“ਰਾਤ ਦੀ ਪਸਰੀ ਕਾਲਖ ਪਿੱਛੋਂ, ਨਿੱਤ ਹੈ ਸੋਨ ਸਵੇਰਾ ਆਉਂਦਾ। ਬਦਲਾਂ ਦੇ ਪਰਦੇ ਨੂੰ ਲਾਹਕੇ, ...”
(19 ਨਵੰਬਰ 2024)
ਉਹ ਅਜਿਹਾ ਸਮਾਂ ਸੀ ਲੋਕੋ,
ਹਰ ਪਾਸੇ ਸੀ ਕਾਲਖ ਛਾਈ।
ਜਬਰ ਜ਼ੁਲਮ ਦਾ ਸੀ ਪਸਾਰਾ,
ਹੱਕ ਦੀ ਕਿਰਨ ਨਜ਼ਰ ਨਾ ਆਈ।
ਇੱਕ ਤਹਿਜ਼ੀਬ ਬੜੀ ਪੁਰਾਣੀ,
ਸਿਸਕ ਸਿਸਕ ਦਮ ਤੋੜ ਰਹੀ ਸੀ।
ਸ਼ਰ੍ਹਾ ਦੇ ਅੰਨ੍ਹੇ ਹੜ੍ਹ ਦੇ ਅੱਗੇ,
ਬੇਵੱਸ ਆਪਾ ਖੋਰ ਰਹੀ ਸੀ।
ਮਰੀ ਹੋਈ ਤਹਿਜ਼ੀਬ ਦੇ ਮਾਲਕ,
ਆਪਣਾ ਕੋਈ ਇਮਾਨ ਨਹੀਂ ਰੱਖਦੇ।
ਅਣਖ, ਆਣ ਦੇ ਨਾਂ ਦੇ ਉੱਤੇ,
ਕਦੇ ਉਨ੍ਹਾਂ ਦੇ ਜਿਸਮ ਨਾ ਭਖਦੇ।
ਨਵੀਂ ਆਈ ਤਹਿਜ਼ੀਬ ਸੀ ਜਿਹੜੀ,
ਉਸ ਦੇ ਮਾਲਿਕ ਰਾਜ ਸੀ ਕਰਦੇ।
ਤਾਕਤ ਇੱਕ ਅਜਿਹਾ ਨਸ਼ਾ ਹੈ,
ਪੀਵਣ ਵਾਲੇ ਘਟ ਹੀ ਡਰਦੇ।
ਭੁੱਲ ਸ਼ਰ੍ਹਾ ਨੂੰ ਭੈੜੇ ਬੰਦੇ,
ਦੂਜੀ ਸਭਿਅਤਾ ਖਾਵਣ ਲੱਗੇ।
ਨੋਚ ਨੋਚ ਲੋਕਾਂ ਦੀ ਹੱਡੀਆਂ,
ਆਪਣੇ ਢਿੱਡ ਵਿੱਚ ਪਾਵਣ ਲੱਗੇ।
ਡਰ ਦੇ ਮਾਰੇ ਹਿੰਦ ਦੇ ਵਾਸੀ,
ਭੁੱਲ ਰਹੇ ਸੀ ਸਭਿਅਤਾ ਆਪਣੀ।
ਦੂਜੇ ’ਤੇ ਜੋ ਜ਼ੁਲਮ ਕਰੇਂਦੇ,
ਖੋਹ ਬਹਿੰਦੇ ਹਨ ਪ੍ਰਤਿਭਾ ਆਪਣੀ।
ਇੱਕ ਸੂਰਜ ਤੇ ਡੁੱਬ ਰਿਹਾ ਸੀ,
ਦੂਜਾ ਚੜ੍ਹਦਾ ਗਿਆ ਗ੍ਰਸਿਆ।
ਹੱਕ ਪਰਾਇਆ ਖਾਵਣ ਵਾਲਾ,
ਖੁਦ ਆਪੇ ਤੋਂ ਗਿਆ ਡੱਸਿਆ।
ਔਰਤ ਬਣੀ ਪੈਰ ਦੀ ਜੁੱਤੀ,
ਮੋਚ ਆਈ ਤਾਂ ਪੈਰੀਂ ਪਾਈ।
ਮਾਂ ਆਪਣੇ ਜਾਇਆਂ ਤੋਂ ਹੀ,
ਲੁੱਚੀ, ਲੰਡੀ, ਕੰਜਰੀ ਅਖਵਾਈ।
ਭਰਮਾਂ ਵਹਿਮਾਂ ਜਾਲ ਸੀ ਉਣਿਆ,
ਜਿਸ ਵਿੱਚ ਫਾਥੀ ਕੁੱਲ ਲੁਕਾਈ।
ਟੂਣੇ, ਜਾਦੂ ਆਮ ਹੋਏ ਸਨ,
ਹਰ ਪਾਸੇ ਸੀ ਕਾਲਖ ਛਾਈ।
ਰੱਬ ਦੇ ਭਗਤ ਸਦਾਵਣ ਵਾਲੇ,
ਛੱਡ ਛਡਾ ਕੇ ਜੱਗ ਦੇ ਧੰਦੇ,
ਰੱਬ ਨੂੰ ਲੱਭਣ ਜੰਗਲ ਬੇਲੇ,
ਘੁੰਮਦੇ ਫਿਰਦੇ ਰੱਬ ਦੇ ਬੰਦੇ।
ਰੱਬ, ਰੱਬ ਦੀ ਹੋਏ ਲੜਾਈ
ਅੱਲਾਹ, ਰਾਮ ਝਗੜ ਰਹੇ ਸਨ।
ਇੱਕੋ ਰੱਬ ਨੂੰ ਪੂਜਣ ਵਾਲੇ,
ਇੱਕ ਦੂਜੇ ਨੂੰ ਰਗੜ ਰਹੇ ਸਨ।
ਆਗੂ ਧਰਮ ਦੇ ਆਖਣ ਸਾਰੇ,
ਜਗ ਹੈ ਮੋਹ ਮਾਇਆ ਦਾ ਜਾਲ।
ਮੁਕਤੀ ਪਾਉਣੀ ਚਾਹੋ ਜੇ ਲੋਕੋ,
ਇਸ ਨੂੰ ਦੇਵੋ ਤੁਸੀਂ ਤਿਆਗ।
ਬੰਦਾ ਬੰਦੇ ਨੂੰ ਪਿਆ ਖਾਵੇ,
ਜਿਉਂ ਦਰਿਆ ਵਿੱਚ ਮੱਛੀਆਂ ਹੋਵਣ।
ਮਾੜੇ ਸਭ ਦੀ ਜੋਰੂ ਬਣ ਗਏ,
ਬੈਠੇ ਆਪਣੀ ਕਿਸਮਤ ਰੋਵਣ।
ਊਚ ਨੀਚ ਦਾ ਚਰਚਾ ਸਾਰੇ,
ਮਨੁੱਖ ਮਨੁੱਖ ਤੋਂ ਨਫ਼ਰਤ ਕਰਦਾ।
ਸ਼ੂਦਰ ਘਰ ਜੋ ਪੈਦਾ ਹੋ ਜਾਏ,
ਸਾਰੀ ਉਮਰ ਰਹੇ ਦੁੱਖ ਜਰਦਾ।
ਕਰਮਾਂ ਦੀ ਕਦਰ ਨਾ ਕੋਈ,
ਜਨਮਾਂ ਉੱਤੇ ਹੋਣ ਨਬੇੜੇ।
ਨੀਚ ਜਾਤ ਦਾ ਜੋ ਵੀ ਬੰਦਾ,
ਲੱਗੇ ਕੋਈ ਨਾ ਉਸ ਦੇ ਨੇੜੇ।
ਲੋਕੀਂ ਬਣੇ ਰੁੱਖ ਅਜਿਹੇ,
ਬਿਨ ਜੜ੍ਹਾਂ ਤੋਂ ਜਿਹੜੇ ਜਿਊਂਦੇ।
ਤਰਸ ਦਾ ਪਾਤਰ ਬਣ ਕੇ ਸਾਰੇ,
ਜ਼ਹਿਰ ਨਮੋਸ਼ੀ ਹਰ ਪਲ ਪੀਂਦੇ।
ਹੱਕ ਪਰਾਇਆ ਹਰ ਕੋਈ ਖਾਵੇ,
ਮਿਹਨਤ ਦਾ ਮੁੱਕਿਆ ਮਾਣ ਵੇ ਲਾਲੋ।
‘ਸਰਮ ਧਰਮ ਦੋਇ ਛੁਪਿ ਖਲੋਏ,
ਕੂੜਿ ਫਿਰੈ ਪ੍ਰਧਾਨ ਵੇ ਲਾਲੋ।
ਰਾਤ ਦੀ ਪਸਰੀ ਕਾਲਖ ਪਿੱਛੋਂ,
ਨਿੱਤ ਹੈ ਸੋਨ ਸਵੇਰਾ ਆਉਂਦਾ।
ਬਦਲਾਂ ਦੇ ਪਰਦੇ ਨੂੰ ਲਾਹਕੇ,
ਨੀਲਾ ਅੰਬਰ ਝਾਤੀ ਪਾਉਂਦਾ।
ਜ਼ੁਲਮ ਜਬਰ ਜਦੋਂ ਹੱਦਾਂ ਟੱਪਣ,
ਜਾਗੇ ਕੋਈ ਪੁੱਤ ਧਰਤ ਦਾ।
ਕੋਝੇ ਭਾਰ ਨੂੰ ਲਾਹੁਣ ਖਾਤਰ,
ਜਨਮ ਲੈਂਦਾ ਹੈ ਸੁੱਤ ਧਰਤ ਦਾ।
ਕਦੇ ਤੇ ਕੋਈ ਸੂਰਜ ਨਿਕਲੂ,
ਲੋਕੀਂ ਆਸਾਂ ਲਾਹ ਬੈਠੇ ਸਨ।
ਵਹਿਮਾਂ ਭਰਮਾਂ ਦੇ ਵਿੱਚ ਫਸ ਕੇ,
ਹਨੇਰਿਆਂ ਨੂੰ ਅਪਣਾ ਬੈਠੇ ਸਨ।
ਗਿਆਨ ਹਨੇਰੀ ਕੋਈ ਉੱਠੇ,
ਇਸ ਗਹਿਰ ਨੂੰ ਲਾਹ ਕੇ ਸੁੱਟੇ।
ਲੋਕ ਤਰਲੇ ਕਰ ਰਹੇ ਸਨ,
ਕਦੋਂ ਇਹ ਸਾਡਾ ਬੰਧਨ ਟੁੱਟੇ।
ਹਨੇਰੇ ਪੱਖ ਦੇ ਵਿੱਚੋਂ ਆਖਿਰ,
ਚਾਨਣ ਸੋਮਾ ਪ੍ਰਗਟ ਹੋਇਆ।
ਸਦੀ ਪੰਦਰ੍ਹਵੀਂ ਸਾਲ ਉਨ੍ਹੱਤਰ,
ਤਾਰੇ ਛਿਪੇ ਹਨੇਰ ਪਲੋਆ।
ਹੋ ਦਿਆਲ ਰੱਬ ਪੁੱਤਰ ਦਿੱਤਾ,
ਮਹਿਤਾ ਕਾਲੂ ਖੁਸ਼ੀ ਮਨਾਈ।
ਤਲਵੰਡੀ ਦੇ ਸੱਭੇ ਲੋਕੀ,
ਦੇਵਣ ਲੱਗੇ ਆਣ ਵਧਾਈ।
ਮਾਤ ਤ੍ਰਿਪਤਾ ਖੁਸ਼ੀ ਵਿੱਚ ਝੂਮੇ,
ਰੱਬ ਨੇ ਉਸਦੀ ਰੱਖ ਵਿਖਾਈ।
ਜਿਸ ਔਰਤ ਕੁਖ ਪੁੱਤ ਨਾ ਜਨਮੇ।
ਉਸ ਨਾਰ ਦੀ ਹੋਏ ਤਬਾਹੀ।
ਤਲਵੰਡੀ ਦੇ ਲੋਕ ਵੇਖਣ,
ਇਹ ਕਿਹੜੀ ਕਿਰਨ ਹੈ ਚਮਕੀ।
ਇੱਥੇ ਘੁੱਪ ਹਨੇਰੇ ਅੰਦਰ,
ਕੌਣ ਹੈ ਜਿਸਦੀ ਸ਼ਾਨ ਹੈ ਦਮਕੀ?
ਦਿਲ ਖੋਲ੍ਹ ਕੇ ਮਾਇਆ ਵੰਡੀ,
ਮਹਿਤਿਆਂ ਨੇ ਰੱਜ ਖੁਸ਼ੀ ਮਨਾਈ,
ਪੰਡਤ, ਕਾਜ਼ੀ ਪੜ੍ਹਨ ਕਤੇਬਾਂ,
ਹਰ ਪਾਸੇ ਸੀ ਛਹਿਬਰ ਛਾਈ।
ਕੁੜੀ ਜੇ ਜਨਮੇ ਸੋਗ ਸੀ ਹੁੰਦਾ,
ਹਰ ਕੋਈ ਕਰਨ ਸੋਗ ਸੀ ਆਉਂਦਾ।
ਰਾਜੇ ਸ਼ੀਹ ਮੁਕੱਦਮ ਕੁੱਤੇ,
ਹਰ ਕੋਈ ਆਪਣੀ ਪੱਤ ਬਚਾਉਂਦਾ।
ਪੰਡਤ ਪੱਤਰੀ ਵੇਖ ਵੇਖ ਕੇ,
ਖੁਸ਼ੀਆਂ ਨਾਲ ਝੂਮਦਾ ਜਾਵੇ।
ਇਹ ਅਜਿਹਾ ਲਾਲ ਹੈ ਮਹਿਤਾ,
ਨਾਮ ਜੋ ਤੇਰਾ ਜੱਗ ਰੁਸ਼ਨਾਵੇ।
ਸੁਣਕੇ ਹੋਰ ਖੁਸ਼ੀ ਸੀ ਚੜ੍ਹ ਗਈ,
ਰੱਜ ਕੇ ਘਰ ਲੁਟਾਈ ਜਾਂਦਾ।
ਹੋਇਆ ਰੱਬ ਦਿਆਲ ਹੈ ਲੋਕੋ,
ਮਹਿਤਾ ਆਖ ਸੁਣਾਈ ਜਾਂਦਾ।
ਨਾ ਹਿੰਦੂ ਤੇ ਨਾ ਹੀ ਮੋਮਨ,
ਨਾਮ ਉਸ ਦਾ ਨਾਨਕ ਰੱਖਿਆ।
ਮੁੱਲਾਂ, ਪੰਡਤਾਂ ਸੋਚ ਸੋਚ ਕੇ,
ਆਖਰ ਜਿਹੜਾ ਨਾਂ ਸੀ ਦੱਸਿਆ।
ਇਸ ਤਰ੍ਹਾਂ ਪੁੰਨਿਆ ਦੀ ਰਾਤੇ,
ਚਾਨਣ ਵਿੱਚ ਇੱਕ ਚਾਨਣ ਚੜ੍ਹਿਆ।
ਨਿਰਭਉ, ਨਿਰਵੈਰ ਹੋਇ ਜਿਸ ਨੇ,
ਸੱਚ ਧਰਮ ਦਾ ਰਾਹ ਸੀ ਫੜਿਆ।
ਕਿਰਤ ਨੂੰ ਉਸ ਮਾਣ ਬਖਸ਼ਿਆ,
ਕਿਰਤੀਆਂ ਨੂੰ ਉਸ ਗਲੇ ਲਗਾਇਆ।
ਨਾਲ ਉਨ੍ਹਾਂ ਦੇ ਆਪ ਖਲੋਇਆ,
ਨੀਚਾਂ ਦਾ ਉਸ ਮਾਣ ਵਧਾਇਆ।
ਅਣਖ, ਇੱਜ਼ਤ ਗੁਆ ਕੇ ਜੀਣਾ,
ਮੌਤ ਤੋਂ ਵੀ ਭੈੜਾ ਹੋਵੇ।
ਹੱਕ ਦੀ ਖਾਤਰ ਲੜੇ ਬਹਾਦੁਰ,
ਕਾਇਰ ਕਿਸਮਤ ਉੱਤੇ ਰੋਵੇ।
ਗਿਆਨ ਦਾ ਦੀਵਾ ਹੱਥੀਂ ਫੜੋ,
ਕੂੜ ਹਨੇਰਾ ਦੂਰ ਕਰੀਏ।
ਕਿਰਤ ਕਰੀਏ ਨਾਮ ਜਪੀਏ,
ਰਲ ਸਾਰੇ ਵੰਡ ਕੇ ਛਕੀਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5458)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)