“ਮੈਂ ਸਾਹਮਣੇ ਵਾਲੇ ਦੁਕਾਨਦਾਰ ਤੋਂ ਪੁੱਛਿਆ ਕਿ ਚਾਹ ਵਾਲਾ ਮੁੰਡਾ ਕਿੱਧਰ ...”
(15 ਜਨਵਰੀ 2025)
ਚੰਡੀਗੜ੍ਹ 37 ਸੈਕਟਰ ਦੇ ਫੁੱਟਪਾਥ ਉੱਤੇ ਇੱਕ ਚਾਹ ਵਾਲਾ ਬੈਠਦਾ ਸੀ। ਜਦੋਂ ਵੀ ਮੈਂ ਚੰਡੀਗੜ੍ਹ ਜਾਣਾ, ਉਸ ਤੋਂ ਚਾਹ ਪੀ ਲੈਣੀ ਕਿਉਂਕਿ ਹੋਰ ਨੇੜੇ ਕੋਈ ਚਾਹ ਵਾਲੀ ਦੁਕਾਨ ਨਹੀਂ ਸੀ। ਫਿਰ ਇਕ ਵਾਰ ਜਦੋਂ ਮੈਂ ਚੰਡੀਗੜ੍ਹ ਗਿਆ ਤਾਂ ਉੱਥੇ ਕੋਈ 13-14 ਸਾਲਾ ਮੁੰਡਾ ਬੈਠਾ ਸੀ। ਉਸ ਨੂੰ ਮੈਂ ਬਜ਼ੁਰਗ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਮੇਰੇ ਪਿਤਾ ਜੀ ਸਨ, ਜਿਹੜੇ ਕੁਝ ਮਹੀਨੇ ਪਹਿਲਾਂ ਸਾਨੂੰ ਛੱਡ ਗਏ ਹਨ। ਹੁਣ ਮੈਨੂੰ ਇੱਥੇ ਬੈਠਣਾ ਪੈ ਰਿਹਾ ਹੈ ਕਿਉਂਕਿ ਘਰ ਵਿੱਚ ਕੋਈ ਹੋਰ ਕਮਾਉਣਾ ਵਾਲਾ ਨਹੀਂ ਹੈ। ਮੈਂ ਉਸ ਮੁੰਡੇ ਨੂੰ ਉਸ ਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਉਸ ਦੱਸਿਆ ਕਿ ਮੈਨੂੰ ਪੜ੍ਹਾਈ ਬੰਦ ਕਰਨੀ ਪਈ ਹੈ। ਮੈਂ ਉਸ ਨੂੰ ਹੌਸਲਾ ਦਿੱਤਾ ਅਤੇ ਵਿਹਲੇ ਸਮੇਂ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਅਤੇ ਪ੍ਰਾਈਵੇਟ ਇਮਤਿਹਾਨ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਫਿਰ ਮੈਨੂੰ ਕੁਝ ਸਾਲਾਂ ਲਈ ਬਾਹਰ ਜਾਣਾ ਪੈ ਗਿਆ। ਜਦੋਂ ਵਾਪਸ ਆ ਕੇ ਮੇਰਾ ਚੰਡੀਗੜ੍ਹ ਦਾ ਚੱਕਰ ਲੱਗਿਆ ਤਾਂ ਮੈਨੂੰ ਉਸੇ ਮੁੰਡੇ ਦਾ ਖਿਆਲ ਆਇਆ। ਪਰ ਉਹ ਫੁੱਟਪਾਥ ਉੱਤੇ ਨਹੀਂ ਸੀ। ਮੈਂ ਸਾਹਮਣੇ ਵਾਲੇ ਦੁਕਾਨਦਾਰ ਤੋਂ ਪੁੱਛਿਆ ਕਿ ਚਾਹ ਵਾਲਾ ਮੁੰਡਾ ਕਿੱਧਰ ਚਲਾ ਗਿਆ? ਦੁਕਾਨਦਾਰ ਨੇ ਦੱਸਿਆ ਕਿ ਉਹ ਦੂਸਰੇ ਪਾਸੇ ਸਪੈਸ਼ਲ ‘ਟੀ ਸ਼ਾਪ’ ਨਾਮ ਦੀ ਦੁਕਾਨ ਹੈ, ਉਹ ਉੱਥੇ ਚਲਾ ਗਿਆ ਹੈ। ਉਸ ਦੀ ਤਰੱਕੀ ਦੀ ਜਿੱਥੇ ਖੁਸ਼ੀ ਵੀ ਹੋਈ, ਉੱਥੇ ਇਸ ਚਮਤਕਾਰ ਬਾਰੇ ਜਾਣਨ ਦੀ ਲਾਲਸਾ ਵੀ ਜਾਗੀ। ਉਸ ‘ਟੀ ਸ਼ਾਪ’ ਨਾਮ ਦੀ ਦੁਕਾਨ ਦੇ ਕਾਊਂਟਰ ’ਤੇ ਮੈਂ ਇਸ ਬਾਰੇ ਪੁੱਛਿਆ ਤਾਂ ਉਹ ਮੈਨੂੰ ਪਿੱਛੇ ਬਣੇ ਉਸ ਮੁੰਡੇ ਦੇ ਦਫਤਰ ਵਿੱਚ ਲੈ ਗਿਆ। ਮੈਂ ਬੇਨਤੀ ਕੀਤੀ ਕਿ ਜੇਕਰ ਉਸ ਕੋਲ ਸਮਾਂ ਹੋਵੇ ਤਾਂ ਮੈਂ ਇਸ ਚਮਤਕਾਰ ਬਾਰੇ ਜਾਣਨਾ ਚਾਹਵਾਂਗਾ।
ਉਸ ਜਿਹੜੀ ਆਪਣੀ ਕਹਾਣੀ ਸੁਣਾਈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।
ਉਸ ਮੁੰਡੇ ਨੇ ਦੱਸਿਆ ਕਿ ਮੇਰੇ ਕੋਲ ਸਾਹਮਣੇ ਦਫਤਰ ਤੋਂ ਇੱਕ ਬਾਪੂ ਜੀ ਲਗਭਗ ਰੋਜ਼ ਹੀ ਚਾਹ ਪੀਣ ਆਉਂਦੇ ਸਨ। ਮੈਨੂੰ ਵੀ ਉਨ੍ਹਾਂ ਦੀ ਉਡੀਕ ਰਹਿੰਦੀ ਸੀ। ਉਹ ਮੇਰੇ ਨਾਲ ਗੱਲਾਂ ਕਰਦੇ, ਮੇਰੇ ਪਰਿਵਾਰ ਬਾਰੇ ਪੁੱਛਦੇ, ਮੈਨੂੰ ਪੜ੍ਹਨ ਲਈ ਉਕਸਾਉਂਦੇ। ਇੱਕ ਦਿਨ ਉਹ ਚੰਗੇ ਮੂਡ ਵਿੱਚ ਸਨ। ਮੈਂ ਪੁੱਛਿਆ, “ਸਰ ਮੈਂ ਤੁਹਾਡੇ ਵਾਂਗ ਸਫਲ ਹੋ ਕੇ ਵੱਡਾ ਬੰਦਾ ਬਣਨਾ ਚਾਹੁੰਦਾ ਹਾਂ, ਮੈਨੂੰ ਵੀ ਕੋਈ ਗੁਰ ਦੱਸੋ ਤਾਂ ਜੋ ਮੈਂ ਵੱਡਾ ਆਦਮੀ ਬਣ ਸਕਾਂ? ਉਨ੍ਹਾਂ ਮੈਨੂੰ ਚਾਰ ਗੁਰ ਦੱਸੇ, ਜਿਨ੍ਹਾਂ ਉੱਤੇ ਮੈਂ ਪੂਰੀ ਸੰਜੀਦਗੀ ਨਾਲ ਅਮਲ ਕਰ ਰਿਹਾ ਹਾਂ। ਨਤੀਜਾ ਤੁਹਾਡੇ ਸਾਹਮਣੇ ਹੈ। ਇਹੋ ਜਿਹੇ ਤਿੰਨ ਹੋਰ ਚਾਏ ਘਰ ਇਸ ਸ਼ਹਿਰ ਵਿੱਚ ਚੱਲ ਰਹੇ ਹਨ। ਮੇਰੇ ਜ਼ੋਰ ਦੇਣ ਉੱਤੇ ਉਸ ਮੁੰਡੇ ਨੇ ਆਪਣੇ ਚਾਰੇ ਗੁਰ ਮੇਰੇ ਨਾਲ ਸਾਂਝੇ ਕੀਤੇ।
ਪਹਿਲਾ ਗੁਰ ਮਿਹਨਤ, ਉਨ੍ਹਾਂ ਆਖਿਆ ਮਿਹਨਤ ਤੋਂ ਬਗੈਰ ਕਦੇ ਵੀ ਸਥਾਈ ਪ੍ਰਾਪਤੀ ਨਹੀਂ ਹੁੰਦੀ। ਜਦੋਂ ਮਨੁੱਖ ਮਿਹਨਤ ਦੀ ਥਾਂ ਗਲਤ ਢੰਗ ਤਰੀਕਿਆਂ ਨਾਲ ਸਫ਼ਲਤਾ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਤਾਂ ਫੌਰੀ ਲਾਭ ਭਾਵੇਂ ਹੋ ਜਾਵੇ ਪਰ ਇਹ ਪ੍ਰਾਪਤੀ ਸਥਾਈ ਨਹੀਂ ਹੁੰਦੀ ਅਤੇ ਨਾ ਹੀ ਇਸ ਪ੍ਰਾਪਤੀ ਨਾਲ ਸੰਤੁਸ਼ਟੀ ਹੁੰਦੀ ਹੈ ਅਤੇ ਨਾ ਹੀ ਆਨੰਦ ਮਿਲਦਾ ਹੈ।
ਮੈਂ ਉਨ੍ਹਾਂ ਨੂੰ ਆਖਿਆ ਕਿ ਮਿਹਨਤ ਤਾਂ ਮੈਂ ਪੂਰੀ ਕਰਦਾ ਹਾਂ ਪਰ ਗੱਡੀ ਤਾਂ ਉੱਥੇ ਦੀ ਉੱਥੇ ਖੜ੍ਹੀ ਹੈ। ਉਨ੍ਹਾਂ ਆਖਿਆ ਮਿਹਨਤ ਦੇ ਨਾਲੋ ਨਾਲ ਤਿੰਨ ਹੋਰ ਗੁਰ ਵੀ ਜ਼ਰੂਰੀ ਹਨ। ਜਦੋਂ ਤਕ ਚੋਹਾਂ ਦਾ ਮੇਲ ਨਹੀਂ ਹੁੰਦਾ, ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਹੁੰਦੀ। ਦੂਜਾ ਗੁਰ ਜਿਹੜਾ ਉਨ੍ਹਾਂ ਦੱਸਿਆ, ਉਹ ਸੀ ‘ਇਮਾਨਦਾਰੀ।’ ਸਥਾਈ ਸਫਲਤਾ ਇਮਾਨਦਾਰੀ ਨਾਲ ਹੀ ਮਿਲਦੀ ਹੈ। ਬੇਈਮਾਨੀ ਦੀ ਕਮਾਈ ਜੀਵਨ ਦਾ ਸੁਖ ਤਾਂ ਭਾਵੇਂ ਸਾਰੇ ਖਰੀਦ ਸਕੇ ਪਰ ਉਨ੍ਹਾਂ ਨੂੰ ਭੋਗਿਆ ਨਹੀਂ ਜਾ ਸਕਦਾ। ਵਧੀਆ ਘਰ, ਵਧੀਆ ਸੌਣ ਕਮਰਾ ਵੀ ਗੂੜ੍ਹੀ ਨੀਂਦ ਨਹੀਂ ਦਿੰਦਾ ਜੇਕਰ ਉਹ ਬੇਈਮਾਨੀ ਦੇ ਪੈਸੇ ਨਾਲ ਬਣੇ ਹੋਣ। ਬੇਈਮਾਨੀ ਦੀ ਕਮਾਈ ਕੱਚੀ ਕੰਧ ਵਾਂਗ ਹੁੰਦੀ ਹੈ, ਜਿਹੜੀ ਕਦੇ ਵੀ ਖੁਰ ਸਕਦੀ ਹੈ, ਢਹਿ ਸਕਦੀ ਹੈ। ਮੈਂ ਆਖਿਆ ਮੈਂ ਤਾਂ ਕੋਈ ਬੇਈਮਾਨੀ ਨਹੀਂ ਕਰਦਾ ਫਿਰ ਵੀ ਬਰਕਤ ਨਹੀਂ ਹੁੰਦੀ। ਉਹ ਆਖਣ ਲੱਗੇ ਤੂੰ ਬਹੁਤੀ ਵਾਰ ਪਤੀਲੇ ਨੂੰ ਧੋਏ ਬਗੈਰ ਪੁਰਾਣੀ ਪਈ ਪੱਤੀ ਵਿੱਚ ਹੀ ਹੋਰ ਖੰਡ ਦੁੱਧ ਪਾ ਕੇ ਚਾਹ ਬਣਾ ਲੈਂਦਾ ਹੈਂ, ਗਲਾਸ ਧੋਣ ਲਈ ਬਾਲਟੀ ਵਿੱਚ ਪਾਣੀ ਵੀ ਸਵੇਰ ਦਾ ਹੀ ਭਰਿਆ ਹੁੰਦਾ ਹੈ ਤੇ ਤੂੰ ਉਸੇ ਪਾਣੀ ਵਿੱਚ ਗਲਾਸ ਧੋ ਕੇ ਚਾਹ ਦੇ ਦਿੰਦਾ ਹੈਂ। ਤੂੰ ਸਸਤੇ ਵਾਲੀ ਪੱਤੀ ਅਤੇ ਸਪਰੇਟਾ ਦੁੱਧ ਦੀ ਵੀ ਵਰਤੋਂ ਕਰ ਲੈਂਦਾ ਹੈ। ਇਮਾਨਦਾਰੀ ਨਾਲ ਸਲੀਕਾ ਜੁੜ ਜਾਵੇ ਵਧੀਆ ਪ੍ਰਭਾਵ ਪੈਂਦਾ ਹੈ। ਮਿਹਨਤ ਦੇ ਨਾਲੋ ਨਾਲ ਮੈਂ ਇਮਾਨਦਾਰੀ ਨੂੰ ਵੀ ਪੱਲ੍ਹੇ ਬੰਨ੍ਹ ਲਿਆ। ਜਦੋਂ ਮੈਂ ਤੀਸਰੇ ਗੁਰ ਬਾਰੇ ਪੁੱਛਿਆ ਤਾਂ ਉਹ ਆਖਣ ਲੱਗੇ ਕਿ ਤੀਸਰਾ ਗੁਰ ‘ਹੁਨਰ’ ਹੁੰਦਾ ਹੈ। ਮੈਂ ਆਖਿਆ ਚਾਹ ਬਣਾਉਣ ਵਿੱਚ ਕੀ ਹੁਨਰ ਹੈ, ਪਹਿਲਾਂ ਮੇਰੇ ਪਿਤਾ ਜੀ ਬਣਾਉਂਦੇ ਸਨ ਤੇ ਹੁਣ ਮੈਂ ਬਣਾ ਰਿਹਾ ਹਾਂ। ਉਨ੍ਹਾਂ ਆਖਿਆ ਹਰੇਕ ਕੰਮ ਵਿੱਚ ਹੁਨਰ ਦੀ ਲੋੜ ਪੈਂਦੀ ਹੈ, ਆਪਣੀ ਪਛਾਣ ਬਣਾਉਣ ਲਈ ਦੂਜਿਆਂ ਤੋਂ ਹਟ ਕੇ ਕੁਝ ਵੱਖਰਾ ਕਰਨਾ ਪੈਂਦਾ ਹੈ। ਪਰ ਚਾਹ ਵਿੱਚ ਕੀ ਹੁਨਰ ਹੋ ਸਕਦਾ ਹੈ। ਉਨ੍ਹਾਂ ਦਾ ਉੱਤਰ ਸੀ ਇਸ ਬਾਰੇ ਤੈਨੂੰ ਆਪ ਸੋਚਣਾ ਪਵੇਗਾ ਕਿ ਤੂੰ ਆਪਣੀ ਚਾਹ ਦੀ ਵੱਖਰੀ ਪਛਾਣ ਕਿਵੇਂ ਬਣਾ ਸਕਦਾ ਹੈਂ। ਚਾਹ ਵਿੱਚ ਕਿਹੜਾ ਮਸਾਲਾ ਪਾਇਆ ਜਾਵੇ ਤੇ ਕਿੰਨਾ ਪਾਇਆ ਜਾਵੇ ਤਾਂ ਜੋ ਕਿ ਪੀਣ ਵਾਲਾ ਸਿਫਤ ਕਰਨੋ ਨਾ ਹਟ ਸਕੇ। ਮੈਂ ਆਪਣੀ ਮਾਂ ਨਾਲ ਰਲ ਕੇ ਮਸਾਲਿਆਂ ਦੇ ਤਜਰਬੇ ਕੀਤੇ। ਅਲਾਇਚੀ, ਅਦਰਕ, ਤੁਲਸੀ ਦੇ ਪੱਤੇ, ਪੁਦੀਨਾ ਆਦਿ ਕੀ ਪਾਇਆ ਜਾ ਸਕਦਾ ਹੈ, ਜਿਸ ਨਾਲ ਚਾਹ ਦਾ ਵਿਲੱਖਣ ਸੁਆਦ ਆਵੇ। ਆਪਣੇ ਮਸਾਲੇ ਵਾਲੀ ਚਾਹ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਹੀ ਪਿਲਾਈ, ਜਿਹੜੀ ਉਨ੍ਹਾਂ ਬਹੁਤ ਪਸੰਦ ਕੀਤੀ। ਫਿਰ ਮੈਂ ਚੌਥੇ ਗੁਰ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਚੌਥਾ ਥੰਮ੍ਹ ਹੈ ‘ਧੀਰਜ’। ਕਿਸੇ ਵੀ ਸਥਿਤੀ ਵਿੱਚ ਘਬਰਾਉਣਾ ਨਹੀਂ। ਜੇਕਰ ਕੋਈ ਨੁਕਸ ਦੱਸਦਾ ਵੀ ਹੈ ਤਾਂ ਗੁੱਸੇ ਵਿੱਚ ਨਹੀਂ ਆਉਣਾ ਹੈ, ਆਰਾਮ ਨਾਲ ਅਗਲੇ ਦੀ ਗੱਲ ਸੁਣੋ। ਜੇਕਰ ਤੁਹਾਡੀ ਗਲਤੀ ਹੈ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ। ਗਲਤੀ ਮੰਨਣ ਨਾਲ ਹੀ ਭਵਿੱਖ ਵਿੱਚ ਉਸ ਗਲਤੀ ਤੋਂ ਬਚਿਆ ਜਾ ਸਕਦਾ ਹੈ। ਹਊਮੈ ਵਿੱਚ ਨਹੀਂ ਆਉਣਾ। ਇਹ ਅਖਾਣ ਯਾਦ ਰੱਖੋ, “ਹੰਕਾਰਿਆ, ਸੋ ਮਾਰਿਆ”। ਹੰਕਾਰ ਤੋਂ ਦੂਰੀ ਅਤੇ ਗੁੱਸੇ ਉੱਤੇ ਕਾਬੂ ਹੀ ਸਫ਼ਲਤਾ ਦੀ ਪੌੜੀ ਬਣਦੇ ਹਨ। ਜਦੋਂ ਬੁਰਾ ਸਮਾਂ ਆਵੇ, ਉਦੋਂ ਵੀ ਘਬਰਾਉਣਾ ਨਹੀਂ ਚਾਹੀਦਾ ਸਗੋਂ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਭਲੇ ਦਿਨਾਂ ਦੀ ਉਡੀਕ ਕਰਨੀ ਚਾਹੀਦੀ ਹੈ। ਘਬਰਾਹਟ ਨਾਲ ਹੋਰ ਨੁਕਸਾਨ ਹੁੰਦਾ ਹੈ। ਧੀਰਜ ਮਨੁੱਖ ਦਾ ਗਹਿਣਾ ਹੈ ਅਤੇ ਖਿਮਾ ਸ਼ਕਤੀ ਹੈ। ਮੈਂ ਪੂਰੀ ਇਮਾਨਦਾਰੀ ਨਾਲ ਇਨ੍ਹਾਂ ਚੌਹਾਂ ਪੱਖਾਂ ਉੱਤੇ ਪਹਿਰਾ ਦਿੱਤਾ ਹੈ। ਨਤੀਜਾ ਤੁਹਾਡੇ ਸਾਹਮਣੇ ਹੈ। ਮੇਰੀ ਚਾਹ ਪੀਣ ਦੂਰੋਂ ਦੂਰੋਂ ਲੋਕੀਂ ਆਉਂਦੇ ਹਨ। ਦੂਜੇ ਸ਼ਹਿਰਾਂ ਵਿੱਚ ਬਰਾਂਚਾਂ ਖੋਲ੍ਹਣ ਲਈ ਵੀ ਜ਼ੋਰ ਪੈ ਰਿਹਾ ਹੈ। ਪਰ ਮੈਂ ਸਾਵਧਾਨੀ ਨਾਲ ਚੱਲਣਾ ਚਾਹੁੰਦਾ ਹਾਂ। ਮੈਂ ਆਪਣੇ ਕਾਮਿਆਂ ਨਾਲ ਖਲੋ ਕੇ ਉਨ੍ਹਾਂ ਨੂੰ ਚਾਹ ਬਣਾਉਣ ਦੀ ਸਿਖਲਾਈ ਦਿੰਦਾ ਹਾਂ। ਕਿੰਨਾ ਪਾਣੀ, ਕਿੰਨੀ ਚੀਨੀ, ਕਿੰਨਾ ਦੁੱਧ ਅਤੇ ਮਸਾਲਾ ਵਰਤਣਾ ਹੈ ਅਤੇ ਕਿਸ ਤਰ੍ਹਾਂ ਵਰਤਣਾ ਹੈ ਤਾਂ ਜੋ ਮੇਰੀ ਸਾਖ ਬਣੀ ਰਹੇ। ਜਦੋਂ ਤਕ ਮੇਰੀ ਚਾਹ ਦਾ ਸੁਆਦ ਵਿਲੱਖਣ ਹੈ, ਉਦੋਂ ਤਕ ਹੀ ਮੇਰਾ ਧੰਦਾ ਚੱਲਣਾ ਹੈ। ਆਪਣੀ ਗੁਣਵੱਤਾ ਨਾਲ ਮੈਂ ਕਦੇ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਕਰਾਂਗਾ। ਨਵੀਂ ਪੀੜ੍ਹੀ ਨੂੰ ਮੇਰੀ ਇਹੋ ਸਲਾਹ ਹੈ ਕਿ ਇਨ੍ਹਾਂ ਚਾਰੇ ਪੱਖਾਂ ਉੱਤੇ ਸੰਜੀਦਗੀ ਨਾਲ ਅਮਲ ਕਰੋ। ਸਫ਼ਲਤਾ ਜ਼ਰੂਰ ਪ੍ਰਾਪਤ ਹੋਵੇਗੀ। ਨੌਕਰੀ ਦੀ ਭਾਲ ਕਰਨ ਦੀ ਥਾਂ ਆਪ ਨੌਕਰੀਆਂ ਦੇਣ ਵਾਲੇ ਬਣ ਸਕਦੇ ਹੋ। ਅਸੀਂ ਅੱਗੇ ਵਧਣ ਦਾ ਯਤਨ ਨਹੀਂ ਕਰਦੇ। ਇਸਦਾ ਕਾਰਨ ਆਲਸ ਜਾਂ ਡਰ ਹੋ ਸਕਦਾ ਹੈ ਪਰ ਆਲਸ ਤਿਆਗ ਕੇ ਮਿਹਨਤ ਕਰਨੀ ਚਾਹੀਦੀ ਹੈ। ਜਦੋਂ ਵੀ ਕੁਝ ਨਵਾਂ ਕੀਤਾ ਜਾਂਦਾ ਹੈ ਤਾਂ ਥੋੜ੍ਹਾ ਨੁਕਸਾਨ ਤਾਂ ਹੀ ਹੋ ਸਕਦਾ ਹੈ ਪਰ ਘਬਰਾਉਣ ਦੀ ਥਾਂ ਧੀਰਜ ਨਾਲ ਨੁਕਸਾਨ ਦੇ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ। ਇੰਝ ਉਨ੍ਹਾਂ ਨੂੰ ਦੂਰ ਕੀਤਿਆਂ ਸਫ਼ਲਤਾ ਦੀ ਪੌੜੀ ਚੜ੍ਹਿਆ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5620)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)