ ਦੇਰ ਤਾਂ ਹੋ ਸਕਦੀ ਹੈ ਪਰ ਛੁਟਕਾਰਾ ਨਹੀਂ ਹੋ ਸਕਦਾ। ਸੰਸਾਰ ਦੇ ਸਾਰੇ ਵਿਗਿਆਨੀ ਵੀ ਇਹ ਮੰਨਦੇ ਹਨ ਕਿ ਹਰੇਕ ਕਰਮ ਦਾ ਪ੍ਰਤੀਕਰਮ ਜ਼ਰੂਰ ਹੁੰਦਾ ਹੈ। ਸਭ ਕੁਝ ਜਾਣਦਿਆਂ ਹੋਇਆਂ ਵੀ ਗਲਤ ਰਾਹੇ ਤੁਰਨਾ ਸਭ ਤੋਂ ਵੱਡੀ ਮੂਰਖਤਾ ਹੈ। ਆਪਣੇ ਕਰਮਾਂ ਬਾਰੇ ਕਈ ਇਹ ਵੀ ਆਖਦੇ ਹਨ ਕਿ ਕੋਈ ਪ੍ਰਤੀਕਰਮ ਨਹੀਂ ਹੁੰਦਾ ਇਹ ਕੇਵਲ ਮਨਘੜਤ ਕਹਾਣੀਆਂ ਹਨ। ਇਸੇ ਸੰਬੰਧੀ ਇੱਕ ਸੱਚੀ ਘਟਨਾ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।
ਹੇਰਾ ਫੇਰੀ ਤੇ ਰਿਸ਼ਵਤਖੋਰੀ ਕਰਨ ਵਾਲੇ ਆਮ ਕਰਕੇ ਕਿਸੇ ਨਾ ਕਿਸੇ ਸੰਤ ਮਹਾਤਮਾ ਦੇ ਸੇਵਕ ਵੀ ਹੁੰਦੇ ਹਨ। ਇੱਕ ਠੇਕੇਦਾਰ ਨੇ ਇੱਕ ਠੇਕੇ ਵਿੱਚ ਚੋਖੀ ਕਮਾਈ ਕੀਤੀ ਅਤੇ ਆਪਣੇ ਬਾਬਾ ਜੀ ਕੋਲ ਸ਼ੁਕਰਾਨੇ ਲਈ ਗਿਆ। ਉਸਨੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ 51 ਹਜ਼ਾਰ ਰੁਪਏ ਦਾ ਚੜ੍ਹਾਵਾ ਵੀ ਭੇਟਾ ਕੀਤਾ। ਇਹ ਬਾਬਾ ਜੀ, ਬਹੁਤੇ ਦੂਜੇ ਬਾਬਿਆਂ ਵਾਂਗ ਲਾਲਚੀ ਨਹੀਂ ਸਨ। ਆਖਣ ਲੱਗੇ, “ਇਸ ਵਾਰ ਦੋ ਨੰਬਰ ਦੀ ਚੋਖੀ ਕਮਾਈ ਹੋਈ ਜਾਪਦੀ ਹੈ ਕਿਉਂਕਿ ਇੱਕ ਨੰਬਰ ਦੀ ਕਮਾਈ ਵਿੱਚੋਂ ਇੰਨੀ ਭੇਟਾ ਦੇਣੀ ਔਖੀ ਹੋ ਜਾਂਦੀ ਹੈ।”
ਠੇਕੇਦਾਰ ਨੇ ਇਸ ਸੱਚ ਨੂੰ ਸਵੀਕਾਰ ਕਰਦਿਆਂ ਉੱਤਰ ਦਿੱਤਾ, “ਬਾਬਾ ਜੀ, ਕੀ ਕਰੀਏ ਮਜਬੂਰੀ ਹੈ, ਥੋੜ੍ਹੀ ਬਹੁਤ ਤਾਂ ਹੇਰਾ ਫੇਰੀ ਕਰਨੀ ਹੀ ਪੈਂਦੀ ਹੈ।”
ਬਾਬਾ ਜੀ ਨੇ ਅੱਗੋਂ ਪੁੱਛਿਆ, “ਅਜਿਹੀ ਕੀ ਮਜਬੂਰੀ ਹੈ?”
“ਇਕ ਤਾਂ ਠੇਕਾ ਲੈਣ ਲਈ ਪੈਸਾ ਦੇਣਾ ਪੈਂਦਾ, ਦੂਜਾ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਪੈਸੇ ਦੀ ਲੋੜ ਪੈਂਦੀ ਹੈ। ਚੰਗਾ ਘਰ, ਬੱਚਿਆਂ ਦੀ ਪੜ੍ਹਾਈ, ਘਰ ਦੀਆਂ ਮੁੱਖ ਸਹੂਲਤਾਂ ਇਮਾਨਦਾਰੀ ਨਾਲ ਕਿੱਥੇ ਪੂਰੀਆਂ ਹੁੰਦੀਆਂ ਹਨ।”
“ਇਸਦਾ ਮਤਲਬ ਕਿ ਤੂੰ ਆਪਣੇ ਪਰਿਵਾਰ ਲਈ ਬੇਈਮਾਨੀ ਕਰਦਾ ਹੈਂ, ਪਰ ਇਹ ਦੱਸ ਪਰਿਵਾਰ ਤੇਰੇ ਲਈ ਕੀ ਕਰਦਾ ਹੈ?” ਬਾਬਾ ਜੀ ਨੇ ਪੁੱਛ ਲਿਆ।
“ਬਾਬਾ ਜੀ ਕਦੇ ਲੋੜ ਤਾਂ ਨਹੀਂ ਪਈ ਪਰ ਮੈਨੂੰ ਯਕੀਨ ਹੈ ਕਿ ਜੇ ਮੈਂ ਆਖਾਂ ਤਾਂ ਉਹ ਮੇਰੇ ਲਈ ਜਾਨ ਵਾਰਨ ਨੂੰ ਵੀ ਤਿਆਰ ਹੋ ਜਾਣਗੇ।
ਬਾਬਾ ਜੀ ਨੇ ਪੁੱਛਿਆ, “ਤੈਨੂੰ ਪੂਰਾ ਯਕੀਨ ਹੈ ਕਿ ਉਹ ਤੇਰੇ ਲਈ ਕੁਝ ਵੀ ਕਰ ਸਕਦੇ ਹਨ?”
“ਹਾਂ, ਬਾਬਾ ਜੀ।” ਠੇਕੇਦਾਰ ਨੇ ਬੜੇ ਹੀ ਭਰੋਸੇ ਨਾਲ ਆਖਿਆ।
“ਤੂੰ ਇੰਝ ਕਰ, ਘਰ ਜਾ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੁੱਛੀ ਕਿ ਜੇਕਰ ਕਿਸੇ ਕੰਮ ਵਿੱਚ ਤੂੰ ਫੜਿਆ ਜਾਵਾਂ ਤਾਂ ਉਹ ਤੇਰੀ ਥਾਂ ਜੇਲ੍ਹ ਜਾਣ ਨੂੰ ਤਿਆਰ ਹੋ ਜਾਣਗੇ?”
“ਬਾਬਾ ਜੀ, ਇਹ ਤਾਂ ਮਾਮੂਲੀ ਗੱਲ ਹੈ। ਉਹ ਤਾਂ ਇੱਕ ਤੋਂ ਇੱਕ ਅੱਗੇ ਵਧ ਕੇ ਮੇਰੇ ਲਈ ਜੇਲ੍ਹ ਜਾਣ ਨੂੰ ਤਿਆਰ ਹੋ ਜਾਣਗੇ।” ਠੇਕੇਦਾਰ ਦਾ ਉੱਤਰ ਸੀ।
ਬਾਬਾ ਜੀ ਨੇ ਪੈਸੇ ਵਾਪਸ ਕਰਦਿਆਂ ਆਖਿਆ, “ਕੱਲ੍ਹ ਆਵੀਂ, ਜੇਕਰ ਘਰ ਵਾਲੇ ਤੇਰੀ ਥਾਂ ਜੇਲ੍ਹ ਜਾਣ ਨੂੰ ਤਿਆਰ ਹੋ ਗਏ ਤਾਂ ਮੈਂ ਇਹ ਪੈਸੇ ਰੱਖ ਲਵਾਂਗਾ।”
ਠੇਕੇਦਾਰ ਬੜੇ ਹੌਸਲੇ ਨਾਲ ਘਰ ਗਿਆ। ਸਭ ਤੋਂ ਪਹਿਲਾਂ ਉਸ ਨੂੰ ਆਪਣੀ ਲੜਕੀ ਮਿਲੀ। ਠੇਕੇਦਾਰ ਨੇ ਉਸ ਨੂੰ ਪੁੱਛਿਆ, “ਬੇਟਾ ਦੇਖੋ ਤੁਹਾਡੇ ਸੁੱਖ ਅਰਾਮ ਲਈ ਮੈਂ ਦਿਨ ਰਾਤ ਮਿਹਨਤ ਕਰਦਾ ਹਾਂ। ਅੱਜ ਕੱਲ੍ਹ ਹਵਾ ਬੜੀ ਭੈੜੀ ਚੱਲ ਰਹੀ ਹੈ। ਜੇਕਰ ਮੇਰੇ ਖਿਲਾਫ਼ ਕਿਸੇ ਨੇ ਕੋਈ ਝੂਠਾ ਸੱਚਾ ਕੇਸ ਕਰ ਦਿੱਤਾ ਤਾਂ ਕੀ ਤੂੰ ਮੇਰੀ ਥਾਂ ਜੇਲ੍ਹ ਜਾਵੇਂਗੀ।”
ਕੁੜੀ ਨੇ ਬਹੁਤ ਹੀ ਗੁੱਸੇ ਵਿੱਚ ਜਵਾਬ ਦਿੱਤਾ, “ਡੈਡੀ ਤੁਹਾਡਾ ਦਿਮਾਗ ਖਰਾਬ ਹੋ ਗਿਆ? ਮੈਂ ਜੇਕਰ ਇੱਕ ਦਿਨ ਵੀ ਠਾਣੇ ਰਹਿ ਆਈ ਤਾਂ ਮੇਰੀ ਤਾਂ ਸਾਰੀ ਜ਼ਿੰਦਗੀ ਹੀ ਬਰਬਾਦ ਹੋ ਜਾਵੇਗੀ। ਮੇਰੇ ਨਾਲ ਵਿਆਹ ਕਰੇਗਾ? ਮੇਰੇ ਤਾਂ ਮੱਥੇ ਉੱਤੇ ਕਲੰਕ ਲੱਗ ਜਾਵੇਗਾ। ਆਪਣੇ ਪੁੱਤਾਂ ਨੂੰ ਪੁੱਛੋ ਜਿਨ੍ਹਾਂ ਤੁਹਾਡੀ ਸਾਰੀ ਜਾਇਦਾਦ ਸਾਂਭਣੀ ਹੈ।”
ਇਹ ਪਹਿਲਾ ਝਟਕਾ ਸੀ ਜਿਹੜਾ ਠੇਕੇਦਾਰ ਨੂੰ ਲੱਗਿਆ। ਉਦੋਂ ਤਕ ਉਸ ਦੇ ਦੋਵੇਂ ਪੁੱਤਰ ਵੀ ਬਾਹਰੋਂ ਆ ਗਏ। ਇਹੋ ਸਵਾਲ ਉਸਨੇ ਆਪਣੇ ਪੁੱਤਰਾਂ ਨੂੰ ਕੀਤਾ। “ਡੈਡੀ, ਜੇ ਤੂੰ ਕੁਝ ਕੀਤਾ ਤਾਂ ਭੁਗਤਣਾ ਵੀ ਤੈਨੂੰ ਹੀ ਪੈਣਾ ਹੈ। ਅਸੀਂ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰੀਏ? ਨਾਲੇ ਵਥੇਰਾ ਕੰਮ ਕਰ ਲਿਆ, ਹੁਣ ਆਰਾਮ ਕਰੋ। ... ਦੋ ਰੋਟੀਆਂ ਈ ਖਾਣੀਆਂ, ਘਰ ਨਾ ਸਹੀ ਜੇਲ੍ਹ ਵਿੱਚ ਖਾ ਲਵੀਂ।” ਪੁੱਤਰਾਂ ਦਾ ਜਵਾਬ ਸੀ।
ਪੁੱਤਰਾਂ ਦਾ ਉੱਤਰ ਸੁਣ ਕੇ ਠੇਕੇਦਾਰ ਹੋਰ ਵੀ ਨਿਰਾਸ਼ ਹੋ ਗਿਆ। ਹੁਣ ਕੇਵਲ ਇੱਕ ਹੀ ਆਸ ਉਸ ਦੀ ਧਰਮ ਪਤਨੀ ਹੀ ਰਹਿ ਗਈ ਸੀ। ਉਸ ਨੂੰ ਯਕੀਨ ਸੀ ਕਿ ਪਤਨੀ ਜ਼ਰੂਰ ਉਸਦਾ ਸਾਥ ਦੇਵੇਗੀ। ਉਹ ਆਪਣੀ ਪਤਨੀ ਨੂੰ ਆਖਣ ਲੱਗਾ, “ਦੇਖੋ ਮੈਂ ਸਾਰੀ ਉਮਰ ਗਲਤ-ਸਹੀ ਕੰਮ ਕਰਕੇ ਤੁਹਾਨੂੰ ਜੀਵਨ ਦੇ ਸਾਰੇ ਸੁਖ ਦੇਣ ਦਾ ਯਤਨ ਕੀਤਾ ਹੈ। ਹੁਣ ਜੇਕਰ ਮੇਰੇ ਉੱਤੇ ਕੋਈ ਮੁਸੀਬਤ ਆਵੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੂੰ ਮੇਰਾ ਸਾਥ ਜ਼ਰੂਰ ਦੇਵੇਂਗੀ।”
ਪਤਨੀ ਅੱਗੋਂ ਬੜੇ ਗੁੱਸੇ ਵਿੱਚ ਬੋਲੀ, “ਮੈਂ ਤੈਨੂੰ ਕਦੋਂ ਆਖਿਆ ਸੀ ਕਿ ਤੂੰ ਗਲਤ ਕੰਮ ਕਰ। ਕਦੇ ਸਮੇਂ ਸਿਰ ਤੂੰ ਘਰ ਨਹੀਂ ਵੜਿਆ, ਬਹੁਤੀ ਵਾਰ ਦਾਰੂ ਨਾਲ ਰੱਜ ਕੇ ਆਉਂਦਾ ਐ। ਜੇਕਰ ਤੂੰ ਅੰਦਰ ਚਲਾ ਜਾਵੇ ਤਾਂ ਮੈਂ ਤਾਂ ਸਗੋਂ ਖੁਸ਼ ਹੋਵਾਂਗੀ ਤੇ ਸੁਖ ਦਾ ਸਾਹ ਲਵਾਂਗੀ। ਆਪਣੀਆਂ ਕੀਤੀਆਂ ਆਪੇ ਭੁਗਤੀਂ।”
ਠੇਕੇਦਾਰ ਬਹੁਤ ਉਦਾਸ ਹੋ ਗਿਆ। ਉਸ ਨੂੰ ਆਪਣੇ ਕੀਤੇ ਉੱਤੇ ਪਛਤਾਵਾ ਹੋਣ ਲੱਗਾ। ਉਹ ਉਸੇ ਵੇਲੇ ਬਾਬਾ ਜੀ ਕੋਲ ਗਿਆ ਤੇ ਸਾਰੀ ਕਹਾਣੀ ਬਿਆਨ ਕੀਤੀ। ਬਾਬਾ ਜੀ ਨੇ ਆਖਿਆ, “ਅੱਗੇ ਤੋਂ ਗਲਤ ਕੰਮ ਕਰਨ ਤੋਂ ਤੌਬਾ ਕਰ ਅਤੇ ਜਿੱਥੋਂ ਤਕ ਹੋ ਸਕੇ ਲੋੜਵੰਦਾਂ ਦੀ ਸਹਾਇਤਾ ਕਰਿਆ ਕਰ। ਇਨਸਾਨ ਜੋ ਵੀ ਚੰਗੇ ਬੁਰੇ ਕੰਮ ਕਰਦਾ ਹੈ, ਉਸ ਦਾ ਫਲ ਉਸ ਨੂੰ ਜ਼ਰੂਰ ਭੁਗਤਣਾ ਪੈਂਦਾ ਹੈ। ਹਰਾਮ ਦੀ ਕਮਾਈ ਸੰਸਾਰਿਕ ਸੁਖ ਤਾਂ ਭਾਵੇਂ ਦੇ ਦੇਵੇ ਪਰ ਮਨ ਦੀ ਸੰਤੁਸ਼ਟੀ ਨਹੀਂ ਦੇ ਸਕਦੀ। ਅੱਗੇ ਤੋਂ ਨੇਕ ਕਮਾਈ ਕਰੋ, ਸੰਤੋਖ ਨੂੰ ਪੱਲੇ ਬੰਨ੍ਹ ਕੇ ਰੱਖੋ ਤਾਂ ਹੀ ਮਨ ਤੇ ਤਨ ਦੀ ਭਟਕਣਾ ਨੂੰ ਕਾਬੂ ਕੀਤਾ ਜਾ ਸਕਦਾ ਹੈ।”
ਸਾਨੂੰ ਸਾਰਿਆਂ ਨੂੰ ਇਹ ਪੱਲ੍ਹੇ ਬੰਨ੍ਹ ਲੈਣਾ ਚਾਹੀਦਾ ਹੈ ਕਿ ਹਰੇਕ ਕਰਮ ਦਾ ਪ੍ਰਤੀਕਰਮ ਹੁੰਦਾ ਹੈ। ਜੋ ਅਸੀਂ ਬੀਜਦੇ ਹਾਂ, ਉਹ ਹੀ ਸਾਨੂੰ ਵੱਢਣਾ ਪੈਂਦਾ ਹੈ। ਆਪਣੇ ਗੁਰੂਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਮਾਈ ਕਰੀਏ, ਗਲਤ ਢੰਗਾਂ ਨਾਲ ਰਾਤੋ ਰਾਤ ਅਮੀਰ ਬਣਨ ਲਈ ਕੀਤੀ ਕਮਾਈ ਨਾਲ ਆਰਾਮ ਦੇ ਸਾਧਨ ਤਾਂ ਖਰੀਦੇ ਜਾ ਸਕਦੇ ਹਨ ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਭਟਕਣਾ ਵਿੱਚ ਵਾਧਾ ਹੁੰਦਾ ਹੈ ਅਤੇ ਜੀਵਨ ਦਾ ਅਨੰਦ ਮਾਨਣ ਦਾ ਮੌਕਾ ਪ੍ਰਾਪਤ ਨਹੀਂ ਹੁੰਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5074)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)