“ਸਾਡੇ ਅਖੌਤੀ ਅੰਗਰੇਜ਼ੀ ਸਕੂਲ ਬੱਚਿਆਂ ਨੂੰ ਆਪਣੇ ਵਿਰਸੇ ਨਾਲੋਂ ਤੋੜ ਰਹੇ ਹਨ। ਸਕੂਲ ਵਿੱਚ ਪੰਜਾਬੀ ਬੋਲਣ ...”
(6 ਸਤੰਬਰ 2024)
ਅਜ਼ਾਦੀ ਤੋਂ ਪਹਿਲਾਂ ਬਹੁਤ ਘਟ ਬੱਚੇ ਸਕੂਲ ਜਾਂਦੇ ਸਨ ਕਿਉਂਕਿ ਹਰੇਕ ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਬਹੁਤ ਘੱਟ ਸਨ ਅਤੇ ਮਾਪਿਆਂ ਵਿੱਚ ਵਿੱਦਿਆ ਪ੍ਰਤੀ ਜਾਗਰੂਕਤਾ ਵੀ ਨਹੀਂ ਸੀ। ਲੜਕੀ ਤਾਂ ਕੋਈ ਵਿਰਲੀ ਟਾਵੀਂ ਹੀ ਸਕੂਲ ਜਾਂਦੀ ਸੀ। ਆਜ਼ਾਦੀ ਪਿੱਛੋਂ ਸਕੂਲਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਕੁੜੀਆਂ ਲਈ ਵੱਖਰੇ ਸਕੂਲ ਬਣੇ। ਆਜ਼ਾਦੀ ਸਮੇਂ ਪੰਜਾਬ ਨੇ ਵੱਡਾ ਸੰਤਾਪ ਭੋਗਿਆ ਸੀ। ਸ਼ਾਇਦ ਸੰਸਾਰ ਦੇ ਇਤਿਹਾਸ ਵਿੱਚ ਇਸ ਪੱਧਰ ’ਤੇ ਇਸ ਤੋਂ ਵੱਡਾ ਹੋਰ ਕਦੇ ਘੱਲੂਘਾਰਾ ਨਹੀਂ ਸੀ ਹੋਇਆ। ਪਰ ਪੰਜਾਬੀਆਂ ਹਿੰਮਤ ਨਾ ਹਾਰੀ ਤੇ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਮੁੜ ਮਿਹਨਤ ਕੀਤੀ ਅਤੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਬਣਾ ਦਿੱਤਾ। ਦੇਸ਼ ਵਿੱਚੋਂ ਭੁੱਖਮਰੀ ਦੂਰ ਕੀਤੀ ਅਤੇ ਸਰਹੱਦਾਂ ਦੀ ਰਾਖੀ ਦੀ ਵੀ ਜ਼ਿੰਮੇਵਾਰੀ ਲਈ। ਲੋਕਾਂ ਨੂੰ ਵਿੱਦਿਆ ਦੀ ਮਹੱਤਤਾ ਦਾ ਪਤਾ ਲੱਗਿਆ ਤੇ ਉਨ੍ਹਾਂ ਆਪਣੇ ਬੱਚੇ ਸਕੂਲਾਂ ਵਿੱਚ ਭੇਜਣੇ ਸ਼ੁਰੂ ਕੀਤੇ। ਭਾਵੇਂ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਸੀ ਪਰ ਅਧਿਆਪਕਾਂ ਨੇ ਆਪਣੇ ਕੰਮ ਪ੍ਰਤੀ ਦਿਆਨਤਦਾਰੀ ਨਾਲ ਮਿਹਨਤ ਕੀਤੀ। ਉਹ ਪੂਰੀ ਲਗਨ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸਨ। ਲੋਕਾਂ ਵੱਲੋਂ ਮਾਸਟਰੀ ਅਤੇ ਡਾਕਟਰੀ ਨੂੰ ਰੱਬ ਤੋਂ ਅਗਲਾ ਦਰਜਾ ਦਿੱਤਾ ਗਿਆ। ਪਿੰਡ ਵਿੱਚ ਜਿਹੜਾ ਵੀ ਪੜ੍ਹ ਜਾਂਦਾ ਸੀ, ਉਸੇ ਨੂੰ ਪਿੰਡ ਵਾਸੀ ਮਾਸਟਰ ਜੀ ਆਖਣ ਲੱਗ ਪੈਂਦੇ ਹਨ।
ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਹਰਾ ਇਨਕਲਾਬ ਸਿਰਜਿਆ ਜਿਸ ਨਾਲ ਖੁਸ਼ਹਾਲੀ ਦੀ ਝਲਕ ਨਜ਼ਰ ਆਉਣ ਲੱਗੀ। ਕੁਝ ਪੰਜਾਬੀ ਆਪਣੀ ਹਿੰਮਤ ਨਾਲ ਵਿਦੇਸ਼ ਗਏ ਤੇ ਵਾਪਸ ਆ ਕੇ ਉਨ੍ਹਾਂ ਸੁੰਦਰ ਘਰ ਬਣਾਏ, ਜ਼ਮੀਨਾਂ ਖਰੀਦੀਆਂ ਅਤੇ ਦੌਲਤ ਦਾ ਵਿਖਾਵਾ ਕੀਤਾ।
ਵਿਉਪਾਰੀ ਦੀ ਨਜ਼ਰ ਹਮੇਸ਼ਾ ਤੇਜ਼ ਹੁੰਦੀ ਹੈ, ਉਹ ਉਨ੍ਹਾਂ ਕਾਰਜਾਂ ਨੂੰ ਲੱਭਦਾ ਹੈ, ਜਿੱਥੋਂ ਕਮਾਈ ਕੀਤੀ ਜਾ ਸਕੇ। ਪੰਜਾਬੀਆਂ ਦੀ ਜੇਬ ਵਿੱਚ ਪੈਸੇ ਆ ਗਏ ਸਨ ਤੇ ਪ੍ਰਦੇਸ ਗਏ ਹੋਇਆਂ ਦੀ ਖੁਸ਼ਹਾਲੀ ਨਜ਼ਰ ਆਉਂਦੀ ਸੀ। ਵਿੱਦਿਆ ਵਿਉਪਾਰੀਆਂ ਨੇ ਵਿੱਦਿਆ ਦਾ ਵਿਉਪਾਰ ਸ਼ੁਰੂ ਕਰ ਦਿੱਤਾ। ਧੜਾਧੜ ਅਖੌਤੀ ਅੰਗਰੇਜ਼ੀ ਸਕੂਲ ਖੁੱਲ੍ਹਣ ਲੱਗ ਪਏ। ਬਾਹਰ ਜਾਣ ਦੇ ਸੁਪਨੇ ਵਿਖਾ ਲੋਕਾਂ ਨੂੰ ਅੰਗਰੇਜ਼ੀ ਸਕੂਲਾਂ ਵਲ ਮੋੜਿਆ। ਬੱਚਿਆਂ ਨੂੰ ਆਪਣੇ ਵਿਰਸੇ ਅਤੇ ਆਪਣੀ ਬੋਲੀ ਨਾਲੋਂ ਤੋੜਿਆ। ਇੰਝ ਉਨ੍ਹਾਂ ਵਿੱਚੋਂ ਆਪਣੀ ਮਿੱਟੀ ਦਾ ਮੋਹ ਘਟਣ ਲੱਗਾ ਤੇ ਸਮਾਜਕ ਕਦਰਾਂ ਕੀਮਤਾਂ ਤੋਂ ਦੂਰੀ ਵਧਣ ਲੱਗ ਪਈ। ਇਹ ਸਕੂਲ ਆਗੂਆਂ ਦੀ ਮਿਲੀ ਭਗਤ ਨਾਲ ਰਸੂਖਵਾਨ ਲੋਕਾਂ ਨੇ ਖੋਲ੍ਹੇ ਸਨ। ਸਰਕਾਰੀ ਸਕੂਲਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ ਅਤੇ ਬੱਚਿਆਂ ਨੂੰ ਅਖੌਤੀ ਅੰਗਰੇਜ਼ੀ ਸਕੂਲਾਂ ਵੱਲ ਖਿੱਚਿਆ ਗਿਆ। ਪ੍ਰਭਾਵਸ਼ਾਲੀ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਤੋਂ ਬਾਹਰ ਹੋ ਗਏ ਤਾਂ ਸਰਕਾਰ ਨੇ ਇਸ ਪਾਸਿਉਂ ਮੁੱਖ ਮੋੜ ਲਿਆ ਹਾਲਾਂਕਿ ਆਜ਼ਾਦ ਦੇਸ਼ ਵਿੱਚ ਵਿੱਦਿਆ ਨਾਗਰਿਕ ਦੀ ਮੁਢਲੀ ਲੋੜ ਵਿੱਚ ਸ਼ਾਮਿਲ ਹੁੰਦੀ ਹੈ।
ਇਹ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਪੰਜਾਬ ਦੇ ਬੱਚਿਆਂ ਨੂੰ ਵਿੱਦਿਆ ਦੇ ਨਾਲੋ ਨਾਲ ਹੁਨਰੀ ਬਣਾਉਣ ਦੀ ਥਾਂ ਆਗੂਆਂ ਨੇ ਆਪਣੇ ਪਿੱਛੇ ਲਗਾ ਲਿਆ। ਇਨ੍ਹਾਂ ਦੀ ਵਰਤੋਂ ਰਾਜਸੀ ਜਲਸੇ ਜਲੂਸਾਂ ਅਤੇ ਚੋਣਾਂ ਲਈ ਹੋਣ ਲੱਗ ਪਈ। ਕੋਈ ਸਮਾਂ ਸੀ ਜਦੋਂ ਲੋਕੀਂ ਆਪਣੇ ਆਗੂਆਂ ਦੇ ਵਿਚਾਰ ਸੁਣਨ ਲਈ ਦੂਰੋਂ ਦੂਰੋਂ ਪੈਦਲ ਆਉਂਦੇ ਸਨ ਕਿਉਂਕਿ ਉਨ੍ਹਾਂ ਦੇ ਕਿਰਦਾਰ ਉੱਚੇ ਤੇ ਸੁੱਚੇ ਸਨ। ਹੁਣ ਦੇ ਆਗੂਆਂ ਨੇ ਮੁੰਡਿਆਂ ਨੂੰ ਵਿਗਾੜਿਆ, ਇੱਥੋਂ ਤਕ ਕਿ ਰੈਲੀਆਂ ਪਿੱਛੋਂ ਥਕਾਵਟ ਲਾਹੁਣ ਲਈ ਉਨ੍ਹਾਂ ਨੂੰ ਨਸ਼ਿਆਂ ਨਾਲ ਜੋੜਿਆ।
ਸਾਡੇ ਧਾਰਮਿਕ ਆਗੂ ਵੀ ਇਸ ਪੱਖੋਂ ਪਿੱਛੇ ਨਹੀਂ ਰਹੇ। ਉਨ੍ਹਾਂ ਵੀ ਗੁਰੂ ਸਾਹਿਬਾਨ ਦੇ ਉਪਦੇਸ਼ਾ ਨੂੰ ਪ੍ਰਚਾਰਨ ਦੀ ਥਾਂ ਲੋਕਾਂ ਨੂੰ ਕਰਮਕਾਂਡਾ ਤੇ ਕਰਾਮਾਤਾਂ ਨਾਲ ਜੋੜਿਆ। ਡੇਰਿਆਂ ਵਿੱਚ ਹੋ ਰਹੇ ਕਾਰਜਾਂ ਨੂੰ ਵੇਖ ਜਵਾਨੀ ਵੀ ਕੁਰਾਹੈ ਪੈ ਗਈ। ਪੰਜਾਬ ਵਿੱਚ ਵਿੱਦਿਆ ਦੇ ਖੇਤਰ ਵਿੱਚ ਕੁਝ ਵਧੀਆ ਤਜਰਬੇ ਹੋਏ ਹਨ ਪਰ ਮੁੜ ਉਨ੍ਹਾਂ ਨੂੰ ਕਿਸੇ ਨੇ ਦੁਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮਿਸਾਲ ਦੇ ਤੌਰ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਿਆੜਕੀ ਵਿੱਚ ਚੱਲ ਰਹੇ ਵਿੱਦਿਆ ਅਦਾਰੇ ਵਲ ਝਾਤ ਮਾਰਨ ਦੀ ਲੋੜ ਹੈ। ਉੱਥੇ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਹਨ, ਕਿਰਤ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਦਾ ਕਿਰਦਾਰ ਉੱਚਾ ਹੈ। ਸਕੂਲ ਦਾ ਸਾਰਾ ਕੰਮ ਬੱਚੇ ਕਰਦੇ ਹਨ। ਰੋਟੀ ਵੀ ਆਪ ਹੀ ਤਿਆਰ ਕਰਦੇ ਹਨ। ਵੱਡੀਆਂ ਕਲਾਸਾਂ ਦੇ ਬੱਚੇ ਛੋਟੀਆਂ ਕਲਾਸਾਂ ਨੂੰ ਪੜ੍ਹਾਉਂਦੇ ਹਨ। ਬੱਚਿਆਂ ਦਾ ਖਰਚਾ ਨਾਮ ਮਾਤਰ ਹੈ। ਇਮਤਿਹਾਨ ਵਿੱਚ ਸਾਰੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੁੰਦੇ ਹਨ। ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਬੱਚੇ ਇਮਤਿਹਾਨ ਵਿੱਚ ਨਕਲ ਮਾਰਦੇ ਹੋਣਗੇ। ਅਚਾਨਕ ਚੈਕਿੰਗ ਕੀਤੀ ਗਈ। ਹਾਲ ਵਿੱਚ ਕੋਈ ਨਿਗਰਾਨ ਨਹੀਂ ਸੀ। ਉਹ ਇੱਕ ਵੀ ਅਜਿਹਾ ਕੇਸ ਨਾ ਲੱਭ ਸਕੇ ਜਿੱਥੇ ਕੋਈ ਨਕਲ ਮਾਰ ਰਿਹਾ ਹੋਵੇ ਜਾਂ ਇੱਕ ਦੂਜੇ ਨੂੰ ਪੁੱਛ ਰਿਹਾ ਹੋਵੇ।
ਇੱਕ ਹੋਰ ਮਿਸਾਲ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਹੈ। ਉਹ ਹਿਮਾਚਲ ਵਿੱਚ ਡਾਇਰੈਕਟਰ ਬਾਗਬਾਨੀ ਸੇਵਾ ਮੁਕਤ ਹੋਏ। ਉਹ ਵੀ ਖੇਤੀਬਾੜੀ ਕਾਲਜ ਦੇ ਹੀ ਵਿਦਿਆਰਥੀ ਸਨ। ਸੇਵਾ ਮੁਕਤੀ ਪਿੱਛੋਂ ਉਨ੍ਹਾਂ ਨੇ 130 ਅਕਾਲ ਅਕਾਡਮੀਆਂ ਅਤੇ ਦੋ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ। ਇੱਥੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲੋ ਨਾਲ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇੱਥੋਂ ਦੇ ਪੜ੍ਹੇ ਬੱਚੇ ਉੱਚੇ ਤੇ ਸੁੱਚੇ ਕਿਰਦਾਰ ਦੇ ਬਣ ਰਹੇ ਹਨ।
ਹਰੇਕ ਸਰਕਾਰ ਵਿੱਦਿਆ ਦੇ ਸੁਧਾਰ ਬਾਰੇ ਚਰਚਾ ਕਰਦੀ ਹੈ। ਮੌਜੂਦਾ ਸਰਕਾਰ ਨੇ ਵਧੀਆ ਵਿੱਦਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨਾਲ ਚੋਣਾਂ ਜਿੱਤੀਆਂ ਹਨ ਪਰ ਅਜੇ ਕੋਈ ਬਹੁਤੀ ਤਬਦੀਲੀ ਨਜ਼ਰ ਨਹੀਂ ਆ ਰਹੀ। ਕੁਝ ਸਕੂਲਾਂ ਦੇ ਮੁਖੀਆਂ ਨੂੰ ਸਿੰਘਾਪੁਰ ਸਿਖਲਾਈ ਲਈ ਜ਼ਰੂਰ ਭੇਜਿਆ ਗਿਆ ਹੈ। ਪੰਜਾਬ ਵਿੱਚ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਰਾਜਨੀਤਕ ਆਗੂਆਂ ਅਤੇ ਧਾਰਮਿਕ ਆਗੂਆਂ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ, ਇਹ ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਆਉਂਦੀ ਹੈ। ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ। ਸਾਰੇ ਸਫ਼ਲ ਵਿਅਕਤੀਆਂ ਪਿੱਛੇ ਕਿਸੇ ਨਾ ਕਿਸੇ ਅਧਿਆਪਕ ਦੀ ਅਹਿਮ ਭੂਮਿਕਾ ਮੰਨੀ ਗਈ ਹੈ। ਅਧਿਆਪਕ ਨਿਰਾ ਕਿੱਤਾ ਨਹੀਂ ਸਗੋਂ ਲੋਕਾਈ ਦੀ ਸੇਵਾ ਦਾ ਮਿਲਿਆ ਸੁਨਹਿਰੀ ਮੌਕਾ ਹੈ। ਅਧਿਆਪਕ ਹੀ ਬੱਚੇ ਨੂੰ ਜੀਉਣਾ ਸਿਖਾਉਂਦਾ ਹੈ ਅਤੇ ਉਸ ਨੂੰ ਸਫ਼ਲਤਾ ਦਾ ਰਾਹ ਵਿਖਾਉਂਦਾ ਹੈ। ਜੇਕਰ ਅਧਿਆਪਕ ਸੰਜੀਦਗੀ ਨਾਲ ਯਤਨ ਕਰਨ ਤਾਂ ਪੰਜਾਬ ਦੇ ਬੱਚਿਆਂ ਦਾ ਰਾਹ ਰੁਸ਼ਨਾ ਸਕਦੇ ਹਨ ਅਤੇ ਉਨ੍ਹਾਂ ਨੂੰ ਸਿੱਧੇ ਰਾਹ ਪਾ ਸਕਦੇ ਹਨ। ਅਜਿਹਾ ਕਰਨ ਲਈ ਸਾਡੀ ਵਿੱਦਿਅਕ ਪ੍ਰਣਾਲੀ ਨੂੰ ਜਿਹੜੇ ਕੋਹੜ ਲੱਗੇ ਹੋਏ ਹਨ, ਇਨ੍ਹਾਂ ਨੂੰ ਦੂਰ ਕਰਨਾ ਪਵੇਗਾ।
ਕਰਨ ਲਈ ਬਹੁਤ ਕੁਝ ਹੈ ਪਰ ਇੱਥੇ ਪੰਜ ਅਜਿਹੇ ਕਾਰਜਾਂ ਬਾਰੇ ਚਰਚਾ ਕੀਤੀ ਗਈ ਹੈ, ਜਿਨ੍ਹਾਂ ਨੂੰ ਅਪਣਾਇਆਂ ਸਾਡੀ ਵਿੱਦਿਅਕ ਪ੍ਰਣਾਲੀ ਵਿੱਚ ਸੁਧਾਰ ਹੋ ਸਕਦਾ ਹੈ। ਇਸ ਪਾਸੇ ਬਹੁਤ ਘੱਟ ਯਤਨ ਹੋਏ ਹਨ। ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਕਮਿਸ਼ਨ ਬਣਾ ਕੇ ਵਿੱਦਿਅਕ ਸੁਧਾਰਾਂ ਦੇ ਯਤਨ ਕੀਤੇ ਗਏ ਹਨ ਪਰ ਇਹ ਕੇਵਲ ਸਲੇਬਸ ਵਿੱਚ ਕੁਝ ਤਬਦੀਲੀਆਂ ਤਕ ਹੀ ਸੀਮਤ ਰਹੇ ਹਨ। ਕੁਝ ਸਾਲ ਪਹਿਲਾਂ 10+2 ਪ੍ਰਣਾਲੀ ਸ਼ੁਰੂ ਕੀਤੀ ਗਈ ਸੀ, ਜਿਸਦਾ ਮੰਤਵ ਕਾਲਜ ਵਿੱਚ ਜਾਣ ਤੋਂ ਪਹਿਲਾਂ ਦਸਵੀਂ ਪਾਸ ਕਰਨ ਪਿੱਛੋਂ ਦੋ ਸਾਲ ਦੀ ਪੜ੍ਹਾਈ ਕਿੱਤਾ ਮੁਖੀ ਹੋਵੇਗੀ। ਇਸ ਸਮੇਂ ਵਿਦਿਆਰਥੀ ਪੜ੍ਹਾਈ ਦੇ ਨਾਲੋ ਨਾਲ ਕਿਸੇ ਨਾ ਕਿਸੇ ਕਿੱਤੇ ਵਿੱਚ ਮੁਹਾਰਤ ਹਾਸਲ ਕਰ ਲਵੇਗਾ ਤਾਂ ਜੋ ਪੜ੍ਹਾਈ ਪੂਰੀ ਕਰਨ ਪਿੱਛੋਂ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਸਕੇ। ਪਰ ਕੁਝ ਹੀ ਵਰ੍ਹਿਆਂ ਵਿੱਚ ਇਹ ਸੋਚ ਅਲੋਪ ਹੋ ਗਈ ਤੇ ਕਿੱਤਾ ਸਿਖਲਾਈ ਨੇ ਦਮ ਤੋੜ ਦਿੱਤਾ।
ਮੁਢਲੇ ਪੰਜ ਸੁਧਾਰਾਂ ਵਿੱਚ ਇਮਤਿਹਾਨ ਵਿੱਚ ਨਕਲ ਨੂੰ ਰੋਕਣਾ ਅਹਿਮ ਹੈ। ਇਸ ਨਾਲ ਜਿੱਥੇ ਬੱਚੇ ਵਿੱਚੋਂ ਮਿਹਨਤ ਕਰਨ ਦੀ ਰੁਚੀ ਘਟਦੀ ਹੈ ਉੱਥੇ ਬੇਈਮਾਨੀ ਦਾ ਬੀਜ ਵੀ ਪੁੰਗਰਨ ਲਗਦਾ ਹੈ। ਦੂਜਾ ਕਾਰਜ ਰੱਟੇ ਨੂੰ ਰੋਕਣਾ ਹੈ। ਸਾਡੀ ਪੜ੍ਹਾਈ ਅਧਿਆਪਕ ਵੱਲੋਂ ਪੜ੍ਹਾਏ ਪਾਠ ਨੂੰ ਯਾਦ ਕਰਨਾ ਹੈ ਅਤੇ ਇਮਤਿਹਾਨ ਵਿੱਚ ਉਸ ਨੂੰ ਉਸੇ ਤਰ੍ਹਾਂ ਲਿਖ ਦੇਣਾ ਹੈ। ਬੱਚੇ ਨੂੰ ਉਸ ਵਿਸ਼ੇ ਬਾਰੇ ਕੁਝ ਨਵਾਂ ਸੋਚਣ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਇੰਝ ਉਸ ਦੀ ਸੋਚ ਸ਼ਕਤੀ ਅਤੇ ਕੁਝ ਨਵਾਂ ਕਰਨ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਧਿਆਪਕ ਵੱਲੋਂ ਪੜ੍ਹਾਏ ਪਾਠ ਵਿੱਚ ਵਿਦਿਆਰਥੀ ਨਵਾਂ ਕੀ ਜੋੜ ਸਕਦਾ ਹੈ। ਪਰ ਹੁਣ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਨੰਬਰ ਕੱਟ ਲਏ ਜਾਂਦੇ ਹਨ। ਵਿਦਿਆਰਥੀ ਇਮਤਿਹਾਨ ਪਿੱਛੋਂ ਸਾਰਾ ਕੁਝ ਭੁੱਲ ਜਾਂਦਾ ਹੈ ਅਤੇ ਕੋਰੇ ਦਾ ਕੋਰਾ ਰਹਿ ਜਾਂਦਾ ਹੈ।
ਸਾਡੇ ਅਖੌਤੀ ਅੰਗਰੇਜ਼ੀ ਸਕੂਲ ਬੱਚਿਆਂ ਨੂੰ ਆਪਣੇ ਵਿਰਸੇ ਨਾਲੋਂ ਤੋੜ ਰਹੇ ਹਨ। ਸਕੂਲ ਵਿੱਚ ਪੰਜਾਬੀ ਬੋਲਣ ਤੇ ਪੜ੍ਹਨ ਦੀ ਮਨਾਹੀ ਹੈ। ਇੰਝ ਬੱਚਾ ਆਪਣੀ ਬੋਲੀ ਨੂੰ ਘਟੀਆ ਸਮਝਣ ਲੱਗ ਪੈਂਦਾ ਹੈ ਅਤੇ ਆਪਣੇ ਵਿਰਸੇ ਤੋਂ ਟੁੱਟ ਜਾਂਦਾ ਹੈ। ਆਪਣੇ ਵਿਰਸੇ ਅਤੇ ਕਦਰਾਂ ਕੀਮਤਾਂ ਤੋਂ ਟੁੱਟੇ ਹੋਏ ਬੱਚੇ ਆਪ ਹੁਦਰੇ ਹੋ ਰਹੇ ਹਨ ਤੇ ਕੁਰਾਹੇ ਪੈ ਰਹੇ ਹਨ। ਸਕੂਲਾਂ ਵਿੱਚ ਬੱਚਿਆਂ ਨੂੰ ਕਿਰਤ ਨਾਲ ਨਹੀਂ ਜੋੜਿਆ ਜਾਂਦਾ ਸਗੋਂ ਹੱਥੀਂ ਕੰਮ ਕਰਨ ਨੂੰ ਘਟੀਆ ਸਮਝਿਆ ਜਾਣ ਲੱਗ ਪਿਆ ਹੈ। ਆਉਣ ਵਾਲੇ ਸਮੇਂ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਖੇਤਰ ਵਿੱਚ ਨੌਕਰੀਆਂ ਘੱਟ ਹੋ ਜਾਣਗੀਆਂ। ਬੱਚਿਆਂ ਨੂੰ ਹੁਨਰੀ ਬਣ ਆਪਣੇ ਲਈ ਆਪ ਰੁਜ਼ਗਾਰ ਪੈਦਾ ਕਰਨਾ ਪਵੇਗਾ। ਅਧਿਆਪਕਾਂ ਨੂੰ ਆਪ ਬੱਚਿਆਂ ਨਾਲ ਰਲ ਕੇ ਸਕੂਲ ਦੀ ਸਾਫ਼ ਸਫ਼ਾਈ, ਫ਼ੁੱਲ ਬੂਟਿਆਂ ਦੀ ਦੇਖਭਾਲ, ਘਰੋਗੀ ਬਗੀਚੀ ਵਿੱਚ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਵੀ ਅਜਿਹੇ ਪ੍ਰਾਜੈਕਟ ਕਰਨ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਸਕੂਲਾਂ ਵਿੱਚ ਹੁਨਰੀ ਸਿਖਲਾਈ ਦੀ ਵਿਵਸਥਾ ਹੈ ਪਰ ਇਸ ਪਾਸੇ ਕਿਸੇ ਸਕੂਲ ਵੱਲੋਂ ਵੀ ਧਿਆਨ ਨਹੀਂ ਦਿੱਤਾ ਜਾਂਦਾ। ਇਹ ਸਿਖਲਾਈ ਜ਼ਰੂਰੀ ਹੈ। ਇਸ ਨਾਲ ਬੱਚੇ ਵਿੱਚ ਕਿਰਤ ਦੀ ਆਦਤ ਪਵੇਗੀ ਅਤੇ ਆਪਣੇ ਹੁਨਰ ਨੂੰ ਹੋਰ ਵਧੀਆ ਬਣਾਉਣ ਦੇ ਨਵੇਂ ਨਵੇਂ ਫੁਰਨੇ ਫ਼ੁਰਨਗੇ। ਅਜੇ ਵੀ ਕੁਝ ਅਧਿਆਪਕ ਹਨ ਜਿਹੜੇ ਸਹੀ ਅਰਥਾਂ ਵਿੱਚ ਬੱਚਿਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ।
ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਸੰਜੀਦਗੀ ਨਾਲ ਯਤਨ ਕੀਤੇ ਜਾਣ। ਜਿਹੜੇ ਅਧਿਆਪਕ ਸਿਖਲਾਈ ਪ੍ਰਾਪਤ ਕਰਕੇ ਆਏ ਹਨ, ਉਨ੍ਹਾਂ ਨੂੰ ਉੱਥੇ ਵੇਖੇ ਕਾਰਜਾਂ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਪੰਜਾਬ ਜਿਹੜਾ ਦੇਸ਼ ਦਾ ਸਭ ਤੋਂ ਵਧੀਆ ਸੂਬਾ ਸੀ, ਉਹ ਹੁਣ ਨਿਵਾਣ ਵਲ ਜਾ ਰਿਹਾ ਹੈ। ਨਵੀਂ ਪੀੜ੍ਹੀ ਦਿਸ਼ਾਹੀਣ ਹੋ ਰਹੀ ਹੈ। ਮੁੰਡਿਆਂ ਵਿੱਚੋਂ ਪੜ੍ਹਨ ਤੇ ਕੁਝ ਨਵਾਂ ਕਰਨ ਦੀ ਰੁਚੀ ਖਤਮ ਹੋ ਰਹੀ ਹੈ। ਹਰ ਖੇਤਰ ਵਿੱਚ ਕੁੜੀਆਂ ਦਾ ਬੋਲਬਾਲਾ ਹੈ। ਇਹ ਫ਼ਖ਼ਰ ਵਾਲੀ ਪ੍ਰਾਪਤੀ ਹੈ। ਪ੍ਰੰਤੂ ਮੁੰਡਿਆਂ ਅਤੇ ਕੁੜੀਆਂ ਵਿੱਚ ਸਕਾਰਾਤਮਿਕ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਮਾਜਿਕ ਉਲਝਣਾਂ ਵਧ ਸਕਦੀਆਂ ਹਨ। ਅਧਿਆਪਕਾਂ ਨੂੰ ਬੇਨਤੀ ਹੈ ਕਿ ਸੇਵਾ ਦੇ ਮਿਲੇ ਇਸ ਮੌਕੇ ਦਾ ਪੂਰਾ ਲਾਭ ਉਠਾਉਣ। ਪੰਜਾਬ ਦੇ ਬੱਚਿਆਂ ਨੂੰ ਸਿੱਧੇ ਰਾਹ ਪਾਈਏ ਅਤੇ ਪੁੱਠੇ ਰਾਹਾਂ ਉੱਤੇ ਭਟਕਣ ਤੋਂ ਬਚਾਈਏ। ਇਹ ਮੰਨ ਕੇ ਚੱਲੀਏ ਕਿ ਸਹੂਲਤਾਂ ਦੀ ਕਮੀ ਦੇ ਬਾਵਜੂਦ ਵੀ ਕੁਝ ਨਵਾਂ ਕਰਕੇ ਵਿਖਾਵਾਂਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5275)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.